ਸਿਆਸੀ ਖਬਰਾਂ

‘ਆਪ’ ਮੈਂਬਰ ਵਲੋਂ ਸੰਜੈ ਸਿੰਘ, ਦੁਰਗੇਸ਼ ਪਾਠਕ ‘ਤੇ ਟਿਕਟ ਲਈ 50 ਲੱਖ ਰੁਪਏ ਮੰਗਣ ਦਾ ਇਲਜ਼ਾਮ

August 18, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਤੇ ਵਿਮੈੱਨ ਵਿੰਗ ਦੀ ਜੁਆਇੰਟ ਸਕੱਤਰ ਲਖਵਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਅਤੇ ਜਥੇਬੰਦਕ ਸੰਗਠਨ ਦੇ ਮੁਖੀ ਦੁਰਗੇਸ਼ ਪਾਠਕ ਨੇ ਉਨ੍ਹਾਂ ਕੋਲੋਂ ਟਿਕਟ ਦੇਣ ਲਈ 50 ਲੱਖ ਰੁਪਏ ਦੀ ਮੰਗ ਕੀਤੀ ਹੈ।

ਉਂਜ ਇਹ ਜੋੜੀ ਇਸ ਗੰਭੀਰ ਦੋਸ਼ ਬਾਰੇ ਕੋਈ ਸਬੂਤ ਮੁਹੱਈਆ ਨਹੀਂ ਕਰ ਸਕੀ। ਦੋਵਾਂ ਵੱਲੋਂ ਬੁੱਧਵਾਰ ਇੱਥੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਪਿਛਲੇ ਦਿਨੀਂ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਬੁਲਾਰੇ ਹਰਦੀਪ ਸਿੰਘ ਕਿੰਗਰਾ ਅਤੇ ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ, ਜਨਰਲ ਸਕੱਤਰ ਹਰਬੰਸ ਸਿਘ ਢੋਲੇਵਾਲ ਅਤੇ ਖ਼ਜ਼ਾਨਚੀ ਪ੍ਰੋ. ਪ੍ਰੀਤਮ ਸਿੰਘ ਗਿੱਲ ਵੀ ਮੌਜੂਦ ਸਨ।

‘ਆਪ’ ਦੇ ਕੌਮੀ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ ਤੇ ਵਿਮੈਨ ਵਿੰਗ ਦੀ ਸਕੱਤਰ ਲਖਵਿੰਦਰ ਕੌਰ ਅਤੇ ਸੰਜੈ ਸਿੰਘ (ਫਾਈਲ ਫੋਟੋ)

‘ਆਪ’ ਦੇ ਕੌਮੀ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ ਤੇ ਵਿਮੈਨ ਵਿੰਗ ਦੀ ਸਕੱਤਰ ਲਖਵਿੰਦਰ ਕੌਰ ਅਤੇ ਸੰਜੈ ਸਿੰਘ (ਫਾਈਲ ਫੋਟੋ)

ਪਾਰਟੀ ਦੀ ਕੌਮੀ ਕੌਂਸਲ ਵਿੱਚ ਪੰਜਾਬ ਤੋਂ ਕੁੱਲ ਪੰਜ ਮੈਂਬਰਾਂ ਵਿੱਚੋਂ ਇੱਕ ਪਵਿੱਤਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ 15 ਅਗਸਤ ਦੀ ਸ਼ਾਮ ਨੂੰ ਇੱਥੇ ਪਾਰਟੀ ਦੇ ਕਾਨੂੰਨੀ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਦੇ ਘਰ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਮਿਲਣ ਆਏ ਸਨ। ਉਨ੍ਹਾਂ ਨੇ ਜਦੋਂ ਲਖਵਿੰਦਰ ਕੌਰ ਨੂੰ ਫਿਲੌਰ ਹਲਕੇ ਤੋਂ ਟਿਕਟ ਦੇਣ ਦੀ ਮੰਗ ਕੀਤੀ ਤਾਂ ਦੋਵੇਂ ਆਗੂਆਂ ਨੇ ਕਿਹਾ ਕਿ ਜੋ ਉਮੀਦਵਾਰ ਪਾਰਟੀ ਨੂੰ 2.50 ਕਰੋੜ ਰੁਪਏ ਦੇਵੇਗਾ, ਉਸੇ ਨੂੰ ਹੀ ਟਿਕਟ ਮਿਲੇਗੀ। ਪਵਿੱਤਰ ਸਿੰਘ ਅਨੁਸਾਰ ਫਿਰ ਸੰਜੇ ਸਿੰਘ ਨੇ ਕਿਹਾ ਕਿ ਕਿਉਂਕਿ ਉਹ ਕੌਮੀ ਕੌਂਸਲ ਦੇ ਮੈਂਬਰ ਹਨ ਤੇ ਪਾਰਟੀ ਲਈ ਕਾਫੀ ਕੰਮ ਕੀਤਾ ਹੈ, ਇਸ ਲਈ ਲਖਵਿੰਦਰ ਕੌਰ ਨੂੰ 50 ਲੱਖ ਰੁਪਏ ਨਕਦ ਜਮ੍ਹਾਂ ਕਰਵਾਉਣ ’ਤੇ ਹੀ ਟਿਕਟ ਦੇ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਸਾਰੀ ਗੱਲ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈ-ਮੇਲ ਅਤੇ ਐਸਐਮਐਸ ਰਾਹੀਂ ਦੱਸ ਦਿੱਤੀ ਸੀ ਪਰ ਅੱਜ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ।

ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਕੌਮੀ ਕੌਂਸਲ ਦੇ ਕੁਝ ਨਜ਼ਦੀਕੀ ਮੈਂਬਰਾਂ ਤੋਂ ਪਤਾ ਲੱਗਿਆ ਹੈ ਕਿ ਹਾਈਕਮਾਂਡ ਨੇ ਪੰਜਾਬ ਦੇ ਛੇ ਪ੍ਰਮੱਖ ਆਗੂਆਂ ਕੰਵਰ ਸੰਧੂ, ਸੁਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਛੋਟੇਪੁਰ, ਜਗਤਾਰ ਸਿੰਘ ਸੰਘੇੜਾ ਅਤੇ ਬੂਟਾ ਸਿੰਘ ਅਸ਼ਾਂਤ ਨੂੰ ਬਲੈਕਲਿਸਟ ਕਰਕੇ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਨ ਅਤੇ ਟਿਕਟਾਂ ਲਈ ਲਟਕਾਉਣ ਦੀ ਰਣਨੀਤੀ ਬਣਾਈ ਹੈ। ਪਵਿੱਤਰ ਸਿੰਘ ਅਨੁਸਾਰ ਇਨ੍ਹਾਂ ਛੇ ਆਗੂਆਂ ਨੂੰ ਇਸ ਲਈ ਬਲੈਕਲਿਸਟ ਕੀਤਾ ਹੈ ਕਿਉਂਕਿ ਹਾਈਕਮਾਂਡ ਮਹਿਸੂਸ ਕਰਦੀ ਹੈ ਕਿ ਇਹ ਆਗੂ ਕਿਸੇ ਵੇਲੇ ਉਨ੍ਹਾਂ ਲਈ ਚੁਣੌਤੀ ਬਣ ਸਕਦੇ ਹਨ। ਪਵਿੱਤਰ ਸਿੰਘ ਨੇ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ ਅਤੇ ਪਾਰਟੀ ਵਿੱਚ ਰਹਿ ਕੇ ਹੀ ਆਗੂਆਂ ਦੀਆਂ ਭ੍ਰਿਸ਼ਟ ਕਾਰਵਾਈਆਂ ਵਿਰੁੱਧ ਆਵਾਜ਼ ਉਠਾਉਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,