ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

‘ਆਪ’ ਵਲੋਂ ਅਗਲੇ 2 ਦਿਨਾਂ ‘ਚ ਉਦਯੋਗ, ਵਪਾਰ, ਟਰਾਂਸਪੋਰਟ, ਪ੍ਰਾਪਰਟੀ ਦੇ ਚੋਣ ਮਨੋਰਥ ਪੱਤਰ ਜਾਰੀ ਹੋਣਗੇ

October 22, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਤੋਂ 25 ਅਕਤੂਬਰ ਤੱਕ ਪੰਜਾਬ ਵਿੱਚ ਚੋਣ ਦੌਰਾ ਕਰਨਗੇ। ਇਸ ਦੌਰਾਨ ਉਹ ਆਪਣੀ ਪਾਰਟੀ ਦੇ ਉਦਯੋਗ, ਵਪਾਰ, ਟਰਾਂਸਪੋਰਟ ਤੇ ਰੀਅਲ ਅਸਟੇਟ ਨਾਲ ਸਬੰਧਿਤ ਚੋਣ ਮਨੋਰਥ ਪੱਤਰ ਜਾਰੀ ਕਰਨਗੇ।

ਕੇਜਰੀਵਾਲ ਨੇ ਛੇ ਸ਼ਹਿਰਾਂ ਵਿੱਚ ਉਦਯੋਗਪਤੀਆਂ ਅਤੇ ਵਪਾਰੀਆਂ ਦੇ ਰੂ-ਬ-ਰੂ ਹੋ ਕੇ ਇਹ ਚੋਣ ਮਨੋਰਥ ਪੱਤਰ ਜਾਰੀ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਸੂਤਰਾਂ ਅਨੁਸਾਰ ‘ਆਪ’ ਨੇ ਹੁਣ ਵੱਡੀਆਂ ਰੈਲੀਆਂ ਵਿੱਚ ਤਾਕਤ ਲਾਉਣ ਦੀ ਥਾਂ ਕੇਜਰੀਵਾਲ ਨੂੰ ਵਿਸ਼ੇਸ਼ ਵਰਗਾਂ ਦੇ ਸਿੱਧਾ ਰੂ-ਬ-ਰੂ ਕਰਵਾਉਣ ਦੀ ਰਣਨੀਤੀ ਬਣਾਈ ਹੈ ਅਤੇ ਪਾਰਟੀ ਵੱਲੋਂ ਚੋਣਾਂ ਬਾਰੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਦਸੰਬਰ ਵਿੱਚ ਇਕ ਵੱਡੀ ਰੈਲੀ ਕਰਨ ਦਾ ਫ਼ੈਸਲਾ ਕੀਤਾ ਹੈ।

ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ (ਫਾਈਲ ਫੋਟੋ)

ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ (ਫਾਈਲ ਫੋਟੋ)

ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਅਤੇ ਉਦਯੋਗ, ਵਪਾਰ ਤੇ ਟਰਾਂਸਪੋਰਟ ਸੈੱਲ ਦੇ ਚੇਅਰਮੈਨ ਅਮਨ ਅਰੋੜਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੇਜਰੀਵਾਲ 23 ਅਕਤੂਬਰ ਨੂੰ ਸਵੇਰੇ ਲੁਧਿਆਣਾ ਵਿੱਚ ਇੱਕ ਸਮਾਗਮ ਦੌਰਾਨ ਉਦਯੋਗ, ਵਪਾਰ ਟਰਾਂਸਪੋਰਟ ਤੇ ਰੀਅਲ ਅਸਟੇਟ ਸਬੰਧੀ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਉਹ ਇਸੇ ਦਿਨ ਸ਼ਾਮ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਉਦਯੋਗਪਤੀਆਂ ਦੇ ਰੂ-ਬ-ਰੂ ਹੋਣਗੇ। ਕੇਜਰੀਵਾਲ 24 ਅਕਤੂਬਰ ਨੂੰ ਸਵੇਰੇ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਬਠਿੰਡਾ ਵਿੱਚ ਇਨ੍ਹਾਂ ਵਰਗਾਂ ਦੇ ਰੂ-ਬ-ਰੂ ਹੋ ਕੇ ਚੋਣ ਮਨੋਰਥ ਪੱਤਰ ’ਤੇ ਚਰਚਾ ਕਰਨਗੇ। ਉਹ ਇਸੇ ਦਿਨ ਸ਼ਾਮ ਨੂੰ ਜਲੰਧਰ ’ਚ ਸੰਬੋਧਨ ਕਰਨਗੇ। ਕੇਜਰੀਵਾਲ ਅਗਲੇ ਦਿਨ 25 ਅਕਤੂਬਰ ਨੂੰ ਸਵੇਰੇ ਬਟਾਲਾ ਵਿੱਚ ਉਦਯੋਗਪਤੀਆਂ ਦੇ ਸਮਾਗਮ ’ਚ ਸ਼ਾਮਲ ਹੋਣਗੇ। ਉਹ ਇਸੇ ਦਿਨ ਸ਼ਾਮ ਨੂੰ ਮੁਹਾਲੀ ਵਿੱਚ ਇਨ੍ਹਾਂ ਵਰਗਾਂ ਦੇ ਹੀ ਇੱਕ ਸਮਾਗਮ ਨੂੰ ਸੰਬੋਧਨ ਕਰਨਗੇ।

ਕੰਵਰ ਸੰਧੂ ਨੇ ਦੱਸਿਆ ਕਿ ਪਾਰਟੀ ਦੀ ਡਾਇਲਾਗ ਟੀਮ ਵੱਲੋਂ ਪੰਜਾਬ ਵਿੱਚ 7 ਥਾਵਾਂ ’ਤੇ ਉਦਯੋਗਪਤੀਆਂ ਦੇ ਰੂ-ਬ-ਰੂ ਹੋ ਕੇ ਚੋਣ ਮਨੋਰਥ ਪੱਤਰ ਤਿਆਰ ਕੀਤਾ ਗਿਆ ਹੈ।

ਇਸ ਦੌਰਾਨ ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਇੱਥੋਂ ਪਠਾਨਕੋਟ ਜਾਂਦਿਆਂ ਛੇ ਟੌਲ ਪਲਾਜ਼ੇ ਪੈਂਦੇ ਹਨ ਜਦਕਿ ਬਠਿੰਡਾ ਜਾਂਦਿਆਂ ਇਕ ਵੀ ਟੋਲ ਪਲਾਜ਼ਾ ਨਹੀਂ ਹੈ। ਸਰਕਾਰ ਨੇ ਹੁਣ ਹਾਈਵੇਅ ਦੀ ਥਾਂ ਅੰਦਰਲੀਆਂ ਸੜਕਾਂ ’ਤੇ ਵੀ ਟੌਲ ਪਲਾਜ਼ੇ ਥੋਪ ਦਿੱਤੇ ਹਨ, ਜੋ ਸਰਾਸਰ ਗਲਤ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਜਾਰੀ ਹੈ ਅਤੇ ਦੋ-ਤਿੰਨ ਹਫਤਿਆਂ ਵਿੱਚ ਬਾਕੀ ਬਚਦੇ 56 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸੰਧੂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਖ਼ੁਦ ਨਵਜੋਤ ਸਿੱਧੂ ਨਾਲ ਦੋ-ਤਿੰਨ ਵਾਰ ਅਤੇ ਵਿਧਾਇਕ ਪਰਗਟ ਸਿੰਘ ਨਾਲ 12-13 ਵਾਰ ਗੱਲਬਾਤ ਕੀਤੀ ਸੀ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ। ਹੁਣ ਵੀ ਸ਼ਾਇਦ ਇਹ ਆਗੂ ਹਾਈ ਕਮਾਂਡ ਦੇ ਸੰਪਰਕ ਵਿੱਚ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,