ਵਿਦੇਸ਼ » ਸਿੱਖ ਖਬਰਾਂ

ਦਸਤਾਰ ਦਿਹਾੜਾ: ਸਿੱਖ ਸਭਿਆਚਾਰ ‘ਚ ਭਿੱਜਿਆ ਨਿਊਯਾਰਕ ਦਾ ਟਾਈਮਜ਼ ਸਕੁਐਰ

April 17, 2017 | By

ਨਿਊਯਾਰਕ: ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਮਲਿਆਂ ਅਤੇ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕਰਨ ਦੇ ਇਰਾਦੇ ਨਾਲ ਐਤਵਾਰ (16 ਅਪ੍ਰੈਲ) ਨਿਊਯਾਰਕ ਦੇ ਟਾਈਮਜ਼ ਸਕੁਐਰ ਵਿਚ ‘ਦਸਤਾਰ ਦਿਹਾੜਾ’ ਮਨਾਇਆ ਗਿਆ। ਸਿੱਖ ਭਾਈਚਾਰੇ ਵਲੋਂ ਹਜ਼ਾਰਾਂ ਨਿਊਯਾਰਕ ਵਾਸੀਆਂ ਦੇ ਸਿਰਾਂ ‘ਤੇ ਦਸਤਾਰਾਂ ਸਜਾਈਆਂ ਗਈਆਂ, ਜਿਸ ਨਾਲ ਇਹ ਸੰਸਾਰ ਪ੍ਰਸਿੱਧ ਥਾਂ ਰੰਗ ਬਰੰਗੀਆਂ ਦਸਤਾਰਾਂ ਤੇ ਸਿੱਖ ਸਭਿਆਚਾਰ ਵਿਚ ਰੰਗੀ ਗਈ।

ਨਿਊਯਾਰਕ ਦਾ ਟਾਈਮਜ਼ ਸਕੁਐਰ

ਨਿਊਯਾਰਕ ਦਾ ਟਾਈਮਜ਼ ਸਕੁਐਰ

‘ਦਿ ਸਿੱਖਸ ਆਫ ਨਿਊ ਯਾਰਕ’ ਨਾਂ ਦੀ ਗ਼ੈਰ ਲਾਭਕਾਰੀ ਜਥੇਬੰਦੀ ਵਲੋਂ ਵਿਉਂਤੇ ‘ਦਸਤਾਰ ਦਿਹਾੜੇ’ ਮੌਕੇ ਵਾਲੰਟੀਅਰਾਂ ਵਲੋਂ ਅੱਠ ਹਜ਼ਾਰ ਦੇ ਕਰੀਬ ਅਮਰੀਕੀਆਂ ਤੇ ਸੈਲਾਨੀਆਂ, ਜੋ ਕਿ ਵੱਖ-ਵੱਖ ਮੁਲਕਾਂ ਤੇ ਫਿਰਕਿਆਂ ਨਾਲ ਸਬੰਧਤ ਸਨ, ਦੇ ਸਿਰਾਂ ‘ਤੇ ਦਸਤਾਰਾਂ ਸਜਾਈਆਂ ਗਈਆਂ। ਵਿਸਾਖੀ ਜਸ਼ਨਾਂ ਨੂੰ ਸਮਰਪਿਤ ਇਹ ਸਮਾਗਮ ਲਗਭਗ ਚਾਰ ਘੰਟੇ ਤਕ ਚੱਲਿਆ ਤੇ ਇਸ ਦਾ ਮੁੱਖ ਮੰਤਵ ਸਿੱਖ ਧਰਮ ਤੇ ਉਸ ਨਾਲ ਜੁੜੀਆਂ ਵਸਤਾਂ ਖਾਸ ਕਰਕੇ ਦਸਤਾਰ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਸਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ। ਯਾਦ ਰਹੇ ਕਿ ਅਮਰੀਕਾ ਵਿਚ 9/11 ਹਮਲੇ ਤੋਂ ਬਾਅਦ ਦਸਤਾਰਧਾਰੀ ਸਿੱਖਾਂ ਨੂੰ ਅੱਤਵਾਦ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ।

ਸੰਸਥਾ ਦੇ ਬਾਨੀ ਚੰਨਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 2013 ਵਿਚ ਬਾਰੂਸ਼ ਕਾਲਜ ਵਿਚ ਸਿੱਖੀ ਦੇ ਪ੍ਰਚਾਰ ਤੇ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕਰਨ ਲਈ ‘ਦਸਤਾਰ ਦਿਹਾੜੇ’ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ, ‘ਅਸੀਂ ਸਿੱਖਾਂ ਦੀ ਦਸਤਾਰ ਤੇ ਉਨ੍ਹਾਂ ਦੇ ਸਭਿਆਚਾਰ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਦਸਤਾਰ ਹਰ ਸਿੱਖ ਦੇ ਸਿਰ ਦਾ ਤਾਜ ਹੈ ਤੇ ਉਸ ਦੇ ਮਾਣ ਤੇ ਦਲੇਰੀ ਦੀ ਪ੍ਰਤੀਕ ਹੈ।’ ਸਿੰਘ ਨੇ ਕਿਹਾ ਕਿ ਬਚਪਨ ਵਿਚ ਉਨ੍ਹਾਂ ਨੂੰ ਸਕੂਲ ਦੇ ਦਿਨਾਂ ਦੌਰਾਨ ਖੁਦ ਨਫਰਤ ਦਾ ਸ਼ਿਕਾਰ ਹੋਣਾ ਪਿਆ ਤੇ ਉਹ ਇਸ ਪਹਿਲਕਦਮੀ ਜ਼ਰੀਏ ਅਮਰੀਕੀਆਂ ਨੂੰ ਸਿੱਖਿਅਤ ਕਰਨਾ ਚਾਹੁੰਦਾ ਹੈ ਕਿ ‘ਸਿੱਖ ਤੇ ਅਮਰੀਕੀ ਕਦਰਾਂ ਕੀਮਤਾਂ ਇਕ ਹਨ।’

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Turban Day: New York’s Times Square soaks in Sikh culture …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,