ਚੋਣਵੀਆਂ ਲਿਖਤਾਂ » ਲੇਖ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਵੇਂ ਹੁੰਦੀਆਂ ਹਨ?

April 12, 2021 | By

ਸ. ਜਗਤਾਰ ਸਿੰਘ ਦੀ “ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਵੇਂ ਹੁੰਦੀਆਂ ਹਨ?” ਲ਼ਿਖਤ ਅਜੀਤ ਅਖਬਾਰ ਵਿੱਚ 12/04/2021 ਨੂੰ ਛਪੀ ਸੀ। ਅਸੀਂ ਇੱਥੇ ਪਾਠਕਾਂ ਲਈ ਮੁੜ ਤੋਂ ਸਾਂਝਾ ਕਰ ਰਹੇ ਹਾਂ

ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਸਮੇਤ ਵਿੱਦਿਅਕ ਅਦਾਰਿਆਂ ਦਾ ਪ੍ਰਬੰਧ ਸੰਭਾਲਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 25 ਅਪ੍ਰੈਲ 2021 ਨੂੰ ਹੋਣਗੀਆਂ, ਜਿਸ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ। ਦਿੱਲੀ ਗੁਰਦੁਆਰਾ ਐਕਟ-1971 ਲਾਗੂ ਹੋਣ ਤੋਂ ਬਾਅਦ ਹੁਣ 8ਵੀਂ ਵਾਰੀ ਦਿੱਲੀ ਗੁਰਦੁਆਰਾ ਚੋਣਾਂ ਹੋ ਰਹੀਆਂ ਹਨ ਅਤੇ 25 ਅਪ੍ਰੈਲ, 2021 ਨੂੰ ਦਿੱਲੀ ਦੇ ਸਿੱਖ ਵੋਟਰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਦੇ ਹੋਏ ਦਿੱਲੀ ਦੇ 46 ਚੋਣ ਹਲਕਿਆਂ ਲਈ ਨੁਮਾਇੰਦੇ ਚੁਣਨਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤ ਸਰਕਾਰ ਵਲੋਂ ਦਿੱਲੀ ਗੁਰਦੁਆਰਾ ਐਕਟ-1971 ਦੀ ਧਾਰਾ 3 ਦੇ ਤਹਿਤ ਸਥਾਪਿਤ ਕੀਤੀ ਗਈ ਹੈ ਅਤੇ ਕਮੇਟੀ ਦਾ ਮੁੱਖ ਕਾਰਜ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਕਮੇਟੀ ਅਧੀਨ ਵਿੱਦਿਅਕ ਅਦਾਰਿਆਂ ਦੀ ਸੇਵਾ-ਸੰਭਾਲ ਕਰਨਾ ਹੈ। ਜਦੋਂ ਦਿੱਲੀ ਗੁਰਦੁਆਰਾ ਐਕਟ ਲਾਗੂ ਹੋਇਆ ਸੀ ਤਾਂ ਉਸ ਦੇ ਨਿਯਮਾਂ ਦੀ ਪਾਲਣਾ ਤਹਿਤ 30 ਮਾਰਚ, 1975 ਨੂੰ ਪਹਿਲੀ ਵਾਰੀ ਦਿੱਲੀ ਗੁਰਦੁਆਰਾ ਚੋਣਾਂ ਕਰਵਾਈਆਂ ਗਈਆਂ ਸਨ ਅਤੇ 28 ਅਪ੍ਰੈਲ, 1975 ਨੂੰ ਪਹਿਲੀ ਵਾਰੀ ਦਿੱਲੀ ਗੁਰਦੁਆਰਾ ਕਮੇਟੀ ਹੋਂਦ ਵਿਚ ਆਈ ਸੀ।

ਚੋਣਾਂ ਦਾ ਸਮਾਂ

ਦਿੱਲੀ ਗੁਰਦੁਆਰਾ ਐਕਟ ਮੁਤਾਬਿਕ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਵਿਭਾਗ ਵਲੋਂ ਹਰ 4 ਸਾਲ ਬਾਅਦ ਆਮ ਚੋਣਾਂ ਕਰਵਾਏ ਜਾਣ ਦਾ ਨਿਯਮ ਹੈ। ਇਸੇ ਨਿਯਮ ਮੁਤਾਬਿਕ ਅਪ੍ਰੈਲ 2021 ‘ਚ ਆਮ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਪਿਛਲੀਆਂ ਆਮ ਚੋਣਾਂ 2017 ‘ਚ ਹੋਈਆਂ ਸਨ। ਇਸ ਵਾਰੀ ਗੁਰਦੁਆਰਾ ਚੋਣਾਂ ਤੈਅ ਸਮੇਂ ‘ਤੇ ਹੀ ਹੋ ਰਹੀਆਂ ਹਨ ਜਦਕਿ ਪਹਿਲਾਂ ਕਈ ਕਾਰਨਾਂ ਕਰਕੇ ਅਕਸਰ ਹੀ ਗੁਰਦੁਆਰਾ ਚੋਣਾਂ ‘ਚ ਦੇਰੀ ਹੁੰਦੀ ਰਹੀ ਹੈ। ਇਹੀ ਕਾਰਨ ਹੈ ਕਿ ਹਰ 4 ਸਾਲ ਬਾਅਦ ਆਮ ਚੋਣਾਂ ਕਰਵਾਏ ਜਾਣ ਦੇ ਨਿਯਮ ਮੁਤਾਬਿਕ ਜਿਹੜੀਆਂ ਚੋਣਾਂ ਹੁਣ ਤੱਕ 12 ਵਾਰੀ ਹੋ ਸਕਦੀਆਂ ਸਨ, ਉਹ ਹਾਲੇ ਤੱਕ ਸਿਰਫ 7 ਵਾਰੀ ਹੀ ਹੋ ਸਕੀਆਂ ਹਨ। ਦਿੱਲੀ ਗੁਰਦੁਆਰਾ ਐਕਟ -1971 ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰੀ 1975 ‘ਚ ਆਮ ਚੋਣਾਂ ਹੋਈਆਂ ਸਨ ਫਿਰ 4 ਸਾਲ ਦੇ ਨਿਯਮ ਮੁਤਾਬਿਕ 1979 ‘ਚ ਦੂਜੀ ਵਾਰ ਚੋਣਾਂ ਕਰਵਾਈਆਂ ਗਈਆਂ। ਪ੍ਰੰਤੂ ਇਸ ਤੋਂ ਬਾਅਦ ਤੀਜੀਆਂ ਚੋਣਾਂ ਲਈ 16 ਸਾਲ ਦੀ ਉਡੀਕ ਕਰਨੀ ਪਈ ਭਾਵ ਤੀਜੀ ਵਾਰ ਆਮ ਚੋਣਾਂ 1995 ‘ਚ ਹੋਈਆਂ ਸਨ। ਇਸ ਤੋਂ ਬਾਅਦ 2002, 2007, 2013, 2017 ‘ਚ ਆਮ ਚੋਣਾਂ ਹੋਈਆਂ ਸਨ ਅਤੇ ਹੁਣ 2021 ‘ਚ ਚੋਣਾਂ ਹੋ ਰਹੀਆਂ ਹਨ।

46 ਹਲਕਿਆਂ ਵਿਚ ਵੰਡ

ਤਕਰੀਬਨ 50 ਸਾਲ ਪਹਿਲਾਂ ਐਕਟ ਮੁਤਾਬਿਕ ਗੁਰਦੁਆਰਾ ਚੋਣਾਂ ਲਈ ਪੂਰੀ ਦਿੱਲੀ ਨੂੰ 46 ਹਲਕਿਆਂ ‘ਚ ਵੰਡਿਆ ਗਿਆ ਸੀ ਅਤੇ ਹੁਣ ਵੀ ਦਿੱਲੀ ਦੇ ਸਿੱਖ ਵੋਟਰ ਆਪਣੀਆਂ ਵੋਟਾਂ ਰਾਹੀਂ 46 ਨੁਮਾਇੰਦਿਆਂ ਦੀ ਚੋਣ ਕਰਨਗੇ। ਹਾਲਾਂਕਿ ਸਮੇਂ ਦੇ ਨਾਲ-ਨਾਲ ਸਿੱਖਾਂ ਦੀ ਆਬਾਦੀ ਦੇ ਹਿਸਾਬ ਨਾਲ ਇਨ੍ਹਾਂ ਸਾਰੇ 46 ਚੋਣ ਹਲਕਿਆਂ ‘ਚ ਕੁਲ ਵੋਟਾਂ ਸਬੰਧੀ ਕਾਫੀ ਫ਼ਰਕ ਆ ਚੁੱਕਾ ਸੀ, ਕਿਸੇ ਹਲਕੇ ‘ਚ ਸਿਰਫ 1500 ਵੋਟਰ ਸਨ ਜਦ ਕਿ ਕਿਸੇ ਹੋਰ ਹਲਕੇ ‘ਚ ਵੋਟਰਾਂ ਦੀ ਗਿਣਤੀ 35 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਸੀ। ਇਸੇ ਕਰਕੇ ਤਕਰੀਬਨ 5 ਸਾਲ ਪਹਿਲਾਂ ਇਨ੍ਹਾਂ ਸਾਰੇ ਹਲਕਿਆਂ ਦੀ ਮੁੜ ਤੋਂ ਹੱਦਬੰਦੀ ਕਰਕੇ ਸਾਰਿਆਂ ਨੂੰ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਲਗਪਗ ਬਰਾਬਰੀ ‘ਤੇ ਲਿਆਂਦਾ ਗਿਆ ਹੈ। ਹਾਲਾਂਕਿ ਕੁਝ ਹਲਕਿਆਂ ‘ਚ ਇਸ ਵਾਰੀ ਵੀ ਥੋੜ੍ਹਾ ਜਿਹਾ ਬਦਲਾਅ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸਬੰਧਿਤ ਆਗੂਆਂ ਵਲੋਂ ਸਵਾਲ ਵੀ ਉਠਾਏ ਗਏ ਸਨ।

ਕਮੇਟੀ ਮੈਂਬਰਾਂ ਦੀ ਗਿਣਤੀ

ਸਿੱਖ ਵੋਟਰਾਂ ਰਾਹੀਂ ਚੁਣੇ ਗਏ 46 ਮੈਂਬਰਾਂ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਲ ਮੈਂਬਰਾਂ ਦੀ ਗਿਣਤੀ 55 ਹੁੰਦੀ ਹੈ। ਚੁਣੇ ਹੋਏ 46 ਮੈਂਬਰਾਂ ਤੋਂ ਇਲਾਵਾ 4 ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸਮੇਤ ਕੁੱਲ 9 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ, ਹਾਲਾਂਕਿ ਚਾਰੇ ਜਥੇਦਾਰ ਸਾਹਿਬਾਨਾਂ ਨੂੰ ਦਿੱਲੀ ਕਮੇਟੀ ਦੇ ਅਹੁਦੇਦਾਰ ਚੁਣਨ ਲਈ ਵੋਟ ਦਾ ਅਧਿਕਾਰ ਨਹੀਂ ਹੁੰਦਾ। ਜਦੋਂ ਆਮ ਚੋਣਾਂ ਰਾਹੀਂ 46 ਮੈਂਬਰਾਂ ਦੇ ਚੁਣੇ ਜਾਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਇਨ੍ਹਾਂ 46 ਮੈਂਬਰਾਂ ਵਲੋਂ ਵੋਟਾਂ ਰਾਹੀਂ ਚੁਣ ਕੇ ਦਿੱਲੀ ਦੇ 2 ਸਿੱਖ ਨੁਮਾਇੰਦਿਆਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਅਤੇ ਦਿੱਲੀ ਦੀਆਂ ਰਜਿਸਟਰਡ ਗੁਰਦੁਆਰਾ ਸਿੰਘ ਸਭਾਵਾਂ ਦੇ 2 ਪ੍ਰਧਾਨਾਂ ਨੂੰ ਲਾਟਰੀ (ਪਰਚੀ) ਰਾਹੀਂ ਮਨੋਨੀਤ ਕੀਤਾ ਜਾਂਦਾ ਹੈ, ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ 1 ਨੁਮਾਇੰਦੇ ਨੂੰ ਕਮੇਟੀ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੁੱਲ ਮੈਂਬਰਾਂ ਦੀ ਗਿਣਤੀ 51 (46+5=51) ਹੋ ਜਾਂਦੀ ਹੈ। 4 ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸਮੇਤ 55 ਮੈਂਬਰੀ ਦਿੱਲੀ ਕਮੇਟੀ ਤਿਆਰ ਹੋ ਜਾਂਦੀ ਹੈ। ਇਸ ਤੋਂ ਬਾਅਦ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ 15 ਦਿਨ ਦੇ ਅੰਦਰ ਸਾਰੇ ਮੈਂਬਰਾਂ ਦੀ ਮੀਟਿੰਗ ਸੱਦੀ ਜਾਂਦੀ ਹੈ। ਇਸ ਮੀਟਿੰਗ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਸਕੱਤਰ ਅਤੇ 10 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ। ਇਹੀ ਕਾਰਜਕਾਰਨੀ ਕਮੇਟੀ, ਗੁਰਦੁਆਰਾ ਪ੍ਰਬੰਧ ਨਾਲ ਜੁੜੇ ਸਾਰੇ ਮਹੱਤਵਪੂਰਨ ਫ਼ੈਸਲੇ ਲੈਂਦੀ ਹੈ। ਅਹੁਦੇਦਾਰਾਂ ਤੇ ਕਾਰਜਕਾਰਨੀ ਕਮੇਟੀ ਦੀ ਮਿਆਦ 2 ਸਾਲ ਦੀ ਹੁੰਦੀ ਹੈ ਅਤੇ 2 ਸਾਲ ਬਾਅਦ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਅਗਲੇ 2 ਸਾਲਾਂ ਲਈ ਨਵੇਂ ਅਹੁਦੇਦਾਰ ਤੇ ਕਾਰਜਕਾਰਨੀ ਕਮੇਟੀ ਦੀ ਚੋਣ ਕਰਵਾਈ ਜਾਂਦੀ ਹੈ।

ਘੱਟ ਹੋਈ ਸਿੱਖ ਵੋਟਰਾਂ ਦੀ ਗਿਣਤੀ

ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਮੁਤਾਬਿਕ ਇਸ ਵਾਰੀ ਸਿੱਖ ਵੋਟਰਾਂ ਦੀ ਕੁਲ ਗਿਣਤੀ 3 ਲੱਖ 42 ਹਜ਼ਾਰ 65 ਹੈ। ਜਿਸ ਵਿਚ ਮਰਦ ਵੋਟਰ 1 ਲੱਖ 70 ਹਜ਼ਾਰ 695 ਜਦ ਕਿ ਔਰਤ ਵੋਟਰ 1 ਲੱਖ 71 ਹਜ਼ਾਰ 370 ਹਨ। ਪਿਛਲੀ ਵਾਰੀ ਭਾਵ 2017 ‘ਚ ਹੋਈਆਂ ਆਮ ਚੋਣਾਂ ‘ਚ ਸਿੱਖ ਵੋਟਰਾਂ ਦੀ ਕੁਲ ਗਿਣਤੀ 3 ਲੱਖ 80 ਹਜ਼ਾਰ 91 ਸੀ। ਜਿਸ ਵਿਚੋਂ 1 ਲੱਖ 92 ਹਜ਼ਾਰ 691 ਮਰਦ ਅਤੇ 1 ਲੱਖ 87 ਹਜ਼ਾਰ 691 ਔਰਤ ਵੋਟਰ ਸਨ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰੀ ਗੁਰਦੁਆਰਾ ਚੋਣਾਂ ਲਈ ਸਿੱਖ ਵੋਟਰਾਂ ਦੀ ਗਿਣਤੀ 38 ਹਜ਼ਾਰ ਦੇ ਕਰੀਬ ਘੱਟ ਹੋਈ ਹੈ। ਚੋਣ ਡਾਇਰੈਕਟੋਰੇਟ ਮੁਤਾਬਿਕ ਇਸ ਵਾਰੀ 203 ਥਾਵਾਂ ‘ਤੇ 554 ਬੂਥ ਸਥਾਪਤ ਕੀਤੇ ਜਾਣਗੇ, ਜਿੱਥੇ ਵੋਟਿੰਗ ਦੌਰਾਨ ਕੋਵਿਡ-19 ਦੇ ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਦਿੱਲੀ ਗੁਰਦੁਆਰਾ ਚੋਣਾਂ ‘ਚ ਹਿੱਸਾ ਲੈਣ ਲਈ ਉਮੀਦਵਾਰ ਦੀ ਉਮਰ 25 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹ ਭਾਰਤ ਦਾ ਨਾਗਰਿਕ ਹੋਵੇ ਅਤੇ ਉਸ ਦਾ ਨਾਂਅ ਗੁਰਦੁਆਰਾ ਵੋਟਰ ਸੂਚੀ ‘ਚ ਦਰਜ ਹੋਣ ਦੇ ਨਾਲ ਨਾਲ ਉਸ ਦਾ ਅੰਮ੍ਰਿਤਧਾਰੀ ਹੋਣਾ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਉਹ ਦਿੱਲੀ ਕਮੇਟੀ ਦਾ ਮੁਲਾਜ਼ਮ ਨਾ ਹੋਵੇ, ਉਸ ਨੂੰ ਪੰਜਾਬੀ ਭਾਸ਼ਾ ਪੜ੍ਹਨੀ ਤੇ ਲਿਖਣੀ ਆਉਂਦੀ ਹੋਵੇ ਅਤੇ ਪਤਿਤ, ਪਾਗਲ, ਦਿਵਾਲੀਆ ਜਾਂ ਸਜ਼ਾਯਾਫਤਾ ਨਹੀਂ ਹੋਣਾ ਚਾਹੀਦਾ।

-ਮੋਬਾਈਲ : 98731-70536

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: