ਆਮ ਖਬਰਾਂ » ਮਨੁੱਖੀ ਅਧਿਕਾਰ

ਅਲੀਗੜ੍ਹ ਯੁਨੀਵਰਸਿਟੀ ‘ਚ ਕਸ਼ਮੀਰੀ ਲੜਾਕੇ ਨੂੰ ਸ਼ਰਧਾਂਜਲੀ ਦੇਣ ‘ਤੇ ਵਿਦਿਆਰਥੀਆਂ ਉੱਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਦਾ ਮਸਲਾ ਭਖਿਆ

October 16, 2018 | By

ਚੰਡੀਗੜ੍ਹ : 11 ਅਕਤੂਬਰ ਦਿਨ ਵੀਰਵਾਰ ਦੀ ਸਵੇਰ ਨੂੰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਖੇਤਰ ਵਿੱਚ 27 ਸਾਲਾ ਮਨਨ ਬਸ਼ੀਰ ਵਾਨੀ ਸਮੇਤ 2 ਹੋਰ ਨੌਜਵਾਨ ਪੁਲਸ ਦੇ ਦੱਸੇ ਅਨੁਸਾਰ ਭਾਰਤੀ ਸੁਰੱਖਿਆ ਦਸਤਿਆਂ ਨਾਲ ਹਥਿਆਰਬੰਦ ਮੁਕਾਬਲੇ ਵਿੱਚ ਮਾਰੇ ਗਏ ਸਨ। ਮਨਨ ਬਸ਼ੀਰ ਵਾਨੀ ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੁਨੀਵਰਸਿਟੀ ਦਾ ਵਿਦਿਆਰਥੀ ਰਹਿ ਚੁੱਕਿਆ ਸੀ। ਭਾਰਤੀ ਏਜੰਸੀਆਂ ਦਾ ਕਹਿਣੈ ਕਿ ਉਹ ਇਸੇ ਸਾਲ ਜਨਵਰੀ ਵਿੱਚ ਕਸ਼ਮੀਰੀ ਲੜਾਕੂ ਜਥੇਬੰਦੀ ‘ਹਿਜ਼ਬੁਲ ਮੁਜਾਹਦੀਨ’ ਵਿੱਚ ਸ਼ਾਮਿਲ ਹੋ ਗਿਆ ਸੀ।

ਮਨਨ ਬਸ਼ੀਰ ਵਾਨੀ ਦੀ ਇੱਕ ਪੁਰਾਣੀ ਤਸਵੀਰ

11 ਅਕਤੂਬਰ ਨੂੰ ਹੀ ਕਥਿਤ ਤੌਰ ‘ਤੇ ਯੁਨੀਵਰਸਿਟੀ ਵਿੱਚ ਸਾਬਕਾ ਵਿਦਿਆਰਥੀ ਦੀ ਮੌਤ ਉੱਤੇ ਕੁਝ ਵਿਦਿਆਰਥੀਆਂ ਵਲੋਂ ਮਨਨ ਬਸ਼ੀਰ ਵਾਨੀ ਨੂੰ ਸ਼ਰਧਾਂਜਲੀ ਦਿੱਤੀ ਗਈ ।

12 ਅਕਤੂਬਰ ਨੂੰ 3 ਵਿਦਿਆਰਥੀ ਯੁਨੀਵਰਸਿਟੀ ਵਿੱਚੋਂ ਮੁਅੱਤਲ ਕਰ ਦਿੱਤੇ ਗਏ ਅਤੇ ਉਹਨਾਂ ਉੱਤੇ ਦੇਸ਼ ਧ੍ਰੋਹ ਅਤੇ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਪਰਚੇ ਦਰਜ ਕਰ ਦਿੱਤੇ ਗਏ। ਮੁਅੱਤਲੀ ਤੋਂ ਬਾਅਦ ਯੁਨੀਵਰਸਿਟੀ ਪ੍ਰਸ਼ਾਸਨ ਨੇ 9 ਹੋਰ ਵਿਦਿਆਰਥੀਆਂ ਨੂੰ ਕਾਰਣ ਦੱਸੋ ਚਿੱਠੀਆਂ ਭੇਜ ਦਿੱਤੀਆਂ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਸਾਬਕਾ ਵਿਦਿਆਰਥੀ ਦੀ ਸ਼ੋਕ ਸਭਾ ਕਰਵਾਉਣੀ ਚਾਹੀ ਸੀ ।

ਯੁਨੀਵਰਸਿਟੀ ਦੇ ਵਿਦਿਆਰਥੀ ਜਥੇਬੰਦੀ ਦੇ ਸਾਬਕਾ ਉਪ-ਪ੍ਰਧਾਨ ਸੱਜਦ ਰਠਰ ਨੇ ਯੁਨੀਵਰਸਿਟੀ ਦੇ ਉੱਪ-ਕੁਲਪਤੀ ਨੂੰ ਲਿਖੀ ਇੱਕ ਚਿੱਠੀ ਵਿੱਚ ਲਿਖਿਆ ਹੈ ਕਿ “ਜੇਕਰ 17 ਤਰੀਕ ਤੱਕ ਤਿੰਨਾ ਵਿਦਿਆਰਥੀਆਂ ਉੱਤੇ ਦਰਜ ਕੀਤੇ ਗਏ ਪਰਚੇ ਵਾਪਿਸ ਨਾ ਲਏ ਗਏ ਤਾਂ, ਇਸ ਯੁਨੀਵਰਸਿਟੀ ਵਿੱਚ ਪੜ੍ਹਦੇ 1200 ਤੋਂ ਵੀ ਵੱਧ ਵਿਦਿਆਰਥੀ ਆਪਣੇ ਘਰ ਕਸ਼ਮੀਰ ਨੂੰ ਵਾਪਿਸ ਮੁੜ ਜਾਣਗੇ”

ਕਸ਼ਮੀਰੀ ਵਿਦਿਆਰਥੀਆਂ ਦੇ ਨੁਮਾਇੰਦੇ ਸੱਜਦ ਨੇ ਅੱਗੇ ਲਿਖਿਆ ਕਿ “ ਯੁਨੀਵਰਸਿਟੀ ਪ੍ਰਸ਼ਾਸਨ ਵਲੋਂ ਇਜਾਜਤ ਨਾ ਦਿੱਤੇ ਜਾਣ ਉੱਤੇ “ਨਮਾਜ਼ ਏ ਜਨਾਜ਼ਾ” (ਅੰਤਿਮ ਅਰਦਾਸ) ਦਾ ਵਿਚਾਰ ਛੱਡ ਦਿੱਤਾ ਗਿਆ ਸੀ, ਜੇਕਰ ਅਜਿਹੀ ਕੋਈ ਅਰਦਾਸ ਸਭਾ ਹੋਈ ਹੀ ਨਹੀਂ, ਜੋ ਕਿ ਪ੍ਰਸ਼ਾਸਨ ਮੰਨ ਚੁੱਕਿਆ ਹੈ, ਤਾਂ ਇਹ ਸਿੱਧੇ ਰੂਪ ਵਿੱਚ ਮਾਣਹਾਨੀ ਅਤੇ ਅਨਿਆ ਹੈ ।

ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਵਿਦਿਆਰਥੀਆਂ ਉੱਤੇ ਲਾਏ ਗਏ ਦੇਸ਼ ਧ੍ਰੋਹ ਦੇ ਦੋਸ਼ਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ।

ਕਸ਼ਮੀਰੀ ਵਿਦਿਆਰਥੀਆਂ ਦਾ ਸਾਥ ਦੇਣ ਵਾਲੇ ਵਿਧਾਇਕ ਨੂੰ ਲਿਆ ਗਿਆ ਹਿਰਾਸਤ ‘ਚ

ਕਸ਼ਮੀਰ ਦੇ ਲੰਗੇਟ ਹਲਕੇ ਤੋਂ ਵਿਧਾਇਕ ਸ਼ੇਖ ਅਬਦੁਲ ਰਸ਼ੀਦ ਨੂੰ ਐਤਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਉਹਨਾਂ ਅਲੀਗੜ੍ਹ ਯੁਨੀਵਰਸਿਟੀ ਵਿੱਚ ਦੇਸ਼ ਧ੍ਰੋਹ ਦੇ ਦੋਸ਼ ਲਗਾ ਕੇ ਸਸਪੈਂਡ ਕੀਤੇ ਗਏ ਵਿਦਿਆਰਥੀਆਂ ਦੇ ਪੱਖ ਵਿੱਚ ਰੋਸ ਮਾਰਚ ਕੱਢਿਆ।

ਪੰਧ ਸ਼ੁਰੂ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਿਸੇ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣਾ ਕੋਈ ਗੁਨਾਹ ਨਹੀਂ ਹੈ, ਚਾਹੇ ਉਹ ਕੋਈ ਵੀ ਹੋਵੇ, “ਇਹ ਇੱਕ ਨਿਰੋਲ ਧਾਰਮਿਕ ਕਾਰਜ ਹੈ” ਉਹਨਾਂ ਕਿਹਾ ਕਿ ਯੁਨੀਵਰਸਿਟੀ ਪ੍ਰਸ਼ਾਸਨ ਨੇ ਸਥਾਨਕ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੇ ਜ਼ੋਰ ਪਾਉਣ ‘ਤੇ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਹੈ ਤਾਂ ਜੋ ਵਿਧਾਇਕ ਏਸ ਵਿੱਚੋਂ ਵੋਟਾਂ ਦਾ ਲਾਹਾ ਲੈ ਸਕਣ”

ਸ਼ੇਖ ਅਬਦੁਲ ਰਸ਼ੀਦ ਨੇ ਕਿਹਾ ਕਿ “ਭਾਰਤ ਵਿੱਚ ਕਸ਼ਮੀਰੀ ਹੋਣਾ ਹੁਣ ਗੁਨਾਹ ਬਣ ਚੁੱਕਿਆ ਹੈ, ਅਸੀਂ ਵਿਦਿਆਰਥੀਆਂ ਉੱਤੇ ਲਾਏ ਗਏ ਦੋਸ਼ਾਂ ਨੂੰ ਵਾਪਿਸ ਲੈਣ ਦੀ ਮੰਗ ਕਰਦੇ ਹਾਂ”।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,