January 24, 2018 | By ਸਿੱਖ ਸਿਆਸਤ ਬਿਊਰੋ
ਖੰਨਾ/ਚੰਡੀਗੜ੍ਹ: ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਨੂੰ ਮਾਰਨ ਦੇ ਮਾਮਲੇ ਵਿੱਚ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਵੱਲੋਂ ਗਵਾਹ ਬਣਨ ਲਈ ਪਾਏ ਜਾ ਰਹੇ ਦਬਾਅ ਤੋਂ ਤੰਗ ਆ ਕੇ ਖੰਨਾ ਦੇ ਬਿੱਲਾਂ ਵਾਲੀ ਛੱਪੜੀ ਇਲਾਕੇ ਵਿੱਚ ਰਹਿਣ ਵਾਲੇ ਰਾਮਪਾਲ ਨੇ ਬੀਤੇ ਦਿਨ (23 ਜਨਵਰੀ ਨੂੰ) ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ ਵਿੱਚ ਐਨ. ਆਈ. ਏ. ਵੱਲੋਂ ਜਾਂਚ ਦੇ ਨਾਂ ‘ਤੇ ਵਰਤੇ ਜਾ ਰਹੇ ਹਰਬਿਆਂ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਪੰਜਾਬੀ ਦੇ ਜਲੰਧਰ ਤੋਂ ਛਾਪਦੇ ਅਖਬਾਰ ਅਜੀਤ ਵਿੱਚ ਛਪੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ: “ਖੰਨਾ ਵਿਚ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਕਤਲ ਕਾਂਡ ਦੇ ਮਾਮਲੇ ‘ਚ ਭਾਵੇਂ ਖੰਨਾ ਪੁਲਿਸ ਵਲੋਂ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਰਮਨਾ ਤੇ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਆਪਣੇ ਹੱਥਾਂ ‘ਚ ਲੈ ਲਿਆ ਸੀ ਤੇ ਇਨ੍ਹਾਂ ਕਥਿਤ ਦੋਸ਼ੀਆਂ ਦਾ ਕਈ ਵਾਰ ਪੁਲਿਸ ਰਿਮਾਂਡ ਵੀ ਲਿਆ ਗਿਆ ਸੀ। ਪਰ ਹੁਣ ਜਾਪਦਾ ਹੈ ਕਿ ਇਸ ਜਾਂਚ ਏਜੰਸੀ ਨੂੰ ਮਾਮਲੇ ਵਿਚ ਕੋਈ ਠੋਸ ਸਬੂਤ ਹੱਥ ਨਹੀਂ ਲੱਗ ਰਹੇ”।
ਪੱਤਰਕਾਰ ਹਰਜਿੰਦਰ ਸਿੰਘ ਲਾਲ ਵੱਲੋਂ ਭੇਜ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਠੋਸ ਸਬੂਤ ਨਾ ਮਿਲਣ ਕਾਰ ਹੁਣ “ਐਨ. ਆਈ. ਏ. ਆਪਣਾ ਕੇਸ ਮਜ਼ਬੂਤ ਕਰਨ ਲਈ ਕਤਲ ਕਾਂਡ ਵਾਲੀ ਥਾਂ ਦੇ ਨੇੜੇ ਮੌਜੂਦ ਲੋਕਾਂ ‘ਤੇ ਦਬਾਅ ਪਾ ਕੇ ਗਵਾਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ”।
ਪਰਵਾਰ ਨੇ ਐਨ. ਆਈ. ਏ. ‘ਤੇ ਲਾਏ ਗੰਭੀਰ ਦੋਸ਼:
ਮਿਰਤਕ ਰਾਮਪਾਲ ਦੇ ਪਰਵਾਰ ਨੇ ਜਾਂਚ ਏਜੰਸੀ ਐਨ. ਆਈ. ਏ’ ਉੱਤੇ ਗੰਭੀਰ ਦੋਸ਼ ਲਾਏ ਹਨ। ਰਾਮਪਾਲ ਦੇ ਪੁੱਤਰ ਮਨੀਸ਼ ਕੁਮਾਰ ਨੇ ਕਿਹਾ ਕਿ ਐਨ. ਆਈ. ਏ. ਉਸ ਦੇ ਪਿਤਾ ਨੂੰ ਵਾਰ-ਵਾਰ ਬੁਲਾ ਕੇ ਪ੍ਰੇਸ਼ਾਨ ਕਰ ਰਹੀ ਸੀ ਤੇ ਉਸ ਉੱਤੇ ਸਰਕਾਰੀ ਗਵਾਹ ਬਣਨ ਲਈ ਦਬਾਅ ਪਾਉਣ ਲਈ ਡਰਾ-ਧਮਕਾ ਵੀ ਰਹੀ ਸੀ। ਉਸਨੇ ਕਿਹਾ ਕਿ ਉਸਦਾ ਪਿਤਾ ਬਹੁਤ ਪ੍ਰੇਸ਼ਾਨ ਸੀ, ਕਿਉਂਕਿ ਉਨ੍ਹਾਂ ਨੂੰ ਪੁੱਛਗਿੱਛ ਲਈ ਕਦੇ ਵੀ ਕਿਤੇ ਵੀ ਬੁਲਾ ਲਿਆ ਜਾਂਦਾ ਸੀ।
ਮਨੀਸ਼ ਮੁਤਾਬਿਕ ਸੋਮਵਾਰ ਸ਼ਾਮ ਨੂੰ ਉਸ ਦੇ ਪਿਤਾ ਨੇ ਕਿਹਾ ਸੀ ਕਿ ਕੱਲ੍ਹ ਮੰਗਲਵਾਰ ਨੂੰ ਸਵੇਰੇ ਐਨ. ਆਈ. ਏ. ਨੇ ਫਿਰ ਪੁੱਛਗਿੱਛ ਕਰਨੀ ਹੈ। ਉਸਨੇ ਕਿਹਾ ਕਿ ਉਸਦੇ ਪਿਤਾ ਨੇ ਹਰ ਰੋਜ਼ ਦੀ ਪਰੇਸ਼ਾਨੀ ਨੂੰ ਨਾ ਸਹਾਰਦਿਆਂ ਖੁਦਕੁਸ਼ੀ ਕਰ ਲਈ।
ਮਿਰਤਕ ਰਾਮਪਾਲ ਦੀ ਪਤਨੀ ਕਮਲੇਸ਼ ਨੇ ਕਿਹਾ ਕਿ ਮੇਰੇ ਪਤੀ ਐਨ. ਆਈ. ਏ. ਦੀ ਪੁੱਛ ਪੜਤਾਲ ਤੋਂ ਬਹੁਤ ਪ੍ਰੇਸ਼ਾਨ ਸਨ, ਉਹ ਇਸ ਲਈ ਵੀ ਡਰੇ ਹੋਏ ਸਨ ਕਿ ਉਨ੍ਹਾਂ ਨੂੰ ਅੱਜ ਦਿੱਲੀ ਲਿਜਾਇਆ ਜਾਵੇਗਾ। ਅੱਜ ਸਵੇਰੇ ਉਹ ਸਾਡੇ ਉੱਠਣ ਤੋਂ ਪਹਿਲਾਂ ਹੀ ਘਰੋਂ ਚਲੇ ਗਏ ਅਤੇ ਨਹਿਰ ਕੰਢੇ ਪਹੁੰਚ ਕੇ ਕਿਸੇ ਕੋਲੋਂ ਟੈਲੀਫ਼ੋਨ ਲੈ ਕੇ ਫ਼ੋਨ ਕੀਤਾ ਤੇ ਕਿਹਾ ਕਿ ਬੱਚਿਆਂ ਦਾ ਧਿਆਨ ਰੱਖੀ ਮੈਂ ਨਹਿਰ ਵਿਚ ਛਾਲ ਮਾਰਨ ਲੱਗਾ ਹਾਂ। ਉਸਨੇ ਕਿਹਾ ਕਿ ‘ਜਦੋਂ ਤੱਕ ਅਸੀਂ ਉੱਥੇ ਪਹੁੰਚਦੇ ਭਾਣਾ ਵਰਤ ਚੁੱਕਾ ਸੀ’।
ਰਾਮਪਾਲ ਨੇ ਸ਼ਿਵ ਸੈਨਾ ਨੇਤਾ ਨੂੰ ਪਹੰੁਚਾਇਆ ਸੀ ਹਸਪਤਾਲ
ਗੌਰਤਲਬ ਹੈ ਕਿ ਕਤਲ ਕਾਂਡ ਵਾਲੇ ਦਿਨ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਨੂੰ ਲਹੂ-ਲੁਹਾਨ ਦੇਖ ਕੇ ਖ਼ੁਦਕੁਸ਼ੀ ਕਰਨ ਵਾਲੇ ਰਾਮਪਾਲ ਨੇ ਹੀ ਦੁਰਗਾ ਗੁਪਤਾ ਨੂੰ ਹੋਰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਸੀ।
ਐਨ. ਆਈ. ਏ. ਸਥਾਨਕ ਲੋਕਾਂ ‘ਤੇ ਗਵਾਹ ਬਣਨ ਦਬਾਅ ਪਾ ਰਹੀ ਹੈ
ਰੋਜਾਨਾ ਅਖਬਾਰ ਅਜੀਤ ਵਿੱਚ ਛਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਰਗਾ ਗੁਪਤਾ ਮਾਮਲੇ ਵਿੱਚ “ਐਨ. ਆਈ. ਏ. ਮੌਕੇ ਦੇ ਗਵਾਹਾਂ ਦੀ ਤਲਾਸ਼ ‘ਚ ਹੈ ਪਰ ਨੇੜੇ ਦੇ ਦੁਕਾਨਦਾਰ ਗਵਾਹੀ ਦੇਣ ਜਾਂ ਕੋਈ ਜਾਣਕਾਰੀ ਦੇਣ ਤੋਂ ਕਤਰਾ ਰਹੇ ਹਨ। ਇਸ ਦਰਮਿਆਨ ਕੁਝ ਲੋਕਾਂ ਨੇ ਕਿਹਾ ਕਿ ਐਨ. ਆਈ. ਏ. ਘਟਨਾ ਸਥਾਨ ਤੋਂ ਕਾਫ਼ੀ ਦੂਰ-ਦੂਰ ਤੱਕ ਦੇ ਲੋਕਾਂ, ਜਿਨ੍ਹਾਂ ਦਾ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਣ ਦਾ ਮਤਲਬ ਹੀ ਨਹੀਂ, ਨੂੰ ਵੀ ਗਵਾਹੀ ਦੇਣ ਲਈ ਬੁਲਾ ਰਹੀ ਹੈ। ਜਿਸ ਕਾਰਨ ਇਹ ਲੋਕ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾ ਰਹੇ ਹਨ”।
Related Topics: Congress Government in Punjab 2017-2022, hardeep singh shera, Indian Satae, Jagtar Singh Johal alias Jaggi (UK), Jaspal Singh Manjhpur (Advocate), NIA, NIA India, Punjab Police, Ramandeep Singh Chuharwal