October 30, 2020 | By ਮਾਸਟਰ ਮਿੱਠੂ ਸਿੰਘ ਕਾਹਨੇਕੇ
‘ਐੱਸਜੀਪੀਸੀ ਦੀਆਂ ਵਿਦਿਅਕ ਸੰਸਥਾਵਾਂ: ਦਰਪੇਸ਼ ਸਮੱਸਿਆਂਵਾਂ’ ਵਿਸ਼ੇ ਉੱਤੇ ‘ਮਾਸਟਰ ਮਿੱਠੂ ਸਿੰਘ ਕਾਹਨੇਕੇ’ ਦੀ ਇਹ ਲਿਖਤ 30 ਅਕਤੂਬਰ 2020 ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਹੈ। ‘ਸਿੱਖ ਸਿਆਸਤ’ ਦੇ ਪਾਠਕਾਂ ਦੀ ਸਹੂਲਤ ਲਈ ਅਸੀਂ ਇਸ ਲਿਖਤ ਦਾ ਸੰਖੇਪ ਰੂਪ ਸਾਂਝਾ ਕਰ ਰਹੇ ਹਾਂ – ਸੰਪਾਦਕ।
ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਸੰਨ 1935 ਵਿੱਚ ਸ੍ਰੀ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਵਿੱਚ ਸ਼ੁਰੂ ਕੀਤਾ ਪਰ ਪੰਜਾਬ/ਹਰਿਆਣਾ ਅੰਦਰ ਸਿੱਖਿਆ ਦੇ ਖੇਤਰ ਵਿੱਚ ਪਿਛਲੇ 25-30 ਸਾਲਾਂ ਤੋਂ ਵਿੱਦਿਅਕ ਅਦਾਰੇ ਸਥਾਪਤ ਕਰਨੇ ਆਰੰਭੇ। ਦੋ ਯੂਨੀਵਰਸਿਟੀਆਂ, ਆਰਟਸ, ਸਾਇੰਸ, ਕਾਮਰਸ ਦੇ ਪੰਜਾਬ/ਹਰਿਆਣਾ/ਹਿਮਾਚਲ ਅੰਦਰ 33 ਕਾਲਜ ਅਤੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਵਾਲੇ 52 ਸਕੂਲਾਂ ਦਾ ਪ੍ਰਬੰਧ ਚਲਾ ਰਹੀ ਹੈ। ਇਨ੍ਹਾਂ ਅਦਾਰਿਆਂ ਦੇ ਉੱਚਿਤ ਪ੍ਰਬੰਧ ਲਈ 2007 ਵਿੱਚ ਐਜੂਕੇਸ਼ਨ ਡਾਇਰੈਕਟੋਰੇਟ ਹੋਂਦ ਵਿੱਚ ਆਇਆ, ਜੋ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ (ਬਹਾਦਰਗੜ੍ਹ) ’ਚ ਸਥਾਪਤ ਕੀਤਾ ਗਿਆ। ਇਨ੍ਹਾਂ ਅਦਾਰਿਆਂ ਤੋਂ ਇਲਾਵਾ 4 ਕਾਲਜ ਮੁੰਬਈ ’ਚ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਹਨ। ਸਿੱਖਿਆ ਰਾਹੀਂ ਸਮਾਜ ਅੰਦਰ ਚੇਤਨਤਾ ਪੈਦਾ ਕਰਨ ਤੇ ਸਮਾਜ ਨੂੰ ਸਿੱਖਿਅਤ ਕਰਨ ਦਾ ਚੰਗਾ ਉਪਰਾਲਾ ਹੈ।
ਕਾਲਜਾਂ/ਯੂਨੀਵਰਸਿਟੀਆਂ/ਸਕੂਲਾਂ ਦੀ ਦਸ਼ਾ ਤੇ ਦਿਸ਼ਾ :
ਐਜੂ. ਡਾਇਰੈਕਟੋਰੇਟ ਵੱਲੋਂ ਜਾਰੀ ਰਿਪੋਰਟ ਮੁਤਾਬਕ ਸ਼੍ਰੋਮਣੀ ਕਮੇਟੀ ਦੇ 4 ਕਾਲਜਾਂ ਨੂੰ N.A.A.C (ਨਾਕ) ਵੱਲੋਂ ਏ-ਗਰੇਡ ਪ੍ਰਾਪਤ ਹੋਇਆ ਹੈ। ਇਹ ਕਾਲਜ ਆਤਮ-ਨਿਰਭਰ ਹਨ। ਸਮੇਂ ਸਿਰ ਇਨ੍ਹਾਂ ਦੇ ਸਟਾਫ਼ ਨੂੰ ਤਨਖ਼ਾਹਾਂ ਮਿਲਦੀਆਂ ਹਨ। ਇਨ੍ਹਾਂ 4 ਕਾਲਜਾਂ ਨੂੰ ਛੱਡਕੇ ਪੰਜਾਬ/ਹਰਿਆਣਾ/ਹਿਮਾਚਲ ਅੰਦਰ ਚੱਲ ਰਹੇ (ਕੁੱਲ 33 ਕਾਲਜ ’ਚੋਂ) 29 ਕਾਲਜ ਕਿਉਂ ਘਾਟੇ ਵਿੱਚ ਹਨ? ਕਾਲਜਾਂ ਦੀ ਆਰਥਿਕਤਾ ਇੰਨੀ ਗੰਭੀਰ ਸੰਕਟ ਦਾ ਸ਼ਿਕਾਰ ਹੈ ਕਿ ਘਾਟੇ ਵਾਲੇ ਕਾਲਜਾਂ ਦੇ ਸਟਾਫ਼ ਨੂੰ ਪਿਛਲੇ 10 ਮਹੀਨੇ ਤੋਂ 18 ਮਹੀਨਿਆਂ ਤੱਕ ਦੀਆਂ ਤਨਖ਼ਾਹਾਂ ਹੀ ਨਹੀਂ ਮਿਲੀਆਂ। ਸੈਸ਼ਨ 2019-20 ਦੌਰਾਨ ਵਿਦਿਆਰਥੀਆਂ ਦੀ ਕੁੱਲ ਗਿਣਤੀ 35,144 ਦੱਸੀ ਗਈ ਹੈ। ਆਤਮ-ਨਿਰਭਰ ਚਾਰੇ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ 19,648 ਹੈ ਅਤੇ ਘਾਟੇ ਵਾਲੇ 29 ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਕੇਵਲ 15500 ਦੇ ਲਗਭਗ ਹੈ। ਇਨ੍ਹਾਂ ਕਾਲਜਾਂ ਵਿੱਚ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦੀ ਗਿਣਤੀ 1500 ਲਗਪਗ ਹੈ ਤੇ ਪੂਰਾ ਸਟਾਫ਼ ਕੰਮ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਚ ਕੇਵਲ 2,948 ਵਿਦਿਆਰਥੀਆਂ ਦੇ ਸੈਸ਼ਨ 2019-20 ਦੌਰਾਨ ਦਾਖਲੇ ਹੋਏ। ਲਗਭਗ 107 ਏਕੜ ਵਿੱਚ ਉਸਾਰੀ ਯੂਨੀਵਰਸਿਟੀ ’ਚ 400 ਗਿਣਤੀ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਲੋੜ ਤੋਂ ਵਧ ਹੈ। ਜਿਨ੍ਹਾਂ ਨੂੰ ਲਗਭਗ 15 ਕਰੋੜ ਸਾਲਾਨਾ ਤਨਖ਼ਾਹ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਦੀਆਂ ਮਾਰਚ, 2020 ਤੱਕ ਤਨਖ਼ਾਹ ਸਮੇਤ ਕੁੱਲ ਦੇਣਦਾਰੀਆਂ 629.23 ਲੱਖ ਖੜੀਆਂ ਹਨ। ਐੱਸਬੀਆਈ ਬੈਂਕ ਤੋਂ 30 ਕਰੋੜ ਲੋਨ ਲਿਆ ਹੈ, ਜਿਸ ਦੀਆਂ ਦਸ ਸਾਲਾ ਕਿਸ਼ਤਾਂ ਭਾਵ ਦਸੰਬਰ, 2026 ਤੱਕ 34 ਕਰੋੜ ਵਿਆਜ ਅਤੇ 30 ਕਰੋੜ ਮੂਲ ਕੁੱਲ ਰਕਮ 64 ਕਰੋੜ ਰਾਸ਼ੀ ਕਿਸ਼ਤਾਂ ਰਾਹੀਂ ਭੁਗਤਾਨ ਕੀਤੀ ਜਾਵੇਗੀ। ਇਕੋ ਸਥਾਨ ਫਤਹਿਗੜ੍ਹ ਸਾਹਿਬ ਸ਼੍ਰੋਮਣੀ ਕਮੇਟੀ ਨੇ ਆਪਣੇ ਤਿੰਨ ਵਿੱਦਿਅਕ ਅਦਾਰੇ ਕਾਲਜ/ਇੰਜੀ./ਯੂਨੀਵਰਸਿਟੀ ਖੋਲ੍ਹਣ ਨਾਲ ਆਪਸੀ ਮੁਕਾਬਲਾ ਹੋਇਆ ਸਿੱਟੇ ਵਜੋਂ ਦੋ ਅਦਾਰੇ ਘਾਟੇ ਵਿੱਚ ਚੱਲ ਰਹੇ ਹਨ।
28 ਸਤੰਬਰ 2020 ਨੂੰ ਪਾਸ ਹੋਏ ਸੋਧ ਬਜਟ ਅਨੁਸਾਰ ਪੰਜਾਬ/ਹਰਿਆਣਾ ਅੰਦਰ ਐਜੂਕੇਸ਼ਨ ਡਾਇਰੈਕਟੋਰੇਟ ਅਧੀਨ ਚੱਲ ਰਹੇ 52 ਸਕੂਲਾਂ ਦੀ ਵਿੱਤੀ ਹਾਲਤ ਵੀ ਬਹੁਤ ਨਾਜ਼ੁਕ ਚੱਲ ਰਹੀ ਹੈ। ਸਿਰਫ਼ 9 ਸਕੂਲ ਹੀ ਆਤਮ-ਨਿਰਭਰ ਸਕੂਲ ਹਨ ਪਰ ਬਾਕੀ 43 ਸਕੂਲ ਘਾਟੇ ਵਾਲੇ ਹਨ। ਐਡਿਡ ਦਸ ਸਕੂਲਾਂ ਦਾ ਘਾਟਾ ਪ੍ਰਤੀ ਸਕੂਲ ਸਵਾ-ਡੇਢ ਕਰੋੜ ਤੋਂ ਵੀ ਵਧ ਹੈ। ਇਨ੍ਹਾਂ ਸਕੂਲਾਂ ਨੂੰ ਚਾਲੂ ਰੱਖਣ ਲਈ ਚਾਲੂ ਸੈਸ਼ਨ 2020-21 ਦੌਰਾਨ ਸ਼੍ਰੋਮਣੀ ਕਮੇਟੀ ਨੂੰ 10 ਕਰੋੜ ਤੋਂ ਵਧ ਰਕਮ ਸਹਾਇਤਾ ਵਜੋਂ ਆਪਣੇ ਸੋਧੇ ਬਜਟ ’ਚੋਂ ਦੇਣੀ ਪਈ। ਇੱਕ ਸਕੂਲ ਜੋ ਬਹੁਤ ਹੀ ਘਾਟੇ ਵਿੱਚ ਸੀ ਨੂੰ ਇਸ ਸਾਲ ਬੰਦ ਕਰਨਾ ਪਿਆ। ਸਕੂਲਾਂ ਅੰਦਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ 1,822 ਗਿਣਤੀ ਹੈ ਜੋ ਲੋੜ ਨਾਲੋਂ ਵਧ ਹੈ। ਜਿਨ੍ਹਾਂ ਨੂੰ ਲਗਭਗ 45 ਕਰੋੜ ਸਾਲਾਨਾ ਸੈਲਰੀ ਅਤੇ ਸਮੁੱਚਾ ਸਕੂਲ ਪ੍ਰਬੰਧਾਂ ਨੂੰ ਚਲਾਉਣ ਲਈ 10 ਕਰੋੜ ਤੋਂ ਵੱਧ ਰਕਮ ਬਿਜਲੀ, ਪਾਣੀ, ਜਰਨੈਟਰ, ਮੁਰੰਮਤ ਆਦਿ ਵੱਖਰੇ ਖਰਚੇ ਹਨ ਪਰ ਸੈਸ਼ਨ 2019-20 ਦੌਰਾਨ ਵਿਦਿਆਰਥੀਆਂ ਦੀ ਗਿਣਤੀ 25,000 ਦੇ ਲਗਪਗ ਰਹੀ, ਜੋ ਚਾਲੂ ਸਾਲ 2020-21 ਦੌਰਾਨ ਸਕੂਲ ਖੋਲ੍ਹਣ ਤੇ ਹੀ ਵਿਦਿਆਰਥੀ ਦਾਖਲੇ ਦਾ ਪਤਾ ਲੱਗੇਗਾ। ਪਿਛਲੇ 6 ਸਾਲਾਂ ਤੋਂ ਹਰ ਸਾਲ 4/5 ਫ਼ੀਸਦੀ ਸਾਲਾਨਾ ਵਿਦਿਆਰਥੀ ਗਿਣਤੀ ਕਿਉਂ ਘੱਟ ਰਹੀ ਹੈ? ਕੇਵਲ 6 ਸੈਕੰਡਰੀ ਸਕੂਲਾਂ ਅੰਦਰ ਪ੍ਰਤੀ ਸਕੂਲਾਂ ਵਿਦਿਆਰਥੀ ਗਿਣਤੀ 1000 ਤੋਂ ਵੱਧ ਹੈ, 12 ਸਕੂਲਾਂ ਅੰਦਰ ਗਿਣਤੀ 500-700 ਵਿਚਕਾਰ ਹੀ ਹੈ। ਬਾਕੀ 34 ਸੀਨੀ. ਸੈਕੰਡਰੀ ਸਕੂਲਾਂ ਵਿੱਚ ਤਾਂ ਪ੍ਰਤੀ ਸਕੂਲ ਗਿਣਤੀ 400 ਤੋਂ ਵੀ ਘੱਟ ਰਹੀ ਹੈ। ਦੋਵੇਂ ਯੂਨੀਵਰਸਿਟੀਆਂ ਤੇ ਸਕੂਲਾਂ, ਕਾਲਜਾਂ ਲਈ ਸੋਧਿਆ ਬਜਟ 215 ਕਰੋੜ ਹੈ। ਇਸ ਬਜਟ ਵਿੱਚ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀਆਂ ਫੀਸਾਂ, ਦੁਕਾਨਾਂ ਤੇ ਟਰਾਂਸਪੋਰਟ ਕਰਾਇਆ ਆਦਿ ਆਮਦਨ ਕੇਵਲ 176 ਕਰੋੜ ਹੀ ਹੈ। ਬਾਕੀ ਬਜਟ ਰਕਮ ਵਿੱਚ ਸੈਕਸ਼ਨ 85 ਦੇ ਗੁਰਦੁਆਰਿਆਂ ਵਿੱਚੋਂ ਸਹਾਇਤਾ ਫੰਡ ਪਾ ਕੇ ਇਨ੍ਹਾਂ ਅਦਾਰਿਆਂ ਨੂੰ ਚਲਾਉਣ ਲਈ ਬਜਟ ਪੂਰਾ ਕਰਨ ਦਾ ਯਤਨ ਹੈ। ਪਿਛਲੇ 5-6 ਮਹੀਨਿਆਂ ਤੋਂ ਸਕੂਲਾਂ ਦੀਆਂ ਤਨਖਾਹਾਂ ਬਕਾਇਆ ਹਨ। ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵਿੱਦਿਅਕ ਅਦਾਰੇ ਦਿਨੋਂ-ਦਿਨ ਕਿਉਂ ਘਾਟੇ ਵਿੱਚ ਜਾ ਰਹੇ ਹਨ? ਕਿਉਂ ਇਨ੍ਹਾਂ ਅਦਾਰਿਆਂ ’ਚ ਵਿਦਿਆਰਥੀ ਦਾਖਲਾ ਗਿਣਤੀ ਘੱਟ ਰਹੀ ਹੈ, ਚਿੰਤਾਂ ਦਾ ਵਿਸ਼ਾ ਹੈ। ਅਜਿਹੇ ਪ੍ਰਬੰਧ ਲਈ ਜ਼ਿੰਮੇਵਾਰ ਕੌਣ ਹੈ ਅਤੇ ਇਸ ਦੇ ਕੀ ਕਾਰਨ ਹਨ? ਪੜਤਾਲਣ ਦੀ ਲੋੜ ਹੈ।
ਮੂਲ ਲਿਖਤ ਇਸ ਤੰਦ ਰਾਹੀਂ ਪੜ੍ਹੀ ਜਾ ਸਕਦੀ ਹੈ
Related Topics: Gobind Singh Longowal, Gyani Harpreet Singh, SGPC, Shiromani Gurdwara Parbandhak Committee (SGPC)