October 1, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (30 ਸਤੰਬਰ, 2015): ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰਦਿਆਂ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਸੌਦਾ ਸਾਧ ਨੂੰ ਬਿਨਾ ਮੰਗੇ ਤੋਂ ਦਿੱਤੀ ਮਾਫੀ ਤੋਂ ਬਾਅਦ ਪੈਦਾ ਹੋਏ ਪੰਥਕ ਰੋਹ ਨੂੰ ਕਾਬੂ ਕਰਨ ਲਈ ਬਾਦਲ ਦਲ ਵੱਲੋਂ ਹਰ ਹੀਲਾ ਅਪਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਿੱਥੇ ਜੱਥੇਦਾਰ ਵੱਲੋਂ ਪੜਚੋਲ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ, ਉੱਥੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਉਕਤ ਫੈਸਲੇ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਮਤਾ ਪਾਸ ਕਰਵਾਉਣ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੋ ਵਾਰ ਗਿਆਨੀ ਗੁਰਬਚਨ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ।

ਗਿਆਨੀ ਗੁਰਬਚਨ ਸਿੰਘ ਨਾਲ ਮੀਟਿੰਗ ਕਰਕੇ ਉਸਦੀ ਰਿਹਾਇਸ਼ ਤੋਂ ਬਾਹਰ ਆਉਦੇ ਸ਼੍ਰੋਮਣੀ ਕਮੇਟੀ ਪ੍ਰਧਾਨ
ਗਿਆਨੀ ਗੁਰਬਚਨ ਸਿੰਘ ਵੱਲੋਂ ਭਾਵੇਂ ਫ਼ੈਸਲੇ ਦੇ ਦਿਨ ਤੋਂ ਪੱਤਰਕਾਰਾਂ ਅਤੇ ਆਮ ਲੋਕਾਂ ਤੋਂ ਦੂਰੀ ਰੱਖੀ ਜਾ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੱਤਰਕਾਰਾਂ ਦੇ ਸਾਹਮਣੇ ਆਉਣ ਦੇ ਬਾਵਜੂਦ ਬੈਠਕਾਂ ਦੇ ਏਜੰਡੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਇਸ ਮਿਲਣੀ ਨੂੰ ਰਸਮੀ ਕਹਿ ਕੇ ਸਾਰ ਲਿਆ ਪਰ ਪ੍ਰਸਥਿਤੀਆਂ ਮੁਤਾਬਿਕ ਮੁੜ ਕਿਸੇ ਵੱਡੀ ਯੋਜਨਾ ਨੂੰ ਅੰਜ਼ਾਮ ਦੇਣ ‘ਤੇ ਵਿਚਾਰਾਂ ਹੋ ਰਹੀਆਂ ਹਨ। ਕਮੇਟੀ ਗਠਿਤ ਕੀਤੇ ਜਾਣ ਦੀ ਪ੍ਰਕਿਰਿਆ ਬਾਰੇ ਉਨ੍ਹਾਂ ਕਿਹਾ ਕਿ ਇਹ ਗਿਆਨੀ ਗੁਰਬਚਨ ਸਿੰਘ ਹੀ ਨਿਰਧਾਰਿਤ ਕਰਨਗੇ।
ਸੂਤਰਾਂ ਅਨੁਸਾਰ ਫੈਸਲੇ ਦੇ ਵਿਰੋਧ ‘ਚ ਹੋਏ ਬੇਤਹਾਸ਼ਾ ਤੇ ਨੀਵੀਂ ਸ਼ਬਦਾਵਲੀ ਵਾਲੇ ਪ੍ਰਚਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸਿੰਘ ਸਹਿਬਾਨ ਕੋਈ ਢੁੱਕਵਾਂ ਰਾਹ ਕੱਢਣ ਦੀਆਂ ਕੋਸ਼ਿਸ਼ਾਂ ‘ਚ ਹਨ ਤਾਂ ਕਿ ਨੁਕਸਾਨ ਨੂੰ ਘਟਾਇਆ ਜਾ ਸਕੇ। ਇਸ ਰਸਤੇ ਵਜੋਂ ਹੀ ਪੜਚੋਲ ਕਮੇਟੀ ਗਠਿਤ ਕਰਨ ਦੀਆਂ ਸਲਾਹਾਂ ਹੋਈਆਂ।
ਵਿਰੋਧੀ ਧਿਰਾਂ ‘ਚੋਂ ਸ਼੍ਰੋਮਣੀ ਅਕਾਲੀ ਦਲ ਦਾ ਧਿਆਨ ਕੇਵਲ ਸੰਤ ਸਮਾਜ ਨੂੰ ਮਨਾਉਣ ‘ਤੇ ਕੇਂਦਰਿਤ ਹੈ, ਜਿਨ੍ਹਾਂ ਦੀ ਸਹਿਮਤੀ ਨਾਲ ਹੀ ਨਵੀਂ ਕਮੇਟੀ ਗਠਿਤ ਕਰਨ ਦਾ ਆਧਾਰ ਬੁਣੇ ਜਾਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਕਮੇਟੀ ਗਠਿਤ ਕਰਕੇ ਸੰਤ ਸਮਾਜ ਦੀ ਹਮਾਇਤ ਮੁੜ ਹਾਸਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਸਿਖਰ ‘ਤੇ ਹਨ, ਜਿਨ੍ਹਾਂ ਲਈ ਸੰਤ ਸਮਾਜ ਤੇ ਸਰਕਾਰ ਦੇ ਇਕ ਸਾਂਝੇ ਨੁਮਾਇੰਦੇ ਵੱਲੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਨਾਲ ‘ਤਾਲਮੇਲ’ ਬਿਠਾਉਣ ਲਈ ਬੈਠਕਾਂ ਕਰਵਾਈਆਂ ਜਾ ਰਹੀਆਂ ਹਨ।
Related Topics: Avtar Singh Makkar, Dera Sauda Sirsa, Giani Gurbachan Singh, Shiromani Gurdwara Parbandhak Committee (SGPC), Sikh Panth