ਕੌਮਾਂਤਰੀ ਖਬਰਾਂ » ਖਾਸ ਖਬਰਾਂ

ਇਰਾਕ ਵਿਚ ਲਾਪਤਾ 39 ਵਿਅਕਤੀ ਮਾਰੇ ਗਏ ਹਨ: ਸੁਸ਼ਮਾ ਸਵਰਾਜ

March 20, 2018 | By

ਦਿੱਲੀ: ਇਰਾਕ ਵਿਚ ਲਾਪਤਾ ਹੋਏ 27 ਪੰਜਾਬੀਆਂ ਸਮੇਤ 39 ਲੋਕਾਂ ਦੇ ਪਰਿਵਾਰਾਂ ਦੀ ਆਪਣਿਆਂ ਨੂੰ ਦੇਖਣ ਦੀ ਚਾਰ ਸਾਲ ਲੰਬੀ ਦੁੱਖ ਭਰੀ ਉਡੀਕ ਆਖਰ ਉਨ੍ਹਾਂ ਦੀ ਮੌਤ ਦੇ ਸਰਕਾਰੀ ਐਲਾਨ ਨਾਲ ਖਤਮ ਹੋ ਗਈ। ਅੱਜ ਭਾਰਤ ਦੀ ਰਾਜ ਸਭਾ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2014 ਵਿਚ ਇਰਾਕ ਦੇ ਸ਼ਹਿਰ ਮੋਸੂਲ ਤੋਂ ਇਸਲਾਮਿਕ ਸਟੇਟ ਵਲੋਂ ਅਗਵਾ ਕੀਤੇ ਗਏ 39 ਭਾਰਤੀ ਮਾਰੇ ਗਏ ਹਨ।

ਸੁਸ਼ਮਾ ਸਵਰਾਜ ਨੇ ਕਿਹਾ, “ਸੋਮਵਾਰ ਵਾਲੇ ਦਿਨ ਸਾਨੂੰ ਇਹ ਜਾਣਕਾਰੀ ਮਿਲੀ ਕਿ 38 ਮ੍ਰਿਤਕ ਦੇਹਾਂ ਦੇ ਡੀ.ਐਨ.ਏ ਪਰਿਵਾਰਕ ਜੀਆਂ ਦੇ ਸੈਂਪਲਾਂ ਨਾਲ ਮਿਲ ਗਏ ਹਨ ਜਦਕਿ 39ਵੀਂ ਮ੍ਰਿਤਕ ਦੇਹ ਦਾ ਡੀ.ਐਨ.ਏ 70 ਫੀਸਦੀ ਮਿਲ ਗਿਆ ਹੈ।” ਇਨ੍ਹਾਂ ਵਿਚੋਂ 27 ਪੰਜਾਬੀ, 4 ਹਿਮਾਚਲ ਪ੍ਰਦੇਸ਼ ਤੋਂ, 6 ਬਿਹਾਰ ਤੋਂ ਅਤੇ 2 ਪੱਛਮੀ ਬੰਗਾਲ ਨਾਲ ਸਬੰਧਿਤ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਕਿ ਇਹ ਗੱਲ ਪੱਕੀ ਨਹੀਂ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਕਦੋਂ ਕਤਲ ਕੀਤਾ ਗਿਆ, ਪਰ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਮੋਸੂਲ ਸ਼ਹਿਰ ਦੇ ਉੱਤਰ ਪੱਛਮ ਵਿਚ ਸਥਿਤ ਪਿੰਡ ਬੋਦਾਸ਼ ਤੋਂ ਮਿਲੀਆਂ ਜਿੱਥੇ ਵੱਡੀ ਗਿਣਤੀ ਵਿਚ ਮ੍ਰਿਤਕ ਦੇਹਾਂ ਨੂੰ ਦੱਬਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਮ੍ਰਿਤਕ ਦੇਹਾਂ ਨੂੰ ਹੁਣ ਇਰਾਕ ਤੋਂ ਵਾਪਿਸ ਲਿਆਂਦਾ ਜਾ ਰਿਹਾ ਹੈ ਅਤੇ ਪਰਿਵਾਰ ਨੂੰ ਅੰਤਿਮ ਸੰਸਕਾਰ ਲਈ ਸੌਂਪ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਕਤਲ ਕੀਤੇ ਗਏ ਉਪਰੋਕਤ ਵਿਅਕਤੀਆਂ ਵਿਚੋਂ ਗੁਰਦਾਸਪੁਰ ਜ਼ਿਲ਼੍ਹੇ ਦਾ ਹਰਜੀਤ ਮਸੀਹ ਇਸਲਾਮਿਕ ਸਟੇਟ ਦੀ ਕੈਦ ਵਿਚੋਂ ਭੱਜ ਨਿਕਲਣ ਵਿਚ ਕਾਮਯਾਬ ਹੋ ਗਿਆ ਸੀ। ਹਰਜੀਤ ਮਸੀਹ ਨੇ ਅੱਜ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਹਿ ਰਿਹਾ ਹੈ ਕਿ ਅਗਵਾ ਕੀਤੇ ਗਏ ਉਸਦੇ ਨਾਲ ਦੇ ਸਾਰੇ ਲੋਕ ਮਾਰ ਦਿੱਤੇ ਗਏ ਹਨ।

ਮਸੀਹ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਉਸਦੀਆਂ ਅੱਖਾਂ ਸਾਹਮਣੇ ਕਤਲ ਕੀਤਾ ਗਿਆ ਸੀ ਅਤੇ ਉਹ ਉਸ ਸਮੇਂ ਤੋਂ ਹੀ ਇਹ ਦੱਸ ਰਿਹਾ ਹੈ, ਪਰ ਉਹ ਹੈਰਾਨ ਹੈ ਕਿ ਸਰਕਾਰ ਉਸਦੀ ਗੱਲ ਕਿਉਂ ਨਹੀਂ ਮੰਨ ਰਹੀ ਸੀ।

ਇਸ ਕਤਲੋਗਾਰਤ ਦੀ ਘਟਨਾ ਬਾਰੇ ਦੱਸਦਿਆਂ ਮਸੀਹ ਨੇ ਦੱਸਿਆ ਕਿ ਉਹ ਸਾਰੇ ਲੋਕ 2014 ਵਿਚ ਇਰਾਕ ਵਿਚ ਇਕ ਫੈਕਟਰੀ ਵਿਚ ਕੰਮ ਕਰਦੇ ਸੀ। ਮਸੀਹ ਨੇ ਦੱਸਿਆ ਕਿ ਇਸਲਾਮਿਕ ਸਟੇਟ ਦੇ ਬੰਦਿਆਂ ਵਲੋਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਅਤੇ ਕੁਝ ਦਿਨ ਉੱਥੇ ਹੀ ਬੰਦੀ ਬਣਾ ਕੇ ਰੱਖਿਆ ਗਿਆ। ਇਕ ਦਿਨ ਸਾਰੇ ਲੋਕਾਂ ਨੂੰ ਗੋਡਿਆਂ ਭਾਰ ਬੈਠਣ ਲਈ ਕਿਹਾ ਅਤੇ ਸਾਰਿਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਮਸੀਹ ਨੇ ਦੱਸਿਆ ਕਿ ਉਸਦੇ ਪੱਟ ਵਿਚ ਗੋਲੀ ਲੱਗੀ ਅਤੇ ਉਹ ਬੇਹੋਸ਼ ਹੋ ਗਿਆ। ਇਸ ਮਗਰੋਂ ਮਸੀਹ ਉੱਥੋਂ ਬੱਜਣ ਵਿਚ ਕਾਮਯਾਬ ਰਿਹਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,