February 6, 2019 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਲ ਖਾਲਸਾ ਦੇ ਸਿਰਮੌਰ ਆਗੂ ਭਾਈ ਗਜਿੰਦਰ ਸਿੰਘ ਦੀ ਸੁਪਤਨੀ ਬੀਬੀ ਮਨਜੀਤ ਕੌਰ ਦੀ ਯਾਦ ਵਿਚ ਦਰਬਾਰ ਸਾਹਿਬ ਕੰਪਲੈਕਸ ਵਿਚ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਅੱਜ ਅਖੰਡ ਪਾਠ ਦੇ ਭੋਗ ਪਾਏ ਗਏ ਜਿਥੇ ਵੱਡੀ ਗਿਣਤੀ ਵਿਚ ਸਿੱਖ ਆਗੂਆਂ ਨੇ ਬੀਬੀ ਜੀ ਨੂੰ ਸ਼ਰਧਾ ਦੇ ਫੁੱਲ਼ ਭੇਂਟ ਕੀਤੇ।
ਬੀਬੀ ਮਨਜੀਤ ਕੌਰ ੨੩ ਜਨਵਰੀ ਨੂੰ ਜਰਮਨ ਵਿਚ ਸਦੀਵੀ ਵਿਛੋੜਾ ਦੇ ਗਏ ਸਨ ਜਿੰਨਾਂ ਨੇ ਭਾਈ ਗਜਿੰਦਰ ਸਿੰਘ ਦੀ ਜਲਾਵਤਨੀ ਦੌਰਾਨ ਜਿਸ ਤਰਾਂ ਸਿਖੀ ਸਿਦਕ ਨਿਭਾਇਆ ਉਸਦੀ ਸਾਰੇ ਸਿੱਖ ਜਗਤ ਵਿਚ ਪ੍ਰਸੰਸਾ ਹੋ ਰਹੀ ਹੈ। ਅੱਜ ਦਰਬਾਰ ਸਾਹਿਬ ਕੰਪਲੈਕਸ ਵਿਚ ਮੁਖ ਸਮਾਗਮ ਤੋਂ ਇਲਾਵਾ, ਨਨਕਾਣਾ ਸਾਹਿਬ, ਜਰਮਨ, ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ ਥਾਂ-ਥਾਂ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ।
ਅੱਜ ਦੇ ਸਮਾਗਮ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਜੁਝਾਰੂ ਸੰਘਰਸ਼ ਦੇ ਸਿਰਮੌਰ ਆਗੂ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਨੇ ਭਾਈ ਗਜਿੰਦਰ ਸਿੰਘ ਦੇ ਭਰਾ ਦਰਸ਼ਨ ਸਿੰਘ ਅਤੇ ਉਹਨਾਂ ਦੇ ਪਤਨੀ ਨੂੰ ਸਿਰੋਪੇ ਭੇਂਟ ਕੀਤੇ। ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਭਾਵ-ਪੂਰਤ ਅਰਦਾਸ ਕੀਤੀ।
ਦਰਬਾਰ ਸਾਹਿਬ ਵਿਖੇ ਦਲ ਖਾਲਸਾ ਦੇ ਸਰਪ੍ਰਸਤ ਗਜਿੰਦਰ ਸਿੰਘ ਦੀ ਸੁਪਤਨੀ ਬੀਬੀ ਮਨਜੀਤ ਕੌਰ ਨਮਿਤ ਸ਼ਰਧਾਜਲੀ ਸਮਾਰੋਹ ਹੋਇਆ
ਇਸ ਮੌਕੇ ਭਾਈ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਮੇਜਰ ਸਿੰਘ (ਪੰਜ ਪਿਆਰੇ), ਭਾਈ ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਵਰਲਡ ਸਿੱਖ ਨਿਊਜ ਦੇ ਐਡੀਟਰ ਪ੍ਰੋ.ਜਗਮੋਹਨ ਸਿੰਘ, ਗਿਆਨੀ ਕੇਵਲ ਸਿੰਘ, ਭਾਈ ਮੋਹਕਮ ਸਿੰਘ,ਰਣਜੀਤ ਸਿੰਘ ਟਕਸਾਲੀ, ਦਲ ਖਾਲਸਾ ਆਗੂ ਭਾਈ ਹਰਪਾਲ ਸਿੰਘ ਚੀਮਾ, ਭਾਈ ਹਰਚਰਨਜੀਤ ਸਿੰਘ ਚੀਮਾ, ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ, ਜਸਵੀਰ ਸਿੰਘ ਖੰਡੂਰ,ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ, ਬੀਬੀ ਜਸਮੀਤ ਕੌਰ ਛੀਨਾ, ਗੁਰਪਰੀਤ ਸਿੰਘ ਕਲਕੱਤਾ, ਗੁਰਜੀਤ ਸਿੰਘ ਜਰਮਨ, ਬਲਦੇਵ ਸਿੰਘ ਲਿੱਤਰਾਂ (ਪਿਤਾ ਸ਼ਹੀਦ ਰਵਿੰਦਰ ਸਿੰਘ ਨਕੋਦਰ ਗੋਲ਼ੀ ਕਾਂਡ), ਪਰਮਜੀਤ ਸਿੰਘ ਮੰਡ, ਕੁਲਦੀਪ ਸਿੰਘ ਰਜਧਾਨ,ਕੁਲਵੰਤ ਸਿੰਘ ਫੇਰੂਮਾਨ, ਸੁਖਦੇਵ ਸਿੰਘ ਹਸਨਪੁਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਡਾ.ਅਰਪਾਲ ਸਿੰਘ ਛੀਨਾ, ਪਲਵਿੰਦਰ ਸਿੰਘ ਸੰਧੂ, ਗੁਰਪਰੀਤ ਸਿੰਘ ਮਾਨ, ਤੇਜਿੰਦਰਪਾਲ ਸਿੰਘ, ਗੁਰਦੀਪ ਸਿੰਘ ਕਾਲਕਟ ਸਮੇਤ ਵੱਡੀ ਗਿਣਤੀ ਵਿਚ ਪੰਥ ਦਰਦੀਆਂ ਤੇ ਸੰਗਤਾਂ ਨੇ ਹਾਜਰੀਆਂ ਭਰੀਆਂ।
ਜ਼ਿਕਰਯੋਗ ਹੈ ਕਿ ਬੀਬੀ ਮਨਜੀਤ ਕੌਰ ਲੰਮੇ ਸਮੇ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਹਨਾਂ ਨੂੰ ਕਾਫੀ ਬੀਮਾਰੀਆਂ ਨੇ ਘੇਰ ਰੱਖਿਆ ਸੀ।ਉਹ ਜਰਮਨ ਵਿਖੇ ਇੱਕਲੇ ਹੀ ਰਹਿ ਰਹੇ ਸਨ। ਬੀਬੀ ਮਨਜੀਤ ਕੌਰ ਮੋਹਾਲੀ ਦੇ ਰਹਿਣ ਵਾਲੇ ਸਨ। ਬੀਬੀ ਮਨਜੀਤ ਕੌਰ ਦਾ ਵਿਆਹ ਭਾਈ ਗਜਿੰਦਰ ਸਿੰਘ ਨਾਲ ੨੨ ਜੂਨ ੧੯੮੦ ਵਿੱਚ ਹੋਇਆ ਸੀ ਅਤੇ ੧੯੮੧ ਵਿੱਚ ਉਹਨਾਂ ਦੇ ਘਰ ਬੇਟੀ ਬਿਕਰਮਜੀਤ ਕੌਰ ਨੇ ਜਨਮ ਲਿਆ।
੨੯ ਸਤੰਬਰ ੧੯੮੧ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਹਾਜ ਅਗਵਾ ਕੀਤਾ ਅਤੇ ਲਾਹੌਰ ਲੈ ਗਏ ਜਿਥੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸਤੰਬਰ ੧੯੮੧ ਦੇ ਗਏ ਗਜਿੰਦਰ ਸਿੰਘ ਮੁੜ ਪੰਜਾਬ ਨਹੀ ਪਰਤੇ। ਬੀਬੀ ਮਨਜੀਤ ਕੌਰ ਪਹਿਲੀ ਵਾਰ ਆਪਣੇ ਪਤੀ ਨੂੰ ਲਾਹੌਰ ਜੇਲ ੧੯੮੬ ਵਿੱਚ ਮਿਲਣ ਗਏ ਅਤੇ ਵਾਪਸੀ ਤੇ ਉਹਨਾਂ ਦਾ ਪਾਸਪੋਰਟ ਜਬਤ ਕਰ ਲਿਆ ਗਿਆ ਅਤੇ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਤਿੰਨ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਪਾਸਪੋਰਟ ਦੁਬਾਰਾ ਮਿਲਿਆ ਅਤੇ ਉਹ ਦੂਜੀ ਵਾਰ ੧੯੯੦ ਵਿੱਚ ਆਪਣੀ ਬੇਟੀ ਦੇ ਨਾਲ ਪਾਕਿਸਤਾਨ ਆਪਣੇ ਪਤੀ ਨੂੰ ਜੇਲ ਵਿੱਚ ਮਿਲਣ ਗਏ। ਇੱਕ ਸਾਲ ਗੁਰਦੁਆਰਾ ਡੇਰਾ ਸਾਹਿਬ ਰਹਿਣ ਤੋਂ ਬਾਅਦ ਉਹ ਉਥੋਂ ਹੀ ਕੈਨੇਡਾ ਅਤੇ ਅਮਰੀਕਾ ਚਲੇ ਗਏ ਪਰ ਭਾਰਤ ਸਰਕਾਰ ਦੇ ਦਬਾਅ ਹੇਠ ਉਹਨਾਂ ਨੂੰ ਦੋਨਾਂ ਮੁਲਕਾਂ ਵਿੱਚ ਸ਼ਰਨ ਨਾ-ਮਨਜ਼ੂਰ ਹੋ ਗਈ। ਅਮਰੀਕਾ ਤੋਂ ਉਹ ਜਰਮਨ ਆ ਗਏ ਜਿਥੇ ਉਹਨਾਂ ਨੂੰ ਲੰਮੀ ਕਾਨੂੰਨੀ ਲੜਾਈ ਮਗਰੋਂ ਪੱਕੇ ਤੌਰ ਤੇ ਮੈਡੀਕਲ ਗਰਾਉਂਡ ਤੇ ਰਹਿਣ ਦੀ ਇਜਾਜਤ ਦਿੱਤੀ।
Related Topics: Bhai Daljit Singh Bittu, Bhai Gajinder Singh, Bhai Harpal Singh Cheema (Dal Khalsa), Dal Khalsa, Gajinder Singh Dal Khalsa