ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਪਾਤਸ਼ਾਹੀ ਦਾਅਵਾ ਅਤੇ ਰਾਜ (ਲੇਖਕ – ਮਲਕੀਤ ਸਿੰਘ ‘ਭਵਾਨੀਗੜ੍ਹ’)

November 23, 2021 | By

ਥੋੜਾ ਧਿਆਨ ਅਤੇ ਇਮਾਨਦਾਰੀ ਨਾਲ ਸੋਚਣ ਉੱਤੇ ਸਹਿਜੇ ਸਮਝ ਆਉਂਦਾ ਹੈ ਕਿ ਗੁਰੂ ਖਾਲਸਾ ਪੰਥ ਦਾ ਪਾਤਸ਼ਾਹੀ ਦਾਅਵਾ ਅਤੇ ਕਿਸੇ ਇਕ ਜਾਂ ਕੁਝ ਖਿੱਤਿਆਂ ਉੱਤੇ ਸਿਰਫ ਦੁਨਿਆਵੀ ਰਾਜ ਪ੍ਰਬੰਧ ਕਾਇਮ ਕਰ ਕੇ ਸੂਬੇਦਾਰੀ ਲੈਣ ਵਿੱਚ ਬੜਾ ਵੱਡਾ ਫਰਕ ਹੈ ਪਰ ਅਸੀਂ ਪਿਛਲੇ ਕੁਝ ਸਮੇਂ ਤੋਂ ਆਪਣੇ ਅੰਦਰ ਦੀ ਢਿੱਲ ਕਾਰਨ ਕੁਝ ਬਾਹਰੀ ਪ੍ਰਭਾਵਾਂ ਹੇਠ ਅਜਿਹਾ ਆਏ ਕਿ ਅਸੀਂ ਪਾਤਸ਼ਾਹੀ ਦਾਅਵੇ ਅਤੇ ਰਾਜ ਕਰਨ ਦੀ ਗੱਲ ਨੂੰ ਰਲ ਗੱਡ ਕਰ ਲਿਆ ਹੈ। ਸਾਡੀ ਸਾਰੀ ਪਹੁੰਚ ਮੌਜੂਦਾ ਪ੍ਰਚਲਤ ਤਰੀਕਿਆਂ ਵਿੱਚੋਂ ਲੰਘ ਰਹੀ ਹੈ ਅਤੇ ਉਸ ਤੋਂ ਵੀ ਅਗਾਂਹ ਦਿਨ ਪਰ ਦਿਨ ਆਪਣਾ ਘੇਰਾ ਸੁੰਘੜਦੀ ਜਾ ਰਹੀ ਹੈ। ਸਾਨੂੰ ਇਹਨਾਂ ਦੋਵੇਂ ਗੱਲਾਂ ਨੂੰ ਵੱਖ ਵੱਖ ਰੱਖ ਕੇ ਮੁੜ ਤੋਂ ਵੇਖਣ ਸਮਝਣ ਦੀ ਅਹਿਮ ਜਰੂਰਤ ਹੈ ਅਤੇ ਫਿਰ ਇਸੇ ਸਮਝ ਵਿੱਚੋਂ ਆਪਣੀ ਅਗਲੀ ਕਸਰਤ ਵਿਚਾਰਨੀ ਪੈਣੀ ਹੈ।

ਦੋ ਉਦਾਹਰਨਾਂ ਸੱਤਵੇਂ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਰਾਜ ਕਰਨ ਵਾਲਿਆਂ ਅਤੇ ਰਾਜ ਬਖਸ਼ਣ ਵਾਲਿਆਂ ਨੂੰ ਵੱਖ ਵੱਖ ਕਰ ਕੇ ਵੇਖਣ ਸਮਝਣ ਲਈ ਬਹੁਤ ਅਹਿਮ ਹਨ। ਪਹਿਲੀ, ਜਦੋਂ ਮਾਲਵੇ ਦਾ ‘ਕਾਲਾ ਚੌਧਰੀ’ ਗੁਰੂ ਸਾਹਿਬ ਕੋਲ ਆਪਣੇ ਦੋ ਭਤੀਜਿਆਂ ਨੂੰ ਲੈ ਕੇ ਆਇਆ ਅਤੇ ਦੋਵਾਂ ਨੇ ਗੁਰੂ ਸਾਹਿਬ ਨੂੰ ਨਮਸ਼ਕਾਰ ਕਰਕੇ ਆਪਣੇ ਢਿੱਡ ‘ਤੇ ਹੱਥ ਫੇਰਿਆ, ਗੁਰੂ ਸਾਹਿਬ ਨੇ ਹੱਸ ਕੇ ਕਿਹਾ ਇਹ ਕੀ ਮੰਗਦੇ ਹਨ, ਉਹਨੇ ਕਿਹਾ ਸੱਚੇ ਪਾਤਸ਼ਾਹ ਇਹ ਲੰਗਰ ਮੰਗਦੇ ਹਨ। ਗੁਰੂ ਸਾਹਿਬ ਦਾ ਬਚਨ ਸੀ “ਫੁਲ ਬਹੁਤ ਫੁਲੇ ਫੁਲੇਗਾ।” ਅਨੰਤ ਥਾਈਂ ਇਹਦੀ ਸੰਤਾਨ ਦੇ ਲੰਗਰ ਚੱਲਣਗੇ, ਸਤਲੁਜ ਯਮੁਨਾ ਦੇ ਅੰਦਰ ਸਾਰੇ ਮੁਲਕ ਉੱਤੇ ਇਹਦੀ ਔਲਾਦ ਰਾਜ ਕਰੇਗੀ। ਤੂੰ ਇਹਨਾਂ ਲਈ ਰੋਟੀਆਂ ਮੰਗੀਆਂ ਅਸੀਂ ਰਾਜ ਬਖਸ਼ਿਆ। ਦੂਸਰੀ, ਜਦੋਂ ‘ਸ਼ਾਹ ਜਹਾਂ’ ਦਾ ਪੁੱਤਰ ‘ਦਾਰਾ ਸ਼ਿਕੋਹ’ ਜਿਸ ਪਿੱਛੇ ਔਰੰਗਜ਼ੇਬ ਦੀ ਫੌਜ ਲੱਗੀ ਸੀ, ਸੱਤਵੇਂ ਪਾਤਸ਼ਾਹ ਕੋਲ ਸਹਾਇਤਾ ਮੰਗਣ ਆਉਂਦਾ ਹੈ ਤਾਂ ਗੁਰੂ ਸਾਹਿਬ ਆਪਣੀ ਫੌਜ ਮੈਦਾਨ ਚ ਉਤਾਰ ਕੇ ਬਿਆਸ ਦੇ ਕੰਢੇ ਸਭ ਬੇੜੀਆਂ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਹਨ ਤਾਂ ਕਿ ‘ਦਾਰਾ ਸ਼ਿਕੋਹ’ ਸਹੀ ਸਲਾਮਤ ਲਾਹੌਰ ਪੁੱਜ ਸਕੇ। ਉਦੋਂ ਪਾਤਸ਼ਾਹ ਨੇ ਉਸਨੂੰ ਕਿਹਾ ਸੀ ਕਿ “ਜੇ ਬਾਦਸ਼ਾਹੀ ਚਾਹੀਦੀ ਹੈ ਤਾਂ ਦੱਸ ਸਭ ਸਿੱਖ ਇਕ ਢਾਲ ਹੋ ਕੇ ਲੜਨਗੇ। ਇਹ ਦੋ ਉਦਾਹਰਨਾਂ ਦਸਦੀਆਂ ਹਨ ਕਿ ਸਿੱਖਾਂ ਲਈ ਰਾਜ ਕਰਨਾ ਵੱਡੀ ਪ੍ਰਾਪਤੀ ਨਹੀਂ, ਸਿੱਖ ਨੇ ਤਾਂ ਅਗਾਂਹ ਰਾਜ ਦੇਣੇ ਹਨ ਭਾਵ ਪੂਰੇ ਸੰਸਾਰ ਅੰਦਰ ਜਿੱਥੇ ਰਾਜ ਵਿੱਚ ਗੜਬੜ ਹੈ, ਸਿੱਖ ਨੇ ਉਹ ਠੀਕ ਕਰਨਾ ਹੈ ਅਤੇ ਲੋੜ ਪੈਣ ਉੱਤੇ ਉਸ ਨੂੰ ਜੜ੍ਹੋਂ ਪੁੱਟ ਕੇ ਉੱਥੇ ਸਰਬੱਤ ਦੇ ਭਲੇ ਵਾਲਾ ਰਾਜ ਪ੍ਰਬੰਧ ਕਾਇਮ ਕਰਨਾ ਹੈ। ਜੇਕਰ ਖਾਸ ਹਲਾਤਾਂ ਵਿੱਚ ਰਾਜ ਸਾਂਭਣਾ ਪਵੇ ਤਾਂ ਕੋਈ ਗੁਨਾਹ ਵੀ ਨਹੀਂ ਹੈ ਪਰ ਇਹ ਸਿੱਖ ਦਾ ਆਖਰੀ ਨਿਸ਼ਾਨਾ ਨਹੀਂ ਹੋਣਾ ਚਾਹੀਦਾ। ਹਰਿੰਦਰ ਸਿੰਘ ਮਹਿਬੂਬ ਆਪਣੀ ਕਿਤਾਬ ‘ਸਹਿਜੇ ਰਚਿਓ ਖਾਲਸਾ’ ਵਿੱਚ ਲਿਖਦੇ ਹਨ ਕਿ “ਖਾਲਸਾ ਉਹਨਾਂ ਰਾਜਸੀ ਪਰਿਸਥਿਤੀਆਂ ਨੂੰ ਲਿਆਉਣ ਲਈ ਹਮੇਸ਼ਾ ਹੀ ਜੱਦੋਜਹਿਦ ਕਰੇਗਾ, ਜਿਹੜੀਆਂ ਉਸਦੇ ਧਰਮ ਦੇ ਆਤਮਕ ਸਰੂਪ ਨੂੰ ਸੁਤੰਤਰ, ਸੁਅੱਛ ਅਤੇ ਤਾਜ਼ਾ ਰੱਖ ਸਕਣ। ਜੇ ਬਾਦਸ਼ਾਹਤ ਉਸਦੀ ਹੋਂਦ ਦੇ ਅਨੁਕੂਲ ਹੈ, ਤਾਂ ਉਸਦੀ ਰੂਹਾਨੀਅਤ ਦੇ ਪਾਵਨ ਚਸ਼ਮੇ ਬਾਦਸ਼ਾਹਤ ਨੂੰ ਹਰਾ-ਭਰਾ ਕਰ ਦੇਣਗੇ, ਪਰ ਜੇ ਜਮਹੂਰੀਅਤ ਉਸਨੂੰ ਬਾਂਝ ਕਰਦੀ ਹੈ, ਤਾਂ ਉਸਦਾ ਗਜ਼ਬ ਜਮਹੂਰੀਅਤ ਨੂੰ ਤੋੜ ਦੇਵੇਗਾ। ਖਾਲਸੇ ਦੀ ਧਾਰਮਿਕ ਗਤੀ ਰਾਜਸੀ ਨਿਜ਼ਾਮਾਂ ਨੂੰ ਜਨਮ ਦੇਵੇਗੀ ਅਤੇ ਉਹਨਾਂ ਨੂੰ ਆਪਣੇ ਸੁਰਤਾਲ ਵਿੱਚ ਰੱਖੇਗੀ, ਪਰ ਕਿਸੇ ਵੀ ਰਾਜਸੀ ਨਿਜ਼ਾਮ ਨੂੰ ਖ਼ਾਲਸਾ ਆਪਣੀ ਧਾਰਮਿਕ ਗਤੀ ਉੱਤੇ ਹਾਵੀ ਨਹੀਂ ਹੋਣ ਦਵੇਗਾ।”

‘ਅਗਾਂਹ ਵੱਲ ਨੂੰ ਤੁਰਦਿਆਂ’ ਖਰੜੇ ਵਿੱਚ ਪਾਤਸ਼ਾਹੀ ਦਾਅਵੇ ਅਤੇ ਰਾਜ ਬਾਬਤ ਲਿਖਿਆ ਮਿਲਦਾ ਹੈ ਕਿ “ਖਾਲਸਾ ਪੰਥ ਦਾ ਪਾਤਿਸਾਹੀ ਦਾਅਵਾ ਅਕਾਲੀ ਪ੍ਰਭੂਸੱਤਾ ਹੈ ਜਦਕਿ ਰਾਜ, ਕਾਲ ਅਧੀਨ ਤਖਤ ਨਾਲ ਸਬੰਧਤ ਹੋਂਦ ਹੈ। ਗੁਰਬਾਣੀ ਅਨੁਸਾਰ ਕਾਲ ਸਦੀਵ ਨਹੀਂ ਹੈ ਇਸ ਲਈ ਗੁਰੂ ਖਾਲਸਾ ਪੰਥ ਸਦਾ ਹੀ ਆਪਣੇ ਵੱਲੋਂ ਬਣਾਏ ਰਾਜ ਪ੍ਰਬੰਧ ਤੋਂ ਉਪਰ ਰਹੇਗਾ। ਪਾਤਿਸਾਹੀ ਦੇ ਸਿਧਾਂਤ ਅਨੁਸਾਰ ਅਕਾਲਪੁਰਖ ਤੋਂ ਇਲਾਵਾ ਹੋਰ ਕਿਸੇ ਵੀ ਤਾਕਤ, ਵਿਚਾਰ ਜਾਂ ਰਾਜ ਪ੍ਰਬੰਧ ਦੀ ਅਧੀਨਗੀ ਜਾਂ ਗੁਲਾਮੀ ਖਾਲਸਾ ਪੰਥ ਕਿਸੇ ਵੀ ਰੂਪ ਵਿੱਚ ਨਹੀਂ ਕਬੂਲ ਕਰ ਸਕਦਾ। ਗੁਰੂ-ਲਿਵ ਤੋਂ ਵਿਰਵਾ ਹੋ ਜਾਣ ਦੀ ਸੂਰਤ ਵਿੱਚ ਖਾਲਸਾ ਪੰਥ ਆਪਣੀ ਗੁਰੂ ਅਤੇ ਖਾਲਸਾ ਹੋਣ ਦੀ ਪਦਵੀ ਖੋ ਬੈਠਦਾ ਹੈ ਅਤੇ ਨਾਲ ਹੀ ਪਾਤਿਸਾਹੀ ਦਾਅਵਾ ਅਲੋਪ ਹੋ ਜਾਂਦਾ ਹੈ। ਬੱਸ ਇੱਕ ਸਭਿਆਚਾਰਕ ਪਹਿਚਾਣ ਤੱਕ ਸੀਮਤ ਹੋ ਜਾਂਦਾ ਹੈ। ਪਿਛਲੇ ੧੫੦ ਸਾਲ ਤੋਂ ਸਿੱਖ-ਸੰਗਤ ਦਾ ਜਿਆਦਾ ਹਿੱਸਾ ਰੱਬੀ ਪਾਤਿਸਾਹੀ ਦੇ ਦਾਅਵੇ ਨੂੰ ਵਿਸਾਰ ਕੇ ਹੋਰ ਦੁਨਿਆਵੀ ਰਾਜਸੀ ਜਮਾਤਾਂ ਤੇ ਯੂਰਪੀਅਨ ਨੇਸ਼ਨ ਵਾਂਗੂ ਰਾਜ ਪ੍ਰਬੰਧ ਨੂੰ ਹਾਸਲ ਕਰਨ ਲਈ ਸੋਚਦਾ ਆ ਰਿਹਾ ਹੈ।”

ਅਕਸਰ ਸਮਾਂ ਅਤੇ ਹਲਾਤ ਬੰਦੇ ਉੱਤੇ ਆਪਣਾ ਅਸਰ ਛੱਡਦੇ ਹਨ ਜਿਸ ਕਰ ਕੇ ਹੀ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ, ਜੋ ਸਾਡਾ ਨਹੀਂ, ਉਹ ਸਾਡਾ ਲੱਗਣ ਲੱਗ ਪੈਂਦਾ ਹੈ ਅਤੇ ਜੋ ਸਾਡਾ ਹੈ ਉਹ ਸਮੇਂ ਅਤੇ ਹਾਲਾਤ ਅਨੁਸਾਰ ਸਵਾਲੀਆ ਚਿੰਨ੍ਹ ਹੇਠ ਆ ਜਾਂਦਾ ਹੈ ਜਾਂ ਓਪਰਾ ਲੱਗਣ ਲੱਗ ਜਾਂਦਾ ਹੈ। ‘ਸਹਿਜੇ ਰਚਿਓ ਖਾਲਸਾ’ ਦੀ ਭੂਮਿਕਾ ਵਿਚ ਲਿਖੀਆਂ ਹਰਿੰਦਰ ਸਿੰਘ ਮਹਿਬੂਬ ਦੀਆਂ ਇਹ ਸਤਰਾਂ ਵਿਚਾਰਨਯੋਗ ਹਨ “ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰ ਦੇ ਨੇੜੇ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਫਿਤਰਤ ਵਿੱਚ ਆਪਣੇ ਮਜ਼੍ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਪਈਆਂ ਹੁੰਦੀਆਂ ਹਨ। ਉਨ੍ਹਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿੱਚ ਉਨ੍ਹਾਂ ਦੇ ਜਨਾਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿੱਚ ਪਏ ਹੁੰਦੇ ਹਨ। ਉਸਦੀ ਕਹਿਣੀ ਅਤੇ ਕਰਨੀ ਵਿੱਚ ਗੁਰੂ-ਪੈਗੰਬਰ ਦੀ ਅਤਿ ਨੇੜੇ ਦੀ ਛੋਹ ਹੁੰਦੀ ਹੈ। ਉਦੋਂ ਇਸਦੀ ਸਮੂਹਿਕ ਚੇਤਨਾ ਕਿਸੇ ਪ੍ਰਕਾਰ ਦੇ ਵਿਰੋਧ-ਵਿਕਾਸ ਦੇ ਅਸੂਲ ਦੀ ਸਰਦਾਰੀ ਨਹੀਂ ਕਬੂਲਦੀ, ਉਦੋਂ ਇਸਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ, ਕਿਉਂਕਿ ਉਦੋਂ ਇਤਿਹਾਸ ਇਸ ਵਿਚੋਂ ਜਨਮ ਲੈਂਦੇ ਹਨ। ਸਮਾਂ ਬੀਤਣ ਨਾਲ ਬਹੁਤ ਸਾਰੇ ਕਾਰਨਾਂ ਅਧੀਨ ਮਜ਼੍ਹਬਾਂ ਦੀ ਇਹ ਪਹਿਲ-ਤਾਜ਼ਗੀ ਵਾਲੀ ਅਵਸਥਾ ਕਮਜ਼ੋਰ ਪੈਣ ਲਗਦੀ ਹੈ। ਜਦੋਂ ਇਸਦੀ ਤੀਬਰਤਾ ਘਟਦੀ ਹੈ ਤਾਂ ਕੌਮਾਂ ਦੇ ਮਨ ਕਮਜ਼ੋਰ ਪੈਣ ਲਗਦੇ ਹਨ ਅਤੇ ਸਿੱਟੇ ਵਜੋਂ ਇਨ੍ਹਾਂ ਦੀ ਕਹਿਣੀ ਅਤੇ ਕਰਣੀ ਬਾਹਰਲੇ ਹਾਲਾਤਾਂ ਦੇ ਅਧੀਨ ਹੋ ਜਾਂਦੀ ਹੈ।” ਗੁਰੂ ਪਾਤਸ਼ਾਹ ਮਿਹਰ ਕਰਨ ਅਸੀਂ ਆਪਣੇ ਪਾਤਸ਼ਾਹੀ ਦਾਅਵੇ ਨੂੰ ਕਿਸੇ ਖਿੱਤੇ/ਖਿੱਤਿਆਂ ਦੀ ਸੂਬੇਦਾਰੀ ਨਾਲੋਂ ਵੱਖਰਾ ਕਰਕੇ ਵੇਖਣ ਸਮਝਣ ਲਈ ਯਤਨ ਕਰੀਏ ਅਤੇ ਓਸੇ ਵਿੱਚੋਂ ਸੇਧ ਲੈ ਕੇ ਆਪਣੇ ਅਗਲੇ ਅਮਲ ਤੈਅ ਕਰੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: