ਲੜੀਵਾਰ ਕਿਤਾਬਾਂ

ਨਵੀਂ ਕਿਤਾਬ “ਅਦਬਨਾਮਾ” ਬਾਰੇ…

November 29, 2023 | By

ਇਹ ਗੱਲ ਕੁਝ ਸਾਲ ਪਹਿਲਾਂ ਦੀ ਹੈ। ਯਮੁਨਾਨਗਰ ਦੀ ਸੰਗਤ ਨੇ ਭਾਈ ਸੇਵਕ ਸਿੰਘ ਦਾ ਵਖਿਆਨ ਕਰਵਾਇਆ। ਵਿਸ਼ਾ ਸੀ “ਬੇਅਦਬੀ ਦਾ ਮਸਲਾ ਅਤੇ ਸਿੱਖ ਪ੍ਰਤੀਕਰਮ”। ਭਾਈ ਸੇਵਕ ਸਿੰਘ ਹੋਰਾਂ ਕਿਹਾ ਕਿ ਸਿੱਖ ਲਈ ਗੁਰੂ ਸਾਹਿਬ ਦਾ ਅਦਬ ਪ੍ਰਮੁੱਖ ਤੇ ਬੁਨਿਆਦੀ ਗੱਲ ਹੈ। ਇਸ ਲਈ ਪਹਿਲਾਂ ਤਾਂ ਸਾਨੂੰ ਸਾਡਾ ਨਜ਼ਰੀਆ ਸਹੀ ਰੱਖਣ ਦੀ ਲੋੜ ਹੈ ਕਿ ਅਸੀਂ ਅਦਬ ਦੇ ਨੁਕਤੇ ਨੂੰ ਕੇਂਦਰ ਵਿਚ ਰੱਖ ਕੇ ਗੱਲ ਕਰੀਏ। ਉਹਨਾ ਕਿਹਾ ਕਿ ਸਾਡਾ ਵਿਸ਼ਾ ਹੋਣਾ ਚਾਹੀਦਾ ਹੈ “ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ”। ਇਹ ਗੱਲ ਮਨ ਨੂੰ ਬਹੁਤ ਜਚੀ ਤੇ ਚੱਲ ਰਹੀਆਂ ਘਟਨਾਵਾਂ ਨੂੰ ਵੇਖਣ ਦੀ ਇਕ ਵੱਖਰੀ ਤੇ ਸਹੀ ਦ੍ਰਿਸ਼ਟੀ ਮਿਲੀ।

ਪਿਛਲੇ ਸਮੇਂ ਵਿਚ ਇਹ ਗੱਲ ਬਹੁਤ ਮਹਿਸੂਸ ਕੀਤੀ ਕਿ ਅਸੀਂ ਵਧੇਰੇ ਚਰਚਾ ਬੇਅਦਬੀ ਦੀਆਂ ਘਟਨਾਵਾਂ ਦੀ ਕਰਦੇ ਹਾਂ। ਅਦਬ ਬਾਰੇ ਗੱਲ ਬਹੁਤ ਘੱਟ ਹੁੰਦੀ ਹੈ। ਚਾਹੀਦਾ ਤਾਂ ਇਹ ਸੀ ਕਿ ਬੇਅਦਬੀ ਬਾਰੇ ਚਰਚਾ ਵੀ ਗੁਰੂ ਸਾਹਿਬ ਦੇ “ਅਦਬ” ਨੂੰ ਕੇਂਦਰ ਵਿਚ ਰੱਖ ਕੇ ਹੋਵੇ ਕਿ ਅਦਬ ਵਿਚ ਖਲਲ ਕਿਉਂ ਪਿਆ ਅਤੇ ਅਗਾਂਹ ਲਈ ਅਦਬ ਬੁਲੰਦ ਰੱਖਣਾ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ।

ਜਦੋਂ ਸਿੱਖ ਜਥਾ ਮਾਲਵਾ ਨੇ ਬੀਤੇ ਸਮੇਂ ਵਿਚ ‘ਅਦਬਨਾਮਾ’ ਸਿਰਲੇਖ ਹੇਠ ਇਕ ਚਵਰਕੀ ਜਾਰੀ ਕੀਤੀ ਸੀ ਤਾਂ ਮਨ ਨੂੰ ਤਸੱਲੀ ਹੋਈ ਕਿ ਸਾਡਾ ਕੋਈ ਹਿੱਸਾ ਤਾਂ ਅਦਬ ਦੇ ਨੁਕਤੇ ਤੋਂ ਗੱਲ ਕਰ ਰਿਹਾ ਹੈ। ਜਥੇ ਵੱਲੋਂ ਚਵਰਕੀ ਇਕ ਖਰੜੇ ਦੇ ਰੂਪ ਵਿਚ ਸੰਗਤ ਦੇ ਸੁਝਾਵਾਂ ਲਈ ਜਾਰੀ ਕੀਤੀ ਗਈ ਸੀ। ਇਸ ਖਰੜੇ ਵਿਚ ਗੁਰੂ ਸਾਹਿਬ ਦੇ ਅਦਬ ਦੀ ਪੰਥਕ ਰਿਵਾਇਤ ਬਾਰੇ ਬੁਨਿਆਦੀ ਨੁਕਤੇ ਸਾਂਝੇ ਕੀਤੇ ਸਨ।

ਹੁਣ ਜਥੇ ਵੱਲੋਂ ਖਰੜੇ ਦੇ ਮਸੌਦੇ ਵਿਚ ਸੁਧਾਰ ਤੇ ਵਾਧਾ ਕਰਕੇ ਇਸ ਨੂੰ ਇਕ ਕਿਤਾਬਚੇ/ਛੋਟੀ ਕਿਤਾਬ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ। ਇਹ ਕਿਤਾਬ ਨੀਸਾਣਿ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ।

ਇਹ ਕਿਤਾਬ ਬਿਤੇ ਕੱਲ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਜਥਾ ਮਾਲਵਾ ਦੇ ਸੇਵਾਦਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਭੇਟ ਕੀਤੀ ਗਈ। ਉਪਰੰਤ ਇਹ ਕਿਤਾਬ ਗ੍ਰੰਥੀ ਸਿੰਘਾਂ, ਪਰਚਾਰਕਾਂ ਤੇ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਵੱਲੋਂ ਸਾਂਝੇ ਰੂਪ ਵਿਚ ਪਾਠਕਾਂ ਲਈ ਜਾਰੀ ਕੀਤੀ ਗਈ।

ਇਹ ਕਿਤਾਬ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ (ਜਿਹਨਾਂ ਨੂੰ ਅਸੀਂ ਅੱਜਕੱਲ੍ਹ ਪ੍ਰਬੰਧਕ ਕਹਿੰਦੇ ਹਾਂ), ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ, ਗੁਰਮਤਿ ਸਮਾਗਮ ਤੇ ਨਗਰ ਕੀਰਤਨ ਕਰਨ ਵਾਲਿਆਂ ਅਤੇ ਸ਼ਰਧਾਲੂ ਸਿੱਖ ਸੰਗਤਾਂ ਲਈ ਲਾਹੇਵੰਦੀ ਤੇ ਪੜ੍ਹਨਯੋਗ ਕਿਤਾਬ ਹੈ।

  • ਇਹ “ਅਦਬਨਾਮਾ” ਕਿਤਾਬ ਤੁਸੀਂ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ। ਕਿਤਾਬ ਮੰਗਵਾਉਣ ਲਈ ਇਹ ਤੰਦ ਛੂਹ ਕੇ “ਅਦਬਨਾਮਾ” ਅਤੇ ਆਪਣੇ ਸ਼ਹਿਰ/ਪਿੰਡ/ਦੇਸ ਦਾ ਨਾਮ ਲਿਖ ਕੇ ਭੇਜ ਦਿਓ ਜੀ —  https://t.ly/3amoy

 


⊕ ਇਹ ਖਬਰ ਵੀ ਪੜ੍ਹੋ – ਕਿਤਾਬਚਾ ‘ਅਦਬਨਾਮਾ’ ਕੀਤਾ ਗਿਆ ਜਾਰੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,