ਸਿੱਖ ਖਬਰਾਂ

ਮੌਜੂਦਾ ਪੰਥਕ ਸੰਕਟ ਦੇ ਹੱਲ ਲਈ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ

January 11, 2016 | By

ਅੰਮ੍ਰਿਤਸਰ (10 ਜਨਵਰੀ, 2016): ਮੌਜੂਦਾ ਕੌਮੀ ਸੰਕਟ ਦੇ ਚਲਦਿਆਂ ਅੱਜ ਅਕਾਲ ਤਖਤ ਸਾਹਿਬ ਵਿਖੇ ਸਾਬਕਾ ਜੱਥੇਦਾਰ ਦੇ ਸੱਦੇ ‘ਤੇ ਅਰਦਾਸ ਕੀਤੀ ਗਈ।ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਫਾਰਗ ਕਰਨ ਸਮੇਤ ਹੋਰ ਪੰਥਕ ਮਾਮਲਿਆਂ ਨੂੰ ਲੈ ਕੇ ਪੈਦਾ ਹੋਏ ਪੰਥਕ ਸੰਕਟ ਦੇ ਹੱਲ ਲਈ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਗਤਾਂ ਨੂੰ ਅੱਜ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਨ ਦਾ ਸੱਦਾ ਦਿੱਤਾ ਸੀ।

ਅਕਾਲ ਤਖ਼ਤ ਅੱਗੇ ਅਰਦਾਸ ਕਰਦੇ ਹੋਏ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਸੰਗਤ

ਅਕਾਲ ਤਖ਼ਤ ਅੱਗੇ ਅਰਦਾਸ ਕਰਦੇ ਹੋਏ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਸੰਗਤ

ਅੱਜ ਸਵੇਰੇ ਅਕਾਲ ਤਖ਼ਤ ਸਾਹਿਬ ਸਾਹਮਣੇ ਸਿੱਖ ਸੰਗਤ ਵੱਲੋਂ ਪੰਜ ਬਾਣੀਆਂ ਦਾ ਪਾਠ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਚਰਨ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਤੋਂ ਬਾਅਦ ਸਾਬਕਾ ਜਥੇਦਾਰ ਵੇਦਾਂਤੀ ਨੇ ਅਰਦਾਸ ਕੀਤੀ।

ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਨੇ ਆਖਿਆ ਕਿ ਇਸ ਵੇਲੇ ਕੌਮ ’ਤੇ ਵੱਡਾ ਸੰਕਟ ਬਣਿਆ ਹੋਇਆ ਹੈ। ਅਕਾਲ ਤਖ਼ਤ ਦੇ ਸਿਧਾਂਤ ਤੇ ਮਾਣ ਮਰਿਆਦਾ, ਪੰਜ ਪਿਆਰਿਆਂ ਦੀ ਸੰਸਥਾ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਡੂੰਘੇ ਸੰਕਟ ਹੇਠ ਹਨ। ਪੁਰਾਤਨ ਸਮੇਂ ਜਦੋਂ ਵੀ ਅਜਿਹਾ ਸੰਕਟ ਆਇਆ, ੳੁਦੋਂ ਸਮੂਹ ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਮਿਲ ਬੈਠ ਕੇ ਸੰਕਟ ਦੇ ਹੱਲ ਲਈ ਰਾਹ ਲੱਭਿਆ ਹੈ। ਅੱਜ ਵੀ ਅਜਿਹਾ ਸਮਾਂ ਹੈ ਅਤੇ ਪੁਰਾਤਨ ਰੀਤ ਮੁਤਾਬਕ ਹੀ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗੲੀ ਹੈ।

ਪੰਜ ਪਿਆਰਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪੰਜ ਪਿਆਰੇ ਸੰਸਥਾ ਵਜੋਂ ਤਖ਼ਤਾਂ ਦੇ ਜਥੇਦਾਰਾਂ ਤੋਂ ਵੀ ਅਹਿਮ ਹਨ। ਪੰਜ ਪਿਆਰੇ ਗੁਰੂ ਕਾਲ ਵੇਲੇ ਸਨ ਜਦਕਿ ਉਸ ਵੇਲੇ ਤਖ਼ਤਾਂ ਦੇ ਜਥੇਦਾਰ ਨਹੀਂ ਸਨ। ਉਸ ਵੇਲੇ ਸਿਰਫ ਫ਼ੌਜਾਂ ਦੇ ਜਰਨੈਲਾਂ ਨੂੰ ਜਥੇਦਾਰ ਆਖਿਆ ਜਾਂਦਾ ਸੀ। ਪੰਜ ਪਿਆਰਿਆਂ ਨੇ ਨਾ ਸਿਰਫ ਗੁਰੂ ਕਾਲ ਵੇਲੇ ਸਗੋਂ ਗੁਰੂ ਕਾਲ ਤੋਂ ਬਾਅਦ ਵੀ ਸਿੱਖ ਜਰਨੈਲਾਂ ਦੀ ਅਗਵਾਈ ਕੀਤੀ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਫਾਰਗ ਕਰਨ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੰਦਿਆਂ ਉਨ੍ਹਾਂ ਆਖਿਆ ਕਿ ਪੰਜ ਪਿਆਰਿਆਂ ਨੂੰ ਸਿਰਫ ਸੰਸਥਾ ਦੇ ਕਰਮਚਾਰੀ ਨਾ ਸਮਝਿਆ ਜਾਵੇ। ਪੰਜ ਪਿਆਰਿਆਂ ਵੱਲੋਂ ਕੀਤੇ ਫ਼ੈਸਲੇ ਦਾ ਸਮਰਥਨ ਕਰਦਿਆਂ ਉਨ੍ਹਾਂ ਆਖਿਆ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਇਸ ਆਦੇਸ਼ ਦੀ ਪਾਲਣਾ ਕਰਦਿਆਂ ਆਪਣੇ ਅਹੁਦੇ ਤਿਆਗ ਦੇਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਪੰਥਕ ਸੰਕਟ ਹੱਲ ਕਰਨ ਲਈ ਅਹੁਦਿਆਂ ਦੀ ਕੋਈ ਅਹਿਮੀਅਤ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,