ਲੇਖ

ਪੁਲਸ ਮੁਕਾਬਲੇ (ਲੇਖਕ – ਮਲਕੀਤ ਸਿੰਘ ‘ਭਵਾਨੀਗੜ੍ਹ’)

March 27, 2021 | By

ਜਦੋਂ ਵੀ ਕੋਈ ਪੁਲਸ ਮੁਕਾਬਲੇ ਦੀ ਖਬਰ ਆਉਂਦੀ ਹੈ ਤਾਂ ਉਸਦੀ ਚਰਚਾ ਅਤੇ ਵਿਰੋਧ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਕੋਈ ਮਾਮਲਾ ਜਿਆਦਾ ਸਮਾਂ ਚਰਚਾ ਵਿੱਚ ਰਹਿੰਦਾ ਕੋਈ ਥੋੜਾ, ਕਿਸੇ ਦਾ ਜਿਆਦਾ ਵਿਰੋਧ ਹੁੰਦਾ ਕਿਸੇ ਦਾ ਥੋੜਾ। ਇੰਡੀਆ ਵਿੱਚ ਪੁਲਸ ਮੁਕਬਲਿਆਂ ਦਾ ਸ਼ੱਕੀ ਲੱਗਣਾ ਵੱਧਦਾ ਹੀ ਜਾ ਰਿਹਾ ਹੈ ਭਾਵੇਂ ਇਹ ਹੁਣੇ ਹੀ ਨਹੀਂ ਹੋਇਆ, 1997 ਵਿੱਚ ਐਨ.ਐਚ.ਆਰ.ਸੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਲਿਖਿਆ ਸੀ ਕਿ ਲੋਕਾਂ ਅਤੇ ਸੰਸਥਾਵਾਂ ਵੱਲੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ ਕਿ ਝੂਠੇ ਪੁਲਸ ਮੁਕਾਬਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਹਦੇ ਉੱਪਰ ਧਿਆਨ ਦੇਣ ਦੀ ਜਰੂਰਤ ਹੈ। ਪੁਲਸ ਕਨੂੰਨ ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕਰਦੀ, ਸਿੱਧਾ ਮੁਕਾਬਲਾ ਬਣਾ ਦਿੰਦੀ ਹੈ। ਕੁਝ ਦਿਨ ਪਹਿਲਾਂ ਦੋ ਨਿਹੰਗ ਸਿੰਘਾਂ ਦੇ ਪੁਲਸ ਮੁਕਾਬਲੇ ਦੀ ਖਬਰ ਆਈ ਹੈ, ਪਿਛਲੇ ਸਾਲ ਵਿਕਾਸ ਦੂਬੇ ਦੇ ਮੁਕਾਬਲੇ ਦੀ ਖਬਰ ਆਈ ਸੀ, ਪੰਜਾਬ ਵਿੱਚ ਤਾਂ ਪੁਲਸ ਮੁਕਾਬਲਿਆਂ ਦੀ ਬਹੁਤ ਲੰਬੀ ਕਹਾਣੀ ਹੈ, ਜੰਮੂ ਕਸ਼ਮੀਰ, ਯੂ ਪੀ ਆਦਿ ਥਾਵਾਂ ਤੋਂ ਵੀ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਕ ਆਰ.ਟੀ.ਆਈ ਅਨੁਸਾਰ ਸਾਲ 2000 ਤੋਂ 2017 ਤੱਕ ਐਨ.ਐਚ.ਆਰ.ਸੀ ਦੁਆਰਾ ਦਰਜ ਕੀਤੇ ਗਏ ਓਨਾ ਮਾਮਲਿਆਂ ਦੀ ਗਿਣਤੀ 1782 ਹੈ ਜਿੰਨ੍ਹਾਂ ਵਿੱਚ ਹੋਏ ਪੁਲਸ ਮੁਕਾਬਲਿਆਂ ਦੇ ਝੂਠਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਦੀ ਵਿਸ਼ਵਾਸ਼ਯੋਗਤਾ ਹੀ ਕਾਰਨ ਹੈ ਕਿ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਹੈ ਨਾਲ ਹੀ ਉਸਦੇ ਝੂਠੇ ਹੋਣ ਦੀਆਂ ਆਵਾਜ਼ ਉੱਠਦੀਆਂ ਹਨ। ਇਹ ਸਾਰੇ ਸਵਾਲੀਆ ਚਿੰਨ੍ਹ ਨਜ਼ਾਇਜ਼ ਵੀ ਨਹੀਂ ਹੁੰਦੇ ਕਿਉਂਕਿ ਬਹੁਤ ਸਾਰੇ ਮਾਮਲੇ ਅਜਿਹੇ ਹਨ ਜਿੱਥੇ ਝੂਠੇ ਮੁਕਾਬਲੇ ਹੋਏ ਹਨ ਅਤੇ ਪੁਲਸ ਮੁਲਾਜ਼ਮ ਜੇਲ ਵੀ ਗਏ ਹਨ।

ਲੇਖਕ – ਮਲਕੀਤ ਸਿੰਘ ‘ਭਵਾਨੀਗੜ੍ਹ’

ਕਨੂੰਨ ਵਿੱਚ ਕਿਤੇ ਵੀ ਪੁਲਸ ਮੁਕਾਬਲੇ ਦੀ ਗੱਲ ਨਹੀਂ ਹੈ ਸਗੋਂ ਪੁਲਸ ਆਪਣੇ ਕੀਤੇ ਗਏ ਮੁਕਾਬਲੇ ਨੂੰ ਸਹੀ ਸਿੱਧ ਕਰਨ ਲਈ ਆਈ.ਪੀ.ਸੀ ਦੀ ਧਾਰਾ 96 ਤੋਂ 106 ਤੱਕ ਦੀ ਵਰਤੋਂ ਕਰਦੀ ਹੈ। ਇਹ ਨਿੱਜੀ ਰੱਖਿਆ ਦਾ ਹੱਕ ਦਿੰਦੀਆਂ ਹਨ ਜਿਸ ਵਿੱਚ ਆਪਣੀ ਅਤੇ ਕਿਸੇ ਦੂਸਰੇ ਦੀ ਜਾਨ ਦੀ ਰੱਖਿਆ ਅਤੇ ਆਪਣੀ ਅਤੇ ਕਿਸੇ ਹੋਰ ਦੀ ਜਾਇਦਾਦ ਦੀ ਰੱਖਿਆ ਦੀ ਗੱਲ ਕੀਤੀ ਗਈ ਹੈ। ਇਹ ਸਿਰਫ ਪੁਲਸ ਲਈ ਨਹੀਂ ਹਨ ਸਗੋਂ ਸਾਰਿਆਂ ਲਈ ਹਨ। ਧਾਰਾ 100 ਅੰਦਰ ਸ਼ਰੀਰ ਦੀ ਰੱਖਿਆ ਲਈ ਬੰਦੇ ਨੂੰ ਕਦੋਂ ਮਾਰਿਆ ਜਾ ਸਕਦਾ ਹੈ, ਦਰਜ ਹੈ। ਜਿਸ ਵਿੱਚ ਸਾਹਮਣੇ ਤੋਂ ਹੋਣ ਵਾਲੇ ਕੁਝ ਇਸ ਤਰ੍ਹਾਂ ਦੇ ਹਮਲਿਆਂ ਦਾ ਜ਼ਿਕਰ ਹੈ ਜਿਸ ਦਾ ਨਤੀਜਾ ਮੌਤ, ਬਲਾਤਕਾਰ, ਐਸਿਡ ਅਟੈਕ, ਅਗਵਾ ਆਦਿ ਹੋਵੇ। ਇਸੇ ਤਰ੍ਹਾਂ ਧਾਰਾ 103 ਅੰਦਰ ਜਾਇਦਾਦ ਦੀ ਰੱਖਿਆ ਲਈ ਬੰਦੇ ਨੂੰ ਕਦੋਂ ਮਾਰਿਆ ਜਾ ਸਕਦਾ ਹੈ, ਦਰਜ ਹੈ। ਜਿਸ ਵਿੱਚ ਜਾਇਦਾਦ ਦੀ ਲੁੱਟ, ਚੋਰੀ, ਅੱਗ ਲਾਉਣ ਦੀ ਸਥਿਤੀ ਆਦਿ ਕਾਰਨ ਦਰਜ ਹਨ। ਧਾਰਾ 106 ਵਿੱਚ ਦਰਜ ਹੈ ਕਿ ਜੇਕਰ ਭੀੜ ਦੇ ਹਮਲੇ ਤੋਂ ਬਚਾਅ/ਰੱਖਿਆ ਕਰਨ ਵਕਤ ਕਿਸੇ ਬੇਕਸੂਰ ਦੀ ਵੀ ਮੌਤ ਹੁੰਦੀ ਹੈ ਤਾਂ ਉਹ ਸਾਬਿਤ ਕਰਨ ‘ਤੇ ਕਨੂੰਨੀ ਤੌਰ ਉੱਤੇ ਜਾਇਜ਼ ਮੰਨਿਆ ਜਾਵੇਗਾ। ਇਹਨਾਂ ਵਿੱਚੋਂ ਜੋ ਵੀ ਕਾਰਨ ਬਣਿਆ ਜਿਸ ਵਿੱਚ ਕਿਸੇ ਦੀ ਮੌਤ ਹੋਈ, ਓਹਨੂੰ ਸਾਬਿਤ ਕਰਨਾ ਪਵੇਗਾ। ਤੁਸੀਂ ਕਿਸੇ ਨੂੰ ਓਨਾ ਹੀ ਨੁਕਸਾਨ ਪਹੁੰਚਾ ਸਕਦੇ ਹੋ ਜਿੰਨਾ ਤੁਹਾਨੂੰ ਪਹੁੰਚਣ ਦਾ ਖਤਰਾ ਹੋਵੇ। ਤੁਸੀਂ ਹਮਲੇ ਤੋਂ ਬਚਾਅ ਕਰਨ ਵਾਲੀ ਧਿਰ ਹੋਣੇ ਚਾਹੀਦੇ ਹੋ, ਹਮਲਾ ਕਰਨ ਵਾਲੀ ਨਹੀਂ। ਪੁਲਸ ਦੇ ਮਾਮਲੇ ਵਿੱਚ ਜੇਕਰ ਪੁਲਸ ਲਈ ਗ੍ਰਿਫਤਾਰ ਕਰਨ ਦਾ ਕੋਈ ਵੀ ਤਰੀਕਾ ਨਹੀਂ ਬਚਦਾ ਤਾਂ ਹੀ ਉਹ ਕਿਸੇ ਨੂੰ ਮਾਰ ਸਕਦੀ ਹੈ, ਪਹਿਲਾਂ ਹਰ ਹੀਲਾ ਵੇਖਣਾ ਪਵੇਗਾ ਜਿਸ ਨਾਲ ਉਸ ਨੂੰ ਜਿਉਂਦੇ ਜੀਅ ਗ੍ਰਿਫਤਾਰ ਕੀਤਾ ਜਾ ਸਕੇ। ਸੋ ਜਦੋਂ ਪੁਲਸ ਦੀ ਜਾਨ ਨੂੰ ਖਤਰਾ ਹੋਵੇ ਅਤੇ ਬੰਦੇ ਨੂੰ ਗ੍ਰਿਫਤਾਰ ਕਰਨ ਦਾ ਕੋਈ ਹੋਰ ਤਰੀਕਾ ਨਾ ਬਚਦਾ ਹੋਵੇ, ਓਦੋਂ ਪੁਲਸ ਮੁਕਾਬਲਾ ਕਰ ਸਕਦੀ ਹੈ।

ਸਤੰਬਰ 2014 ਵਿੱਚ ਸੁਪਰੀਮ ਕੋਰਟ ਵੱਲੋਂ ਵੀ ਇਕ ਨਿਰਣਾ ਆਇਆ ਸੀ ਜਿਸ ਵਿਚ 16 ਪ੍ਰੀਕਿਰਿਆਵਾਂ ਦਾ ਜਿਕਰ ਹੈ ਜਿੰਨ੍ਹਾਂ ਦੀ ਪੁਲਸ ਮੁਕਾਬਲੇ ਦੀ ਜਾਂਚ ਵਕਤ ਪਾਲਣਾ ਕਰਨ ਦੇ ਹੁਕਮ ਹਨ। ਜਿਸ ਵਿੱਚ ਦਰਜ ਹੈ ਕਿ ਪੁਲਸ ਨੂੰ ਜਦੋਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਦੀ ਖਬਰ ਮਿਲਦੀ ਹੈ ਤਾਂ ਓਹਨੂੰ ਲਿਖਤੀ ਰੱਖਣਾ ਚਾਹੀਦਾ ਹੈ ਭਾਵ ਕਿਸੇ ਥਾਂ ਦਰਜ ਕਰਨਾ ਚਾਹੀਦਾ ਹੈ। ਜੇ ਮੁਕਾਬਲੇ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਐਫ.ਆਈ.ਆਰ ਦਰਜ ਕੀਤੀ ਜਾਵੇ, ਬਿਨ੍ਹਾਂ ਦੇਰੀ ਤੋਂ ਕੋਰਟ ਨੂੰ ਭੇਜੀ ਜਾਵੇ, ਫਿਰ ਉਸ ਮੁਕਾਬਲੇ ਦੀ ਜਾਂਚ ਹੋਵੇਗੀ। ਸੀ.ਆਈ.ਡੀ ਜਾਂ ਕੋਈ ਹੋਰ ਥਾਣੇ ਦੀ ਪੁਲਸ ਜਾਂਚ ਕਰੇਗੀ ਕਿ ਮੁਕਾਬਲਾ ਝੂਠਾ ਸੀ ਜਾ ਨਹੀਂ। ਜੇਕਰ ਮਿਰਤਕ ਦੇ ਪਰਿਵਾਰ ਨੂੰ ਜਾਂਚ ਸਹੀ ਨਾ ਲੱਗੇ ਤਾਂ ਉਹ ਸੈਸ਼ਨ ਜੱਜ ਕੋਲ ਵੀ ਜਾ ਸਕਦੇ ਹਨ।

ਪੁਲਸ ਵੱਲੋੰ ਕੀਤੇ ਜਾ ਰਹੇ ਮੁਕਾਬਲਿਆਂ ਪ੍ਰਤੀ ਲੋਕਾਂ ਦੇ ਸਵਾਲੀਆ ਚਿੰਨ੍ਹ ਬਿਲਕੁਲ ਹੀ ਚਿੰਤਾ ਦਾ ਵਿਸ਼ਾ ਹਨ। ਆਪਾਂ ਮੋਟੇ ਜਿਹੇ ਤੌਰ ਉੱਤੇ ਕਨੂੰਨ ਅੰਦਰ ਜੋ ਲਿਖਿਆ ਹੈ ਉਸ ‘ਤੇ ਗੱਲ ਕੀਤੀ ਹੈ, ਸੋ ਮੁੱਖ ਤੌਰ ਉੱਤੇ ਮਸਲਾ ਲਿਖੇ ਹੋਏ ਦਾ ਨਹੀਂ ਹੈ, ਲਿਖੇ ਉੱਤੇ ਅਮਲ ਨਾ ਕਰਨ ਦਾ ਹੈ। ਲੋਕਾਂ ਦੇ ਵਿਸ਼ਵਾਸ਼ ਨੂੰ ਮੁੜ ਬਹਾਲ ਕਰਨ ਲਈ ਬਿਨ੍ਹਾਂ ਸ਼ੱਕ ਬਹੁਤ ਜਿਆਦਾ ਮਿਹਨਤ ਅਤੇ ਇਮਾਨਦਾਰੀ ਦੀ ਜਰੂਰਤ ਪੈਣੀ ਹੈ ਪਰ ਇਹ ਕੀਤੇ ਬਿਨਾਂ ਜੋ ਅੰਕੜੇ ਹੁਣ ਹਨ ਉਹ ਵਧਣਗੇ ਹੀ, ਘਟਣਗੇ ਨਹੀਂ। ਮਨੁੱਖੀ ਹੱਕਾਂ ਨੂੰ ਤਰਜੀਹ ਦੇਣ ਵਾਲਿਆਂ ਲਈ ਜਰੂਰੀ ਹੈ ਕਿ ਉਹ ਲਗਾਤਾਰ ਅਜਿਹੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਅਤੇ ਬਣਦੀ ਜਿੰਮੇਵਾਰੀ ਨਿਭਾਉਣ/ਨਿਭਾਉਂਦੇ ਰਹਿਣ। ਪੁਲਸ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਵਿਸ਼ਵਾਸ਼ ਬਹਾਲੀ ਲਈ ਯਤਨਸ਼ੀਲ ਹੋਣ ਤਾਂ ਕਿ ਕਿਸੇ ਪੁਲਸ ਮੁਕਾਬਲੇ ਨੂੰ ਕੋਈ ਸ਼ੱਕੀ ਨਜ਼ਰਾਂ ਨਾਲ ਨਾ ਵੇਖੇ। ਇਹ ਕਾਰਜ ਸਿਰਫ ਇਮਾਨਦਾਰੀ ਨਾਲ ਹੀ ਸੰਭਵ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,