ਖਾਸ ਲੇਖੇ/ਰਿਪੋਰਟਾਂ

ਗੁਰੁ ਰਾਮਦਾਸ ਸਰਾਂ ਕਿਓਂ ਰੜਕਦੀ ਹੈ ਸ਼੍ਰੋਮਣੀ ਕਮੇਟੀ-ਮਾਲਕਾਂ ਦੀ ਅੱਖ ’ਚ?

August 2, 2021 | By

5 ਵਰਿਆਂ ਦੀ ਸੰਗਤੀ ਚੁੱਪ ਨੂੰ ਦੇਖ ਕੇ ਸ਼ਰੋਮਣੀ ਕਮੇਟੀ ਨੇ ਗੁਰੂ ਰਾਮ ਦਾਸ ਸਰਾਂ ਨੂੰ ਬੇਤੁਕੇ ਬਹਾਨੇ ਨਾਲ ਢਾਹੁਣ ਦਾ ਫੈਸਲਾ ਕਰ ਦਿੱਤਾ ਹੈ।ਹਾਲਾਂਕਿ 5 ਸਾਲ ਪਹਿਲਾਂ ਵੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਤੋਂ ਸਰਾਂ ਤੇ ਪੰਜ ਹੱਥੌੜਿਆਂ ਦੀ ਸੱਟ ਮਰਵਾ ਕੇ ਸਰਾਂ ਢਾਹੁਣ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਸੀ।ਪਰ ਸੰਗਤਾਂ ਦੇ ਰੋਹ ਦੀ ਸ਼ਿੱਦਤ ਚੈਕ ਕਰਨ ਵਾਸਤੇ ਵਕਤੀ ਤੌਰ ਤੇ ਢੁਹਾਈ ਦਾ ਕੰਮ ਰੋਕ ਦਿੱਤਾ। 30 ਜੂਨ 2016 ਦੇ ਰੋਜ਼ਾਨਾ ਪਹਿਰੇਦਾਰ ਚ ਇਸ ਬਾਰੇ ਇੱਕ ਆਰਟੀਕਲ ਛਪਿਆ ਸੀ ਜੋ ਪਾਠਕਾਂ ਵਾਸਤੇ ਮੁੜ ਪੇਸ਼ ਹੈ। 

ਗੁਰੁ ਰਾਮਦਾਸ ਸਰਾਂ ਢਾਹੁਣ ਵਰਗੇ ਫੈਸਲੇ ਚੁੱਪ ਗੜੁੱਪ ਕਿਉਂ ?

29 ਜੂਨ 2016 , ਗੁਰਪ੍ਰੀਤ ਸਿੰਘ ਮੰਡਿਆਣੀ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਰਾਸਤ ਅਤੇ ਸਿੱਖ ਇਤਿਹਾਸਕ ਨਿਸ਼ਾਨੀਆਂ ਤਬਾਹ ਕਰਨ ਚ ਇਨੀ ਤੇਜ਼ੀ ਫੜੀ ਹੈ ਜਿਵੇਂ ਕਿ ਉਹ ਇਹ ਸਾਰਾ ਕੰਮ 2017 ਚੜਨ ਤੋਂ ਪਹਿਲਾਂ ਪਹਿਲਾਂ ਹੀ ਮੁਕਾਉਣਾ ਚਾਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਮਾਲਕ ਸ਼ਾਇਦ ਇਹ ਸਮਝ ਰਹੇ ਨੇ ਕਿ ਸੂਬਾਈ ਸਰਕਾਰ ਬਦਲਣ ਤੋਂ ਬਾਅਦ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਵੀ ਜਾਂਦਾ ਰਹੇ। ਇਸੇ ਖਦਸ਼ੇ ਦੇ ਮੱਦੇਨਜ਼ਰ ਆਪਦੇ ਉਪਰਲੇ ਮਾਲਕਾਂ ਤੋਂ ਵਾਹ ਵਾਹ ਲੈਣ ਦੀ ਖਾਤਰ ਸ਼੍ਰੋਮਣੀ ਕਮੇਟੀ ਦੇ ਮਾਲਕ ਇਹ ਕੰਮ ਇਸੇ ਸਾਲ ‘ਚ ਹੀ ਵੱਧ ਤੋਂ ਵੱਧ ਸਿਰੇ ਚੜਾਉਣ ਦੀ ਸੋਚ ਰਹੇ ਹੋਣ। ਜੂਨ ਚੁਰਾਸੀ ਦੇ ਘੱਲੂਘਾਰੇ ਦੇ ਗਵਾਹ ਵਜੋਂ  ਧੁੰਆਖੇ ਖੜੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਰੰਗ ਰੋਗਨ ਦੇ ਬਹਾਨੇ ਦਿੱਖ ਮੇਟਣਾ, ਦਰਬਾਰ ਸਾਹਿਬ ਦੇ ਮਗਰਲੇ ਪਾਸੇ ਸੋਨੇ ਦੀ ਛੱਤ ਪਾ ਕੇ ਦਰਬਾਰ ਸਾਹਿਬ ਦੇ ਮੂਲ ਨਕਸ਼ੇ ਨੂੰ ਖਰਾਬ ਕਰਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਘੱਲੂਘਾਰੇ ਦੇ ਵੱਡੇ ਇਤਿਹਾਸ ਹਿੱਸੇ ਨੂੰ ਸਾਂਭੀ ਬੈਠੀ ਗੁਰੁ ਰਾਮਦਾਸ ਸਰਾਂ ਨੂੰ ਮਲੀਆਮੇਟ ਕਰਨ ਦੀ ਤਿਆਰੀ ਹੋ ਚੁੱਕੀ ਹੈ। 

ਗੁਰੁ ਰਾਮਦਾਸ ਸਰਾਂ ਵਿੱਚ ਘੱਲੂਘਰੇ ਮੌਕੇ ਹਜ਼ਾਰਾਂ ਸੰਗਤਾਂ ਨੂੰ ਫੌਜ ਨੇ ਸ਼ਹੀਦ ਕੀਤਾ। ਉੱਘੇ ਅਕਾਲੀ ਰਹੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਇੱਕ ਟੀ. ਵੀ. ਚੈਨਲ ਇੰਟਰਵਿਊ ‘ਚ ਦੱਸਿਆ ਕਿ ਮੇਰੇ ਸਾਹਮਣੇ ਫੌਜ ਨੇ ਗੋਲੀਆਂ ਦੀ ਵਾਛੜ ਨਾਲ ਸਿੱਖ ਮੁੰਡਿਆਂ ਦੀ ਇਓਂ ਢੇਰੀਆਂ ਲਾਈਆਂ ਜਿਵੇਂ ਪੱਠੇ ਵੱਢਣ ਤੋਂ ਬਾਅਦ ਸੱਥਰ ਵਿਛੇ ਹੁੰਦੇ ਆ। ਇਥੇ ਹੀ ਸਰਾਂ ਦੇ ਵੇਹੜੇ ਵਿੱਚ ਬੈਠੀਆਂ ਸੰਗਤਾਂ ਤੇ ਬੰਬ ਸਿੱਟੇ ਗਏ। ਇਥੇ ਹੀ ਫੌਜ ਨੇ ਵੱਖ ਵੱਖ ਤਰੀਕਿਆਂ ਨਾਲ ਤੜਫ ਰਹੀਆ ਸੰਗਤਾਂ ਨੁੰ ਜਲੀਲ ਕੀਤਾ। ਸਰਾਂ ਵਿੱਚ ਸ਼ਹੀਦ ਹੋਣ ਵਾਲੀਆਂ ਸੰਗਤਾਂ ਦੀ ਵੱਖਰੀ ਗੱਲ ਇਹ ਸੀ ਇਨਾ ਵਿੱਚ ਕੋਈ ਹਥਿਆਰਬੰਦ ਲੜਾਕਾ ਨਹੀਂ ਸੀ। ਸਰਾਂ ਇਸ ਗੱਲ ਗਵਾਹ ਹੈ ਕਿ ਇਥੇ ਨਿਹੱਥੇ ਸਿੰਘਾਂ ਸਿੰਘਣੀਆਂ ਨੂੰ ਤੜਫਾ ਕੇ ਮਾਰਿਆ। ਸਰਾਂ ਦੇ ਮੁੱਖ ਗੇਟ ਦੇ ਸੱਜੇ ਪਾਸੇ ਨਾਲ ਦੇ ਕਮਰੇ ਵਿੱਚ ਲਗਭਗ 50-60 ਬੰਦਿਆ ਨੂੰ ਤਾੜ ਦਿੱਤਾ। ਅੱਤ ਦੀ ਗਰਮੀ ਵਿੱਚ ਪਿਆਸ ਅਤੇ ਹੁੰਮਸ ਨਾਲ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਬੰਦੇ ਫੌਤ ਹੋ ਗਏ। ਇਹ ਕਲਕੱਤੇ ਦੇ ਬਲੈਕ ਹੋਲ ਘਟਨਾ ਤੋਂ ਛੋਟੀ ਨਹੀਂ ਹੈ। ਉਥੇ ਵੀ ਪਲਾਸੀ ਦੀ ਲੜਾਈ ਵਿੱਚ ਲਗਭਗ 150 ਸਿਪਾਹੀ ਏਵੇਂ ਹੀ ਮੋਏ ਗਏ ਸੀ। ਇਹ ਥਾਂ ਅੱਜ ਵੀ ਯਾਦਗਾਰ ਵਜੋਂ ਸਾਂਭੀ ਗਈ ਹੋਈ ਹੈ ਅਤੇ ਇਹਦੀ ਮਿਸਾਲ ਇੰਟਰਨੈਸ਼ਨਲ ਇਤਿਹਾਸ ਵਿੱਚ ਬੜੀ ਉੱਘੀ ਹੈ। ਚਾਹੀਦਾ ਤਾਂ ਇਹ ਸੀ ਕਿ ਸਰਾਂ ਵਿੱਚ ਘੱਲੂਘਾਰੇ ਦੀ ਯਾਦ ਵਿੱਚ ਕੋਈ ਮਿਊਜ਼ੀਅਮ ਬਣਾਇਆ ਜਾਂਦਾ ਜਾਂ ਘੱਟੋ ਘੱਟ ਇੱਕ ਬੋਰਡ ਲਾ ਕੇ ਦੱਸਿਆ ਜਾਂਦਾ ਕਿ ਇਸ ਸਰਾਂ ਵਿੱਚ ਚੁਰਾਸੀ ਦੇ ਸਾਕਾ ਨੀਲਾ ਤਾਰਾ ਘੱਲੂਘਾਰਾ ਦੌਰਾਨ ਸਿੱਖਾਂ ਨਾਲ ਇਹ ਬੀਤੀ ਪਰ ਸ਼੍ਰੋਮਣੀ ਕਮੇਟੀ ਉਲਟਾ ਸਰਾਂ ਹੀ ਮਲੀਆਮੇਟ ਕਰਨ ਲੱਗੀ ਹੈ।ਸ਼੍ਰੋਮਣੀ ਕਮੇਟੀ ਦੇ ਮਾਲਕਾਂ ਦੇ ਮਾਲਕ ਨਹੀਂ ਚਾਹੁੰਦੇ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚਸਾਕਾ ਨੀਲਾ ਤਾਰਾ ਨੂੰ ਚੇਤੇ ਕਰਵਾਉਂਦੀ ਕੋਈ ਨਿਸ਼ਾਨੀ ਬਚੇ। 

ਸ਼੍ਰੋਮਣੀ ਕਮੇਟੀ ਵੱਲੋਂ ਇਹ ਸਫਾਈ ਦਿੱਤੀ ਗਈ ਕਿ ਸਰਾਂ ਦੀ ਇਮਾਰਤ ਹੁਣ ਖਸਤਾ ਹੋ ਚੁੱਕੀ ਹੈ ਇਸ ਲਈ ਇਹਨੂੰ ਢਾਹੁਣਾ ਜ਼ਰੂਰੀ ਹੇ। ਇਸ ਸਫਾਈ ਵਿੱਚ ਕੋਈ ਦਮ ਨਹੀਂ ਹੈ। 1931 ਵਿੱਚ ਬਣੀ ਇਹ ਇਮਾਰਤ ਨਵੀਂਆਂ ਬਣੀਆਂ ਸਰਾਵਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੈ। ਸਾਨੁੰ ਪਤਾ ਹੈ ਕਿ ਫਲਾਣੀ ਫਲਾਣੀ ਥਾਂ ਤੇ ਬਣੀਆਂ ਪੁਰਾਣੀਆਂ ਇਮਾਰਤਾਂ ਤੇ ਪੁਲ ਨਵਿਆਂ ਨਾਲੋਂ ਕਿਤੇ ਵੱਧ ਮਜ਼ਬੂਤ ਨੇ। ਬੀਤੇ ਸਮੇਂ ਵਿੱਚ ਇੱਕ ਵੀ ਖਬਰ ਇਸ ਕਿਸਮ ਦੀ ਨਹੀਂ ਦੇਖੀ ਕਿ ਗੁਰੁ ਰਾਮਦਾਸ ਦੀ ਛੱਤ ਚੋਣ ਲੱਗ ਪਈ ਜਾਂ ਫਲਾਣੇ ਥਾਂ ਤੋਂ ਕੋਈ ਪਲੱਸਤਰ ਜਾਂ ਕੋਈ ਉਖੜ ਗਈ ਹੈ। ਇਹਦੇ ਨਾਲ ਹੀ ਦਰਬਾਰ ਸਾਹਿਬ ਦੀ ਸਦੀਆਂ ਪੁਰਾਣੀ ਇਮਾਰਤ ਜਿਓਂ ਦੀ ਤਿਓਂ ਹੈ। ਖਲਾਸਾ ਕਾਲਜ ਅੰਮ੍ਰਿਤਸਰ, ਮਹਿੰਦਰਾ ਕਾਲਜ ਪਟਿਆਲਾ ਅਤੇ ਹੋਰ ਬਹੁਤ ਸਾਰੀਆ ਸਦੀਆਂ ਪੁਰਾਣੀਆਂ ਇਮਾਰਤਾਂ ਸਾਨੋ ਸ਼ੌਕਤ ਨਾਲ ਖੜੀਆਂ ਹਨ। ਦੇਸ਼ ਦੇ ਸਾਰੇ ਰੇਲਵੇ ਸਟੇਸ਼ਨ ਸਦੀਆਂ ਪੁਰਾਣੇ ਨੇ। ਨਾਲੇ ਕਿਤੇ ਮੁਰੰਮਤ ਦੀ ਲੋੜ ਹੈ ਉਥੇ ਮੁਰੰਮਤ ਕੀਤੀ ਜਾ ਸਕਦੀ ਹੈ। ਗੁਰੁ ਰਾਮਦਾਸ ਦੀਆਂ ਕੰਧਾਂ ਨਵੀਆਂ ਸਰਾਵਾਂ ਨਾਲੋਂ ਦੁਗਣੀਆਂ ਮੋਟੀਆਂ ਨੇ। ਸੋ ਇਮਾਰਤ ਖਸਤਾ ਮਾੜਾ ਮੋਟਾ ਸਬੂਤ ਤਾਂ ਸ਼੍ਰੋਮਣੀ ਕਮੇਟੀ ਨੂੰ ਦੇਣਾ ਚਾਹੀਦਾ ਹੈ। ਗੁਰੂ ਰਾਮਦਾਸ ਇਮਾਰਤ ਢਾਹ ਕੇ ਏਥੇ ਨਵੀਂ ਸਰਾਂ ਬਣਾਉਣ ਦੀ ਕਾਰਸੇਵਾ ਬਾਬਾ ਕਸ਼ਮੀਰਾ ਜੀ ਨੂੰ ਦਿੱਤੀ ਹੈ। 2 ਜੁਲਾਈ 2016 ਨੂੰ ਸਰਾਂ ਨੁੰ ਢਾਹੁਣ ਦਾ ਕੰਮ ਸ਼ੁਰੂ ਕੀਤਾ  ਜਾਣਾ ਹੈ। ਇਸ ਤੋਂ ਪਹਿਲਾਂ ਕਾਰਸੇਵਾ ਵਾਲੇ ਬਾਬਿਆਂ ਨੇ ਕਾਰਸੇਵਾ ਦੀ ਆੜ ਵਿੱਚ ਹੇਠ ਬੇਸ਼ਕੀਮਤੀ ਸਿੱਖ ਇਤਿਹਾਸ ਤੇ ਵਿਰਾਸਤ ਤਬਾਹ ਕੀਤੀ ਹੈ। ਸਰਹੰਦ ਦਾ ਠੰਢਾ ਬੁਰਜ, ਚਮਕੌਰ ਸਾਹਿਬ ਦੀ ਗੜੀ, ਤੇ ਅਨੰਦਪੁਰ ਸਾਹਿਬ ਵਿੱਚ ਗੁਰੁ ਤੇਗ ਬਹਾਦਰ ਜੀ ਨਾਲ ਕਸ਼ਮੀਰੀ ਪੰਡਤਾਂ ਨਾਲ ਹੋਈ ਮੁਲਾਕਾਤ ਵਾਲਾ ਥੜਾ ਤੇ ਹੋਰ ਬਹੁਤ ਕੁਝ ਕਾਰਸੇਵਾ ਦੀ ਆੜ ਵਿੱਚ ਢਾਹਿਆ ਜਾ ਚੁੱਕਾ ਹੈ। ਆਮ ਤੌਰ ਤੇ ਸੁਚੇਤ ਸਿੱਖ ਇਸਦਾ ਕਸੂਰ ਕਾਰਸੇਵਾ ਵਾਲੇ  ਬਾਬਿਆਂ ਸਿਰ ਮੜਦੇ ਹਨ। ਪਰ ਅਸਲੀ ਕਸੂਰ ਤਾਂ ਉਨਾਂ ਦਾ ਹੈ ਜਿੰਨਾਂ ਨੇ ਬਾਬਿਆਂ ਨੂੰ ਇਸ ਤਬਾਹੀ ਦੀ ਜਿੰਮੇਵਾਰੀ ਦਿੱਤੀ ਹੈ। 

ਆਮ ਖਿਆਲ ਕੀਤਾ ਜਾਂਦਾ ਹੈ ਕਿ ਦਰਸ਼ਣ ਡਿਉੜੀ ਨੂੰ ਲੱਗੇ ਚਾਂਦੀ ਦੇ ਦਰਵਾਜ਼ੇ ਸੋਮਨਾਥ ਮੰਦਿਰ ਦੇ ਹਨ। ਜਦੋਂ ਵਿਦੇਸ਼ ਧਾੜਵੀ ਇਹ ਦਰਵਾਜ਼ੇ ਹਿੰਦੋਸਤਾਨ ‘ਚੋਂ ਲੁੱਟ ਕੇ ਲਿਜਾ ਰਹੇ ਸਨ ਤਾਂ ਸਿੱਖਾਂ ਨੇ ਇਹ ਦਰਵਾਜ਼ੇ ਖੋਹ ਕੇ ਦਰਸ਼ਣੀ ਡਿਉੜੀ ਨੂੰ ਲਾ ਦਿੱਤੇ। ਭਾਵੇਂ ਇਹਦੇ ‘ਚ ਕੋਈ ਇਤਿਹਾਸਕ ਸਚਾਈ ਸੀ ਜਾਂ ਨਹੀਂ ਪਰ ਸ਼੍ਰੋਮਣੀ ਕਮੇਟੀ ਦੇ ਮਾਲਕਾਂ ਦੇ ਮਾਲਕਾਂ ਨੂੰ ਇਹ ਗੱਲ ਚੁੱਭਦੀ ਆਉਂਦੀ ਸੀ। 1978 ‘ਚ ਜਦੋਂ ਮੁਲਕ ਦਾ ਪ੍ਰਧਾਨ ਮੰਤਰੀ ਮੁਰਾਰਜੀ ਦਿਸਾਈ ਜਦੋਂ ਦਰਬਾਰ ਸਾਹਿਬ ਆਇਆ ਤਾਂ ਕਮੇਟੀ ਵੱਲੋਂ ਉਹਨੁੰ ਏਹੀ ਦੱਸਿਆ ਗਿਆ ਕਿ ਇਹ ਦਰਵਾਜ਼ੇ ਸੋਮਨਾਥ ਵਾਲੇ ਹੀ ਨੇ ਤਾਂ ਪ੍ਰਧਾਨ ਮੰਤਰੀ ਨੇ ਝੱਟ ਕਿਹਾ ਕਿ ਜੇ ਇਹ ਗੱਲ ਹੈ ਤਾਂ ਦਰਵਾਜ਼ੇ ਸੋਮਨਾਥ ਮੰਦਰ ਨੂੰ ਵਾਪਸ ਮੋੜੋ। ਉਦੋਂ ਦਰਵਾਜ਼ੇ ਤਾਂ ਮੋੜੇ ਨਹੀਂ ਗਏ ਕਿਉਂਕਿ ਸ਼੍ਰੋਮਣੀ ਦੇ ਮਾਲਕ ਅੱਜ ਵਾਲੇ ਨਹੀਂ ਸੀਗੇ ਦੂਜਾ ਉਸ ਵੇਲੇ ਦੇ ਮਾਲਕਾਂ ਉਤੇ ਕੋਈ ਹੋਰ ਮਾਲਕ ਨਹੀਂ ਸੀ। 2004 ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮਾਲਕ ਉਹ ਬਣ ਗਏ ਜਿਨਾਂ ਉੱਪਰ ਹੋਰ ਮਾਲਕ ਸੀ। ਸ਼੍ਰੋਮਣੀ ਕਮੇਟੀ ਨੇ 2007 ਵਿੱਚ ਮੁਰੰਮਤ ਦੇ ਪੱਜ ਹੇਠ ਇਹ ਦਰਵਾਜ਼ੇ ਲਾਹ ਲਏ। ਉਦੋਂ ਵੀ ਪੰਥਕ ਧਿਰਾਂ ਨੇ ਇਹ ਖਦਸ਼ਾ ਜਾਹਿਰ ਕੀਤਾ ਕਿ ਇਹ ਦਰਵਾਜ਼ੇ ਇਥੇ ਮੁੜ ਨਹੀਂ ਲੱਗਣੇ ਜੇਹੜੇ ਅੱਜ ਤੱਕ ਲੱਗੇ ਵੀ ਨਹੀਂ। ਸ਼੍ਰੋਮਣੀ ਕਮੇਟੀ ਨੇ ਇਸ ਕੰਮ ਲਈ ਆਪਦੀ ਜਵਾਬਦੇਹੀ ਤੋਂ ਬਚਣ ਖਾਤਰ ਇੱਕ ਹੋਰ ਸੇਫ ਰਾਹ ਚੁਣਿਆ। ਇਸ ਕਮਮ ਲਈ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਨਾਮ ਇਹ ਹੁਕਮ ਜਾਰੀ ਕੀਤਾ ਗਿਆ ਕਿ ਖਸਤਾ ਹੋਏ ਦਰਵਾਜ਼ਿਆਂ ਦੀ ਮੁਰੰਮਤ ਕੀਤੀ ਜਾਵੇ। ਹਾਲਾਂਕਿ ਮੁਰੰਮਤ ਕਰਨਾ ਸ਼੍ਰੋਮਣੀ ਕਮੇਟੀ ਦੇ ਅਖਤਿਆਰ ਵਿੱਚ ਸੀ ਏਹਦੇ ‘ਚ ਅਕਾਲ ਤਖਤ ਦੇ ਹੁਕਮ ਦੀ ਕੋਈ ਲੋੜ ਨਹੀਂ ਸੀ। ਪਰ ਸਿੱਖ ਸੰਗਤਾਂ ਦੇ ਗੁੱਸੇ ਨੁੰ ਅਕਾਲ ਤਖਤ ਦੇ ਹੁਕਮਾਂ ਹੇਠ ਦੱਬਣ ਲਈ ਇਹ ਰਾਹ ਚੁਣਿਆ ਗਿਆ। ਪਰ ਜਦੋਂ ਸਾਲ ਦਰ ਸਾਲ ਲੰਘਣ ਦੇ ਬਾਵਜੂਦ ਸਿੱਖ ਸੰਗਤਾਂ ਨੇ ਦਰਵਾਜ਼ਿਆਂ ਬਾਰੇ ਪੁੱਛ ਪ੍ਰਤੀਤ ਨਾ ਕੀਤੀ ਤਾਂ ਸ਼੍ਰੋਮਣੀ ਕਮੇਟੀ ਹੋਰ ਹੌਸਲੇ ਚ ਹੋ ਗਈ ਗਈ ਤੇ ਫੇਰ ਹੁਕਮਨਾਮੇ ਦੀ ਵੀ ਲੋੜ ਨਾ ਸਮਝਣ ਲੱਗੀ ਫੇਰ ਚੁੱਪ  ਚੁਪੀਤੇ ਸੋਨੇ ਦੀ ਛੱਤ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਫੈਸਲਿਆ ਤੋਂ ਬਾਅਦ ਸਰਾਂ ਢਾਹੁਣ ਤੁਰ ਪਈ।

ਇਹਤੋਂ ਬਾਅਦ ਉਹ ਤਖਤ ਕੇਸਗੜ ਸਾਹਿਬ ਦੀ ਇਮਾਰਤ ਢਾਹੁਣ ਦੀ ਤਿਆਰੀ ਵਿੱਚ ਹੈ। ਜੇ ਸਿੱਖ ਸੰਗਤਾਂ ਹੁਣ  ਵੀ ਨਾ ਬੋਲੀਆਂ ਤਾਂ ਸ਼੍ਰੋਮਣੀ ਕਮੇਟੀ ਬਾਕੀ ਬਚਦੀ ਸਿੱਖ ਵਿਰਾਸਤ ਨੂੰ ਤਬਾਹ ਕਰ ਸਕਦੀ ਹੈ। ਕੇਸਗੜ ਸਾਹਿਬ ਦੀ ਮਜ਼ਬੂਤੀ ਕਰਨ ਦੇ ਨਾਂਅ ਥੱਲੇ ਢਾਹੁਣ ਦਾ ਮਤਾ  ਸ਼੍ਰੋਮਣੀ ਕਮੇਟੀ ਦੀ ਕਾਰਜ਼ਕਰਨੀ 22 ਅਗਸਤ 2015 ਨੂੰ ਪਾਸ ਕਰ ਚੁੱਕੀ ਹੈ। ਕੌਮੀ ਵਿਰਸਤ ਤੇ ਇਤਿਹਾਸ ਮੁੱਤਲਕ ਸੰਵੇਦਨਸ਼ੀਲ ਮਸਲੇ ਇੱਕ ਖਰੜੇ ਦੀ ਸ਼ਕਲ ‘ਚ ਪਹਿਲਾਂ ਕੌਮ ਸਾਹਮਣੇ ਪੇਸ਼ ਕਰਨੇ ਚਾਹੀਦੇ ਨੇ ਕੌਮ ਨੂੰ ਆਪਣੀ ਰਾਏ ਦੇਣ ਦਾ ਮੌਕਾ ਦੇਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਸਿੱਖ ਕੌਮ ਕਮੇਟੀ ਚੁੱਪ ਗੜੁੱਪ ਫੈਸਲੇ ਕਰ ਲਵੇ ਤੇ ਕੌਮ ਨੂੰ ਉਦੋਂ ਹੀ ਪਤਾ ਲੱਗੇ ਜਦੋਂ ਕਾਰ ਸੇਵਾ ਵਾਲੇ ਗੈਂਤੀਆਂ ਲੈ ਆ ਖੜਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,