ਲੇਖ » ਸਿੱਖ ਖਬਰਾਂ

ਗੁਰੂ ਗ੍ਰੰਥ ਸਾਹਿਬ, ਅਕਾਲ ਤਖ਼ਤ ਅਤੇ ਅਕਾਲੀ ਦਲ

September 14, 2015 | By

‘ਅਕਾਲੀ ਦਲ’ ਆਪਣੇ ਆਪ ਵਿਚ ਨਿਵੇਕਲਾ, ਅਸਲੋਂ ਹੀ ਹੋਰਨਾਂ ਨਾਲੋਂ ਵੱਖਰਾ ਤੇ ਵਿਸ਼ੇਸ਼ ਸਿਧਾਂਤ ਸੀ-ਇਕ ਅਜਿਹਾ ਜਿਉਂਦਾ ਜਾਗਦਾ ਅਤੇ ਗਤੀਸ਼ੀਲ ਸਿਧਾਂਤ ਜਿਸ ਨੇ ਇਤਿਹਾਸ ਦੇ ਇਕ ਦੌਰ ਵਿਚ ਰਾਜਨੀਤਕ ਪਾਰਟੀ ਦਾ ਰੂਪ ਅਖਤਿਆਰ ਕੀਤਾ। ਪਾਰਟੀ ਦੇ ਨਾਂ ਵਿਚ ਦੋ ਡੂੰਘੇ ਅਰਥ ਸਮਾਏ ਹੋਏ ਹਨ ਜਾਂ ਇਉਂ ਕਹਿ ਲਓ ਕਿ ਇਸ ਵਿਚ ਜਨਤਾ ਨਾਲ ਦੋ ਇਕਰਾਰਨਾਮੇ ਕੀਤੇ ਗਏ ਹਨ ਜਿਸ ਮੁਤਾਬਕ ਇਕ ਤਾਂ ਪਾਰਟੀ ਨੇ ਜ਼ਿੰਦਗੀ ਦੀਆਂ ਕੌੜੀਆਂ-ਮਿੱਠੀਆਂ ਹਕੀਕਤਾਂ ਨਾਲ ਖਹਿ ਕੇ ਆਪਣੇ ਸੁਤੰਤਰ ਰਾਹ ਵੀ ਬਣਾਉਣੇ ਹਨ ਅਤੇ ਦੂਜਾ ਇਸ ਨੇ ਦੁਨਿਆਵੀ ਹਕੀਕਤਾਂ ਤੋਂ ਉਪਰ ਉਠ ਕੇ ‘ਪਰਮ ਹਕੀਕਤ’ ਨਾਲ ਸਾਂਝ ਵੀ ਪਾਉਣੀ ਹੈ।

ਲੇਖਕ: ਕਰਮਜੀਤ ਸਿੰਘ ਚੰਡੀਗੜ੍ਹ

ਲੇਖਕ: ਕਰਮਜੀਤ ਸਿੰਘ ਚੰਡੀਗੜ੍ਹ

‘ਅਕਾਲੀ’ ਸ਼ਬਦ ਦਾ ਦਾਰਸ਼ਨਿਕ ਮਤਲਬ ਵੀ ਇਹੋ ਹੈ ਕਿ ਉਸ ਨੇ ਕਾਲ ਜਾਂ ਸਮੇਂ ਵਿਚ ਵਿਚਰ ਕੇ ਸਮੇਂ ਤੋਂ ਪਾਰ ਜਾਣਾ ਹੈ, ਯਾਨੀ ਮੁਕੰਮਲ ਅਕਾਲੀ ਬਣਨਾ ਹੈ। ਜਾਪੁ ਸਾਹਿਬ ਮੁਤਾਬਕ ਖੇਲ-ਖੇਲ ਕੇ ‘ਅਖੇਲ’ ਵੱਲ ਪਰਤ ਜਾਣਾ ਹੈ।

ਦਿਲਚਸਪ ਤੱਥ ਇਹ ਹੈ ਕਿ ਭਾਰਤ ਦੀ ਕਿਸੇ ਵੀ ਰਾਜਨੀਤਕ ਪਾਰਟੀ ਦੇ ਨਾਂ ਵਿਚ ਦੋ ਹਕੀਕਤਾਂ ਦਾ ਸੰਗਮ ਨਹੀਂ ਹੋਇਆ। ਇਥੋਂ ਤੱਕ ਕਿ  ਮੁਲਕਾਂ ਦੀਆਂ ਰਾਜਨੀਤਕ ਪਾਰਟੀਆਂ ਦੇ ਨਾਂ ਵੀ ਜਾਂ ਤਾਂ ਕਿਸੇ ਵਿਸ਼ੇਸ਼ ਸੱਭਿਆਚਾਰ, ਜਾਤ, ਅਕੀਦੇ, ਪ੍ਰਾਂਤ ਜਾਂ ਭਾਸ਼ਾ ਦਾ ਪ੍ਰਤੀਕ ਹੁੰਦੇ ਹਨ ਅਤੇ ਜਾਂ ਫਿਰ ਰਾਜਨੀਤੀ ਦੇ ਕਿਸੇ ਮਾਡਲ ਨਾਲ ਜੁੜੇ ਹੁੰਦੇ ਹਨ, ਜਿਵੇਂ ਤੇਲਗੂ ਦੇਸਮ, ਤਿਲੰਗਾਨਾ ਦ੍ਰਾਵਿੜ, ਜਾਦ, ਕਿਸਾਨ-ਮਜ਼ਦੂਰ, ਡੈਮੋਕਰੇਟਿਕ, ਸੋਸ਼ਲਿਸਟ, ਮਾਰਕਸਿਸਟ ਆਦਿ-ਆਦਿ।

ਦੋ ਵੱਡੀਆਂ ਹਕੀਕਤਾਂ ਦੇ ਸੁਮੇਲ ਕਾਰਨ ਅਕਾਲੀ ਦਲ ਜਿਥੇ ਰਾਜਨੀਤਕ ਇਤਿਹਾਸ ਵਿਚ ਵਿਚਾਰਧਾਰਿਕ ਪਹਿਲੂ ਤੋਂ ਵਿਸ਼ੇਸ਼ ਹੈਸੀਅਤ ਰੱਖਦਾ ਹੈ, ਉਥੇ ਪਾਰਟੀ ਉਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਆ ਜਾਂਦੀਆਂ ਹਨ ਅਰਥਾਤ ਉਸ ਨੇ ਰਾਜਨੀਤਕ ਸਦਾਚਾਰ ਦੇ ਇਹੋ ਜਿਹੇ ਮਾਡਲ ਸਿਰਜਣੇ ਹਨ ਜੋ ਦੁਨੀਆਂ ਦੇ ਹੋਰ ਰਾਜਨੀਤਕ ਮਾਡਲਾਂ ਲਈ ਚਾਨਣਮੁਨਾਰਾ ਹੋਣ।

ਜਰਮਨ ਫਿਲਾਸਫਰ ਹੀਗਲ (1770-1831) ਦਾ ਕਹਿਣਾ ਹੈ ਕਿ ਰਾਜਨੀਤਕ ਦਾਨਿਸ਼ਵਰ ਤੋਂ ਇਸ ਗੱਲ ਦੀ ਮੰਗ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪੇ ਨੂੰ ਸਿਧਾਂਤ ਨਾਲ ਇਕਸੁਰ ਕਰੇ। ਵਿਹਾਰਕ ਰਾਜਨੀਤੀ ਵਿਚ ਇਖਲਾਕ ਦੀ ਬੁਲੰਦੀ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਹੀ ਬਰਕਤ ਤੁਹਾਨੂੰ ਵੱਡੇ ਸੱਚ ਵੱਲ ਲਿਜਾ ਸਕਦੀ ਹੈ। (ਸਚਰੁ ਓਰੈ ਸਭੁ ਕੋ ਉਪਰ ਸਚੁ ਆਚਾਰ)।

ਅਕਾਲੀ ਦਲ ਭਾਵੇਂ ਸਿੱਖਾਂ ਦੀ ਰਾਜਨੀਤਕ ਪਾਰਟੀ ਵਜੋਂ ਹੀ ਜਾਣਿਆ ਜਾਂਦਾ ਹੈ ਪਰ ਜੇ ਪਾਰਟੀ ਦੇ ਨਾਂ ਅਤੇ ਸਿੱਖ ਇਤਿਹਾਸ ਦੀਆਂ ਬਾਰੀਕੀਆਂ ਨੂੰ ਧਿਆਨ ਵਿਚ ਰੱਖਿਆ ਜਾਏ ਤਾਂ ਇਸ ਨਾਂ ਵਿਚ ਉਚੀ ਪੱਧਰ ਦੀ ਧਰਮ-ਨਿਰਪੱਖਤਾ ਅਤੇ ਰੂਹਾਨੀਅਤ ਦੇ ਅੰਸ਼ ਹਨ। ਹੋਰ ਪਾਰਟੀਆਂ ਜਿਥੇ ਵਿਹਾਰਕ ਰਾਜਨੀਤੀ ਦੀਆਂ ਵੱਖ-ਵੱਖ ਪਰਤਾਂ ਤੱਕ ਹੀ ਸੀਮਤ ਹਨ, ਉਥੇ ਅਕਾਲੀ ਦਲ ਵਿਹਾਰਕ ਰਾਜਨੀਤੀ ਤੋਂ ਉਪਰ ਉਠ ਕੇ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੋਇਆ ਉਪਰ ਉਠਦਾ ਹੈ।

ਅਕਾਲੀ ਦਲ ਦੀ ਜਿਸ ਪਾਵਨ ਸੰਸਥਾ ਨਾਲ ਡੂੰਘੀ ਸਾਂਝ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਜੋ ਅਨੇਕ ਸੱਭਿਆਚਾਰਾਂ, ਬੋਲੀਆਂ ਤੇ ਧਰਮਾਂ ਦਾ ਅਨੋਖਾ ਸੰਗਮ ਹੈ। ਸਭਿਆਤਾਵਾਂ ਦੇ ਚੜ੍ਹਦੇ ਲਹਿੰਦੇ ਸੂਰਜਾਂ ਦੀ ਗਹਿਰ ਗੰਭੀਰ ਅਤੇ ਪ੍ਰਮਾਣਿਕ ਖੋਜ ਕਰਨ ਵਾਲੇ ਮਹਾਨ ਇਤਿਹਾਸਕਾਰ ਅਤੇ ਕੱਟੜ ਇਸਾਈ ਆਰਨਲਡ ਟੌਇਨਬੀ ਦੀ ਵੀ ਇਹ ਭਵਿੱਖਬਾਣੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਵੱਖ-ਵੱਖ ਧਰਮਾਂ ਵਿਚ ਬਖੇੜੇ ਪੈਣਗੇ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਦੱਸਣ ਲਈ ਕੋਈ ‘ਵਿਸ਼ੇਸ਼ ਗੱਲ’ ਹੋਏਗੀ।

ਉਂਜ, ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਪਾਰਟੀਆਂ ਦੇ ਸਾਰੇ ਧੜੇ ਜਿਨ੍ਹਾਂ ਨੇ ਆਪਣੇ ਨਾਂ ਨਾਲ ‘ਅਕਾਲੀ’ ਸ਼ਬਦ ਲਾਇਆ ਹੋਇਆ ਹੈ, ਉਨ੍ਹਾਂ ਨੇ ਹਾਲ ਦੀ ਘੜੀ ਨਾ ਤਾਂ ਕੋਈ ‘ਵਿਸ਼ੇਸ਼ ਗੱਲ’ ਦੀ ਵਿਆਖਿਆ ਕੀਤੀ ਹੈ ਅਤੇ ਨਾ ਹੀ ਕੋਈ ਅਗਵਾਈ ਕੀਤੀ ਹੈ। ਜਿਥੋਂ ਤੱਕ ਹਾਕਮ ਅਕਾਲੀ ਦਲ ਦਾ ਸਬੰਧ ਹੈ, ਉਹ ਵਿਹਾਰਕ ਰਾਜਨੀਤੀ ਦੀਆਂ ਨੀਵਾਣਾਂ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ ਅਤੇ ‘ਅਕਾਲੀ ਦ੍ਰਿਸ਼ਟੀ’ ਤੋਂ ਪੂਰੀ ਤਰ੍ਹਾਂ ਸੱਖਣਾ ਹੈ।

ਅਸਲ ਵਿਚ ਸਾਰੇ ਦੇ ਸਾਰੇ ਅਕਾਲੀ ਧੜੇ ਇਸ ਦੁਖਾਂਤਕ ਸੱਚ ਨੂੰ ਥੋੜ੍ਹੇ ਬਹੁਤੇ ਫਰਕ ਨਾਲ ਹੰਢਾਅ ਰਹੇ ਹਨ। ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਜਾਂ ਖੜੋਤ ਵਿਚ ਹਨ, ਜਾਂ ਸਿਧਾਂਤਾਂ ਦੀ ਰਸਮੀ ਪਾਲਣਾ ਹੀ ਕਰ ਰਹੇ ਹਨ ਅਤੇ ਜਾਂ ਉਨ੍ਹਾਂ ਨੂੰ ਅਕਾਲੀ ਦੇ ਅਲੌਕਿਕ ਤੇ ਲੌਕਿਕ ਸਿਧਾਂਤਾਂ ਦੀ ਪੇਤਲੀ ਜਿਹੀ ਵੀ ਜਾਣਕਾਰੀ ਨਹੀਂ ਜਾਂ ਇਹੋ ਜਿਹੀ ਜਾਣਕਾਰੀ ਹਾਸਲ ਕਰਨ ਦੀ ਜਗਿਆਸਾ ਵੀ ਨਹੀਂ।

ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਚਲਣ ਦਾ ਦਾਅਵਾ ਕਰਨ ਵਾਲੇ ਸਾਰੇ ਅਕਾਲੀ ਦਲ ਇਕ ਵੱਡੇ ਤੇ ਗੰਭੀਰ ਰਾਜਨੀਤਕ, ਧਾਰਮਿਕ ਤੇ ਸੱਭਿਆਚਾਰਕ ਖਲਾਅ ਵਿਚੋਂ ਲੰਘ ਰਹੇ ਹਨ, ਖਾਸ ਕਰਕੇ ਉਸ ਸਮੇਂ ਜਦੋਂ ਲੀਡਰਸ਼ਿਪ ਕੋਲ ਪ੍ਰਚਾਰ ਲਈ ਆਧੁਨਿਕ ਤੇ ਤਕਨੀਕੀ ਸਾਧਨਾਂ ਦੀ ਭਰਮਾਰ ਹੈ।

ਅਕਾਲੀ ਦਲ ਦੇ ਰੂਹਾਨੀਅਤ ਵਿਚ ਰੰਗੇ ਰਾਜਸੀ ਰਿਸ਼ਤੇ ਇਕ ਹੋਰ ਸੰਸਥਾ ਨਾਲ ਵੀ ਹਨ ਅਤੇ ਉਹ ਹੈ ਸ੍ਰੀ ਅਕਾਲ ਤਖ਼ਤ। ਸਵਾਲ ਕੀਤਾ ਜਾ ਸਕਦਾ ਹੈ ਕਿ ਅਕਾਲ ਤਖ਼ਤ ਕੀ ਹੈ? ਇਸ ਦਾ ਜਵਾਬ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਰਾਜਨੀਤਕ ਪ੍ਰਕਾਸ਼ ਹੈ। ਇਸ ਤਖ਼ਤ ਰਾਹੀਂ ਛੇਵੇਂ ਪਾਤਸ਼ਾਹ ਨੇ ਸਮੇਂ ਦੀ ਨਬਜ਼ ਤੇ ਲੋੜ ਨੂੰ ਮਹਿਸੂਸ ਕਰਦਿਆਂ ‘ਪੀਰੀ’ ਵਿਚ ਲੁਕੀ ‘ਮੀਰੀ’ ਦੀ ਤਾਕਤ ਨੂੰ ਦੋ ਤਲਵਾਰਾਂ ਬੰਨ੍ਹ ਕੇ ਸੰਸਾਰ ਸਾਹਮਣੇ ਪ੍ਰਗਟ ਕੀਤਾ ਸੀ।

ਇਹ ਤਖ਼ਤ ਗੈਰ-ਰਾਜੀ ਸੱਤਾ (ਨਾਨ ਸਟੇਟ ਪਾਵਰ) ਦਾ ਵੀ ਪ੍ਰਤੀਕ ਕਿਹਾ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਕਿਉਂਕਿ ਰੂਹਾਨੀ ਸਭਿਆਚਾਰਾਂ ਤੇ ਧਰਮਾਂ ਦਾ ਸੰਗਮ ਹੈ, ਇਸ ਲਈ ਅਕਾਲ ਤਖ਼ਤ ਸਿੱਖਾਂ ਦੀ ਅਗਵਾਈ ਵਿੱਚ ਸਾਰੀ ਦੁਨੀਆਂ ਦਾ ਸਾਂਝਾ ਤਖ਼ਤ ਵੀ ਹੈ। ਅਠਾਰਵੀਂ ਸਦੀ ਵਿੱਚ ਇਸ ਤਰ੍ਹਾਂ ਦੇ ਝਲਕਾਰੇ ਮਿਲਦੇ ਰਹੇ ਹਨ ਜਿੱਥੇ ਇਸ ਨੇ ਕਈ ਵਾਰ ਸਰਬਸਾਂਝਾ ਤਖ਼ਤ ਹੋਣ ਦੇ ਪ੍ਰਮਾਣ ਦਿੱਤੇ।

ਹੁਣ ਜਦੋਂਕਿ 14 ਸਤੰਬਰ ਨੂੰ ਸੰਸਾਰ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ‘ਪ੍ਰਕਾਸ਼’ ਦੇ ਡੂੰਘੇ ਤੇ ਰਹੱਸਮਈ ਅਰਥਾਂ ਦਾ ਬਹੁ-ਪੱਖੀ ਗਿਆਨ ਪ੍ਰਾਪਤ ਕਰਨਾ ਸਾਡੇ ਸਭਨਾਂ ਲਈ ਵੰਗਾਰ ਹੈ, ਖਾਸ ਕਰਕੇ ਅਕਾਲੀ ਦਲ ਦੇ ਸਾਰੇ ਧੜਿਆਂ ਲਈ ਜੋ ਇਸ ਗ੍ਰੰਥ ਦੇ ਨਿਰਮਲ ਸਰੂਪ ਅਤੇ ਅੰਤਰੀਵ ਤੱਤ ਤੋਂ ਤੇਜ਼ੀ ਨਾਲ ਦੂਰ ਹੁੰਦੇ ਜਾ ਰਹੇ ਹਨ।

ਇਕ ਵਾਰ ਮੁੜ ਵਿਦਵਾਨ ਇਤਿਹਾਸਕਾਰ ਟੌਇਨਬੀ ਦੀ ਇਕ ਟਿੱਪਣੀ ਦਾ ਜ਼ਿਕਰ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਸੰਸਾਰ ਨੂੰ ਕੋਈ ਵਿਸ਼ੇਸ਼ ਗੱਲ ਦੱਸਣਗੇ, ਤਾਂ ਉਸ ਖਾਸਮ-ਖਾਸ ਗੱਲ ਕਰਨ ਅਤੇ ਬੁੱਝਣ ਦੀ ਜ਼ਿੰਮੇਵਾਰੀ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਅਤੇ ਵਿਸ਼ੇਸ਼ ਕਰਕੇ ਹਾਕਮ ਅਕਾਲੀ ਦਲ ਉਤੇ ਆਉਂਦੀ ਹੈ ਜਿਸ ਨੇ ਇਸ ਵਿਸ਼ੇਸ਼ ਗੱਲ ਦੀ ਬਹੁ-ਰੰਗੀ ਤੇ ਬਹੁ-ਪਰਤੀ ਵਿਆਖਿਆ ਲਈ ਅਜੇ ਵਿਹਲ ਨਹੀਂ ਕੱਢੀ। ਰੂਹਾਨੀ ਤਰਕ ਤੇ ਜਜ਼ਬੇ ਦੇ ਕਿਸੇ ਉੱਚੇ-ਸੁੱਚੇ ਸੰਤੁਲਨ ਤੇ ਸੁਮੇਲ ਵਿੱਚ ਅਜੇ ਸਿੱਖ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਨਹੀਂ ਕੀਤੇ।

ਜਿੱਥੋਂ ਤੱਕ ਦੁਨਿਆਵੀ ਲੋੜਾਂ, ਆਰਥਿਕ ਖੁਸ਼ਹਾਲੀਆਂ ਅਤੇ ਵਿਕਾਸ ਦੀਆਂ ਮੰਜ਼ਲਾਂ ਦਾ ਸਬੰਧ ਹੈ, ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਬਾਰੀਕ ਨਿਯਮਾਂ ਦੇ ਹੁਸਨ ਵਿੱਚ ਚਲ ਕੇ ਹੀ ਹਾਸਲ ਕੀਤੀਆਂ ਜਾ ਸਕਦੀਆਂ ਹਨ। ਪ੍ਰਕਾਸ਼ ਉਤਸਵ ਸਾਨੂੰ ਇਹ ਸੋਚਣ ਤੇ ਮਹਿਸੂਸ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰ ਰਿਹਾ ਹੈ ਕਿ ਅਸੀਂ ਆਪਣੇ ਸਿਆਸੀ ਤੇ ਧਾਰਮਿਕ ਸਭਿਆਚਾਰ ਨੂੰ ਦੁਨੀਆਂ ਦੇ ਸਭ ਸਵਾਰਥਾਂ ਤੋਂ ਅਛੂਹ, ਮੌਲਿਕ ਤੇ ਸੁਤੰਤਰ ਕਿਵੇਂ ਰੱਖਣਾ ਹੈ ਅਤੇ ਫਿਰ ‘ਸਭੈ ਸਾਂਝੀਵਾਲ ਸਦਾਇਨ’ ਦੇ ਉਪਦੇਸ਼ ਉੱਤੇ ਚਲ ਕੇ ਸਾਰੀ ਦੁਨੀਆਂ ਨੂੰ ਇਸ ਅਨੌਖੀ ਮੌਲਿਕਤਾ ਤੇ ਸੁਤੰਤਰਤਾ ਵਿੱਚ ਹਿੱਸੇਦਾਰ ਕਿਵੇਂ ਬਣਾਉਣਾ ਹੈ। ‘ਸ਼ਬਦ’ ਦੇ ਅਸਮਾਨਾਂ ਉੱਤੇ ਉੱਡਣ ਦਾ ਪੈਗਾਮ ਸਾਰੀ ਦੁਨੀਆਂ ਲਈ ਸਾਂਝਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,