ਵਿਦੇਸ਼ » ਸਿੱਖ ਖਬਰਾਂ

ਖਾਲਸਾ ਪੰਥ ਨੂੰ ਸ਼ਿਵ ਸੈਨਾ ਦਾ ਚੈਲੰਜ ਖਿੜੇ ਮੱਥੇ ਪ੍ਰਵਾਨ ਹੈ; ਸਾਰੀ ਸਿੱਖ ਕੌਮ ਭਾਈ ਹਵਾਰਾ ਦੇ ਨਾਲ ਹੈ: ਅਖੰਡ ਕੀਰਤਨੀ ਜਥਾ

October 25, 2011 | By

ਲੰਡਨ  (25 ਅਕਤੂਬਰ, 2011): ਭਾਈ ਜਗਤਾਰ ਸਿੰਘ ਹਵਾਰਾ ਉੱਤੇ ਹਮਲਾ ਕਰਨ ਸਬੰਧੀ ਸ਼ਿਵਸੈਨਾ ਦੇ ਬਿਆਨ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥੇ ਦੇ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ । ਪੰਜਾਬ ਨਿਊਜ਼ ਨੈਟਵਰਕ ਨੂੰ ਭੇਜੇ ਗਏ ਬਿਆਨ ਵਿਚ ਸਿੱਖ ਆਗੂਆਂ ਨੇ ਕਿਹਾ ਕਿ ਕੁਝ ਫਿਰਕੂ ਜਥੇਬੰਦੀਆਂ ਪੰਜਾਬ ਦਾ ਮਾਹੌਲ ਵਿਗਾੜਨ ਦਾ ਯਤਨ ਕਰ ਰਹੀਆਂ ਹਨ ।

ਉਕਤ ਬਿਆਨ ਦਾ ਨੋਟਿਸ ਲੈਂਦਿਆਂ ਅਖੰਡ ਕੀਰਤਨੀ ਜਥਾ ਇੰਡੀਆ ਦੇ ਜਥੇਦਾਰ ਭਾਈ ਬਖਸ਼ੀਸ਼ ਸਿੰਘ, ਅਖੰਡ ਕੀਰਤਨੀ ਜਥਾ ਯੂਰਪ ਦੇ ਜਥੇਦਾਰ ਭਾਈ ਰਘਵੀਰ ਸਿੰਘ ਅਤੇ ਅਖੰਡ ਕੀਰਤਨੀ ਜਥਾ ਯੂ ਕੇ ਦੇ ਪੁਲਿਟੀਕਲ ਵਿੰਗ ਦੇ ਮੁਖੀ ਭਾਈ ਜੋਗਾ ਸਿੰਘ, ਜਥੇਦਾਰ ਅਵਤਾਰ ਸਿੰਘ ਸੰਘੇੜਾ ਅਤੇ ਜਥੇਦਾਰ ਬਲਬੀਰ ਸਿੰਘ, ਨੇ ਕਿਹਾ ਕਿ ਸ਼ਿਵ ਸੈਨਾ ਦੇ ਆਗੂ ਨਫ਼ਰਤ ਭਰੀ ਬਿਆਨਬਾਜ਼ੀ ਕਰਕੇ ਸਿੱਖ ਨੌਜਵਾਨਾਂ ਨੂੰ ਵੰਗਾਰ ਰਹੇ ਹਨ । ਖਾਲਸਾ ਪੰਥ ਇਹਨਾਂ ਦੀ ਅਜਿਹੀ ਹਰਕਤ ਕਦੇ ਬਰਦਾਸ਼ਤ ਨਹੀਂ ਕਰੇਗਾ । ਇਹਨਾਂ ਆਗੂਆਂ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਕੌਮ ਦਾ ਹੀਰਾ ਹੈ, ਉਸ ਵਿਰੁੱਧ ਕੀਤੀ ਕਿਸੇ ਵੀ ਕਾਰਵਾਈ ਦਾ ਪੂਰਨ ਸਿੱਖ ਰਵਾਇਤਾਂ ਅਨੁਸਾਰ ਜਵਾਬ ਦੇਣ ਲਈ ਖਾਲਸਾ ਪੰਥ ਸਦਾ ਤਿਆਰ ਬਰ ਤਿਆਰ ਹੈ । ਭਾਈ ਹਵਾਰਾ ਨੇ ਮਨੁੱਖਤਾ ਦੇ ਭਲੇ ਲਈ, ਮਜ਼ਲੂਮਾਂ ਦੀ ਰਾਖੀ ਲਈ ਯੋਗ ਕਾਰਵਾਈ ਕੀਤੀ ਸੀ । ਸਿੱਖ ਕੌਮ ਉਹਨਾਂ ਦੀ ਕਾਰਵਾਈ ਦੀ ਪੂਰੀ ਕਦਰ ਕਰਦੀ ਹੈ । ਖਾਲਸਾ ਪੰਥ ਸ਼ਿਵ ਸੈਨਾ ਦੇ ਇਸ ਚੈਲੰਜ ਨੂੰ ਖਿੜੇਮੱਥੇ ਸਵੀਕਾਰ ਕਰਦਾ ਹੈ, ਅਤੇ ਅੱਗੇ ਤੋਂ ਉਕਤ ਫ਼ਿਰਕੂ ਆਗੂਆਂ ਨੂੰ ਆਪਣੀ ਜ਼ੁਬਾਨ ਬੰਦ ਕਰਨ ਲਈ ਤਾੜਨਾ ਕਰਦਾ ਹੈ । ਸਮੁੱਚੀ ਸਿੱਖ ਕੌਮ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜ੍ਹੀ ਹੈ, ਉਹਨਾਂ ਦੇ ਵਿਰੁੱਧ ਕੋਈ ਵੀ ਕਰਵਾਈ ਬਰਦਾਸ਼ਤ ਨਹੀਂ ਕੀਤੀ ਜਾਏਗੀ । ਸਿੱਖ ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਖ਼ਬਰਦਾਰ ਕੀਤਾ ਹੈ ਕਿ ਇਹ ਲੋਕ ਪੰਜਾਬ ਦਾ ਮਾਹੌਲ ਵਿਗਾੜ ਕੇ ਸਿੱਖ ਨੌਜਵਾਨਾਂ ਨੂੰ ਮੁੜ ਤੋਂ ਤਸ਼ੱਦਦ ਦਾ ਸ਼ਿਕਾਰ ਬਨਾਉਣ ਦੀਆਂ ਸਾਜਿਸ਼ਾਂ ਰਚ ਰਹੇ ਹਨ, ਅਜਿਹੇ ਫ਼ਿਰਕੂ ਬਿਆਨ ਦੇਣ ਵਾਲਿਆਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ ।

ਉਕਤ ਆਗੂਆਂ ਨੇ ਪੰਜਾਬ ਦੇ ਪੰਥਕ ਲੀਡਰਾਂ ਨੂੰ ਅਪੀਲ ਕੀਤੀ ਹੈ ਜਿਹਨਾਂ ਅਫ਼ਸਰਾਂ ਨੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗੇ ਹਨ, ਉਨ੍ਹਾਂ ਦੇ ਨਾਲ ਜਾਣੇ ਅਨਜਾਣੇ ਸਟੇਜਾਂ ਸਾਂਝੀਆਂ ਕਰਨ ਨਾਲ ਉਹਨਾਂ ਦੇ ਸਿੱਖ ਵਿਰੋਧੀ ਕੰਮਾਂ ਨੂੰ ਇਕ ਤਰ੍ਹਾਂ ਨਾਲ ਮਾਨਤਾ ਮਿਲ ਜਾਂਦੀ ਹੈ, ਇਸ ਲਈ ਅੱਗੇ ਤੋਂ ਸਿੱਖਾਂ ਦੇ ਅਜਿਹੇ ਦੋਸ਼ੀਆਂ ਨਾਲ ਸਟੇਜਾਂ ਸਾਂਝੀਆਂ ਕਰਨ ਜਾਂ ਮਿਲਵਰਤਣ ਰੱਖਣ ਤੋਂ ਗੁਰੇਜ ਕੀਤਾ ਜਾਵੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,