ਚੋਣਵੀਆਂ ਲਿਖਤਾਂ » ਲੇਖ

ਮੁਲਤਾਨ ਦੀ ਲੜਾਈ

January 1, 2022 | By

ਸਰਦਾਰ ਨਿਹਾਲ ਸਿੰਘ ਨੇ ਆਪਣੇ ਪੁੱਤਰ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਮਹਾਰਾਜੇ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਸੀ। ਸਰਦਾਰ ਸ਼ਾਮ ਸਿੰਘ ਦੇ ਜਨਮ ਦੀ ਤਾਰੀਖ ਅਤੇ ਛੋਟੀ ਅਵੱਸਕਾ ਦੇ ਹਾਲਾਤ ਦਾ ਕੁਝ ਪਤਾ ਨਹੀਂ ਚਲਦਾ।

ਉਹਨਾਂ ਦੇ ਜੀਵਨ ਦਾ ਸਭ ਤੋਂ ਪਹਿਲਾਂ ਪ੍ਰਸਿੱਧ ਕਾਰਨਾਮਾ ਜੋ ਇਤਿਹਾਸ ਵਿੱਚ ਆਇਆ ਹੈ ਉਹ ਸੰਨ 1818 ਦੀ ਮੁਲਤਾਨ ਦੀ ਆਖਰੀ ਲੜਾਈ ਸੀ। ਇਸ ਤੋਂ ਪਹਿਲਾਂ ਮੁਲਤਾਨ ਪੁਰ ਤਿੰਨ ਵਾਰ ਚੜਾਈ ਕੀਤੀ ਗਈ ਸੀ ਪਰ ਕਬਜ਼ਾ ਨਹੀਂ ਸੀ ਕੀਤਾ ਗਿਆ। ਪਹਿਲੀ ਮੁਹਿੰਮ 1810 ਵਿੱਚ ਮੁਲਤਾਨ ਗਈ ਜਦ ਕਿ ਮਹਾਰਾਜਾ ਢਾਈ ਲੱਖ ਰੁਪਿਆ ਤੇ ਵੀਹ ਘੋੜੇ ਨਜ਼ਰਾਨਾ ਅਤੇ ਲੜਾਈ ਵੇਲੇ ਇੱਕ ਫੌਜੀ ਦਸਤੇ ਦੀ ਸਹਾਇਤਾ ਦਾ ਵਹਿਦਾ ਲੈ ਕੇ ਮੁੜਿਆ ਸੀ। ਦੂਸਰੀ ਵਾਰੀ 1816 ਵਿੱਚ ਇੱਕ ਲੱਖ ਵੀਹ ਹਜ਼ਾਰ ਨਜ਼ਰਾਨਾ ਮੁਕੱਰਰ ਹੋਇਆ ਜਿਸ ਵਿਚ 80 ਹਜ਼ਾਰ ਲੈ ਕੇ ਮਹਾਰਾਜਾ ਮਨਕੇਰੇ ਵੱਲ ਨੂੰ ਆ ਗਿਆ। ਤੀਸਰੀ ਵਾਰ 1817 ਵਿੱਚ ਮੁਲਤਾਨ ਦੀ ਮੁਹਿੰਮ ਮਿੱਸਰ ਦੀਵਾਨ ਚੰਦ ਦੀ ਕਮਾਨ ਹੇਠਾਂ ਭੇਜੀ ਗਈ ਪਰ ਉਸ ਨੂੰ ਸਫਲਤਾ ਪ੍ਰਾਪਤ ਨਾ ਹੋਣ ਕਰਕੇ 1818 ਦੇ ਆਰੰਭ ਵਿੱਚ 25 ਹਜ਼ਾਰ ਫੌਜ਼ ਕੰਵਰ ਖੜਕ ਸਿੰਘ ਦੀ ਸਰਦਾਰੀ ਵਿੱਚ ਮੁਲਤਾਨ ਨੂੰ ਤੋਰੀ ਤੇ ਮਿੱਸਰ ਦੀਵਾਨ ਚੰਦ ਉਸ ਦਾ ਨਾਇਬ ਮੁਕੱਰਰ ਕੀਤਾ ਗਿਆ। ਇਸ ਮੁਹਿੰਮ ਦੇ ਨਾਲ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਭੀ ਸਨ।ਜਿਸ ਵੇਲੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ ਗਿਆ ਤਾਂ ਦੱਖਣ ਦੀ ਬਾਤਰੀ ਦੀ ਬਾਹੀ ਦੀ ਕਮਾਨ ਇਹਨਾਂ ਦੇ ਸਪੁਰਦ ਸੀ। ਦੂਸਰੀਆਂ ਬਾਤਰੀਆਂ ਸਰਦਾਰ ਦਲ ਸਿੰਘ ਨਹੇਰਨਾ, ਸਰਦਾਰ ਅਮੀਰ ਸਿੰਘ ਸੰਧਾਂਵਾਲੀਆਂ ਅਤੇ ਸਰਦਾਰ ਦੇਸਾ ਸਿੰਘ ਮਜੀਠੀਆ ਦੀ ਕਮਾਨ ਹੇਠਾਂ ਸਨ।ਮੁਲਤਾਨ ਦੇ ਹਾਕਮ ਨਵਾਬ ਮੁਜ਼ੱਫਰ ਖਾਨ ਨੇ ਵੀ ਕਾਫੀ ਤਿਆਰੀ ਕੀਤੀ ਹੋਈ ਸੀ।ਆਪਣੀ ਮੱਦਦ ਲਈ ਉਸ ਨੇ ਸਿੱਖਾਂ ਵਿਰੁੱਧ ਜਹਾਦ ਦੇ ਨਾਮ ਤੇ ਬੇ-ਸ਼ੁਮਾਰ ਮੁਲਖੱਈਆ ਭੀ ਇਕੱਠਾ ਕਰ ਲਿਆ ਸੀ ਤੇ ਉਹ ਮੁਕਾਬਲੇ ਤੇ ਡਟਿਆ ਹੋਇਆ ਫੌਜ਼ ਦੀ ਆਪ ਕਮਾਨ ਕਰ ਰਿਹਾ ਸੀ। ਭਾਵੇਂ ਖੁਦ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਮੁਲਤਾਨ ਮੌਜੂਦ ਨਹੀਂ ਸੀ, ਪਰ ਉਹ ਲਾਹੌਰ ਰੋਜ਼ਾਨਾ ਘੇਰੇ ਅਤੇ ਜੰਗ ਸੰਬੰਧੀ ਹਿਦਾਇਤਾਂ ਭੇਜਦੇ ਸੀ। ਉਸ ਦੀ ਮਨਸ਼ਾ ਸੀ ਕਿ ਕਿਲ੍ਹੇ ਤੇ ਧਾਵਾ ਬੋਲ ਕੇ ਕੋਈ ਖਤਰਾ ਨਾ ਲਿਆ ਜਾਵੇ ਬਲਕਿ ਘੇਰੇ ਨੂੰ ਮਜ਼ਬੂਤ ਕਰ ਕੇ ਮੁਜੱਫਰ ਖਾਨ ਨੂੰ ਕਿਲਾ ਖਾਲੀ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਵੇ। ਪਰ ਤਾਂ ਭੀ ਕਈ ਵਾਰੀ ਇੱਕੇ ਦੁੱਕੇ ਹਲਕੇ ਹੱਲੇ ਤੇ ਝੜਫਾ ਕਦੀ ਕਦੀ ਹੋ ਹੀ ਜਾਂਦੀਆਂ ਸਨ। ਗੋਲੀਬਾਰੀ ਲਗਾਤਾਰ ਜ਼ਾਰੀ ਰਹਿੰਦੀ ਸੀ। ਇਸ ਮੌਕੇ ਤੇ ਭੰਗੀਆਂ ਵਾਲੀ ਤੋਪ ਜ਼ਮਜ਼ਮਾ ਲਾਹੌਰੋ ਮੰਗਵਾ ਕੇ ਚਾਰ ਵਾਰੀ ਇੱਥੇ ਚਲਾਈ ਗਈ ਜਿਸ ਨਾਲ ਕਿਲੇ ਦੀ ਦੀਵਾਰ ਜਰਜਰੀ ਹੋ ਗਈ।

ਇਸ ਵੇਲੇ ਦੀ ਇਕ ਬੜੀ ਅਜੀਬ ਘਟਨਾ ਮੁਨਸ਼ੀ ਗੁਲਾਬ ਜੀਲਾਨੀ ਨੇ ਆਪਣੀ ਲਿਖਤ ‘ਜੰਗਿ ਮਲਤਾਨ’ ਵਿੱਚ ਦਿੱਤੀ ਹੈ। ਉਹ ਲਿਖਦਾ ਹੈ ਕਿ ਇਸ ਜੰਗ ਵਿੱਚ ਮੈਂ ਭੇਸ਼ ਬਦਲਾ ਕੇ ਸੂਹੀਏ ਦਾ ਕੰਮ ਕਰ ਰਿਹਾ ਸਾਂ ਅਤੇ ਆਪਣੇ ਪਟੇ ਸਿੰਘਾਂ ਦੇ ਕੇਸਾਂ ਵਾਗ ਉੱਪਰ ਨੂੰ ਲਪੇਟੇ ਹੋਏ ਸਨ। ਆਖੀਰ ਦੇ ਦਿਨ 2 ਜੂਨ 1818 ਦੀ ਗੱਲ ਹੈ ਕਿ ਜਦ ਮੈਂ ਖਬਰਾਂ ਸੂਹਾਂ ਲੈਣ ਲਈ ਇਸ ਤਰ੍ਹਾਂ ਸਿੱਖ ਫੌਜ ਵਿੱਚ ਫਿਰ ਰਿਹਾ ਸਾਂ ਤਾਂ ਤੋਪਖ਼ਾਨੇ ਦੇ ਇਕ ਪਾਸਿਓ ਮੈਨੂੰ ਘਬਰਾਹਟ ਵਿੱਚ ਕੀਤੀਆਂ ਜਾ ਰਹੀਆਂ ਹਨ ਕੁੱਝ ਗੱਲਾਂ ਸੁਣਾਈ ਪਈਆਂ । ਮੈਂ ਜਲਦੀ ਨਾਲ ਓਧਰ ਨੂੰ ਹੋ ਗਿਆ ਹੈ। ਕੀ ਵੇਖਦਾ ਹਾਂ ਕਿ ਬਾਰਾਂ ਤੇਰਾਂ ਸਿੰਘ ਆਪਸ ਵਿਚ ਝਗੜ ਰਹੇ ਹਨ ਤੇ “ਪਹਿਲੇ ਮੈਂ’, “ਪਹਿਲੇ ਮੈਂ’ ਕਹਿ ਰਹੇ ਹਨ। ਨਜ਼ਦੀਕ ਜਾਣ ਤੋਂ ਪਤਾ ਲੱਗਾ ਕਿ ਉਹਨਾਂ ਦੀ ਤੋਪ ਦਾ ਪਹੀਆ ਟੁੱਟਾ ਹੋਇਆ ਹੈ।ਇਹਨਾਂ ਵਿੱਚੋਂ ਇਕ ਨੇ ਤਜ਼ਵੀਜ ਕੀਤੀਕਿ ਜੇ ਇਸ ਟੁੱਟੇ ਹੋਏ ਪਹੀਏ ਦੀ ਥਾਂ ਅਸੀਂ ਵਾਰੀ ਵਾਰੀ ਆਪਣਾ ਮੋਢਾ ਡਾਹੀਏ ਤਾਂ ਇਹ ਤੋਪ ਕੰਮ ਕਰ ਸਕਦੀ ਹੈ ਤੇ ਸਾਡੇ ਪਾਸਿਓਂ ਢਿੱਲੀ ਪੈ ਰਹੀ ਹੈ ਤੋਪਾਂ ਦੀ ਮਾਰ ਫੇਰ ਤੇਜ਼ ਹੋ ਜਾਏਗੀ। ਇਹ ਤਜ਼ਵੀਜ ਸੁਣ ਕੇ ਉਹਨਾਂ ਸਿੰਘਾਂ ਵਿੱਚੋਂ ਹਰ ਕੋਈ ‘ਪਹਿਲੇ ਮੈਂ’, ‘ਪਹਿਲੇ ਮੈਂ’, ਕਹਿ ਰਿਹਾ ਸੀ ਤੇ ਸ਼ੋਰ ਮਚਿਆ ਹੋਇਆ ਸੀ। ਇਤਨੇ ਨੂੰ ਇਕ ਸਿੰਘ ਨੇ , ਜੋ ਅਫਸਰ ਮਾਲੂਮ ਹੁੰਦਾ ਸੀ, ਕਿਹਾ ਕਿ ਮੇਰੀ ਗੱਲ ਸੁਣੋ। ਪਹਿਲਾ ਮੈਂ ਆਪਣਾ ਮੋਢਾ ਡਾਹੁੰਦਾ ਹਾਂ , ਮੇਰੇ ਪਿੱਛੋਂ ਦਹਿਣੇ ਵਾਲਾ ਸਿਪਾਹੀ ਤੇ ਉਸ ਪਿੱਛੋਂ ਉਸ ਦੇ ਬਾਏਂ ਵਾਲਾ। ਇਸ ਤਰ੍ਹਾਂ ਵਾਰੀ ਵਾਰੀ ਆਪਣਾ ਮੋਢਾ ਡਾਹੁੰਦੇ ਚਲੋ, ਜੋ ਗੁਰੂ ਨੂੰ ਭਾਵੇ। ਉਹਨਾਂ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕੀਤਾ ਤੇ ਵਾਰੀ ਵਾਰੀ ਮੋਢਾ ਡਾਹ ਕੇ ਤੋਪ ਦੇ ਧਮਾਕੇ ਨਾਲ ਦਸ ਗਿਆਰਾਂ ਆਦਮੀ ਫਨਾਹ ਹੋ ਗਏ ਪਰ ਤੋਪ ਚਲਾਉਂਦੇ ਗਏ।ਇਤਨੇ ਨੂੰ ਜਰਜਰੀ ਹੋਈ ਕਿਲ੍ਹੇ ਦੀ ਕੰਧ ਵਿੱਚ ਪਾੜ ਪੈ ਗਿਆ ਤੇ ਸਿੰਘ ਦੀਵਾਰ ਉੱਤੇ ਚੜ੍ਹ ਗਏ।

ਅੰਤ ਵਿਚ ਗੁਲਾਮ ਜੀਲਾਨੀ ਲਿਖਦਾ ਹੈ ਕਿ ਸਿੱਖਾਂ ਦੇ ਇਸ ਸਾਕੇ ਨੂੰ ਵੇਖ ਕੇ ਹੈਰਾਨ ਹੋ ਰਿਹਾ ਸਾਂ ਤੇ ਕਈ ਵਾਰੀ ਮੇਰਾ ਜੀ ਵੀ ਉਛਾਲੇ ਮਾਰਦਾ ਸੀ ਕਿ ਮੈਂ ਭੀ ਆਪਣਾ ਮੋਢਾ ਇਸ ਪਹੀਏ ਦੇ ਹੇਠਾਂ ਦੇ ਦੇਵਾਂ ਅਤੇ ਜੇ ਮੈਂ ਜੀਉਂਦਾ ਰਿਹਾ ਹਾਂ ਤਾਂ ਕਿ ਇਸ ਲਈ ਕਿ ਸਿੱਖਾਂ ਦੀ ਇਸ ਸੂਰਮਗਤੀ ਦੀ ਕਹਾਣੀ ਦੁਨੀਆਂ ਵਿਚ ਜੀਊਂਦਾ ਛੱਡ ਜਾਵਾਂ।

ਇਸ ਇਸ ਵੇਲੇ ਦੀ ਹੀ ਗੱਲ ਮਾਲੂਮ ਹੁੰਦੀ ਹੈ ਜਦ ਕਿ ਮੋਕਾ ਤਾੜ ਕੇ ਅਕਾਲੀ ਫੂਲਾ ਸਿੰਘ ਨਿਹੰਗ ਨੇ ਅਚਾਨਕ ਹੀ ਕਿਲ੍ਹੇ ਤੇ ਧਾਵਾ ਬੋਲਿਆ। ਨਵਾਬ ਮੁਜ਼ੱਫਰ ਖਾਨ ਆਪਣੇ ਪੁੱਤਰਾਂ ਸਮੇਤ ਮੁਕਾਬਲੇ ਲਈ ਆਇਆ ਪਰ ਖਾਲਸੇ ਦੀ ਤਲਵਾਰ ਦੇ ਸਾਹਮਣੇ ਪੇਸ਼ ਨਾ ਗਈ ਤੇ ਸਿੰਘ ਅਕਾਲ ਗੂੰਜਾਉਂਦੇ ਅੰਦਰ ਧਸਣੇ ਸ਼ੁਰੂ ਹੋ ਗਏ। ਮੁਜ਼ੱਫਰ ਖਾਨ ਆਪਣੇ ਪੰਜਾ ਪੁੱਤਰਾਂ ਸਮੇਤ ਲੜਦਾ ਮਾਰਿਆ ਗਿਆ। ਇਸ ਵੇਲੇ ਜਿਹੜੇ ਸੂਰਮੇ ਸਾਰਿਆਂ ਨਾਲੋਂ ਮੋਹਰੇ ਸਨ ਤੇ ਜੋ ਪਾੜ ਰਾਹੇ ਕਿਲ੍ਹੇ ਦੇ ਅੰਦਰ ਦਾਖਲ ਹੋਏ, ਉਹਨਾਂ ਵਿੱਚੋਂ ਇਕ ਸਰਦਾਰ ਸ਼ਾਮ ਸਿੰਘ ਭੀ ਸੀ।ਇਸ ਜੰਗ ਵਿੱਚ ਸਰਦਾਰ ਸ਼ਾਮ ਸਿੰਘ ਜ਼ਖਮੀ ਭੀ ਹੋ ਗਏ ਸਨ ਤੇ ਮੋਢੇ ਤੇ ਤਲਵਾਰ ਦਾ ਘਾਓ ਲੱਗਾ ਸੀ।ਨਵਾਬ ਮੁਜ਼ੱਫਰ ਖਾਨ ਦਾ ਵੱਡਾ ਪੁੱਤਰ ਸਰਫ਼ਰਾਜ ਖ਼ਾਨ ਤੇ ਇਕ ਛੋਟਾ ਜ਼ੁਲਫਿਕਾਰ ਖ਼ਾਨ ਜੰਗੀ ਕੈਦੀਆਂ ਦੀ ਹੈਸੀਅਤ ਵਿੱਚ ਲਾਹੌਰ ਪਹੁੰਚਾਏ ਗਏ ਤੇ ਮਹਾਰਾਜੇ ਨੇ ਉਹਨਾਂ ਦੇ ਗੁਜ਼ਾਰੇ ਲਈ ਪੈਨਸ਼ਨ ਤੇ ਜਾਗੀਰ ਦੇ ਦਿੱਤੀ। ਜਿਸ ਵੇਲੇ ਸੂਬਾ ਦੀ ਮੁਲਤਾਨ ਦੀ ਹਕੂਮਤ ਲਈ ਪ੍ਰਬੰਧ ਹੋਣਾ ਸ਼ੁਰੂ ਹੋਇਆ ਅਤੇ ਮਹਾਰਾਜਾ ਨੇ ਥਾਓਂ ਥਾਈ ਆਪਣੇ ਹਾਕਮ ਮੁਕੱਰਰ ਕੀਤੇ ਤਾਂ ਰੰਗਪੁਰ ਦਾ ਇਲਾਕਾ ਸਰਦਾਰ ਸ਼ਾਮ ਸਿੰਘ ਦੇ ਸਪੁਰਦ ਕੀਤਾ ਗਿਆ।

ਅਹਿਮਦਪੁਰ ਵਿੱਚ ਸਰਦਾਰ ਦੇਸਾ ਸਿੰਘ ਮਜੀਠੀਏ ਤੇ ਤਲੰਬੇ ਵਿੱਚ ਖਾਲਸਾ ਫ਼ਤਹਿ ਸਿੰਘ ਆਹਲੂਵਾਲੀਏ ਦੇ ਠਾਣੇ ਨੀਯਤ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,