ਸਿੱਖ ਖਬਰਾਂ

ਅੰਮ੍ਰਿਤਸਰ ਐਲਾਨਨਾਮੇ ਤੋਂ ਮੁੱਕਰਨ ਵਾਲਾ ਕੈਪਟਨ ਬਰਗਾੜੀ ਐਲਾਨ ਕਰਕੇ ਵੀ ਮੁੱਕਰ ਸਕਦਾ ਹੈ: ਯੁਨਾਈਟਡ ਖਾਲਸਾ ਦਲ

December 8, 2018 | By

ਲੰਡਨ- ਬੀਤੇ ਛੇ ਮਹੀਨਿਆਂ ਤੋਂ ਬਰਗਾੜੀ ਇਨਸਾਫ ਮੋਰਚਾ ਸਿੱਖ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ ਹੈ, ਮੋਰਚਾ ਪ੍ਰਬੰਧਕਾਂ ਵਲੋਂ ਸਮੇਂ-ਸਮੇਂ ‘ਤੇ ਜਦੋਂ ਵੀ ਇਕੱਠ ਸੱਦੇ ਗਏ ਤਾਂ ਸਿੱਖ ਸੰਗਤ ਵਲੋਂ ਹਾਜਰੀ ਭਰਦਿਆਂ ਬਰਗਾੜੀ ਮੋਰਚੇ ਦੀਆਂ ਮੰਗਾਂ ਨਾਲ ਆਪਣੀ ਸਹਿਮਤੀ ਜਾਹਰ ਕੀਤੀ ਜਾਂਦੀ ਰਹੀ ਹੈ । ਬੀਤੇ 6 ਦਸੰਬਰ ਨੂੰ ਭਾਈ ਬਲਜੀਤ ਸਿੰਘ ਦਾਦੂਵਾਲ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਮੋਰਚੇ ਦੀਆਂ ਮੰਗਾਂ ਪ੍ਰਵਾਨ ਕਰ ਚੁੱਕੀ ਹੈ ਅਤੇ ਐਤਵਾਰ ਨੂੰ ਜਨਤਕ ਤੌਰ ‘ਤੇ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।

ਇਸ ਸੰਬੰਧ ਵਿੱਚ ਯੁਨਾਈਟਡ ਖਾਲਸਾ ਦਲ ਯੂ.ਕੇ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ “ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ ਨਾਲ ਸੰਬੰਧਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵੱਲ੍ਹ ਮੂੰਹ ਕਰਕੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸੌਂਹ ਖਾਂਦਿਆਂ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਉਸ ਦੀ ਸਰਕਾਰ ਬਣਦੀ ਹੈ ਤਾਂ ਦੋ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਸਰਕਾਰ ਬਣੀ ਨੂੰ ਇੱਕੀ ਮਹੀਨੇ ਬੀਤ ਚੁੱਕੇ ਹਨ ਪਰ ਪੰਜਾਬ ਵਿੱਚ ਨਸ਼ੇ ਦੀ ਵਰਤੋਂ ਅਤੇ ਵਿੱਕਰੀ ਬੰਦ ਹੋਣ ਦੀ ਬਜਾਏ ਲਗਾਤਾਰ ਵਧੀ ਹੈ।”

“ਜਿਹੜਾ ਬੰਦਾ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਸਕਦਾ ਹੈ, ਜੋ ਆਪਣਾ ਵਾਅਦਾ ਨਹੀਂ ਨਿਭਾਅ ਸਕਿਆ ਉਹ ਬਰਗਾੜੀ ਵਿੱਚ ਆਪਣੇ ਕਿਸੇ ਕਰਿੰਦੇ ਨੂੰ ਭੇਜ ਕੇ ਇਨਸਾਫ ਧਰਨੇ ਦੀਆਂ ਮੰਗਾਂ ਮੰਨਣ ਦਾ ਐਲਾਨ ਕਰਵਾਉਣ ਤੋਂ ਬਾਅਦ ਵੀ ਜਰੂਰ ਮੁਕਰੇਗਾ, ਕਿਉਂਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਐਲਾਨ ਨਾਮੇ ਦੀ ਅਰਦਾਸ ਕਰਕੇ ਵੀ ਇਹ ਕੈਪਟਨ ਮੁੱਕਰ ਚੁੱਕਿਆ ਹੈ। ਇਸ ਕਰਕੇ ਛੇ ਮਹੀਨਿਆਂ ਤੋਂ ਬਰਗਾੜੀ ਦੀ ਦਾਣਾ ਮੰਡੀ ਵਿੱਚ ਧਰਨੇ ਬੈਠੇ ਹੋਏ ਸੰਚਾਲਕਾਂ ਨੂੰ ਮੌਜੂਦਾ ਸਥਿਤੀ ਨੂੰ ਗੰਭੀਰਤਾ ਨਾਲ ਲੈ ਕੇ ਕੋਈ ਅਗਲਾ ਕਦਮ ਪੁੱਟਣ ਦੀ ਲੋੜ ਹੈ।”

ਯੁਨਾਈਟਡ ਖਾਲਸਾ ਦਲ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ “ਦੇਸ਼-ਵਿਦੇਸ਼ ਦੇ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ ਬਰਗਾੜੀ ਵਿੱਚ ਲੱਗੇ ਧਰਨੇ ਨਾਲ ਜੁੜੀਆਂ ਹੋਈਆਂ ਹਨ, ਇਸ ਕਰਕੇ ਹਰੇਕ ਫੈਂਸਲਾ ਇਤਿਹਾਸਕ ਘਟਨਾਵਾਂ ਅਤੇ ਸਰਕਾਰਾਂ ਦੀ ਮੱਕਾਰੀ ਨੂੰ ਅੱਗੇ ਰੱਖ ਕੇ ਲਿਆ ਜਾਣਾ ਚਾਹੀਦਾ ਹੈ।”

ਅੰਮ੍ਰਿਤਸਰ ਐਲਾਨਨਾਮੇ ਮੌਕੇ ਕੈਪਟਨ ਅਮਰਿੰਦਰ ਸਿੰਘ,ਸੁਰਜੀਤ ਸਿੰਘ ਬਰਨਾਲਾ, ਸਿਮਰਨਜੀਤ ਸਿੰਘ ਮਾਨ, ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਜਗਦੇਵ ਸਿੰਘ ਤਲਵੰਡੀ ਅਤੇ ਗੁਰਚਰਨ ਸਿੰਘ ਟੋਹੜਾ।

 

ਸੰਬੰਧਤ ਖਬਰ – Captain, Badal both turncoats, untrustworthy politicians: Dal Khalsa reacts to Badal-Amrinder statements on Khalistan, Amritsar Declaration

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ “ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਂਈ ਧਿਆਨ ਸਿੰਘ ਮੰਡ ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਂਈ ਅਮਰੀਕ ਸਿੰਘ ਅਜਨਾਲਾ ਨੂੰ ਅਪੀਲ ਕੀਤੀ ਗਈ ਹੈ ਕਿ ਜਿੰਨਾ ਚਿਰ ਇਨਸਾਫ ਧਰਨੇ ਦੀਆਂ ਪੂਰੀਆਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਉਨਾ ਚਿਰ ਧਰਨਾ ਚੁੱਕਿਆ ਨਾ ਜਾਵੇ ਬਲਕਿ ਇਸ ਨੂੰ ਮੋਰਚੇ ਦਾ ਰੂਪ ਦਿੱਤਾ ਜਾਵੇ। ਜਿਹੜਾ ਰੂਪ ਵੀਹਵੀਂ ਸਦੀ ਦੇ ਮਹਾਨ ਸ਼ਹੀਦ, ਦਮਦਮੀ ਟਕਾਸਲ ਦੇ ਜਥੇਦਾਰ ਅਤਿ ਸਕਿਤਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ 19 ਜੁਲਾਈ 1982 ਨੂੰ ਦਿੱਤਾ ਸੀ, ਜਦੋਂ ਉਹਨਾਂ ਹਰ ਰੋਜ਼ 51 ਸਿੰਘਾਂ ਦੇ ਜਥੇ ਭੇਜਣੇ ਅਰੰਭ ਕੀਤੇ ਸਨ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਜੀ ਦੀ ਰਿਹਾਈ ਲਈ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ ।”

“ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਚੱਲ ਰਹੇ ਅਕਾਲੀ ਦਲ ਨੇ ਸਿੱਖ ਕੌਮ ਨਾਲ ਬੇਅੰਤ ਬੇਵਫਾਈਆਂ ,ਗੱਦਾਰੀਆਂ ਕੀਤੀਆਂ ਅਤੇ ਜ਼ੁਲਮ ਢਾਹੇ ਹਨ ਪਰ ਇਹਨਾਂ ਸਾਹਮਣੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਵਾਲੀ ,ਪੰਜਾਬ ਵਿੱਚ ਹਜਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੀ , ਨਵੰਬਰ 1984 ਦੌਰਾਨ ਅਣਗਿਣਤ ਸਿੱਖਾਂ ਨੂੰ ਕਤਲ ਕਰਨ ,ਜਿਉਂਦੇ ਸਾੜਨ ਵਾਲੀ ਕਾਂਰਗਸ ਦੇ ਜ਼ੁਲਮ ਵੀ ਕਦੇ ਭੁੱਲ ਨਹੀਂ ਸਕਦੇ । ਬਾਦਕਿਆਂ ਦੇ ਭ੍ਰਿਸ਼ਟ ਲਾਣੇ ਦੀਆਂ ਗੱਦਾਰੀਆਂ ਦੇ ਨਾਲ ਨਾਲ ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ ਦੇ ਇਹਨਾਂ ਹਿਟਲਰਸ਼ਾਹੀ ਜ਼ੁਲਮਾਂ ਦੀ ਦਾਸਤਾਨ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਅਤੇ ਨਾਹੀ ਕਦੇ ਭੁਲਾਇਆ ਜਾ ਸਕਦਾ ਹੈ ।ਬਾਦਲਕਿਆਂ ਵਲੋਂ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਅਰੰਭ ਕੀਤੇ ਜਾ ਰਹ ਪਖੰਡ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,