March 14, 2018 | By ਸਿੱਖ ਸਿਆਸਤ ਬਿਊਰੋ
ਲਾਹੌਰ: ਪਾਕਿਸਤਾਨ ਦੇ ਸੂਬੇ ਪੰਜਾਬ ਦੀ ਅਸੈਂਬਲੀ ਵਲੋਂ ਅੱਜ ਇਕ ਇਤਿਹਾਸਕ ਫੈਂਸਲਾ ਕਰਦਿਆਂ ਸਰਬਸੰਮਤੀ ਨਾਲ ਸਿੱਖ ਅਨੰਦ ਕਾਰਜ ਮੈਰਿਜ ਐਕਟ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਪੰਜਾਬ ਅਸੈਂਬਲੀ ਨੇ ਸਰਬਸੰਮਤੀ ਨਾਲ ਪੰਜਾਬ ਸਿੱਖ ਅਨੰਦ ਕਾਰਜ ਮੈਰਿਜ ਐਕਟ, 2017 ਪਾਸ ਕਰ ਦਿੱਤਾ।
ਇਸ ਬਿਲ ਨੂੰ ਪੰਜਾਬ ਅਸੈਂਬਲੀ ਦੇ ਸਿੱਖ ਮੈਂਬਰ ਸਰਦਾਰ ਰਮੇਸ਼ ਸਿੰਘ ਅਰੋੜਾ ਵਲੋਂ ਲਿਆਂਦਾ ਗਿਆ ਸੀ ਅਤੇ ਬ੍ਰਿਟਿਸ਼ ਰਾਜ ਵੇਲੇ ਦੇ ਅਨੰਦ ਮੈਰਿਜ ਐਕਟ, 1909 ਨੂੰ ਰੱਦ ਕਰ ਦਿੱਤਾ ਗਿਆ ਸੀ।
ਗਵਰਨਰ ਦੇ ਸਾਈਨ ਹੋਣ ਦੇ ਨਾਲ ਹੀ ਇਹ ਕਾਨੂੰਨ ਲਾਗੂ ਹੋ ਜਾਵੇਗਾ। ਇਸ ਦੇ ਲਾਗੂ ਹੋਣ ਬਾਅਦ ਹੁਣ ਤੋਂ ਪਹਿਲਾਂ ਹੋਏ ਸਿੱਖ ਅਨੰਦ ਕਾਰਜਾਂ ਨੂੰ ਵੀ ਕਾਨੂੰਨੀ ਮਾਨਤਾ ਮਿਲ ਜਾਵੇਗੀ। ਇਸ ਤੋਂ ਪਹਿਲਾਂ ਸਿੱਖ ਵਿਆਹਾਂ ਦਾ ਰਿਕਾਰਡ ਸਿਰਫ ਗੁਰਦੁਆਰਾ ਸਾਹਿਬ ਵਿਚ ਰੱਖਿਆ ਜਾਂਦਾ ਸੀ ਅਤੇ ਇਸ ਨੂੰ ਕਾਨੂੰਨੀ ਮਾਨਤਾ ਨਹੀਂ ਸੀ।
ਇਸ ਫੈਂਸਲੇ ਤੋਂ ਬਾਅਦ ਅਰੋੜਾ ਨੇ ਮੀਡੀਆ ਨੂੰ ਕਿਹਾ ਕਿ ਅੱਜ ਦਾ ਦਿਨ ਪਾਕਿਸਤਾਨ ਦੇ ਸਿੱਖਾਂ ਲਈ ਇਤਿਹਾਸਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿਚ ਸਿੱਖਾਂ ਦੇ ਪਰਿਵਾਰਕ ਕਾਨੂੰਨ ਨੂੰ ਮਾਨਤਾ ਮਿਲੀ ਹੈ ਜਿਸ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ।
ਬਿਲ ਅਨੁਸਾਰ ਸਿੱਖ ਭਾਈਚਾਰੇ ਦਾ ਕੋਈ ਵੀ ਮਰਦ ਜਾ ਔਰਤ 18 ਸਾਲ ਤੋਂ ਘੱਟ ਉਮਰ ਵਿਚ ਵਿਆਹ ਨਹੀਂ ਕਰਵਾ ਸਕਦਾ। ਕਾਨੂੰਨ ਵਿਚ ਕਿਹਾ ਗਿਆ ਹੈ ਕਿ ਅਨੰਦ ਕਾਰਜ ਸਿੱਖ ਮਰਿਆਦਾ ਅਨੁਸਾਰ ਹੀ ਕੀਤਾ ਜਾਵੇਗਾ। ਅਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮਰਦ ਜਾਂ ਔਰਤ ‘ਗ੍ਰੰਥੀ’ ਵਲੋਂ ਸਬੰਧਿਤ ਮਰਿਆਦਾ ਅਨੁਸਾਰ ਹੀ ਕੀਤਾ ਜਾਵੇਗਾ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਰਜਿਸਟਰਾਰ ਵਲੋਂ ਵਿਆਹ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਰਜਿਸਟਰਾਰ ਦੇ ਅਹੁਦੇ ਲਈ ਸਰਕਾਰ ਵਲੋਂ ਸਿੱਖ ਧਰਮ ਦੀ ਰਹਿਤ ਵਿਚ ਧਾਰਨੀ ਵਿਅਕਤੀ ਨੂੰ ਹੀ ਨਿਯੁਕਤ ਕੀਤਾ ਜਾਵੇਗਾ।
ਐਕਟ ਵਿਚ ਕਿਹਾ ਗਿਆ ਹੈ ਕਿ ਕਿਸੇ ਸੂਰਤ ਵਿਚ ਤਲਾਕ ਲੈਣ ਲਈ ਸਬੰਧਿਤ ਧਿਰ ਨੂੰ ਆਪਣੀ ਇਸ ਇੱਛਾ ਸਬੰਧੀ ਚੇਅਰਮੈਨ ਨੂੰ ਇਕ ਲਿਖਤੀ ਨੋਟਿਸ ਭੇਜਣਾ ਪਵੇਗਾ, ਜਿਸ ਦੀ ਇਕ ਕਾਪੀ ਦੂਜੀ ਸਬੰਧਿਤ ਧਿਰ ਨੂੰ ਵੀ ਭੇਜਣੀ ਜਰੂਰੀ ਹੋਵੇਗੀ। ਇਸ ਨੋਟਿਸ ਦੇ 30 ਦਿਨਾਂ ਵਿਚਕਾਰ ਚੇਅਰਮੈਨ ਸਮਝੌਤੇ ਲਈ ਇਕ ਕਾਉਂਸਲ ਦਾ ਗਠਨ ਕਰੇਗਾ ਅਤੇ ਕਾਉਂਸਲ ਸਮਝੌਤਾ ਕਰਾਉਣ ਦਾ ਹਰ ਸੰਭਵ ਯਤਨ ਕਰੇਗੀ। ਪਰ ਜੇ ਨੋਟਿਸ ਭੇਜਣ ਦੇ ਦਿਨ ਤੋਂ 90 ਦਿਨਾਂ ਵਿਚ ਸਮਝੌਤਾ ਨਹੀਂ ਹੁੰਦਾ, ਤਾਂ 90 ਦਿਨਾਂ ਬਾਅਦ ਚੇਅਰਮੈਨ ਵਿਆਹ ਦੇ ਟੁੱਟਣ ਦਾ ਫੈਂਸਲਾ ਸੁਣਾਏਗਾ ਅਤੇ ਵਿਆਹ ਰੱਦ ਹੋਣ ਦਾ ਸਰਟੀਫਿਕੇਟ ਜਾਰੀ ਕਰੇਗਾ।
ਇਸ ਫੈਂਸਲੇ ਦਾ ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਾਰਾ ਸਿੰਘ ਵਲੋਂ ਵੀ ਸਵਾਗਤ ਕੀਤਾ ਗਿਆ ਹੈ।
Related Topics: Pakisatan, Punjab Assembly, Ramesh Singh Arora MPA, Sikh Anand Marriage Act, Tara Singh PSGPC