ਖਾਸ ਖਬਰਾਂ

ਅਕਾਲੀ ਦਲ ਪੰਚ ਪਰਧਾਨੀ ਦਾ ਸਿਆਸੀ ਨਿਸ਼ਾਨਾ ਅਜ਼ਾਦ ਖੁਦਮੁਖਤਿਆਰ ਸਿੱਖ ਰਾਜ ਕਾਇਮ ਕਰਨਾ

August 12, 2011 | By

Panch Pardhani Logoਲੁਧਿਆਣਾ (12 ਅਗਸਤ, 2011): ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੰਵਿਧਾਨ ਮੁਤਾਬਕ ਜੋ ਕਿ ਗੁਰਦੁਆਰਾ ਚੋਣ ਕਮਿਸ਼ਨ ਪਾਸ ਵੀ ਰਜਿਸਟਰਡ ਹੈ, ਅਕਾਲੀ ਦਲ ਪੰਚ ਪਰਧਾਨੀ ਦਾ ਸਿਆਸੀ ਨਿਸ਼ਾਨਾ ਅਜ਼ਾਦ ਖੁਦਮੁਖਤਿਆਰ ਸਿੱਖ ਰਾਜ ਕਾਇਮ ਕਰਨਾ ਹੈ ਅਤੇ ਇਸਦੀ ਪਰਾਪਤੀ ਲਈ ਆਗੂਆਂ ਵਲੋਂ 1984 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ। ਇਸਦੇ ਚੇਅਰਮੈਨ ਭਾਈ ਦਲਜੀਤ ਸਿੰਘ ਜੀ ਨੂੰ 1996 ਤੋਂ 2005 ਤੱਕ ਅਤੇ ਬਾਅਦ ਵਿਚ ਕਈ ਵਾਰ ਅਤੇ ਹੁਣ ਕਰੀਬ ਪਿਛਲੇ 2 ਸਾਲਾਂ ਤੋਂ ਸਰਕਾਰਾਂ ਵਲੋਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਰੱਖਿਆ ਗਿਆ ਹੈ। ਇਸਦੇ ਆਗੂ ਭਾਈ ਕੁਲਵੀਰ ਸਿੰਘ ਬੜਾਪਿੰਡ, ਭਾਈ ਹਰਪਾਲ ਸਿੰਘ ਚੀਮਾ ਅਤੇ ਕੇਂਦਰੀ ਤੇ ਜਿਲ੍ਹਾ ਪੱਧਰ ਦੇ ਅਨੇਕਾਂ ਆਗੂਆਂ ਦੇ ਨਾਮ ਲਏ ਜਾ ਸਕਦੇ ਹਨ ਜਿਹਨਾਂ ਨੂੰ ਆਪ ਜਿੰਦਗੀ ਦੇ ਅਹਿਮ ਸਾਲ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਗੁਜ਼ਾਰਣੇ ਪਏ ਹਨ ਜਾਂ ਉਹਨਾਂ ਦੇ ਸਬੰਧੀਆਂ ਨੇ ਸ਼ਹਾਦਤ ਦੇ ਜਾਮ ਪੀਤੇ ਹਨ ਅਤੇ ਉਹ ਸਭ ਅੱਜ ਵੀ ਆਪਣੇ ਸੀਮਤ ਸਾਧਨਾਂ ਰਾਹੀਂ ਸੰਘਰਸ਼ ਕਰ ਰਹੇ ਹਨ।
ਸਾਡੇ ਕੁਝ ਗੁਰਭਾਈਆਂ ਨੂੰ ਇਹ ਭੁਲੇਖਾ ਪੈ ਗਿਆ ਹੈ ਕਿ ਅਕਾਲੀ ਦਲ ਪੰਚ ਪਰਧਾਨੀ ਸਿੱਖ ਰਾਜ ਤੋਂ ਸ਼ਾਇਦ ਪਿੱਛੇ ਹਟ ਗਿਆ ਹੈ? ਮੈਂ ਸਮਝਦਾ ਹਾਂ ਕਿ ਅਜਿਹੀਆਂ ਗੱਲਾਂ ਦਾ ਉੱਤਰ ਦੇਣਾ ਭਾਵੇਂ ਸਾਡੇ ਨਿਸ਼ਾਨਿਆਂ ਦੀ ਪੂਰਤੀ ਨਹੀਂ ਕਰਦਾ ਪਰ ਕਈ ਵਾਰ ਅਜਿਹੇ ਪਰਚਾਰ ਦਾ ਜਵਾਬ ਦੇਣਾ ਮਜਬੂਰੀ ਬਣ ਜਾਂਦਾ ਹੈ।ਮੈਂ ਨਾਲ ਹੀ ਇਹਨਾਂ ਗੁਰ-ਭਾਈਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਆਪਾਂ ਰਲ ਕੇ ਆਪਣੇ ਸਾਂਝੇ ਨਿਸ਼ਾਨਿਆਂ ਦੀ ਪੂਰਤੀ ਲਈ ਉੱਦਮ ਕਰੀਏ।
ਸ਼੍ਰੋਮਣੀ ਕਮੇਟੀ ਚੋਣਾਂ ਭਾਰਤੀ ਸੰਸਦ ਵਲੋਂ ਬਣਾਏ ਹਜ਼ਾਰਾਂ ਕਾਨੂੰਨਾਂ ਵਿਚਲੇ ਇਕ ਕਾਨੂੰਨ ਤਹਿਤ ਬਣੀ ਇਕ ਸੰਸਥਾ ਦੀਆਂ ਚੋਣਾਂ ਹਨ ਪਰ ਸਿੱਖਾਂ ਲਈ ਇਸਦਾ ਮਹੱਤਵ ਬਹੁਤ ਜਿਆਦਾ ਹੈ। ਇਸ ਸਮੇਂ ਇਸਦਾ ਪਰਬੰਧ ਭ੍ਰਿਸ਼ਟ ਤੇ ਅਨੈਤਿਕ ਹੱਥਾਂ ਵਿਚ ਹੈ ਜਿਸਨੂੰ ਮੁਕਤ ਕਰਾਉਂਣਾ ਹਰ ਸਿੱਖ ਦਾ ਫਰਜ਼ ਹੈ। ਭਾਵੇਂ ਕਿ ਵੋਟਾਂ ਦਾ ਸਿਸਟਮ ਗੁਰਮਤਿ ਅਨੁਸਾਰ ਨਹੀਂ ਪਰ ਸਿੱਖਾਂ ਗਲ ਭਾਰਤੀ ਕਾਨੂੰਨ ਦੀ ਅਜਿਹੀ ਫਾਹੀ ਪਈ ਹੋਈ ਹੈ ਕਿ ਇਸ ਅਧੀਨ ਰਹਿੰਦਿਆਂ ਵੋਟਾਂ ਰਾਹੀਂ ਹੀ ਇਸਦਾ ਪਰਬੰਧ ਬਦਲਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਦਾ ਸਬੰਧ ਸਿੱਖਾਂ ਦੇ ਅੰਦਰੂਨੀ ਮਸਲਿਆਂ ਨਾਲ ਹੈ ਅਤੇ ਇਹ ਲੜਾਈ ਮਿਸਲਾਂ ਦੇ ਸਮੇਂ ਵਾਂਗ ਹੈ, ਇਹ ਸਾਡੇ ਸਿੱਖ ਪਰਿਵਾਰ ਦਾ ਮਸਲਾ ਹੈ ਜਿਸ ਲਈ ਜਿੰਨੇ ਵੀ ਸਿੱਖ ਆਪਸ ਵਿਚ ਸਿਰ ਜੋੜ ਕੇ ਬੈਠਣ ਚੰਗੀ ਗੱਲ ਹੈ। ਜਿੱਥੋਂ ਤੱਕ ਵੱਖਰੇ ਸਿੱਖ ਰਾਜ ਦੀ ਗੱਲ ਹੈ ਉਹ ਮਸਲਾ ਸਾਡਾ ਦਿੱਲੀ ਨਾਲ ਸਬੰਧਤ ਹੈ, ਉਹ ਹੱਕ ਆਪਾਂ ਵੱਖ-ਵੱਖ ਰੂਪਾਂ-ਵੇਸਾਂ ਰਾਹੀਂ ਦਿੱਲੀ ਤੋਂ ਲੈਣਾ ਹੈ।ਸ਼੍ਰੋਮਣੀ ਕਮੇਟੀ ਚੋਣਾਂ ਦਾ ਸਬੰਧ ਸਿੱਖਾਂ ਦੇ ਸਿਆਸੀ ਨਿਸ਼ਾਨੇ ਨਾਲੋਂ ਗੁਰਦੁਆਰਿਆਂ ਦੇ ਭ੍ਰਿਸ਼ਟ ਹੋ ਚੁੱਕੇ ਪਰਬੰਧ ਨੂੰ ਸੁਧਾਰਨ ਦਾ ਜਿਆਦਾ ਹੈ।
ਪੰਥਕ ਮੋਰਚੇ ਵਿਚ ਸ਼ਾਮਲ ਧਿਰਾਂ ਦੇ ਸਿਧਾਂਤਕ ਵਖਰੇਵੇਂ ਹਨ , ਸਿਆਸੀ ਨਿਸ਼ਾਨਿਆਂ ਵਿਚ ਵੀ ਫਰਕ ਹੋ ਸਕਦਾ ਹੈ ਪਰ ਉਹਨਾਂ ਦਾ ਇਸ ਸਮੇਂ ਇਕ ਨਿਸ਼ਾਨਾ ਹੈ ਕਿ ਸ਼੍ਰੋਮਣੀ ਕਮੇਟੀ ਵਿਚਲੇ ਮੌਜੂਦਾ ਭ੍ਰਿਸ਼ਟੀਆਂ ਦਾ ਜਮੂਦ ਤੋੜਨਾ, ਜਿਵੇਂ 18ਵੀਂ ਸਦੀ ਵਿਚ ਸਿੱਖ ਕਰਦੇ ਹੁੰਦੇ ਸਨ ਕਿ ਆਪੋ-ਆਪਣਾ ਮਿਸਲਦਾਰਾਂ ਦਾ ਪਰਬੰਧ ਪਰ ਬਾਹਰੀ ਹਮਲਿਆਂ ਸਮੇਂ ਸਾਰੇ ਇਕੱਠੇ। 1984 ਵਿਚ ਦਿੱਲੀ ਨੇ ਸਿੱਧਾ ਹਮਲਾ ਕੀਤਾ ਤਾਂ ਸਭ ਸਿੱਖ ਇਕੱਠੇ ਹੋਏ ਤੇ ਹੁਣ ਦਿੱਲੀ ਅਸਿੱਧੇ (ਸਿਧਾਂਤਕ )ਹਮਲੇ ਕਰ ਰਹੀ ਹੈ ਤਾਂ ਵੀ ਸਭ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਜਿਵੇ ਪ੍ਰੋ ਭੁੱਲਰ ਦੀ ਫਾਂਸੀ ਦੀ ਸਜ਼ਾ ਖਤਮ ਕਰਾਉਂਣ ਲਈ ਸਾਰੇ ਸਿੱਖ ਇਕਮਤ ਹੋਏ ਹਨ।
ਕੁਝ ਸਿੱਖ ਪੰਜਾਬ ਸਰਕਾਰ ਨਾਲ ਜਾਂ ਦਿੱਲੀ ਸਰਕਾਰ ਨਾਲ ਸਨੇਹ ਰੱਖਦੇ ਹਨ ਪਰ ਉਹ ਗੁਰੁ-ਘਰਾਂ ਦਾ ਪਰਬੰਧ ਵੀ ਸਹੀ ਹੱਥਾਂ ਵਿਚ ਦੇਖਣਾ ਚਾਹੁੰਦੇ ਹਨ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਭਾਵੇਂ ਉਹਨਾਂ ਦੇ ਸਿਅਸੀ ਨਿਸ਼ਾਨੇ ਵੱਖ-ਵੱਖ ਹੋਣ। ਵੱਖਰੇ ਰਾਜ ਵਾਲਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣਾ ਨਿਸ਼ਾਨਾ ਛੱਡ ਕੇ ਪੰਜਾਬ ਜਾਂ ਦਿੱਲੀ ਸਰਕਾਰ ਦੇ ਸਨੇਹੀਆਂ ਨਾਲ ਰਲ ਗਏ।ਕੀ ਪਤਾ ਪੰਜਾਬ ਜਾਂ ਦਿੱਲੀ ਦੇ ਸਨੇਹੀ ਸਿੱਖ ਵੱਖਰੇ ਰਾਜ ਵਾਲਿਆਂ ਨਾਲ ਆ ਰਲਣ ? ਜੇ ਸਾਰੇ ਨਹੀਂ ਤਾਂ ਉਹਨਾਂ ਵਿਚੋਂ ਕੁਝ ਕੁ ਹੀ ਸਹੀ? ਕੁਝ ਸਿੱਖ ਹਮੇਸ਼ਾਂ ਨਾਕਾਰਾਤਮਕ (ਨੈਗਟਿਵ) ਹੀ ਕਿਉਂ ਸੋਚਦੇ ਹਨ, ਉਹ ਸਾਕਾਰਾਤਮਕ (ਪਾਜ਼ੇਟਿਵ) ਕਿਉਂ ਨਹੀਂ ਸੋਚ ਸਕਦੇ ?
ਗੁਰ ਗੋਬਿੰਦ ਸਿੰਘ ਮਹਰਾਜ ਦੇ ਫੁਰਮਾਣ “ ਹਮ ਨੀਚਨ ਕੀ ਰੀਸ ਨਾਹਿ” ਉੱਤੇ ਪੂਰਾ ਪਹਿਰਾ ਦਿੰਦੇ ਹੋਏ ਅਸੀਂ ਅੱਜ ਤੱਕ ਕਿਸੇ ਖਿਲਾਫ ਕੂੜ-ਪਰਚਾਰ ਕਰਨ ਵਿਚ ਯਕੀਨ ਨਹੀਂ ਰੱਖਦੇ। ਅਸੀਂ ਕੀ ਹਾਂ, ਸਾਡਾ ਨਿਸ਼ਾਨਾ ਕੀ ਹੈ, ਇਹ ਗੁਰੁ ਮਹਾਰਾਜ ਆਪ ਜਾਣਦੇ ਹਨ ਅਤੇ ਸਾਡੀਆਂ ਜਿੰਦਗੀਆਂ ਦੇ ਖੁੱਲ੍ਹੇ ਵਰਕੇ ਇਸਦੀ ਕਹਾਣੀ ਆਪ ਬਿਆਨਦੇ ਹਨ।
ਕਿਸੇ ਸਿਧਾਂਤ ਦੀ ਗੱਲ ਕਰਨੀ ਹੋਰ ਗੱਲ ਹੈ ਅਤੇ ਉਸ ਦੀ ਪਰਾਪਤੀ ਲਈ ਕੰਮ ਕਰਨੇ ਹੋਰ ਗੱਲ। ਸਿੱਖਾਂ ਨੇ 18ਵੀਂ ਸਦੀ ਵਿਚ ਇਕ ਨਿਸ਼ਾਨਾ ਮਿੱਥਿਆ ਕਿ ਰਾਜ ਕਰੇਗਾ ਖ਼ਾਲਸਾ। ਇਸ ਨਿਸ਼ਾਨੇ ਦੀ ਪੂਰਤੀ ਕਰਨਾ ਉਹਨਾਂ ਦਾ ਇਕ ਨੁਕਾਤੀ ਪਰੋਗਰਾਮ ਸੀ ਤੇ ਉਹਨਾਂ ਨੇ ਇਸਦੀ ਪੂਰਤੀ ਲਈ ਕਿਸੇ ਸਮੇਂ ਮੀਰ ਮੰਨੂ ਵਰਗਿਆਂ ਨਾਲ ਸਮਝੌਤਾ ਵੀ ਕੀਤਾ, ਕਪੂਰ ਸਿੰਘ ਲਈ ਨਵਾਬੀ ਵੀ ਲਈ ਗਈ, 12 ਪਰਗਣਿਆਂ ਦੇ ਮਾਲੀਏ ਦਾ ਤੋਹਫਾ ਵੀ ਲਿਆ ਤਾਂ ਫਿਰ ਕੀ ਉਹ ਸਾਰੇ ਸਰਕਾਰੀਏ ਹੋ ਗਏ ਸਨ ? ਉਹਨਾਂ ਦੇ ਦਿਲਾਂ ਵਿਚ ਗੁਰੁ-ਪਿਆਰ ਤੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਦੀ ਪੂਰਤੀ ਦੀ ਸਮ੍ਹਾਂ ਲਟ-ਲਟ ਬਲ ਰਹੀ ਸੀ, ਉਹ ਜੂਝ ਰਹੇ ਸਨ ਤੇ ਅਸੀਂ ਵੀ ਜੂਝ ਰਹੇ ਹਾਂ ਤੇ ਜੂਝਦੇ ਰਹਾਂਗੇ, ਪੰਥ ਦੀ ਆਜ਼ਾਦੀ ਲਈ, ਸਿੱਖ ਰਾਜ ਦੀ ਕਾਇਮੀ ਲਈ ਅਤੇ ਅਸੀਂ ਇਹ ਕਦੇ ਨਹੀਂ ਚਾਹੁੰਦੇ ਇਤਹਾਸ ਵਿਚ ਸਾਡੇ ਨਾਮ ਇਸ ਤਰ੍ਹਾਂ ਆਉਂਣ ਕਿ ਅਸੀਂ ਕਿਸੇ ਸਿਧਾਂਤ ਨੂੰ ਫੜ ਕੇ ਖੜੇ ਰਹੇ, ਅਸੀਂ ਤਾਂ ਚਾਹੁੰਦੇ ਹਾਂ ਕਿ ਜਿਸ ਥੜ੍ਹੇ ‘ਤੇ ਖਲੋ ਕੇ ਸਾਡੀਆਂ ਅਗਲੀਆਂ ਪੀੜੀਆਂ ਦੁਨੀਆਂ ਨੂੰ ਸਿੱਖਾਂ ਬਾਰੇ ਦੱਸਣ, ਸਾਡੇ ਸਿਰ ਉਸ ਥੜੇ ਦੀਆਂ ਨੀਹਾਂ ਵਿਚ ਹੀ ਕਿਤੇ ਲੱਗ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: