ਸਿਆਸੀ ਖਬਰਾਂ

ਸ਼ਿਵ ਲਾਲ ਡੋਡਾ ਨਾਲ ਗ਼ੈਰਕਾਨੂੰਨੀ ਤਰੀਕੇ ਮੀਟਿੰਗ ਕਰਨ ਗਏ 25 ਅਕਾਲੀ ਆਗੂ ਗ੍ਰਿਫ਼ਤਾਰ

January 5, 2017 | By

ਚੰਡੀਗੜ੍ਹ: ਪੰਜਾਬ ’ਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਬੁੱਧਵਾਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫਾਜ਼ਿਲਕਾ ਜੇਲ੍ਹ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 25 ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਹਾਇਕ ਜੇਲ੍ਹ ਸੁਪਰਡੈਂਟ ਜਸ਼ਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨੇ ਕਿਹਾ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਸੁਸਪੈਂਡ ਕੀਤਾ ਗਿਆ ਹੈ।

ਰਾਜ ਦੇ ਇਕ ਸੀਨੀਅਰ ਚੋਣ ਅਧਿਕਾਰੀ ਨੇ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਚੋਣ ਅਧਿਕਾਰੀਆਂ ਵੱਲੋਂ ਜੇਲ੍ਹ ’ਚ ਬੰਦ ਅਪਰਾਧੀ ਨਾਲ ਹਾਕਮ ਧਿਰ ਦੇ ਆਗੂਆਂ ਦੀ ਮੀਟਿੰਗ ਨੂੰ ਗੰਭੀਰਤਾ ਨਾਲ ਲਿਆ ਹੈ।

ਸ਼ਿਵ ਲਾਲ ਡੋਡਾ ਸੁਖਬੀਰ ਬਾਦਲ ਨਾਲ (ਫਾਈਲ ਫੋਟੋ)

ਸ਼ਿਵ ਲਾਲ ਡੋਡਾ ਸੁਖਬੀਰ ਬਾਦਲ ਨਾਲ (ਫਾਈਲ ਫੋਟੋ)

ਸੂਤਰਾਂ ਮੁਤਾਬਕ ਇਨ੍ਹਾਂ ਅਕਾਲੀ ਆਗੂਆਂ ਦੀ ਅਗਵਾਈ ਜਲਾਲਾਬਾਦ ਦਾ ਇਕ ਸੀਨੀਅਰ ਅਕਾਲੀ ਆਗੂ ਕਰ ਰਿਹਾ ਸੀ। ਫਾਜ਼ਿਲਕਾ ਦੀ ਡੀਸੀ ਨੂੰ ਸੂਚਨਾ ਮਿਲੀ ਸੀ ਕਿ ਅਕਾਲੀ ਆਗੂਆਂ ਦਾ ਵੱਡਾ ਗਰੁੱਪ ਫਾਜ਼ਿਲਕਾ ਜੇਲ੍ਹ ’ਚ ਬੰਦ ਬਾਦਲ ਦਲ ਦੇ ਅਬੋਹਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਸ਼ਿਵ ਲਾਲ ਡੋਡਾ ਨਾਲ ਮੁਲਾਕਾਤ ਕਰਨ ਗਿਆ ਹੈ। ਡੀਸੀ ਨੇ ਜੇਲ੍ਹ ’ਤੇ ਛਾਪਾ ਮਾਰ ਕੇ ਸਾਰੇ ਅਕਾਲੀ ਆਗੂਆਂ ਨੂੰ ਸ਼ਿਵ ਲਾਲ ਡੋਡਾ ਨਾਲ ਮੁਲਾਕਾਤ ਕਰਦਿਆਂ ਮੌਕੇ ’ਤੇ ਫੜ ਲਿਆ।

ਸ਼ਿਵ ਲਾਲ ਡੋਡਾ ਅਬੋਹਰ ਦੇ ਦਲਿਤ ਨੌਜਵਾਨ ਭੀਮ ਟਾਂਕ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਅਧੀਨ ਜੇਲ੍ਹ ’ਚ ਬੰਦ ਹੈ। ਰਾਜਸੀ ਹਲਕਿਆਂ ਵਿੱਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸ਼ਿਵ ਲਾਲ ਡੋਡਾ ਦੀ ਜ਼ਮਾਨਤ ਕਰਾ ਕੇ ਅਬੋਹਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਜਾਂ ਭਾਜਪਾ ਨਾਲ ਹਲਕੇ ਦੀ ਤਬਦੀਲੀ ਕਰਕੇ ਚੋਣ ਲੜਾਏ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਫਾਜ਼ਿਲਕਾ ਦੀ ਡੀਸੀ ਦੀ ਕਾਰਵਾਈ ਨੇ ਅਕਾਲੀ ਦਲ ਦੀਆਂ ਯੋਜਨਾਵਾਂ ’ਤੇ ਪਾਣੀ ਫੇਰ ਦਿੱਤਾ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ’ਚ ਗੈ਼ਰਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,