ਖਾਸ ਖਬਰਾਂ » ਸਿੱਖ ਖਬਰਾਂ

ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਗੁਰਬਾਣੀ ਪ੍ਰਸਾਰਣ ਉੱਤੇ ਪੀ.ਟੀ.ਸੀ. ਦੀ ਅਜਾਰੇਦਾਰੀ ਦਾ ਪੱਖ ਪੂਰਿਆ

February 19, 2020 | By

ਚੰਡੀਗੜ੍ਹ: ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਪਰ ਇੱਕ ਨਿੱਜੀ ਚੈਨਲ ਪੀ.ਟੀ.ਸੀ. ਦੀ ਅਜਾਰੇਦਾਰੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀ ਭੂਮਿਕਾ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਤਾਜਾ ਮਾਮਲਾ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਿੱਤੇ ਗਏ ਉਸ ਬਿਆਨ ਨਾਲ ਉੱਠਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਵਿੱਚ ਤਬਦੀਲੀ ਕਰਨੀ ਸੰਭਵ ਹੀ ਨਹੀਂ ਹੈ।

ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸ਼੍ਰੋ.ਗੁ.ਪ੍ਰ.ਕ. ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸੰਗਤੀ ਤਰੀਕੇ ਵਾਲਾ ਬਣਾਉਣ ਲਈ ਬੇਨਤੀ ਕਰਨ ਬਾਰੇ ਪ੍ਰਤੀਕਰਮ ਦਿੰਦਿਆਂ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੋ ਵੀ ਗੁਰਬਾਣੀ ਪ੍ਰਸਾਰਣ ਹੋ ਰਿਹਾ ਹੈ ਉਹ ਨਿਯਮਾਂ ਤਹਿਤ ਹੋ ਰਿਹਾ ਹੈ ਅਤੇ ਇਸ ਵਿੱਚ ਤਬਦੀਲੀ ਸੰਭਵ ਨਹੀਂ ਹੈ।

ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ

ਨਿਯਮਾਂ ਬਾਰੇ ਸੰਗਤ ਨੂੰ ਕੋਈ ਜਾਣਕਾਰੀ ਨਹੀਂ:

ਭਾਵੇਂ ਕਿ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਗੁਰਬਾਣੀ ਪ੍ਰਸਾਰਣ ਨਿਯਮਾਂ ਮੁਤਾਬਕ ਹੋ ਰਿਹਾ ਹੈ ਪਰ ਅਸਲ ਵਿੱਚ ਉਹ ਨਿਯਮ ਕੀ ਹਨ ਅਤੇ ਕਿਹੜੇ ਵੇਲੇ ਬਣਾਏ ਗਏ ਹਨ ਇਸ ਬਾਰੇ ਸਿੱਖ ਸੰਗਤ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹੀ ਜਾਣਕਾਰੀ ਸੰਗਤਾਂ ਦੀ ਜਾਣਕਾਰੀ ਹਿੱਤ ਛਾਪੀ ਜਾਂ ਸਾਂਝੀ ਕੀਤੀ ਗਈ ਹੈ।

ਕੀ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਬੌਧਿਕ ਜਗੀਰ ਦੱਸਣਾ ਵੀ ਸ਼੍ਰੋ.ਗੁ.ਪ੍ਰ.ਕ. ਵੱਲੋਂ ਬਣਾਏ ਨਿਯਮਾਂ ਦਾ ਹਿੱਸਾ ਹੈ?

ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਇਹ ਸਵਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿ ਕੀ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਾਗੀਰ ਦੱਸ ਕੇ ਜੋ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਜਾ ਰਹੀ ਹੈ ਉਸ ਬਾਰੇ ਸ਼੍ਰੋਮਣੀ ਕਮੇਟੀ ਚੁੱਪ ਕਿਉਂ ਹੈ? ਅਤੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਥਿਤ ਨਿਯਮਾਂ ਤਹਿਤ ਗੁਰਬਾਣੀ ਨੂੰ ਬੌਧਿਕ ਜਗੀਰ ਦੱਸਣ ਦੇ ਹੱਕ ਵੀ ਪੀ.ਟੀ.ਸੀ. ਨੂੰ ਦਿੱਤੇ ਹੋਏ ਹਨ?

ਕੀ ਪੀ.ਟੀ.ਸੀ. ਦਾ ਬਚਾਅ ਸ਼੍ਰੋ.ਗੁ.ਪ੍ਰ.ਕ. ਲਈ ਗੁਰਬਾਣੀ ਦੇ ਅਦਬ ਤੋਂ ਵੀ ਉੱਪਰ ਹੋ ਗਿਆ ਹੈ?

ਪਿਛਲੇ ਮਹੀਨੇ ਜਦੋਂ ਇਹ ਗੱਲ ਸਾਹਮਣੇ ਆਈ ਕਿ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਾਗੀਰ ਦੱਸ ਕੇ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਜਾ ਰਹੀ ਹੈ ਤਾਂ ਸ਼੍ਰੋ.ਗੁ.ਪ੍ਰ.ਕ. ਵੱਲੋਂ ਇਸ ਮਾਮਲੇ ਉੱਪਰ ਮੁਕੰਮਲ ਚੁੱਪ ਧਾਰੀ ਗਈ। ਖਬਰਖਾਨੇ ਦੇ ਵੱਖ ਵੱਖ ਹਿੱਸਿਆਂ ਨੇ ਬਕਾਇਦਾ ਇਹ ਗੱਲ ਲਿਖੀ ਕਿ ਸ਼੍ਰੋ.ਗੁ.ਪ੍ਰ.ਕ. ਦੇ ਨੁਮਾਇੰਦੇ ਇਸ ਮਾਮਲੇ ਉੱਪਰ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਬਚ ਰਹੇ ਹਨ।

ਲੰਘੀ 11 ਜਨਵਰੀ ਨੂੰ ਬਕਾਇਦਾ ਚਿੱਠੀ ਲਿਖ ਕੇ ਪੀ.ਟੀ.ਸੀ. ਵੱਲੋਂ ਗੁਰਬਾਣੀ ਉੱਪਰ ਆਪਣੀ ਅਜਾਰੇਦਾਰੀ ਦਰਸਾਉਣ ਦਾ ਮਾਮਲਾ ਅਦਾਰਾ ਸਿੱਖ ਸਿਆਸਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਉੱਤੇ ਵੀ ਇਸ ਮਾਮਲੇ ਵਿੱਚ ਦੋਹਾਂ ਉੱਚ ਅਧਿਕਾਰੀਆਂ ਵੱਲੋਂ ਕੋਈ ਜਵਾਬ ਨਹੀਂ ਭੇਜਿਆ ਗਿਆ।

ਦੂਜੇ ਬੰਨੇ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਵੱਲੋਂ ਗੁਰਬਾਣੀ ਪ੍ਰਸਾਰਣ ਦੇ ਸੰਗਤੀ ਪ੍ਰਬੰਧ ਸੰਬੰਧੀ ਸਾਹਮਣੇ ਆਏ ਮਸਲੇ ਉੱਤੇ ਤੁਰੰਤ ਪੀ.ਟੀ.ਸੀ. ਦਾ ਬਚਾਅ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਮੌਜੂਦਾ ਪ੍ਰਬੰਧ ਨੂੰ ਬਦਲਣਾ ਅਸੰਭਵ ਹੈ।

ਅਜਿਹੇ ਹਾਲਾਤ ਵਿੱਚ ਇਹ ਸੁਆਲ ਬਹੁਤ ਗੰਭੀਰ ਹੋ ਜਾਂਦਾ ਹੈ ਕਿ ਕੀ ਪੀ.ਟੀ.ਸੀ. ਦਾ ਬਚਾਅ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵਾਸਤੇ ਗੁਰਬਾਣੀ ਦੇ ਅਦਬ ਤੋਂ ਵੀ ਉੱਪਰ ਹੋ ਕਿਹਾ ਹੈ?

ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ ਸਿੱਖ ਸੰਗਤ ਵੱਲੋਂ ਬਣਾਈ ਗਈ ਕਮੇਟੀ:

ਪਿਛਲੇ ਤਕਰੀਬਨ ਵੀਹ ਸਾਲਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿੱਚ ਹੋਈਆਂ ਬੇਨਿਯਮੀਆਂ ਅਤੇ ਉਲੰਘਣਾਵਾਂ ਦੀ ਪੜਤਾਲ ਸਿੱਖ ਸੰਗਤ ਵੱਲੋਂ ਬਣਾਏ ਗਏ ਇੱਕ 6 ਜੀਆਂ ਦੇ ਉੱਚ ਪੱਧਰੀ ਜਾਂਚ ਜਥੇ ਵੱਲੋਂ ਕੀਤੀ ਜਾ ਰਹੀ ਹੈ। ਇਹ ਜਾਂਚ ਜਥਾ ਸਿੱਖ ਸੰਗਤ ਵੱਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ 17 ਜਨਵਰੀ ਨੂੰ ਕੀਤੀ ਗਈ ਇਕ ਅਹਿਮ ਇਕੱਤਰਤਾ ਦੌਰਾਨ ਕਾਇਮ ਕੀਤਾ ਗਿਆ ਸੀ ਅਤੇ ਇਸ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਗੁਰਮਤਿ ਕਾਨੂੰਨੀ ਅਤੇ ਵਿੱਤੀ ਪੱਖਾਂ ਤੋਂ ਹੋਈਆਂ ਉਲੰਘਣਾਵਾਂ ਦੀ ਜਾਂਚ ਕਰਕੇ ਇਸ ਸਬੰਧੀ ਤੱਥ ਅਧਾਰਿਤ ਲੇਖਾਂ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾਵੇ। ਆਉਂਦੇ ਕੁਝ ਕੁ ਦਿਨਾਂ ਵਿੱਚ ਇਹ ਜਾਂਚ ਲੇਖਾ ਸਾਹਮਣੇ ਆ ਜਾਣ ਦੀ ਆਸ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,