ਸਿੱਖ ਖਬਰਾਂ

ਮਨੁੱਖੀ ਹੱਕਾਂ ਲਈ ਜਾਨ ਵਾਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 23ਵਾਂ ਸ਼ਹੀਦੀ ਦਿਹਾੜਾ ਮਨਾਇਆ

September 6, 2018 | By

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਮੁਖੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿੱਖ ਨਸਲਕੁਸ਼ੀ ਦਾ ਹਿੱਸਾ ਹੈ ਤੇ ਇਸ ਬੇਅਦਬੀ ਦਾ ਇਨਸਾਫ ਲੈਣ ਲਈ ਕੌਮ ਨੂੰ ਇੱਕ ਵਾਰ ਫਿਰ ਸੜਕਾਂ ਤੇ ਉਤਰਨਾ ਹੀ ਪਵੇਗਾ।

ਬੀਬੀ ਖਾਲੜਾ ਅੱਜ ਇਥੇ ਮਨੁਖਤਾ ਦੇ ਪਹਿਰੇਦਾਰ ਅਤੇ 1984 ਤੋਂ 1995 ਵਿੱਚ ਪੰਜਾਬ ਅੰਦਰ ਸ਼ਾਂਤੀ ਕਾਇਮ ਕਰਨ ਦੇ ਨਾਮ ਹੇਠ ਸੁਰਖਿਆ ਦਸਤਿਆਂ ਵਲੋਂ ਮਾਰ ਮੁਕਾਕੇ ਲਾਵਾਰਿਸ ਕਹਿ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤੇ ਹਜਾਰਾਂ ਸਿੱਖ ਨੌਜੁਆਨਾਂ ਦਾ ਮਾਮਲਾ ਜਨਤਕ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 23ਵੀਂ ਸਲਾਨਾ ਯਾਦ ਮੌਕੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ।

ਬੀਬੀ ਖਾਲੜਾ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਸਰਕਾਰੀ ਤੰਤਰ ਦੇ ਉਸ ਅਖੌਤੀ ਸ਼ਾਂਤੀ ਮਿਸ਼ਨ ਦਾ ਅਸਲ ਚਿਹਰਾ ਬੇਨਕਾਬ ਕੀਤਾ ਸੀ ਜਿਸ ਕਰਕੇ ਉਨ੍ਹਾਂ ਨੁੰ ਵੀ ਸਰਕਾਰੀ ਅੱਤਵਾਦ ਦਾ ਸ਼ਿਕਾਰ ਬਣਾਇਆ ਗਿਆ।

ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 23ਵਾਂ ਸ਼ਹੀਦੀ ਦਿਹਾੜਾ ਮਨਾਇਆ

ਉਨ੍ਹਾਂ ਕਿਹਾ ਸ੍ਰ: ਖਾਲੜਾ ਵਲੋਂ ਲਾਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਨੌਜੁਆਨਾਂ ਦੇ ਵਾਰਸਾਂ ਨੂੰ ਇਨਸਾਫ ਦਿਵਾਉਣਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦਾ ਮਕਸਦ ਹੈ ਤੇ ਇਹ ਜੰਗ ਇਨਸਾਫ ਮਿਲਣ ਤੀਕ ਜਾਰੀ ਰਹੇਗੀ।

ਪੰਜਾਬ ਅੰਦਰ 2015 ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਗਲ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਇਹ ਵੀ ਸਿੱਖ ਨਸਲਕੁਸ਼ੀ ਦਾ ਹਿੱਸਾ ਹੈ ਜਿਸ ਤਹਿਤ ਪਹਿਲਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਫਿਰ ਭਾਰਤੀ ਉਪਮਹਾਂਦੀਪ ਵਿੱਚ ਵੱਖ-ਵੱਖ ਥਾਈਂ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਤੇ ਹੁਣ ਸਿੱਖਾਂ ਦੇ ਇਸ਼ਟ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਸਿੱਖ ਜਦੋਂ ਵੀ ਇਨਸਾਫ ਮੰਗਦੇ ਹਨ ਤਾਂ ਉਨ੍ਹਾਂ ਤੇ ਦੇਸ਼ਧ੍ਰਹੀ ਹੋਣ ਦਾ ਇਲਜਾਮ ਲਗਾਕੇ ਅਣਮਨੁਖੀ ਤਸ਼ੱਦਦ ਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਬਾਦਲ ਦਲ ਹੋਵੇ, ਕਾਂਗਰਸ ਜਾਂ ਕੋਈ ਹੋਰ ਸਿਆਸੀ ਪਾਰਟੀ ਬੇਅਦਬੀ ਦੇ ਇਨਸਾਫ ਦੀ ਸੌਖੀ ਉਮੀਦ ਨਾ ਰੱਖੋ, ਸਿੱਖਾਂ ਨੂੰ ਸੜਕਾਂ ਤੇ ਉਤਰਨਾ ਹੀ ਪੈਣਾ।

ਸਥਾਨਕ ਕਬੀਰ ਪਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਖਾਲੜਾ ਦੇ 23ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ,ਖਾਲੜਾ ਮਿਸ਼ਨ ਦੇ ਐਡਵੋਕੇਟ ਜਗਦੀਪ ਸਿੰਘ,ਹਰਮਨ ਦੀਪ ਸਿੰਘ ਸਰਹਾਲੀ ,ਸਤਵਿੰਦਰ ਸਿੰਘ ਪਲਾਸੌਰ,ਬਾਬਾ ਦਰਸ਼ਨ ਸਿੰਘ ,ਭਾਈ ਗੁਰਬਚਨ ਸਿੰਘ ,ਭਾਈ ਚਮਨ ਲਾਲ ਦੇ ਸਪੁਤਰ ਪ੍ਰਵੀਨ ਕੁਮਾਰ ਤੇ ਬੀਬਾ ਕਵਲਜੀਤ ਕੌਰ ਨੇ ਵੀ ਸੰਬੋਧਨ ਕੀਤਾ।ਖਾਲੜਾ ਮਿਸ਼ਨ ਵਲੋਂ ਪੇਸ਼ ਮਤਿਆਂ ਰਾਹੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਤੇ ਸਿੱਖ ਕੌਮ ਨੂੰ ਸੱਦਾ ਦਿੱਤਾ ਗਿਆ ਕਿ ਉਹ ਸਿੱਖਾਂ ਅਤੇ ਗੁਰੂ ਦੇ ਕਾਤਲਾਂ(ਬਾਦਲਾਂ)ਦਾ ਸਾਥ ਛੱਡ ਦੇਣ।ਕਰਤਾਰਪੁਰ ਲਾਂਘੇ ਦੀ ਮੰਗ ਕਰਦਿਆਂ ,ਝੂਠੇ ਪੁਲਿਸ ਮੁਕਾਬਲਿਆਂ ,84 ਦਾ ਕਤਲੇਆਮ ਤੇ ਨਸ਼ਿਆਂ ਰਾਹੀਂ ਕੀਤੇ ਜੁਆਨੀ ਦੇ ਘਾਣ ਦੇ ਦੋਸ਼ੀ ਜਗ ਜਾਹਰ ਕਰਨ ਦੀ ਮੰਗ ਕੀਤੀ ਗਈ।ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਮੰਗ ਕਰਦਿਆਂ ,ਸੁਮੇਧ ਸੈਣੀ ਖਿਲਾਫ ਐਫ.ਆਈ.ਆਰ .ਦਰਜ ਕਰਨ ਦੀ ਮੰਗ ਕੀਤੀ ਗਈ।ਜਿਸਨੂ ਹਾਜਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਪ੍ਰਵਾਨਗੀ ਦਿੱਤੀ। ਇਸ ਮੌਕੇ 50 ਦੇ ਕਰੀਬ ਸ਼ਹੀਦ ਪ੍ਰੀਵਾਰਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,