ਵਿਦੇਸ਼ » ਸਿੱਖ ਖਬਰਾਂ

ਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨ਼ਜ਼ ਯੂ,ਕੇ

January 14, 2020 | By

ਲੰਡਨ:  ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਪਵਿੱਤਰ ਗੁਰਬਾਣੀ ਸਮੁੱਚੀ ਮਾਨਵਤਾ ਦੇ ਕਲਿਆਣ ਵਾਸਤੇ ਹੈ, ਜਿਸ ਨੂੰ ਹਰ ਗੁਰਸਿੱਖ ਆਪਣੇ ਪ੍ਰਾਂਣਾਂ ਤੋਂ ਵੱਧ ਪਿਆਰ ਕਰਦਾ ਹੈ। ਇਸੇ ਤਰਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਰੋਜਾਨਾ ਆਉਣ ਵਾਲਾ ਹੁਕਮਨਾਮਾ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਵਾਸਤੇ ਹੁੰਦਾ ਹੈ। ਇਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਕਿਸੇ ਵੀ ਸੰਸਥਾ, ਅਦਾਰੇ ਜਾਂ ਵਿਆਕਤੀ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ ।

ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਗੁਰਬਾਣੀ ਤੇ ਏਕਾਅਧਿਕਾਰ ਦਾ ਦਾਅਵਾ ਕਰਨ ਵਾਲੀ ਪੀ. ਟੀ. ਸੀ.  ਅਤੇ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਸਖਤ ਨਿਖੇਧੀ ਕੀਤੀ ਗਈ ਹੈ ਜਿਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਤੇ ਆਪਣਾ ਅਧਿਕਾਰ ਜਿਤਾਇਆ ਹੈ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ ਹੈ। ਅਜਿਹਾ ਹੋਣਾ ਪਵਿੱਤਰ ਗੁਰਬਾਣੀ ਘੋਰ ਬੇਅਦਬੀ ਹੈ। ਕਿਸੇ ਅਦਾਰੇ ਵਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਾਇਦਾਦ (ਇਨਟਲੈਕਚੁਅਲ ਪ੍ਰਾਪਰਟੀ) ਦਰਸਾਉਣਾ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ।ਕਿਉਂ ਕਿ ਬੌਧਿਕ ਜਾਇਦਾਦ ਵਿਆਕਤੀਗਤ ਦਿਮਾਗ ਦੀ ਉਪਜ ਹੋਇਆ ਕਰਦੀ ਹੈ ਜਿਸ ਵਿੱਚ ਨਾਟਕ ਦੀ ਕਹਾਣੀ, ਫਿਲਮ ਦੀ ਕਹਾਣੀ, ਕਵਿਤਾ ਜਾਂ ਗੀਤ ਹੋ ਸਕਦੇ ਹਨ ਜਦਕਿ ਪਵਿੱਤਰ ਗੁਰਬਾਣੀ ਅਕਾਲ ਪੁਰਖ ਦੀ ਦਰਗਾਹ ਤੋਂ ਆਈ ਹੋਈ ਜੁੱਗੋ ਜੁੱਗੋ ਅਟੱਲ ਹੈ। ਜਿਸ ਤੋਂ ਸੇਧ ਪ੍ਰਾਪਤ ਕਰਕੇ ਕੋਈ ਵੀ ਇਨਸਾਨ ਆਪਣਾ ਜੀਵਨ ਸਫਲ ਕਰ ਸਕਦਾ ਹੈ। ਗੁਰੂ ਸਾਹਿਬ ਜੀ ਫੁਰਮਾਨ ਹੈ ਕਿ “ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤੁ ਮਿਟਾਈ”, “ਵਾਹੁ ਵਾਹੁ ਬਾਣੀ ਨਿਰੰਕਾਰ ਹੈ”।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸੋਸ਼ਲ ਮੀਡੀਏ ਵੀ ਵਰਤੋਂ ਕਰਨ ਵਾਲੇ ਸਮੂਹ ਭੈਣ ਭਰਾਵਾਂ ਨੂਂ ਸੱਦਾ ਦਿੱਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹੋ ਰਹੇ ਗੁਰਬਾਣੀ ਕੀਰਤਨ ਅਤੇ ਹੁਕਮਨਾਮਾ ਸਾਹਿਬ ਨੂੰ ਵੱਧ ਤੋਂ ਵੱਧ ਪ੍ਰਸਾਰਿਤ ਕਰਕੇ ਏਕਾਅਧਿਕਾਰ ਦੇ ਦਾਅਵੇਦਾਰ ਅਖੌਤੀ ਅਦਾਰਿਆਂ ਦੀ ਧੱਜੀਆਂ ਉਡਾ ਦਿਉ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,