ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿਆਸੀ ਖਬਰਾਂ

ਫੈਕਟਰੀ ਨਾਲ ਪ੍ਰਦੂਸ਼ਿਤ ਹੋ ਰਹੇ ਜ਼ਮੀਨੀ ਪਾਣੀ ਅਤੇ ਹਵਾ ਖਿਲਾਫ ਪ੍ਰਦਰਸ਼ਨ ਕਰਦੇ ਲੋਕਾਂ ‘ਤੇ ਚਲਾਈ ਗੋਲੀ; 9 ਮੌਤਾਂ

May 22, 2018 | By

ਚੇਨਈ: ਤਾਮਿਲ ਨਾਡੂ ਦੇ ਟੁਟੀਕੋਰੀਨ ਖੇਤਰ ਵਿਚ ਲੱਗੇ ਵੇਦਾਂਤਾ ਕੰਪਨੀ ਦੇ ਸਟਰਲਾਈਟ ਕੋਪਰ ਯੂਨਿਟ ਦੇ ਪ੍ਰਦੂਸ਼ਣ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਿਸ ਕਾਰਵਾਈ ਨਾਲ 9 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਤੋਂ 600 ਕਿਲੋਮੀਟਰ ਦੂਰ ਇਸ ਖੇਤਰ ਵਿਚ ਅੱਜ ਲੋਕਾਂ ਦਾ ਵਿਰੋਧ ਹਿੰਸਕ ਰੂਪ ਧਾਰ ਗਿਆ ਤੇ ਲੰਬੇ ਸਮੇਂ ਤੋਂ ਪ੍ਰਦੂਸ਼ਣ ਕਰ ਰਹੀ ਇਸ ਫੈਕਟਰੀ ਨੂੰ ਬੰਦ ਕਰਾਉਣ ਦੀ ਮੰਗ ਕਰਦੇ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ਅਤੇ ਗੱਡੀਆਂ ਦੀ ਭੰਨਤੋੜ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਫੈਕਟਰੀ ਇਲਾਕੇ ਦਾ ਜ਼ਮੀਨੀ ਪਾਣੀ ਅਤੇ ਹਵਾ ਪ੍ਰਦੂਸ਼ਿਤ ਕਰ ਰਹੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਉੱਤੇ ਖਤਰਨਾਕ ਪ੍ਰਭਾਵ ਪੈ ਰਹੇ ਹਨ।

ਪੁਲਿਸ ਅਨੁਸਾਰ 5000 ਦੇ ਕਰੀਬ ਲੋਕ ਫੈਕਟਰੀ ਖਿਲਾਫ ਇਸ ਪ੍ਰਦਰਸ਼ਨ ਵਿਚ ਇਕੱਤਰ ਹੋਏ ਤੇ ਉਨ੍ਹਾਂ ਵਲੋਂ ਫੈਕਟਰੀ ਵਿਖੇ ਰੈਲੀ ਕਰਨ ਦੀ ਮੰਗ ਕੀਤੀ ਗਈ ਜਿਸ ਦੀ ਪ੍ਰਵਾਨਗੀ ਦੇਣ ਤੋਂ ਪ੍ਰਸ਼ਾਸਨ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈ ਤਲਖੀ ਹਿੰਸਕ ਹੋ ਗਈ।

ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ‘ਤੇ ਸਿੱਧੀ ਗੋਲੀ ਚਲਾ ਦਿੱਤੀ ਗਈ ਜਿਸ ਵਿਚ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਕਈ ਜ਼ਖਮੀ ਹੋਏ ਹਨ।

ਸੂਬੇ ਦੇ ਮੱਛੀ ਪਾਲਣ ਮੰਤਰੀ ਡੀ.ਜੈਕੁਮਾਰ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਪਰ ਪੁਲਿਸ ਕੋਲ ਗੋਲੀ ਚਲਾਉਣ ਤੋਂ ਬਿਨ੍ਹਾਂ ਕੋਈ ਰਾਹ ਨਹੀਂ ਸੀ। ਉਨ੍ਹਾਂ ਕਿਹਾ ਕਿ ਲੋਕ ਕਲੈਕਟਰ ਦੇ ਦਫਤਰ ਵਿਚ ਦਾਖਲ ਹੋ ਕੇ ਭੰਨ ਤੋੜ ਕਰਨ ਲੱਗੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਆਂਢੀ ਜ਼ਿਲ੍ਹਿਆਂ ਤੋਂ ਹੋਰ ਸੁਰੱਖਿਆ ਬਲ ਸਬੰਧਿਤ ਖੇਤਰ ਵਿਚ ਬੁਲਾ ਲਏ ਗਏ ਹਨ ਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਉੱਚ ਅਧਿਕਾਰੀਆਂ ਦੇ ਵੀ ਮੌਕੇ ‘ਤੇ ਪਹੁੰਚਣ ਦੀ ਖ਼ਬਰ ਹੈ।

ਵਿਰੋਧੀ ਧਿਰ ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮਕੇ ਸਟਾਲਿਨ ਨੇ ਪੁਲਿਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀਆਂ ਨਾਲ ਪਹਿਲਾਂ ਗੱਲ ਕਰਕੇ ਮਸਲਾ ਹੱਲ ਕਰ ਸਕਦੀ ਸੀ।

ਐਮਡੀਐਮਕੇ ਦੇ ਮੋਢੀ ਅਤੇ ਇਸ ਫੈਕਟਰੀ ਖਿਲਾਫ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਵਾਇਕੋ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਮੋਜੂਦਾ ਏਆਈਏਡੀਐਮਕੇ ਸਰਕਾਰ ਨੂੰ ਇਸ ਲਈ ਜਿੰਮੇਵਾਰ ਦੱਸਿਆ।

ਮਦਰਾਸ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਫੈਕਟਰੀ ਦੇ ਨਜ਼ਦੀਕ ਦੇ ਖੇਤਰ ਵਿਚ ਧਾਰਾ 144 ਲਗਾਈ ਗਈ ਸੀ ਤੇ 4 ਤੋਂ ਵੱਧ ਲੋਕਾਂ ਦੇ ਇਕੱਤਰ ਹੋਣ ‘ਤੇ ਰੋਕ ਲਾਈ ਗਈ ਸੀ।

ਇਸ ਦੌਰਾਨ ਟੁਟੀਕੋਰੀਨ ਖੇਤਰ ਅਤੇ ਹੋਰ ਨਜ਼ਦੀਕੀ ਇਲਾਕਿਆਂ ਵਿਚ ਇਸ ਪ੍ਰਦਰਸ਼ਨ ਦੇ ਸਮਰਥਨ ਵਿਚ ਲੋਕਾਂ ਵਲੋਂ ਬਜ਼ਾਰ ਬੰਦ ਰੱਖੇ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,