ਸਿੱਖ ਖਬਰਾਂ

ਪੀ.ਟੀ.ਸੀ. ਚੈਨਲ ਵਲੋਂ ਗੁਰਬਾਣੀ ਪ੍ਰਸਾਰਣ ਉੱਤੇ ਅਜਾਰੇਦਾਰੀ ਨਾ-ਸਹਿਣਯੋਗ: ਵਰਲਡ ਸਿੱਖ ਪਾਰਲੀਮੈਂਟ

January 24, 2020 | By

ਲੰਡਨ: ਪੀ.ਟੀ.ਸੀ. ਚੈਨਲ ਵਲੋਂ ਗੁਰਬਾਣੀ ਪ੍ਰਸਾਰਣ ਉੱਤੇ ਆਪਣੀ ਅਜਾਰੇਦਾਰੀ ਦਾ ਦਾਅਵਾ ਕਰਨ ਵੱਲ ਧਿਆਨ ਦਿੰਦਿਆਂ ਵਰਲਡ ਸਿੱਖ ਪਾਰਲੀਮੈਂਟ ਨੇ ਇਕ ਲਿਖਤੀ ਬਿਆਨ ਜਾਰੀ ਕੀਤਾ ਹੈ। ਇਹ ਬਿਆਨ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਛਾਪਿਆ ਜਾ ਰਿਹਾ ਹੈ:-

ਸਿੱਖਾਂ ਦੀਆਂ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਦੇ ਕਰਿੰਦਿਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਕੀਤੀ ਜਾਂਦੀ ਗੁਰਬਾਣੀ ਦਾ ਤਕਰੀਬਨ ਦੋ ਦਹਾਕਿਆਂ ਤੋਂ ਕੀਤਾ ਜਾ ਰਿਹਾ ਵਪਾਰੀਕਰਨ ਬਹੁਤ ਹੀ ਮੰਦਭਾਗਾ ਹੈ ਅਤੇ ਇਹ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ ਆਈ ਹੋਈ ਗਿਰਾਵਟ ਨੂੰ ਦਰਸਾਉਂਦਾ ਹੈ। ਵਰਲਡ ਸਿੱਖ ਪਾਰਲੀਮੈਂਟ ਗੁਰਬਾਣੀ ਪ੍ਰਸਾਰਣ ਨੂੰ ਆਪਣੇ ਨਿੱਜੀ ਅਤੇ ਸਿਆਸੀ ਮੁਫਾਦਾਂ ਨੂੰ ਵਰਤਣ ਵਾਲਿਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ।

ਪਿਛਲੇ ਦਿਨਾਂ ਵਿੱਚ ਉੱਠੇ ਵਿਵਾਦ, ਜਿਸ ਵਿੱਚ ਇੱਕ ਨਿੱਜੀ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਪਰਸਾਰਿਤ ਹੁੰਦੇ ਹੁਕਮਨਾਮਾ ਸਾਹਿਬ ਉੱਤੇ ਆਪਣੀ ਮਾਲਕੀ ਦਰਸਾਉਂਦਿਆਂ ਕਿਸੇ ਵੀ ਹੋਰ ਸੰਸਥਾ ਵੱਲੋਂ ਹੁਕਮਨਾਮਾ ਸਾਹਿਬ ਦੇ ਪ੍ਰਸਾਰਣ ਉੱਤੇ ਪਾਬੰਦੀ ਲਗਾਉਣ ਦਾ ਯਤਨ ਕੀਤਾ ਹੈ, ਨਾ ਸਹਿਣਯੋਗ ਹੈ।

ਗੁਰਬਾਣੀ ਦਾ ਉਪਦੇਸ਼ ‘ਚਹੁੰ ਵਰਨਾ ਕਉ ਸਾਝਾ’ ਅਤੇ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਹੈ। ਗੁਰੂ ਸਾਹਿਬਾਨ ਦੇ ਇਲਾਹੀ ਬਚਨਾਂ ਉੱਤੇ ਕਿਸੀ ਵੀ ਦੁਨਿਆਵੀ ਵਿਅਕਤੀ ਜਾਂ ਸੰਸਥਾ ਦਾ ਹੱਕ ਨਹੀਂ ਹੋ ਸਕਦਾ। ਇਹੋ ਜਿਹਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਗੁਰਬਾਣੀ ਦੇ ਕਾਪੀਰਾਈਟ ਦੇ ਕੇ ਨਿੱਜੀ ਫਾਇਦੇ ਲੈਣ ਵਾਲੇ ਵਿਅਕਤੀ ਗੁਰੂ ਦੀ ਮਾਰ ਦੇ ਭਾਗੀ ਬਨਣਗੇ।

ਗੁਰਬਾਣੀ ਦੇ ਲੰਮੇਂ ਸਮੇਂ ਤੋਂ ਹੋ ਰਹੇ ਵਪਾਰੀਕਰਨ ਅਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਲੰਮੇਂ ਸਮੇਂ ਤੋਂ ਨਿੱਜੀ ਹੱਥਾਂ ਵਿੱਚ ਦੇਣ ਲਈ ਮੁੱਖ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀ ਹੈ ਅਤੇ ਇਸ ਵਪਾਰੀਕਰਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾ ਰੋਕਣਾ ਸਾਬਤ ਕਰਦਾ ਹੈ ਕਿ ਸਿੱਖਾਂ ਦੀਆਂ ਮੁੱਖ ਧਾਰਮਿਕ ਸੰਸਥਾਵਾਂ ਲੋਭੀ ਅਤੇ ਕਪਟੀ ਸਿਆਸਤਦਾਨਾਂ ਦੀਆਂ ਕਠਪੁਤਲੀਆਂ ਬਣ ਗਈਆਂ ਹਨ। ਮੌਜੂਦਾ ਉੱਠੇ ਵਿਵਾਦ ਤੋਂ ਬਾਅਦ ਵੀ ਅਜੇ ਜਵਾਬ ਤਲਬ ਕਰਨ ਦੀਆਂ ਗੱਲਾਂ ਅਤੇ ਜਾਂਚ ਕਰਾਉਣ ਦੇ ਬਿਆਨ ਇਸ ਮਸਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਵੱਲ ਹੀ ਇਸ਼ਾਰਾ ਕਰ ਰਹੇ ਹਨ।

ਗੁਰਬਾਣੀ ਪ੍ਰਸਾਰਣ ਨੂੰ ਆਪਣੇ ਨਿੱਜੀ ਮੁਫਾਦਾਂ ਨੂੰ ਵਰਤਣ ਅਤੇ ਗੁਰਬਾਣੀ ਉੱਤੇ ਆਪਣੀ ਮਾਲਕੀ ਦਰਸਾਉਣ ਦਾ ਤਾਜ਼ਾ ਵਿਵਾਦ ਇੱਕ ਵਾਰ ਫਿਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਦੋਂ ਤੱਕ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉੱਤੇ ਸੱਤਾ ਦੇ ਲੋਭੀ ਕਾਬਜ਼ ਰਹਿਣਗੇ ਉਦੋਂ ਤੱਕ ਇਨ੍ਹਾਂ ਸੰਸਥਾਵਾਂ ਦੀ ਨਿੱਜੀ ਫਾਇਦਿਆਂ ਲਈ ਇਸਤੇਮਾਲ ਕੀਤਾ ਜਾਂਦਾ ਰਹੇਗਾ। ਇਸ ਲਈ ਸਾਡੀਆਂ ਸਿਰਮੌਰ ਧਾਰਮਿਕ ਸੰਸਥਾਵਾਂ ਉੱਤੋਂ ਪੰਥ ਦੋਖੀ ਬਾਦਲਾਂ ਦਾ ਗਲਬਾ ਖਤਮ ਕਰਨਾ ਸੁਹਿਰਦ ਸਿੱਖਾਂ ਦਾ ਪਹਿਲਾ ਨਿਸ਼ਾਨਾ ਹੋਣਾ ਚਾਹੀਦਾ ਹੈ।

ਧਾਰਮਿਕ ਸੰਸਥਾਵਾਂ ਦੀ ਅਜ਼ਾਦੀ ਹੀ ਮੌਜੂਦਾ ਉੱਠੇ ਮਸਲੇ ਦਾ ਹੱਲ ਹੈ ਅਤੇ ਵਰਲਡ ਸਿੱਖ ਪਾਰਲੀਮੈਂਟ ਸਮੂਹ ਸਿੱਖਾਂ ਨੂੰ ਇਨ੍ਹਾਂ ਸੰਸਥਾਵਾਂ ਦੀ ਅਜ਼ਾਦੀ ਲਈ ਠੋਸ ਯਤਨ ਦੀ ਬੇਨਤੀ ਕਰਦਿਆਂ ਗੁਰਬਾਣੀ ਦਾ ਵਪਾਰੀਕਰਨ ਕਰ ਰਹੀਆਂ ਧਿਰਾਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,