ਲੇਖ

ਦਿਲਾਵਰ ਸਿੰਘ ਦੀ ਸ਼ਹਾਦਤ: ਬੁੱਝ ਗਈ ਸ਼ਮਾਂਏਂ ਤੋ ਵੋਹ ਚਾਂਦ ਨਿਕਲਾ ਸੁਰ ਕਰੋ ਸਾਜ਼ ਕਿ ਛੇੜੇਂ ਕੋਈ ਦਿਲਸੋਜ਼ ਗ਼ਜ਼ਲ

August 31, 2012 | By

ਲੇਖਕ: ਕਰਮਜੀਤ ਸਿੰਘ
ਮੋਬਾਇਲ ਨੰ: 99150-91063

ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਖਾਲਸਾ ਪੰਥ ਦੇ ਕਾਜ਼ ਲਈ ਹੋਈਆਂ ਸ਼ਹਾਦਤਾਂ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ। ਇਸ ਸ਼ਹਾਦਤ ਦੇ ਅਣਗਿਣਤ ਸੁਨੇਹੇ ਹਨ-ਕੁਝ ਲੁਕੇ ਤੇ ਅਣਦਿਸਦੇ ਅਤੇ ਕੁਝ ਸਾਫ਼ ਤੇ ਸਪੱਸ਼ਟ। ਖਾਲਸਾ ਪੰਥ ਦੇ ਦਾਨਿਸ਼ਵਰ ਹਲਕਿਆਂ ਨੇ ਅਜੇ ਇਸ ਸ਼ਹਾਦਤ ਦੇ ਸਮੁੰਦਰਾਂ ਨਾਲੋਂ ਵੀ ਡੂੰਘੇ ਅਤੇ ਬ੍ਰਹਿਮੰਡ ਨਾਲੋਂ ਵੀ ਵਿਸ਼ਾਲ ਅਰਥਾਂ ਦੀ ਤਲਾਸ਼ ਕਰਨੀ ਹੈ। ਸਾਡੀ ਕੌਮ ਅੰਦਰ ਵੈਸੇ ਜਾਗੇ ਹੋਏ ਅਕਲਮੰਦਾਂ ਦੀ ਕਮੀ ਨਹੀਂ ਹੈ ਪਰ ਇਹ ਸਾਡੇ ਸਮਿਆਂ ਦਾ ਬਹੁਤ ਵੱਡਾ ਦੁਖਾਂਤਿਕ-ਸੱਚ ਹੈ ਕਿ ਜਾਗੇ ਹੋਏ ਇਨ੍ਹਾਂ ਵੀਰਾਂ ਵਿੱਚ ਜਗਾਉਣ ਦਾ ਹੌਂਸਲਾ ਤੇ ਹਿੰਮਤ ਨਹੀਂ। ਇਸ ਦਾ ਕਾਰਨ? ਉਹ ਕਾਰਨ ਖੁੱਦ ਚੰਗੀ ਤਰ੍ਹਾਂ ਜਾਣਦੇ ਹਨ। ਇਹ ਠੀਕ ਹੈ ਕਿ ਸਮਕਾਲੀ-ਸੱਚ ਨੂੰ ਧੁੰਦ ਦੀ ਚਾਦਰ ਨਾਲ ਢੱਕਿਆ ਹੋਇਆ ਹੈ ਅਤੇ ਬੁੱਧੀਜੀਵੀ ਧੁੰਦ ਦੀ ਇਹ ਚਾਦਰ ਵੇਖ ਵੀ ਰਹੇ ਹਨ ਪਰ ਨਿੱਕੇ ਨਿੱਕੇ ਸਵਾਰਥਾਂ ਨੇ ਉਨ੍ਹਾਂ ਦੇ ਰਾਹ ਡੱਕੇ ਹੋਏ ਹਨ ਅਤੇ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਨਿਰਮਲ ਦ੍ਰਿਸ਼ ਤੇ ਸਰੂਪ ਬਿਆਨ ਕਰਨਾ ਫ਼ਿਲਹਾਲ ਉਨ੍ਹਾਂ ਦੀ ਤਕਦੀਰ ਵਿੱਚ ਨਹੀਂ ਲਿਖਿਆ। ਇਹ ਬੁੱਧੀਜੀਵੀ ਇਸ ਕੌੜੇ ਸੱਚ ਤੋਂ ਵੀ ਵਾਕਫ ਹਨ ਕਿ ਹਾਲ ਦੀ ਘੜੀ ਉਹ ਨਾ ਤਾਂ ਨਿਰਭਉ ਹਨ ਤੇ ਨਾ ਹੀ ਨਿਰਵੈਰ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੀ ਇਨ੍ਹਾਂ ਗੁਣਾਂ ਤੇ ਬਰਕਤਾਂ ਨੂੰ ਵਸਾਉਣ ਦਾ ਹੁਕਮਨਾਮਾ ਨਨਕਾਣੇ ਦੇ ਵਾਸੀ ਨੇ 5 ਸਦੀਆਂ ਤੋਂ ਵੀ ਪਹਿਲਾਂ ਸਾਡੇ ਲਈ ਜਾਰੀ ਕਰ ਦਿੱਤਾ ਸੀ। ਸ਼ਾਇਦ ਕੁਝ ਚਿਰ ਹੋਰ ਸਾਨੂੰ ਦੁੱਖਾਂ ਦੇ ਇਸ ਦੌਰ ਵਿਚੋਂ ਲੰਘਣਾ ਪਵੇਗਾ।

ਰਾਬਰਟ ਏ. ਪੱਪੇ ਨੇ ‘ਜਿੱਤਣ ਲਈ ਮਰਨਾ’ (ਡਾਇੰਗ ਟੂ ਵਿਨ-ਰੈਡਿੰਮ ਹਾਊਸ, ਨਿਊਯਾਰਕ) ਕਿਤਾਬ ਵਿੱਚ ਆਪਣੀ ਕੌਮ ਲਈ ਕੁਰਬਾਨ ਹੋਣ ਵਾਲੇ ਮਰਜੀਵੜਿਆਂ ਦੇ ਧੁਰ ਅੰਦਰ ਲੁਕੇ ਦਰਦ ਨੂੰ ਕੁਝ ਕੁਝ ਬੁੱਝਣ ਦਾ ਯਤਨ ਕੀਤਾ ਹੈ। ਹਾਲਾਂਕਿ 9/11 ਦੀ ਘਟਨਾ ਨੂੰ ਪਿਛੋਕੜ ਵਿੱਚ ਰੱਖਦਿਆਂ ਇਹ ਕਿਤਾਬ ਲਿਖੀ ਗਈ ਹੈ ਅਤੇ ਮਰਜੀਵੜਿਆਂ ਪ੍ਰਤੀ ਉਸ ਦੀ ਵਿਸ਼ੇਸ਼ ਹਮਦਰਦੀ ਵੀ ਨਹੀਂ ਪਰ ਫ਼ਿਰ ਵੀ ਹਕੀਕਤਾਂ ਅਤੇ ਤੱਥ ਉਸ ਦੇ ਵੱਸੋਂ ਬਾਹਰੇ ਹੋ ਕੇ ਕੁਝ ਅਜਿਹਾ ਕਹਿ ਜਾਂਦੇ ਹਨ ਜਿਸ ਦਾ ਇੱਕ ਸਿਰਾ ਮਹਾਨਤਾ ਦੀਆਂ ਹੱਦਾਂ ਨੂੰ ਜਾ ਛੂੰਹਦਾ ਹੈ।

ਕੋਈ ਕਿਉਂ ਖੁਸ਼ੀ ਖੁਸ਼ੀ ਮਰਨ ਲਈ ਤਿਆਰ ਹੋ ਜਾਂਦਾ ਹੈ? ਮੌਤ ਨੂੰ ਚਾਂਈ ਚਾਂਈ ਗਲਵੱਕੜੀ ਪਾਉਣ ਵਾਲਿਆਂ ਦੇ ਕਾਲਜੇ ਵਿੱਚ ਕਿਹੋ ਜਿਹੀ ਕਰਕ ਹੁੰਦੀ ਹੈ? ਮੌਤ ਦੇ ਸਫ਼ਰ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਮਨ ਦੀ ਹਾਲਤ ਅਤੇ ਉਨ੍ਹਾਂ ਦੇ ਦਿਲ ਅੰਦਰ ਚੜ੍ਹਦੇ ਤੇ ਲਹਿੰਦੇ ਸੂਰਜਾਂ ਦੀ ਰੌਸ਼ਨੀ ਦੇ ਦਿਦਾਰ ਕਿਸ ਨੇ ਕੀਤੇ ਹਨ? ਉਨ੍ਹਾਂ ਦੀ ਮਾਲੀ ਹਾਲਤ, ਉਨ੍ਹਾਂ ਦੀ ਵਿਦਿਆਕ ਯੋਗਤਾ, ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਉਨ੍ਹਾਂ ਬਾਰੇ ਰਾਇ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਇਤਿਹਾਸਿਕ ਅਸਰ ਅਤੇ ਇਨ੍ਹਾਂ ਨਾਲ ਸਬੰਧਿਤ ਕਾਰਨਾਂ ਦਾ ਪਤਾ ਕਰਨ ਲਈ ਰਾਬਰਟ ਪੱਪੇ ਨੇ ਡੂੰਘੀ ਚੁੱਭੀ ਮਾਰਨ ਦਾ ਯਤਨ ਕੀਤਾ ਹੈ।

ਅਸੀਂ ਜਾਣਦੇ ਹਾਂ ਕਿ ਜੀਵਨ ਦੇ ਕੌੜੇ ਮਿੱਠੇ ਸਫ਼ਰ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਹਨ ਜਿਹੜੇ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਮਰਨ ਦਾ ਰਾਹ ਚੁਣਦੇ ਹਨ। ਬਹੁਤੇ ਸਰਵੇਖਣ ਇਸ ਸਬੰਧ ਵਿੱਚ ਇਹ ਦੱਸਦੇ ਹਨ ਕਿ ਜਨਤਾ ਇਸ ਵਰਤਾਰੇ ਨੂੰ ਤਨੋ ਮਨੋ ਪ੍ਰਵਾਨ ਨਹੀਂ ਕਰਦੀ। ਪਰ ਜਦੋਂ ਕਿਸੇ ਵਿਅਕਤੀ ਅੰਦਰ ਆਪਣੀ ਕੌਮ ਦਾ ਦਰਦ ਇਸ ਹੱਦ ਤੱਕ ਘਰ ਕਰ ਜਾਵੇ ਅਤੇ ਉਸ ਕੌਮ ਦੀ ਸਾਂਝੀ ਪੀੜ੍ਹ ਉਸ ਦੀ ਆਪਣੀ ਪੀੜ੍ਹ ਬਣ ਜਾਵੇ, ਉਸ ਦੀਆਂ ਨੀਦਰਾਂ ਉੱਡ-ਪੁੱਡ ਜਾਣ ਅਤੇ ਇਸ ਪੀੜ੍ਹ ਦਾ ਵੱਡਾ ਕਾਰਨ ਉਸ ਦੀ ਸੋਝੀ ਤੇ ਸਿਆਣਪ ਵਿੱਚ ਆਪਣੀ ਪੱਕੀ ਥਾਂ ਬਣਾ ਲਵੇ ਤਾਂ ਉਸ ਵਿਅਕਤੀ ਦੇ ਜਿਸਮ ਤੇ ਰੂਹ ਦੇ ਸਾਰੇ ਹਿੱਸੇ ਸਰਵਸੰਮਤੀ ਨਾਲ ‘ਕਾਰਨ’ ਨਾਲ ਦੋ ਹੱਥ ਕਰਨ ਲਈ ਤਿਆਰ ਹੋ ਜਾਂਦੇ ਹਨ। ਜੇ ਖਾਲਸਾ ਪੰਥ ਦੀ ਹਾਲਤ ਬਿਆਨ ਕਰਨੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਪੰਥ ਦੀ ਸਾਂਝੀ ਪੀੜ੍ਹ ਜਿਸ ਵਿਅਕਤੀ ਅੰਦਰ 17 ਸਾਲ ਪਹਿਲਾਂ ਵਸ ਗਈ ਸੀ, ਉਹ ਸੀ-ਭਾਈ ਦਿਲਾਵਰ ਸਿੰਘ ਤੇ ਕੌਮ ਨੂੰ ਇਹੋ ਜਿਹੀ ਪੀੜ੍ਹ ਦੇਣ ਵਾਲਾ ਜਰਵਾਣਾ ਸੀ-ਬੇਅੰਤ ਸਿੰਘ। ਫਿਰ 31 ਅਗਸਤ 1995 ਵਾਲੇ ਦਿਨ ਜੋ ਕੁਝ ਹੋਇਆ ਉਹ ਇਤਿਹਾਸ ਸੀ। ਜਾਂ ਸਾਡੇ ਇਤਿਹਾਸ ਦਾ ਸ਼ਾਨਾਮੱਤਾ ਕਾਂਡ ਸੀ। ਜਾਂ ਫ਼ਿਰ ਇਸ ਪਵਿੱਤਰ ਵਰਤਾਰੇ ਦੇ ਪਹਿਲੇ ਸਿਰਲੱਥ ਸਿਪਾਹੀਆਂ-ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਨਵਜੋਤ ਸਿੰਘ, ਭਾਈ ਨਸੀਬ ਸਿੰਘ, ਭਾਈ ਜਗਤਾਰ ਸਿੰਘ ਤਾਰਾ ਅਤੇ ਸਾਥੀਆਂ ਵੱਲੋਂ ਬੇਅੰਤ ਸਿੰਘ ਵਰਗਿਆਂ ਅਤੇ ਦੁਨੀਆਂ ਭਰ ਦੇ ਜ਼ਾਲਮਾਂ ਵਿਰੁੱਧ ਸਦੀਵੀ ਜੰਗ ਜਾਰੀ ਰੱਖਣ ਦਾ ਐਲਾਨ ਸੀ। ਜਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਘਰਸ਼ ਨੂੰ ਨਵੀਆਂ ਹਾਲਤਾਂ ਮੁਤਾਬਿਕ ਅੱਗੇ ਤੋਰਨ ਲਈ ਪ੍ਰੇਰਨਾ ਦਾ ਜੱਗਦਾ ਮੱਘਦਾ ਸੂਰਜ ਸੀ। ਜਾਂ ਦਾਰਸ਼ਨਿਕ ਤੌਰ ਤੇ ਕੌਮ ਦੇ ਅੰਦਰ ਪ੍ਰਚਾਰੇ ਜਾ ਰਹੇ ਬਿਪਰ ਸੰਸਕਾਰਾਂ ਵਿਰੁੱਧ ਸੰਘਰਸ਼ ਦਾ ਬਿੱਗਲ ਸੀ। ਜਾਂ ਇਸ ਕੁਰਬਾਨੀ ਦਾ ਮਰ ਚੁੱਕੀਆਂ ਜ਼ਮੀਰਾਂ ਉਤੇ ਬੋਝ ਪਾਉਣ ਦਾ ਅਗਾਜ਼ ਸੀ। ਇਸ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਸੁਨੇਹੇ ਹਨ ਜਿਹੜੇ ਭਾਈ ਦਿਲਾਵਰ ਸਿੰਘ ਦੀ ਪਵਿੱਤਰ ਸਾਦਗੀ ਨੇ ਅਚੇਤ ਤੇ ਸੁਚੇਤ ਰੂਪ ਵਿਚ ਖਾਲਸਾ ਪੰਥ ਨੁੂੰ ਦਿੱਤੇ।

ਅੰਤਰ-ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਵੀ ਇਸ ਸ਼ਹਾਦਤ ਦਾ ਇੱਕ ਹੋਰ ਸੁਨੇਹਾ ਮਿਲਦਾ ਹੈ ਜਿਸ ਦੇ ਅਰਥ ਗਹਿਰ ਗੰਭੀਰ ਵੀ ਹਨ, ਡੂੰਘੇ ਵੀ ਹਨ ਅਤੇ ਸਿੱਖ ਪੰਥ ਤੋਂ ਡੂੰਘਾ ਉੱਤਰਨ ਦੀ ਮੰਗ ਵੀ ਕਰਦੇ ਹਨ। ਅੱਜ ਮਾਡਰਨ ਸਟੇਟ ਜ਼ੁਲਮ, ਵਿਤਕਰੇ ਤੇ ਬੇਇਨਸਾਫ਼ੀ ਦਾ ਇੱਕ ਪ੍ਰਤੀਕ ਬਣ ਚੁੱਕੀ ਹੈ। ਭਾਰਤੀ ਸਟੇਟ ਵੀ ਉਸੇ ਵਰਗ ਵਿੱਚ ਆਉਂਦੀ ਹੈ ਜਿਥੇ ਵੱਖ ਵੱਖ ਕੌਮਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਵੀ ਪੱਖ ਖਿੜ੍ਹਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾ ਨਿਵੇਕਲਾ ਸੱਭਿਆਚਾਰ, ਉਨ੍ਹਾਂ ਦੀ ਜੀਵਨ-ਜਾਚ ਅਤੇ ਉਨ੍ਹਾਂ ਦੇ ਜੀਵਨ ਦੇ ਜਰਖੇਜ਼ ਤੇ ਹਰੇ-ਕਚੂਚ ਪੱਖਾਂ ਨੂੰ ਮਲੀਆ ਮੇਟ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸਿੱਖਾਂ ਉਤੇ ਬੇਰਹਿਮੀ ਨਾਲ ਜ਼ੁਲਮ ਕੀਤਾ ਗਿਆ ਅਤੇ ਭਾਈ ਦਿਲਾਵਰ ਸਿੰਘ ਨੇ ਆਪਣੇ ਜਿਸਮ ਦਾ ਜ਼ਰਾ ਜ਼ਰਾ ਆਪਣੇ ਤਰੀਕੇ ਨਾਲ ਕੁਰਬਾਨ ਕਰਕੇ ਇਸ ਜ਼ੁਲਮ ਦਾ ਢੁੱਕਵਾਂ ਜਵਾਬ ਦਿੱਤਾ ਤੇ ਇਹ ਸੁਨੇਹਾ ਵੀ ਦਿੱਤਾ ਕਿ ਅਸੀਂ ਖੜ੍ਹੇ ਹਾਂ, ਅਸੀਂ ਕਿਤੇ ਵੀ ਨਹੀਂ ਗਏ।

ਬੇਹੱਦ ਮਹੱਤਵਪੂਰਨ ਤੇ ਸਿੱਖ ਪੰਥ ਲਈ ਯਾਦ ਰੱਖਣ ਵਾਲਾ ਇੱਕ ਹੋਰ ਸੰਦੇਸ਼ ਵੀ ਭਾਈ ਦਿਲਾਵਰ ਸਿੰਘ ਦੇ ਅਚੇਤ ਮਨ ਨੇ ਦਿੱਤਾ ਹੈ। ਇਸ ਸੁਨੇਹੇ ਦਾ ਸਿੱਧਾ ਸਬੰਧ ਗੁਰੂ ਦੀ ਮਰਜ਼ੀ, ਗੁਰੂ ਦੀ ਰਜ਼ਾ ਅਤੇ ਗੁਰੂ ਦੇ ਭਾਣੇ ਨਾਲ ਜੁੜਿਆ ਹੋਇਆ ਹੈ। ਇਸ ਦਾ ਇੱਕ ਸਬੰਧ ਬਖਸ਼ਿਸ਼ ਨਾਲ ਜੁੜਦਾ ਹੈ ਜੋ ਪਤਾ ਨਹੀਂ ਕਦੋਂ,ਕਿਵੇਂ ਅਤੇ ਕਿਸ ਉਤੇ ਆਇਦ ਹੋਣੀ ਹੁੰਦੀ ਹੈ। ਇਸ ਨੂੰ ਕਿਸੇ ਵਿਗਿਆਨ ਦੀ ਵਿਧੀ ਨਾਲ ਅਗਾਊਂ ਪਤਾ ਨਹੀਂ ਲਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਸਮਾਜ ਵਿਗਿਆਨ ਜਾਂ ਮਨੋਵਿਗਿਆਨ ਦੇ ਮਾਪਦੰਡ ਇਹੋ ਜਿਹੇ ਅਲੋਕਿਕ ਵਰਤਾਰਿਆਂ ਦਾ ਕੋਈ ਸਹੀ ਵਿਸ਼ਲੇਸ਼ਣ ਕਰ ਸਕਦੇ ਹਨ। ਇਸ ਸਬੰਧ ਵਿੱਚ ਇਤਿਹਾਸ ਦੇ ਬਾਹਰਮੁਖੀ ਨਿਯਮਾਂ ਦੇ ਵੀ ਹੱਥ ਖੜ੍ਹੇ ਹੁੰਦੇ ਹਨ। ਕਈ ਵਾਰ ਇਉਂ ਜਾਪ ਰਿਹਾ ਹੁੰਦਾ ਹੈ ਕਿ ਸਾਰੀ ਕੌਮ ਨੇ ਹਾਲਤਾਂ ਦੇ ਅੱਗੇ ਹਾਰ ਹੰਭ ਕੇ ਗੋਡੇ ਟੇਕ ਦਿੱਤੇ ਹਨ। ਪਰ ਸਿੱਖ ਕੌਮ ਦੇ ਮਾਮਲੇ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਅੱਤ ਸੰਕਟ ਦੇ ਸਮਿਆਂ ਵਿਚ ਇਸ ਕੌਮ ਅੰਦਰ ਕਿਸੇ ਵਿਅਕਤੀ ਵਿੱਚ ਕੋਈ ਅਥਾਹ ਤਾਕਤ ਕਿਸੇ ਅਗਿਆਤ ਨੁੱਕਰ ਵਿਚ ਚੁੱਪ ਚਪੀਤੇ ਸੌਂ ਰਹੀ ਹੁੰਦੀ ਹੈ। ਕੌਣ ਜਾਣਦਾ ਸੀ ਕਿ ਇਹੋ ਜਿਹੀ ਕਿਸੇ ਅਗਿਆਤ ਨੁੱਕਰ ਵਿਚੋਂ ਸੰਤ ਜਰਨੈਲ ਸਿੰਘ ਉੱਭਰ ਕੇ ਸਾਹਮਣੇ ਆ ਜਾਣਗੇ ਅਤੇ ਇਤਿਹਾਸ ਨੂੰ ਪੂਰਵ-ਜਰਨੈਲ ਸਿੰਘ ਅਤੇ ਉਤਰ-ਜਰਨੈਲ ਸਿੰਘ ਵਿੱਚ ਵੰਡ ਦੇਣਗੇ। ਕਿਸ ਨੂੰ ਪਤਾ ਸੀ ਕਿ ਕੋਈ ਛਿਪੇ ਰਹਿਣ ਦੀ ਚਾਹ ਰੱਖਣ ਵਾਲਾ ਹਵਾ ਨਾਲੋਂ ਤੇਜ਼ ਘੋੜ ਸਵਾਰ ਸਿੰਘ ਸੁਰੱਖਿਆ ਦੇ ਸਾਰੇ ਘੇਰੇ ਚੀਰਦਾ ਹੋਇਆ ਅਚਾਨਕ ਚੱਕ ਅਬਦਾਲੀ ਨੂੰ ਲੱਖੀ ਦੇ ਜੰਗਲ ਵਿੱਚ ਜਾ ਟੱਕਰੇਗਾ। ਇਸ ਗੱਲ ਦਾ ਵੀ ਕਿਸ ਨੂੰ ਪਤਾ ਸੀ ਕਿ ਸੁੱਖਾ ਸਿੰਘ, ਮਹਿਤਾਬ ਸਿੰਘ ਦੇ ਪਿਛਲੇ ਜਨਮ ਦੇ ਯਾਰ ਇਸ ਜਨਮ ਵਿੱਚ ਦੁਸ਼ਟ ਪੂਹਲੇ ਲਈ ਜੇਲ੍ਹ ਵਿੱਚ ਹੀ ਮੌਤ ਦਾ ਪੈਗ਼ਾਮ ਲੈ ਕੇ ਆ ਜਾਣਗੇ। ਇਹੋ ਜਿਹੀ ਬਖਸ਼ਿਸ਼ ਹੀ ਚੁੱਪ ਚਪੀਤੇ ਭਾਈ ਦਿਲਾਵਰ ਸਿੰਘ ਉਤੇ ਆਈ ਜੋ ਕਿਸੇ ਵੀ ਰਾਜਸੀ ਪਾਰਟੀ ਦਾ ਮੈਂਬਰ ਨਹੀਂ ਸੀ ਜਿਹੜੀਆਂ ਰਾਜਸੀ ਪਾਰਟੀਆਂ ਜਨਤਾ ਦੀ ਸੇਵਾ ਕਰਨ ਦਾ ਦਾਅਵਾ ਹਰ ਰੋਜ਼ ਕਰਦੀਆਂ ਰਹਿੰਦੀਆਂ ਹਨ।

ਸਿੰਥੀਆਂ ਮਹਿਮੂਦ ਦੀ ਕਿਤਾਬ ‘ਫਾਈਟਿੰਗ ਫ਼ਾਰ ਫੇਥ ਐਂਡ ਨੇਸ਼ਨ’ ਤੋਂ ਹੀ ਸਾਫ਼ ਨਜ਼ਰ ਆਉਂਦਾ ਹੈ ਕਿ ਜੁਝਾਰੂ ਸਿੰਘ ਆਪਣੇ ਧਾਰਮਿਕ ਵਿਸ਼ਵਾਸ਼ ਅਤੇ ਆਪਣੀ ਕੌਮ ਲਈ ਜੂਝ ਰਹੇ ਸਨ। ਇਸ ਤਰ੍ਹਾਂ ਬਾਹਰਲੇ ਦਾਨਿਸ਼ਵਰ ਜੁਝਾਰੂ ਲਹਿਰ ਦੀ ਅੰਤਿਮ ਮੰਜ਼ਿਲ ਬਾਰੇ ਕਿੰਨੀ ਡੂੰਘੀ, ਕਿੰਨੀ ਸਹੀ ਅਤੇ ਕਿੰਨੀ ਦੂਰ ਅੰਦੇਸ਼ ਸਮਝ ਰੱਖਦੇ ਹਨ ਜਦਕਿ ਆਪਣੇ ਦਾਨਿਸ਼ਵਰ ਬੌਧਿਕ ਗੁਲਾਮੀ ਦਾ ਸਰਾਪ ਹੀ ਹੰਢਾ ਰਹੇ ਹਨ। ਇਸੇ ਤਰ੍ਹਾਂ ਜਾਇਸ ਪੈਟੀਗਰਿਊ ਨੇ ਵੀ ਆਪਣੀ ਕਿਤਾਬ ਵਿੱਚ ਜੁਝਾਰੂ ਸ਼ਹੀਦਾਂ ਦੇ ਦਰਦ ਨੂੰ ਨੇੜਿਓਂ ਹੋ ਕੇ ਸਮਝਿਆ ਹੈ। ਰਾਬਰਟ ਪੱਪੇ ਵੀ ਇਹ ਸਵੀਕਾਰ ਕਰਦਾ ਹੈ ਕਿ ਖਾੜਕੂਆਂ ਵਿੱਚ ਮਨੁੱਖੀ ਬੰਬ ਦਾ ਉਭਾਰ ਕੌਮੀ ਮੁਕਤੀ ਤੇ ਸੰਘਰਸ਼ ਦਾ ਹਿੱਸਾ ਸੀ। ਇਸ ਸ਼ਹਾਦਤ ਦਾ ਇਕ ਸੁਨੇਹਾ ਇਹ ਵੀ ਹੈ ਕਿ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਧੜਿਆਂ ਤੇ ਗਰੁੱਪਾਂ ਵਿਚ ਰੱਖ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਅਤੇ ਨਾ ਹੀ ਇਸ ਉਤੇ ਸੌੜੀਆਂ ਸਿਆਸਤਾਂ ਕਰਨਾ ਸਾਨੂੰ ਸ਼ੋਭਾ ਦਿੰਦਾ ਹੈ। ਭਾਈ ਦਿਲਾਵਰ ਸਿੰਘ ਇੱਕ ਪੱਧਰ ਉਤੇ ਸਿੱਖਾਂ ਦਾ ਹੀ ਸ਼ਹੀਦ ਨਹੀਂ ਸਗੋਂ ਉਨ੍ਹਾਂ ਸਭਨਾਂ ਦੀ ਰੂਹ ਦਾ ਹਾਣੀ ਹੈ ਜੋ ਆਪਣੀ ਆਪਣੀ ਆਜ਼ਾਦੀ ਅਤੇ ਸਵੈਮਾਨ ਲਈ ਕੁਰਬਾਨ ਹੋ ਗਏ ਜਾਂ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ।

31 ਅਗਸਤ 2012 ਨੂੰ ਜਿਥੇ ਜਿਥੇ ਵੀ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਉਥੇ ਉਥੇ ਹੀ ਜਿਵੇਂ ਭਾਈ ਦਿਲਾਵਰ ਸਿੰਘ ਸਮੁੱਚੀ ਕੌਮ ਨੂੰ ਇਹ ਸਵਾਲ ਕਰ ਰਹੇ ਹੋਣਗੇ ਕਿ ਖਾਲਸਾ ਜੀ, ਜੇ ਅਸੀਂ ਅੱਜ ਜਿਉਂਦੇ ਹਾਂ ਤਾਂ ਇਹ ਇਹ ਜਿਉਣ ‘ਕਿਹੋ ਜਿਹਾ’ ਹੈ ਤੇ ‘ਕਿੰਨ੍ਹਾਂ ਲਈ’ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: