ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਮੁੱਖ ਮੰਤਰੀ ਨੂੰ ਪ੍ਰਦੂਸ਼ਿਤ ਪਾਣੀ ਦੇ ਨਮੂਨੇ ਦੇਣ ਆਏ ਆਪ ਆਗੂਆਂ ਨੂੰ ਪੁਲਿਸ ਨੇ ਥਾਣੇ ਡੱਕਿਆ

May 31, 2018 | By

ਚੰਡੀਗੜ੍ਹ: ਪੰਜਾਬ ਸਰਕਾਰ ਦੀ ਨੱਕ ਹੇਠ ਪੰਜਾਬ ਦੇ ਦਰਿਆਈ ਪਾਣੀਆਂ ਵਿਚ ਹੋ ਰਹੇ ਪ੍ਰਦੂਸ਼ਣ ਖਿਲਾਫ ਰੋਸ ਪ੍ਰਗਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਦਰਿਆਈ ਪਾਣੀ ਦੇ ਨਮੂਨੇ ਦੇਣ ਆਏ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਨੇ ਥਾਣੇ ਡੱਕ ਦਿੱਤਾ। ਇਸ ਮਗਰੋਂ ਮੁੱਖ ਮੰਤਰੀ ਦਾ ਓਐਸਡੀ ਸੈਕਟਰ 3 ਥਾਣੇ ਪੁੱਜਾ ਅਤੇ ‘ਆਪ’ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਤੋਂ ਮੰਗ ਪੱਤਰ ਤੇ ਗੰਧਲੇ ਪਾਣੀ ਦੀਆਂ ਬੋਤਲਾਂ ਲਈਆਂ। ਇਸ ਤੋਂ ਬਾਅਦ ਪੁਲੀਸ ਨੇ ਸ਼ਾਮ ਵੇਲੇ ‘ਆਪ’ ਆਗੂਆਂ ਨੂੰ ਰਿਹਾਅ ਕਰ ਦਿੱਤਾ।

ਚੰਡੀਗੜ੍ਹ ਪੁਲੀਸ ਵੱਲੋਂ ਲਾਏ ਨਾਕੇ ਲੰਘਦੇ ਹੋਏ ‘ਆਪ’ ਆਗੂ

ਇਸ ਤੋਂ ਪਹਿਲਾਂ ਸਵੇਰੇ ‘ਆਪ’ ਦੇ ਆਗੂ ਲੁਧਿਆਣਾ ਦੇ ਬੁੱਢਾ ਦਰਿਆ (ਨਾਲਾ) ’ਤੇ ਇਕੱਠੇ ਹੋਏ ਅਤੇ ਉਥੋਂ ਗੰਧਲੇ ਪਾਣੀ ਦੇ ਨੂਮਨੇ ਇਕੱਠੇ ਕੀਤੇ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਪਟਿਆਲਾ ਤੋਂ ਵੀ ਗੰਧਲੇ ਪਾਣੀ ਦੇ ਨਮੂਨੇ ਇਕੱਠੇ ਕੀਤੇ। ‘ਆਪ’ ਆਗੂਆਂ ਨੇ ਸਾਰੇ ਵਿਧਾਇਕਾਂ ਅਤੇ 20 ਸੰਸਦ ਮੈਬਰਾਂ ਤੇ ਰਾਜ ਸਭਾ ਦੇ ਮੈਂਬਰਾਂ ਲਈ ਗੰਧਲੇ ਪਾਣੀ ਦੇ ਨਮੂਨਿਆਂ ਦੀਆਂ 137 ਬੋਤਲਾਂ ਭਰੀਆਂ। ਇਸ ਤੋਂ ਬਾਅਦ ‘ਆਪ’ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸਕੱਤਰ ਜਗਤਾਰ ਸਿੰਘ ਸੰਘੇੜਾ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਆਦਿ ਦੀ ਅਗਵਾਈ ਹੇਠ ‘ਆਪ’ ਆਗੂਆਂ ਦਾ ਕਾਫ਼ਲਾ ਵਾਹਨਾਂ ਰਾਹੀਂ ਚੰਡੀਗੜ੍ਹ ਵੱਲ ਵਧਿਆ ਅਤੇ ਬਾਅਦ ਦੁਪਹਿਰ ਪੰਜਾਬ ਐਮਐਲਏ ਹੋਸਟਲ ਪੁੱਜਾ।

ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅੱਜ ਮੀਟਿੰਗ ਦਾ ਸਮਾਂ ਮੰਗਿਆ ਸੀ, ਪਰ ਸਰਕਾਰ ਵੱਲੋਂ ਸਮਾਂ ਨਾ ਦੇਣ ਕਾਰਨ ਆਗੂਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ, ਪਰ ਪੁਲੀਸ ਨੇ ਪਹਿਲਾਂ ਹੀ ਲਾਏ ਨਾਕਿਆਂ ’ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਇਸ ਕਾਰਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਲੰਮਾਂ ਸਮਾਂ ਖਿੱਚ-ਧੂਹ ਚੱਲਦੀ ਰਹੀ। ਫਿਰ ਪ੍ਰਦਰਸ਼ਨਕਾਰੀਆਂ ਨੇ ਨਾਕੇ ਲੰਘੇ ਤੇ ਡੀਐੱਸਪੀ ਕੇਂਦਰੀ ਕ੍ਰਿਸ਼ਨ ਕੁਮਾਰ, ਐਸਐਚਓ ਪੂਨਮ ਦਿਲਾਵਰੀ ਅਤੇ ਮਨਿੰਦਰ ਸਿੰਘ ਨੇ ਆਗੂਆਂ ਨੂੰ ਘੇਰ ਕੇ ਬੱਸ ਚੜ੍ਹਾ ਲਿਆ ਤੇ ਥਾਣੇ ਲੈ ਗਏ। ਜਦੋਂ ਥਾਣੇ ਵਿੱਚ ਵੀ ਨਾਅਰੇਬਾਜ਼ੀ ਚੱਲਦੀ ਰਹੀ ਤਾਂ ਪੁਲੀਸ ਨੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਅਤੇ ਕੈਪਟਨ ਦੇ ਓਐਸਡੀ ਨੇ ਥਾਣੇ ਪੁੱਜੇ ਅਤੇ ਆਗੂਆਂ ਨਾਲ ਗੱਲਬਾਤ ਕੀਤੀ।ਇਸ ਮੌਕੇ ਡਾ. ਬਲਬੀਰ ਸਿੰਘ ਨੇ ਮੰਗ ਕੀਤੀ ਕਿ ਧਨਾਢ ਲੋਕਾਂ ਦੀਆਂ ਫੈਕਟਰੀਆਂ ਵੱਲੋਂ ਪੰਜਾਬ ਦੇ ਪਾਣੀ ਨੂੰ ਗੰਧਲਾ ਕਰਕੇ ਸੂਬੇ ਵਿੱਚ ਕੈਂਸਰ ਦੇ ਬੀਜ ਬੀਜਣ ਵਾਲਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮੁੱਦੇ ਬਾਰੇ ਸਰਕਾਰ ਤੁਰੰਤ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਫ਼ੈਸਲਾਕੁਨ ਕਦਮ ਚੁੱਕੇ ਅਤੇ ਇਸ ਬਾਰੇ ਵ੍ਹਾਈਟ ਪੇਪਰ ਵੀ ਜਾਰੀ ਕੀਤਾ ਜਾਵੇ।

ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਆਪਣੀ ਪਾਰਟੀ ਵੱਲੋਂ ਕੀਤੇ ਰੋਸ ਮਾਰਚ ਵਿੱਚੋਂ ਗਾਇਬ ਸਨ। ਇਸ ਤੋਂ ਇਲਾਵਾ ਪੰਜਾਬ ਯੂਥ ਵਿੰਗ ਦੇ ਇੰਚਾਰਜ ਤੇ ਵਿਧਾਇਕ ਮੀਤ ਹੇਅਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਰੋਸ ਮਾਰਚ ਵਿੱਚ ਸ਼ਾਮਲ ਨਹੀਂ ਹੋਏ। ਇਸ ਸਬੰਧੀ ਜਦੋਂ ਡਾ. ਬਲਬੀਰ ਸਿੰਘ ਨੂੰ ਪੱਛਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸ੍ਰੀ ਖਹਿਰਾ ਤੇ ਵਿਧਾਇਕ ਹੋਰ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਮਾਰਚ ਵਿੱਚ ਸ਼ਾਮਲ ਨਹੀਂ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,