ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਵਲੋਂ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਸਹੀਦੀ ਸਮਾਗਮਾਂ ‘ਚ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ

December 19, 2017 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਅਤੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਅਤੇ ਮਾਤਾ ਗੁੱਜਰੀ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਹੀਦੀ ਜੋੜ ਮੇਲਿਆਂ ਮੌਕੇ ਕ੍ਰਮਵਾਰ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਵਿਖੇ ਪਾਰਟੀ ਦੀ ਸਟੇਜ ਲਾ ਕੇ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਹੈ।

‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਮੀਤ ਪ੍ਰਧਾਨ ਅਮਨ ਅਰੋੜਾ ਅਤੇ ਉਪ ਆਗੂ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਭਵਿੱਖ ਵਿੱਚ ਇਨ੍ਹਾਂ ਦੋਨਾਂ ਸਹੀਦੀ ਸਮਾਗਮਾਂ ਮੌਕੇ ਪਾਰਟੀ ਦਾ ਮੰਚ ਲਗਾ ਕੇ ਕਾਨਫ਼ਰੰਸਾਂ ਨਹੀਂ ਕਰੇਗੀ।

jor mela fatehgarh sahib

ਫਤਿਹਗੜ੍ਹ ਸਾਹਿਬ ਸ਼ਹੀਦ ਜੋੜ ਮੇਲਾ (ਫਾਈਲ ਫੋਟੋ)

‘ਆਪ’ ਆਗੂਆਂ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਸਮੁੱਚੀ ਮਾਨਵਤਾ ਅਤੇ ਸਿੱਖ ਪੰਥ ਲਈ ਸਾਰਾ ਪਰਿਵਾਰ ਵਾਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਇਨ੍ਹਾਂ ਮਾਸੂਮ ਪਰ ਸੂਰਬੀਰ ਸਾਹਿਬਜ਼ਾਦਿਆਂ ਨੇ ਜ਼ਾਲਮ ਹਾਕਮਾਂ ਦੀ ਈਨ ਨਾ ਮੰਨਦੇ ਹੋਏ ਜਿਸ ਆਨ-ਸ਼ਾਨ ਅਤੇ ਮਾਣਮੱਤੇ ਜਜ਼ਬੇ ਨਾਲ ਸ਼ਹਾਦਤਾਂ ਦਿੱਤੀਆਂ ਉਸਦੀ ਪੂਰੀ ਦੁਨੀਆਂ ‘ਚ ਮਿਸਾਲ ਨਹੀਂ ਮਿਲਦੀ। ਇਸ ਲਈ ਪੂਰੀ ਦੁਨੀਆ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਸਰਵੋਤਮ ਸ਼ਹੀਦੀਆਂ ਪਾਉਣ ਵਾਲੀਆਂ ਇਹਨਾਂ ‘ਨਿੱਕੀਆਂ ਜਿੰਦਾ’ ਦੇ ਨਾਲ-ਨਾਲ ਮਾਤਾ ਗੁੱਜਰੀ ਜੀ ਦੀ ਪ੍ਰੇਰਨਾ ਸਿਦਕ ਅਤੇ ਸ਼ਹੀਦੀ ਨੂੰ ਨਤਮਸਤਕ ਹੁੰਦੀ ਹੈ।

‘ਆਪ’ ਆਗੂਆਂ ਨੇ ਕਿਹਾ ਕਿ ਇਸ ਵਿਚ ਕੋਈ ਸੱਕ ਨਹੀਂ ਕਿ ਇਹਨਾਂ ਸਹੀਦੀ ਸਮਾਗਮਾਂ ਮੌਕੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਸਿਆਸੀ ਕਾਨਫ਼ਰੰਸਾਂ ਕਰਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਦੀ ਰਵਾਇਤ ਜ਼ਰੂਰ ਇਕ ਸੱਚੇ-ਸੁੱਚੇ ਅਤੇ ਨਿੱਗਰ ਉਦੇਸ਼ ਨਾਲ ਸ਼ੁਰੂ ਹੋਈ ਹੋਵੇਗੀ, ਪਰ ਪਿਛਲੇ ਕੁਝ ਦਹਾਕਿਆਂ ਤੋਂ ਇਹਨਾਂ ਸਿਆਸੀ ਕਾਨਫ਼ਰੰਸਾਂ ‘ਚ ਉਹ ਮੂਲ ਉਦੇਸ਼ ਅਤੇ ਸੰਦੇਸ਼ ਗੁੰਮ ਹੋ ਗਿਆ ਅਤੇ ਸਿਆਸੀ ਧਿਰਾਂ ‘ਚ ਇਕ ਦੂਸਰੇ ਉੱਪਰ ਸਿਆਸੀ ਚਿੱਕੜ-ਉਛਾਲੀ ਦਾ ਪ੍ਰਚਲਣ ਭਾਰੂ ਹੋ ਗਿਆ। ਇਸ ਲਈ ਪਾਰਟੀ ਨੇ ਇਹਨਾਂ ਦੋ ਸ਼ਹੀਦੀ ਸਮਾਗਮਾਂ ਮੌਕੇ ਪਾਰਟੀ ਵੱਲੋਂ ਸਟੇਜ ਲਗਾ ਕੇ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਸੰਬੰਧੀ ਚਮਕੌਰ ਸਾਹਿਬ ਵਿਖੇ ਕਾਨਫ਼ਰੰਸ ਦਾ ਪ੍ਰਬੰਧ ਕਰ ਰਹੇ ਹਲਕਾ ਪ੍ਰਧਾਨ ਡਾ. ਚਰਨਜੀਤ ਸਿੰਘ ਚੰਨੀ ਅਤੇ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਪ੍ਰਧਾਨ ਲਖਵੀਰ ਸਿੰਘ ਰਾਏ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: