ਸਿਆਸੀ ਖਬਰਾਂ » ਸਿੱਖ ਖਬਰਾਂ

ਸਾਬਕਾ ਪੁਲਿਸ ਮੁਖੀ ਨੂੰ 49 ਲੱਖ ਦਾ ਜੁਰਮਾਨਾ; ਝੂਠੇ ਮੁਕਾਬਲੇ ਬਣਾਉਣ ਵਾਲੇ ਬੇਨਕਾਬ:ਖਾਲੜਾ ਮਿਸ਼ਨ

January 21, 2017 | By

ਤਰਨਤਾਰਨ: ਬੀਬੀ ਪਰਮਜੀਤ ਕੌਰ ਖਾਲੜਾ ਸਰਪ੍ਰਸਤ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਭਾਈ ਸਤਵੰਤ ਸਿੰਘ ਮਾਣਕ ਕੇਂਦਰੀ ਕਮੇਟੀ ਮੈਂਬਰ ਅਤੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕ੍ਰਿਪਾਲ ਸਿੰਘ ਰੰਧਾਵਾ ਡਿਪਟੀ ਚੇਅਰਮੈਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਖਾਲੜਾ ਕੇਸ ਦੇ ਗਵਾਹ ਦੀ ਸ਼ਕਾਇਤ ‘ਤੇ ਸਾਬਕਾ ਡੀ.ਜੀ.ਪੀ. ਰਜਿੰਦਰ ਸਿੰਘ ਆਈ.ਜੀ. ਪਰਮ ਰਾਜ ਉਮਰਾਨੰਗਲ ਅਤੇ ਹੋਰਨਾਂ ਨੂੰ ਪਟਿਆਲਾ ਅਦਾਲਤ ਵਲੋਂ 49 ਲੱਖ ਰੁਪਏ ਦਾ ਜੁਰਮਾਨਾ ਪਾਉਣ ਦਾ ਫੈਸਲਾ ਸ਼ਲਾਘਾਯੋਗ ਹੈ।

ਉਨ੍ਹਾਂ ਕਿਹਾ ਕਿ ਦੁੱਖਦਾਈ ਪੱਖ ਇਹ ਹੈ ਕਿ ਅਦਾਲਤਾਂ ਕਾਲਾ ਹਿਰਨ ਮਰਨ ਦੇ ਮਾਮਲੇ ‘ਚ ਹਰਕਤ ਵਿੱਚ ਆਈਆਂ ਪਰ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਮਾਮਲੇ ‘ਤੇ ਕੋਈ ਸੁਣਵਾਈ ਨਹੀਂ ਹੋਈ। ਯਾਦ ਰਹੇ ਕਿ ਕ੍ਰਿਪਾਲ ਸਿੰਘ ਰੰਧਾਵਾ ਨੂੰ ਭਾਈ ਜਸਵੰਤ ਸਿੰਘ ਖਾਲੜਾ ਕੇਸ ਵਿੱਚ ਗਵਾਹੀ ਤੋਂ ਰੋਕਣ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਵੱਲੋਂ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ। ਜਿਨ੍ਹਾਂ ਨੂੰ ਅਦਾਲਤ ਨੇ ਬਾਅਦ ਵਿੱਚ ਬਰੀ ਕਰ ਦਿੱਤਾ ਸੀ। ਉਨ੍ਹਾਂ ਵੱਲੋਂ ਅਦਾਲਤ ਕੋਲ 50 ਲੱਖ ਰੁਪਏ ਦਾ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ।

ਪੰਜਾਬ ਪੁਲਿਸ; ਪ੍ਰਤੀਕਾਤਮਕ ਤਸਵੀਰ

ਪੰਜਾਬ ਪੁਲਿਸ; ਪ੍ਰਤੀਕਾਤਮਕ ਤਸਵੀਰ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (ਕੇ.ਐਮ.ਓ.) ਨੇ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ‘ਤੇ ਇਸ ਫੈਸਲੇ ਤੋਂ ਬਾਅਦ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਨੌਕਰੀਆਂ ਵੀ ਖਤਮ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਨ੍ਹਾਂ ਦੀਆਂ ਲਾਸ਼ਾਂ ਲਵਾਰਿਸ ਕਰਾਰ ਦੇ ਕੇ ਸਾੜਣ ਦਾ ਮਾਮਲਾ ਕੌਮਾਂਤਰੀ ਪੱਧਰ ‘ਤੇ ਚੁੱਕਿਆ ਸੀ ਅਤੇ ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਹਜ਼ਾਰਾਂ ਨੂੰ ਘਰਾਂ ਤੋਂ ਚੁੱਕ ਕੇ ਸ਼ਹੀਦ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਪੜਤਾਲ ਦਾ ਚੋਣ ਵਾਇਦਾ ਕੀਤਾ ਸੀ। ਪਰ ਉਹ 15 ਸਾਲ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਉਸਨੂੰ ਇੱਕ ਵੀ ਝੂਠਾ ਮੁਕਾਬਲਾ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਬੈਠੇ ਆਪਣੇ ਆਕਾਵਾਂ ਦਾ ਬਣਕੇ ਬਾਦਲਕਿਆਂ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਅਤੇ ਕੁੱਲਨਾਸ਼ ‘ਤੇ ਪਰਦਾ ਪਾਇਆ। ਸਿੱਖ ਕੌਮ ਦੇ ਘਾਣ ‘ਤੇ ਪਰਦਾ ਪਾਉਣ ਲਈ ਪੰਜਾਬ ਦੀ ਜਵਾਨੀ ਵੀ ਨਸ਼ਿਆਂ ‘ਚ ਗਰਕ ਕਰ ਦਿੱਤੀ। ਅੱਜ ਵੀ ਚੋਣਾਂ ਵਿੱਚ ਬਾਦਲ, ਕੈਪਟਨ, ਕੇਜਰੀਵਾਲ ਸਿੱਖ ਕੌਮ ਦੇ ਘਾਣ ‘ਤੇ ਪਰਦਾ ਪਾ ਕੇ ਮਹਾਂ ਪਾਪ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੁੱਟ ਅਤੇ ਕੁੱਟ ਦੀ ਪੜਤਾਲ ਲਈ ਮੁਕੰਮਲ ਕਮਿਸ਼ਨ ਬਣਨਾ ਚਾਹੀਦਾ ਹੈ ਅਤੇ ਕਾਤਿਲਾਂ ਲੁਟੇਰਿਆਂ ਦੇ ਨਾਰਕੋ ਟੈਸਟ ਹੋਣੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,