September 12, 2016 | By ਸਿੱਖ ਸਿਆਸਤ ਬਿਊਰੋ
ਫਾਜ਼ਿਲਕਾ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ‘ਆਪ’ ਦੇ ਆਗੂ ਪੰਜਾਬ ਦੇ ਕਿਸਾਨੀ ਮੁੱਦਿਆਂ ਤੋਂ ਪੂਰੀ ਤਰ੍ਹਾਂ ਨਾਲ ਅਣਜਾਣ ਹਨ ਅਤੇ ਐਸ.ਵਾਈ.ਐਲ. ਨਹਿਰ ਦੇ ਮੁੱਦੇ ‘ਤੇ ਇਸ ਪਾਰਟੀ ਵੱਲੋਂ ਲਏ ਸਟੈਂਡ ਕਾਰਨ ਪੰਜਾਬ ਅਤੇ ਇਸ ਦੇ ਕਿਸਾਨਾਂ ਪ੍ਰਤੀ ਇਸਦੇ ਝੂਠੇ ਹੇਜ ਦਾ ਪਹਿਲਾਂ ਹੀ ਪਰਦਾਫਾਸ਼ ਹੋ ਚੁੱਕਾ ਹੈ।
ਐਤਵਾਰ 11 ਸਤੰਬਰ ਨੂੰ ਇੱਥੇ ਜ਼ਿਲ੍ਹੇ ਦੇ ਪਿੰਡ ਸਜਰਾਣਾ ਵਿਖੇ ਸੇਵਾ ਕੇਂਦਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮਸਲਿਆਂ ਦਾ ਕੋਈ ਗਿਆਨ ਨਹੀਂ ਹੈ। ਉਨ੍ਹਾਂ ਕਿਹਾ, “ਕੇਜਰੀਵਾਲ ਨੂੰ ਤਾਂ ਹਾੜ੍ਹੀ ਸਾਉਣੀ ਦੀਆਂ ਫਸਲਾਂ ਦੇ ਵਖਰੇਵੇਂ ਦਾ ਵੀ ਪਤਾ ਨਹੀਂ ਹੈ ਜਦ ਕਿ ਉਹ ਗੱਲਾਂ ਪੰਜਾਬ ਦੀ ਕਿਸਾਨੀ ਦੀਆਂ ਕਰ ਰਹੇ ਹਨ। ਉਹ ਤਾਂ ਇਹ ਵੀ ਨਹੀਂ ਜਾਣਦਾ ਕਿ ਕਣਕ ਕਦੋਂ ਬੀਜੀ ਜਾਂਦੀ ਹੈ ਅਤੇ ਝੋਨਾ ਕਦੋਂ ਲਗਦਾ ਹੈ, ਉਹ ਪੰਜਾਬ ਦੀ ਕਿਸਾਨੀ ਦਾ ਕੀ ਭਲਾ ਕਰ ਲੈਣਗੇ।”

ਫਾਜ਼ਿਲਕਾ ਵਿਖੇ ਪਾਰਟੀ ਸਮਰਥਕਾਂ ਨੂੰ ਸਬੰਦੋਨ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ
ਉਨ੍ਹਾਂ ਕਿਹਾ, “ਕੇਜਰੀਵਾਲ ਦਿੱਲੀ ਵਿਚ ਰਹਿੰਦਾ ਹੈ ਤੇ ੳਸ ਨੂੰ ਪੰਜਾਬ ਦੇ ਕਿਸਾਨ, ਖੇਤੀ ਸਬੰਧੀ ਉੱਕਾ ਹੀ ਕੋਈ ਗਿਆਨ ਨਹੀਂ ਹੈ।”
ਉਪ ਮੁੱਖ ਮੰਤਰੀ ਨੇ ਜ਼ੋਰ ਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਿਸਾਨੀ ਦੇ ਭਲੇ ਲਈ ਜੋ ਯੋਜਨਾਵਾਂ ਆਰੰਭੀਆਂ ਹਨ ਉਨ੍ਹਾਂ ਦਾ ਕਿਤੇ ਵੀ ਕੋਈ ਤੋੜ ਨਹੀਂ ਹੈ। ਉਨ੍ਹਾਂ ਕਿਹਾ, ‘‘ਪੰਜਾਬ ਦੇ ਕਿਸਾਨ ਭਲੀਭਾਂਤ ਜਾਣਦੇ ਹਨ ਕਿ ਕੋਣ ਉਨ੍ਹਾਂ ਦਾ ਸੱਚਾ ਹਮਦਰਦ ਹੈ ਅਤੇ ਕੋਣ ਕਿਸਾਨਾਂ ਦੇ ਨਾਂਅ ਤੇ ਬਾਹਰੋਂ ਆ ਕੇ ਸਿਆਸਤ ਕਰ ਰਿਹਾ ਹੈ।”
Related Topics: Aam Aadmi Party, Arvind Kejriwal, Badal Dal, Punjab Politics, Sukhbir Badal