ਵਿਦੇਸ਼ » ਸਿੱਖ ਖਬਰਾਂ

ਨਿਊਯਾਰਕ ਰਾਜ ਵਿਧਾਨ ਸਭਾ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਦਿਹਾੜੇ ਨੂੰ ਮਾਨਤਾ ਦਿੱਤੀ

November 18, 2020 | By

ਚੰਡੀਗੜ੍ਹ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 345ਵਾਂ ਸ਼ਹੀਦੀ ਦਿਹਾੜਾ ਅਤੇ 400ਵਾਂ ਜਨਮ ਦਿਹਾੜਾ ਵਰਲਡ ਸਿੱਖ ਪਾਰਲੀਮੈਂਟ ਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਨਿਊਯਾਰਕ ਵਿਚ ਮਨਾਇਆ ਗਿਆ। ਇਸ ਮੌਕੇ ਉਤੇ ਨਿਊਯਾਰਕ ਦੇ ਸਟੇਟ ਅਸੈਂਬਲੀ ਅਤੇ ਨਿਊ ਯਾਰਕ ਸਿਟੀ ਦੇ ਅਫਸਰਾਂ ਵੱਲੋਂ ਹਿੱਸਾ ਲਿਆ ਗਿਆ ਅਤੇ ਉਹਨਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੇ ਰਾਖਵਾਲੇ ਵਜੋਂ ਅਮਰੀਕੀ ਢੰਗ ਨਾਲ ਮਾਨਤਾ ਦਿੱਤੀ ਗਈ। ਨਿਊਯਾਰਕ ਵਿਧਾਨ ਸਭਾ ਦੀ ਕੈਟਾਲੀਨਾ ਕਰੂਜ਼ ਨੇ ਇਸ ਮੌਕੇ ਉਤੇ ਸਰਕਾਰੀ ਐਲਾਨ-ਨਾਮਾ ਪੜਿਆ ਜਿਸ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਸੱਚ, ਮਨੁੱਖੀ ਅਧਿਕਾਰਾਂ ਅਤੇ ਇਨਸਾਫ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ ਹੈ।

ਕੈਟਾਲੀਨਾ ਕਰੂਜ਼ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਸਿੱਖ ਕਾਕਸ ਕਮੇਟੀ ਤੇ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਸੰਮੂਹ ਸਿੱਖ ਜਥੇਬੰਦੀਆਂ ਦੁਆਰਾ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਚੱਲ ਰਹੇ ਭਲਾਈ ਕਾਰਜਾਂ ਨੂੰ ਵੀ ਸਰਕਾਰੀ ਤੌਰ ‘ਤੇ ਮਾਨਤਾ ਦਿੱਤੀ। ਕੈਟਾਲੀਨਾ ਕਰੂਜ਼ ਨੇ ਇਹ ਵੀ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਨਿਊ ਯਾਰਕ ਸਟੇਟ ਅਸੈਂਬਲੀ ‘ਚ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਨੂੰ ਸਦੀਵੀ ਮਾਨਤਾ ਦੇਣ ਲਈ ਇੱਕ ਮਤਾ ਲਿਆਂਦਾ ਜਾਵੇਗਾ। ਉਹਨਾਂ ਵੱਲੋਂ ਗੁਰੂ ਸਾਹਿਬ ਦੇ 4੦੦ਵੇਂ ਪ੍ਰਕਾਸ਼ ਦਿਹਾੜੇ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਦਿਨ ਵਜੋਂ ਮਨਾਉਣ ਲਈ ਵੀ ਹਾਮੀ ਭਰੀ ਗਈ ।

ਇਸ ਮੌਕੇ ਨਿਊਯਾਰਕ ਵਿਧਾਨ ਸਭਾ ਨਾਲ ਸੰਬੰਧਤ ਜੈਸਿਕਾ ਗੋਂਜ਼ਲੇਜ਼-ਰੋਜਸ, ਡੋਨੋਵਾਨ ਰਿਚਰਡਜ਼ ਕੁਈਨਜ਼ ਦੇ ਬੋਰੋ ਦੇ ਪ੍ਰਧਾਨ, ਜ਼ੋਹਰਾਨ ਮਮਦਾਨੀ ਅਤੇ ਫੂਡ ਪੈਂਟਰੀ ਨਾਲ ਸੰਬੰਧਤ ਡੈਨੀਅਲ ਨੇ ਵੀ ਸ਼ਿਰਕਤ ਕੀਤੀ ਅਤੇ ਅਮਰੀਕੀ ਸਿੱਖਾਂ ਵੱਲੋਂ ਮਨੁੱਖੀ ਅਧਿਕਾਰਾਂ ਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਤੇ ਖਾਲਿਸਤਾਨ ਅਫੇਅਰਜ ਸੈਂਟਰ ਦੇ ਸੰਚਾਲਕ ਡਾ: ਅਮਰਜੀਤ ਸਿੰਘ ਨੇ ਨਿਊਯਾਰਕ ਵਿਧਾਨ ਸਭਾ ਦੇ ਸਮੁੱਚੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕੋਰੋਨਾਵਾਇਰਸ ਮਹਾਂਮਾਰੀ ਖ਼ਿਲਾਫ਼ ਚੱਲ ਰਹੀ ਵੱਡੀ ਜੱਦੋ-ਜਹਿਦ ਨੂੰ ਜਾਰੀ ਰੱਖਣ ਵਾਸਤੇ ਦਿ੍ੜਤਾ ਦਾ ਪ੍ਰਗਟਾਵਾ ਕੀਤਾ।

ਇਥੇ ਇਹ ਵਰਨਣਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਪ੍ਰਕਾਸ਼ ਦਿਹਾੜੇ ਨੂੰ ਨਿਊਯਾਰਕ ਦੀ ਵਿਧਾਨ ਸਭਾ ਤੋਂ ਅਧਿਕਾਰਕ ਮਾਨਤਾ ਦਿਵਾਉਣ ‘ਚ ਹਿੰਮਤ ਸਿੰਘ ਦਾ ਖ਼ਾਸ ਯੋਗਦਾਨ ਰਿਹਾ । ਇਸ ਸੰਬੰਧੀ ਗੱਲ ਕਰਦਿਆਂ ਹਿੰਮਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹਰ ਸਿੱਖ ਨੂੰ ਮਨੁੱਖੀ ਅਧਿਕਾਰਾਂ ਤੇ ਇਨਸਾਫ਼ ਲਈ ਜੂਝਦੇ ਰਹਿਣਾ ਸਿਖਾਉਂਦੀ ਹੈ। ਡਾ. ਅਮਰਜੀਤ ਸਿੰਘ ਨੇ ਇਤਿਹਾਸਿਕ ਹਵਾਲੇ ਦਿੰਦੇ ਹੋਏ ਰਾਜਨੀਤਿਕ ਤੌਰ ‘ਤੇ ਸਰਗਰਮ ਰਹਿਣ ਦੀ ਮਹੱਤਤਾ ਨੂੰ ਉਭਾਰਿਆ। ਉਹਨਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਵੀ ਇਸ ਮੁਬਾਰਕ ਦਿਹਾੜੇ ਨੂੰ ਮਾਨਤਾ ਦੇਣੀ ਚਾਹੀਦੀ ਹੈ । ਪੰਥਕ ਜਥੇਬੰਦੀਆਂ ਦੇ ਸਿੱਖ ਆਗੂਆਂ ਨੇ ਅਮਰੀਕੀ ਰਾਜਨੀਤਕ ਤੇ ਸਰਕਾਰੀ ਅਧਿਕਾਰੀਆਂ ਦਾ ਇਸ ਕਾਰਜ ਵਾਸਤੇ ਧੰਨਵਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,