ਚੋਣਵੀਆਂ ਲਿਖਤਾਂ » ਲੇਖ

26 ਅਪ੍ਰੈਲ 1984 – ਜੂਨ 84 ਦੇ ਹਮਲਿਆਂ ਤੋਂ ਪਹਿਲਾਂ ….

April 27, 2022 | By

ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ…

ਅਪ੍ਰੈਲ 1984 ਦੇ ਅਖੀਰਲੇ ਦਿਨਾਂ ਵਿੱਚ ਸੀ.ਆਰ.ਪੀ.ਐੱਫ. ਵੱਲੋਂ ਮੋਗਾ ਸ਼ਹਿਰ ਦੇ ਕੁੱਲ ਤਿੰਨ ਗੁਰਦੁਆਰਾ ਸਾਹਿਬਾਨ – ਗੁਰਦੁਆਰਾ ਅਕਾਲਸਰ ਸਾਹਿਬ, ਗੁਰਦੁਆਰਾ ਬੀਬੀ ਕਾਹਨ ਕੌਰ ਜੀ ਅਤੇ ਗੁਰਦੁਆਰਾ ਸਿੰਘ ਸਭਾ ਨੂੰ ਘੇਰਾ ਪਾਇਆ ਗਿਆ। ਉਹਨਾਂ ਦਿਨਾ ਵਿੱਚ ਇਹ ਸ਼ਹਿਰ ਸਿੱਖ ਵੱਸੋਂ ਅਤੇ ਗਤੀਵਿਧੀਆਂ ਦਾ ਇੱਕ ਮਹੱਤਵਪੂਰਨ ਕੇਂਦਰ ਸੀ। ਉਦੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜ਼ਿਲ੍ਹਾ ਦਫ਼ਤਰ ਗੁਰਦੁਆਰਾ ਸਿੰਘ ਸਭਾ, ਮੋਗਾ ਹੁੰਦਾ ਸੀ। ਫੈਡਰੇਸ਼ਨ ਦੇ ਦਫ਼ਤਰ ਕਰਕੇ ਨੌਜਵਾਨਾਂ ਦਾ ਇੱਥੇ ਕਾਫੀ ਆਉਣਾ ਜਾਣਾ ਸੀ। ਇਸ ਤੋਂ ਇਲਾਵਾ ਗੁਰਦੁਆਰਾ ਅਕਾਲਸਰ ਸਾਹਿਬ ਅਤੇ ਗੁਰਦੁਆਰਾ ਬੀਬੀ ਕਾਹਨ ਕੌਰ ਵੀ ਸਿੱਖ ਸੰਗਤ ਦਾ ਕੇਂਦਰ ਸਨ। ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਤੋਂ ਰਹਿਤ ਹੋ ਰਹੇ ਸਨ ਅਤੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਸਿੰਘ ਸਜ ਰਹੇ ਸਨ। ਸਰਕਾਰ ਨੂੰ ਨੌਜਵਾਨਾਂ ਦਾ ਇਸ ਤਰ੍ਹਾਂ ਸਿੱਖੀ ਵੱਲ ਨੂੰ ਮੋੜਾ ਕਾਫੀ ਚੁੱਭ ਰਿਹਾ ਸੀ। 26 ਅਪ੍ਰੈਲ 1984 ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਦੇ ਬਾਹਰ ਸੀ.ਆਰ.ਪੀ.ਐੱਫ/ਪੁਲਸ ਵੱਲੋਂ ਚਲਾਈ ਗਈ ਅੰਨ੍ਹੇਵਾਹ ਗੋਲੀ ਨਾਲ 8 ਸਿੰਘ ਸ਼ਹੀਦ ਹੋਏ ਅਤੇ ਅਨੇਕਾਂ ਜਖਮੀ ਹੋਏ। ਕਰਫਿਊ ਲਗਾਇਆ ਗਿਆ, ਗੁਰਦੁਆਰਾ ਸਾਹਿਬ ਅੰਦਰ ਪ੍ਰਸਾਦਾ ਪਾਣੀ ਜਾਣੋ ਰੋਕਿਆ ਗਿਆ। ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ ਅਤੇ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਜੂਨ 1984 ਵਿੱਚ ਜੋ ਹਮਲਾ ਕਰਨਾ ਸੀ, ਇਹ ਇੱਕ ਤਰ੍ਹਾਂ ਉਸ ਦਾ ਅਭਿਆਸ ਸੀ ਅਤੇ ਅਗਲੇ ਅਮਲ ਲਈ ਉਸ ਦੀ ਪਰਖ ਵੀ ਸੀ। ਪਰਖ ਇਹ ਸੀ ਕਿ ਇਸ ਕਾਰਵਾਈ ਦੇ ਪ੍ਰਤੀਕਰਮ ਵਿੱਚ ਸਿੱਖ ਕੀ ਕਰਦੇ ਹਨ ਤਾਂ ਕਿ ਇਸ ਤੋਂ ਸਬਕ ਲੈ ਕੇ 40 ਦਿਨਾ ਬਾਅਦ ਕੀਤੇ ਜਾਣ ਵਾਲੇ ਹਮਲਿਆਂ ਲਈ ਹੋਰ ਬਿਹਤਰ ਤਿਆਰੀ ਹੋ ਸਕੇ।

ਧਰਮ ਯੁੱਧ ਮੋਰਚੇ ਦੌਰਾਨ ਲਗਾਤਾਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸਨ, ਪੁਲਸ ਨੇ ਜਦੋਂ ਸੰਤਾਂ ਦੇ ਭਰਾ ਜਗਜੀਤ ਸਿੰਘ ਅਤੇ ਹੋਰ ਕਈ ਸਿੰਘ ਗ੍ਰਿਫਤਾਰ ਕਰ ਲਏ ਸਨ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਿਤ ਸਿੰਘਾਂ ਵੱਲੋਂ ਮੋਗਾ ਵਿਖੇ ਇਹਨਾਂ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਉਣ ਲਈ ਇਕੱਠ ਰੱਖਿਆ ਗਿਆ। ਇਸ ਵਿੱਚ ਮੋਗਾ ਦੇ ਪਿੰਡ ਅਜੀਤਵਾਲ ਤੋਂ ਭਾਈ ਗੁਰਮੇਲ ਸਿੰਘ (ਸਰਪੰਚ) ਮੋਢੀ ਸਨ। ਉਹਨਾਂ ਨੇ ਹੀ ਬਾਕੀ ਸਿੰਘਾਂ ਨੂੰ ਸੱਦੇ ਦਿੱਤੇ ਸਨ। ਭਾਈ ਗੁਰਮੇਲ ਸਿੰਘ ਸੰਨ 1977 ਵਿੱਚ ਦੁਬਈ ਚਲੇ ਗਏ ਸਨ, ਜੋ 3 ਸਾਲ ਬਾਅਦ ਸੰਨ 1980 ਵਿੱਚ ਵਾਪਸ ਪੰਜਾਬ ਆ ਗਏ। ਪੰਜਾਬ ਆ ਕੇ ਉਹਨਾਂ ਨੇ ਆਪਣੇ ਪਰਿਵਾਰ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਥੇ ਤੋਂ ਖੰਡੇ ਬਾਟੇ ਦੀ ਪਾਹੁਲ ਛਕੀ। ਉਸ ਤੋਂ ਬਾਅਦ ਉਹ ਲਗਾਤਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੰਪਰਕ ਵਿੱਚ ਰਹੇ। ਉਹ ਆਪਣੇ ਇਲਾਕੇ ਦੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੋਢੀ ਸਨ ਅਤੇ ਆਪਣੇ ਪਿੰਡ ਦੇ ਸਰਪੰਚ ਵੀ ਸਨ।

ਭਾਈ ਗੁਰਮੇਲ ਸਿੰਘ ਦੇ ਨਾਲ ਇਸ ਮੋਰਚੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸਿੰਘ ਆਏ। ਸੰਗਤ ਗੁਰਦੁਆਰਾ ਸਿੰਘ ਸਭਾ ਵਾਲੇ ਪਾਸੇ ਇਕੱਠੀ ਹੋਈ ਪਰ ਸਰਕਾਰ ਨੇ ਸਖ਼ਤੀ ਕਰਦਿਆਂ ਕਰਫ਼ਿਊ ਲਗਾ ਦਿੱਤਾ। ਕਰਫ਼ਿਊ ਲੱਗਣ ’ਤੇ ਸੰਗਤ ਗੁਰਦੁਆਰਾ ਬੀਬੀ ਕਾਹਨ ਕੌਰ ਚਲੀ ਗਈ। ਕੁਝ ਸਿੰਘ ਸਿੱਧਾ ਬੀਬੀ ਕਾਹਨ ਕੌਰ ਆ ਗਏ। ਪੁਲਸ ਅਤੇ ਸੀ.ਆਰ.ਪੀ.ਐੱਫ. ਦਾ ਗੁਰਦੁਆਰਾ ਸਾਹਿਬ ਨੂੰ ਘੇਰਾ ਵੀ ਸੀ ਪਰ ਸੰਗਤ ਨੂੰ ਇੱਕ ਥਾਂ ਇਕੱਠਾ ਹੋਣ ਦਿੱਤਾ ਗਿਆ। 26 ਅਪ੍ਰੈਲ ਨੂੰ ਇੱਕ ਵਾਰ ਕਰਫ਼ਿਊ ਖੋਲ੍ਹ ਦਿੱਤਾ/ਢਿੱਲ ਦਿੱਤੀ ਗਈ, ਜਦੋਂ ਕਰਫ਼ਿਊ ਖੋਲ੍ਹਿਆ ਤਾਂ ਚਾਰ ਸਿੰਘ ਗੁਰੂ ਘਰ ਤੋਂ ਬਾਹਰ ਨਿਕਲੇ। ਜਦੋਂ ਉਹ ਅਜੇ ਸਿਰਫ ਫਾਟਕ ਹੀ ਲੰਘੇ ਸਨ ਤਾਂ ਪੁਲਸ ਨੇ ਉਹਨਾਂ ਨੂੰ ਧੱਕੇ ਨਾਲ ਗ੍ਰਿਫਤਾਰ ਕਰ ਲਿਆ। ਇਸ ਗੱਲ ਦਾ ਜਦੋਂ ਸੰਗਤ ਨੂੰ ਪਤਾ ਲੱਗਿਆ ਤਾਂ ਮਹੌਲ ਹੋਰ ਵੀ ਤਣਾਅਪੂਰਨ ਹੋ ਗਿਆ।

ਭਾਈ ਗੁਰਮੇਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕਿਹਾ ਕਿ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ ਹਨ ਸਿਰਫ ਓਹੀ ਬਾਹਰ ਆਇਓ ਬਾਕੀ ਅੰਦਰ ਹੀ ਰਹਿਣਾ। ਫਿਰ ਸੰਗਤ ਗੁਰੂ ਘਰ ਤੋਂ ਬਾਹਰ ਬਜ਼ਾਰ ਦੇ ਮੁੱਖ ਫਾਟਕ ਵਾਲੇ ਪਾਸੇ ਆ ਗਈ ਜੋ ਗੁਰਦੁਆਰਾ ਸਾਹਿਬ ਦੇ ਬਿਲੁਕਲ ਸਾਹਮਣੇ ਹੀ ਸੀ। ਪਰ ਅੱਗਿਓਂ ਪੁਲਸ ਅਤੇ ਸੀ.ਆਰ.ਪੀ.ਐੱਫ ਵੱਲੋਂ ਗੋਲ਼ੀ ਚਲਾਉਣ ਦੀ ਧਮਕੀ ਦੇ ਕੇ ਸੰਗਤ ਨੂੰ ਵਾਪਸ ਜਾਣ ਲਈ ਕਿਹਾ ਗਿਆ। ਭਾਈ ਗੁਰਮੇਲ ਸਿੰਘ ਨੇ ਜਵਾਬ ਵਿੱਚ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਰਿਹਾਅ ਕਰਨ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਕਰਫਿਊ ਵਿੱਚ ਢਿੱਲ ਸਭ ਲਈ ਹੈ ਫਿਰ ਜੇ ਬਾਕੀ ਲੋਕ ਬਾਹਰ ਜਾ ਆ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ?” ਅਫਸਰ ਨਾਲ ਇਸ ਸਵਾਲ-ਜਵਾਬ ਦੌਰਾਨ ਹੀ ਪੁਲਸ/ਸੀ.ਆਰ.ਪੀ.ਐੱਫ ਨੇ ਅੰਨ੍ਹੇਵਾਹ ਗੋਲ਼ੀ ਚਲਾ ਦਿੱਤੀ ਜਿਸ ਨਾਲ 8 ਸਿੰਘ ਸ਼ਹੀਦ ਹੋਏ ਜਿਨ੍ਹਾਂ ਵਿੱਚ ਭਾਈ ਗੁਰਮੇਲ ਸਿਘ ਸਰਪੰਚ (ਅਜੀਤਵਾਲ), ਭਾਈ ਬਲਜੀਤ ਸਿੰਘ (ਅਜੀਤਵਾਲ), ਭਾਈ ਗੁਰਮੇਲ ਸਿੰਘ (ਮਹੇਸ਼ਰੀ), ਬਲਬੀਰ ਸਿੰਘ (ਮਹੇਸ਼ਰੀ), ਭਾਈ ਮਲਕੀਤ ਸਿੰਘ ਭਲਵਾਨ (ਢੁੱਡੀਕੇ), ਭਾਈ ਬਲਜਿੰਦਰ ਸਿੰਘ (ਧਰਮਕੋਟ), ਭਾਈ ਕੁਲਦੀਪ ਸਿੰਘ (ਰਾਏਕੇ ਕੋਟਲਾ) ਅਤੇ ਭਾਈ ਅਜੀਤ ਸਿੰਘ (ਭਲੂਰ) ਸਨ। ਇਹਨਾਂ ਤੋਂ ਇਲਾਵਾ ਅਨੇਕਾਂ ਸਿੰਘ ਜਖਮੀ ਹੋ ਗਏ ਸਨ। ਗੋਲ਼ੀਆਂ ਗੁਰਦੁਆਰਾ ਸਾਹਿਬ ਦੇ ਗਾਡਰਾਂ ਵਿੱਚ ਵੀ ਲੱਗੀਆਂ। ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਦੇ ਗਾਡਰਾਂ ਵਿੱਚ ਗੋਲ਼ੀਆਂ ਦੇ ਨਿਸ਼ਾਨ ਸਨ। ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਨਹੀਂ ਦਿੱਤੀਆਂ ਗਈਆਂ।

ਇੱਕ ਪ੍ਰੀਤਮ ਸਿੰਘ ਨਾਮ ਦਾ ਦੁਕਾਨਦਾਰ ਆਪਣੇ ਬੱਚੇ ਨੂੰ ਗੋਦੀ ਚੁੱਕ ਕੇ ਵੇਖਣ ਆਇਆ ਸੀ ਕਿ ਕੀ ਗੱਲਬਾਤ ਹੋਈ ਹੈ, ਜਦੋਂ ਪਹੁੰਚਿਆ ਤਾਂ ਸਖਤ ਕਰਫ਼ਿਊ ਵਿੱਚ ਘਿਰ ਗਿਆ। ਉਸ ਉੱਤੇ ਵੀ ਕੇਸ ਪਾ ਦਿੱਤਾ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। 12-13 ਸਾਲ ਕੇਸ ਚੱਲਿਆ, ਫਿਰ ਰਿਹਾਈ ਹੋਈ।

ਗੋਲੀਬਾਰੀ ਤੋਂ ਬਾਅਦ ਕੁਝ ਸੰਗਤ ਗੁਰਦੁਆਰਾ ਸਾਹਿਬ ਅੰਦਰ ਆ ਗਈ, ਗੁਰਦੁਆਰਾ ਸਾਹਿਬ ਅੰਦਰ ਸੰਗਤ ਦਾ ਪ੍ਰਸਾਦਾ ਪਾਣੀ ਬੰਦ ਸੀ। ਗੁਰਦੁਆਰਾ ਸਾਹਿਬ ਅੰਦਰ ਇੱਕ ਦੁਕਾਨ ਸੀ ਜਿਸ ਦਾ ਬੂਹਾ ਬਾਹਰਲੇ ਪਾਸੇ ਸੀ, ਉਸ ਦੁਕਾਨ ਨਾਲ ਅੱਗੇ ਹੋਰ ਦੁਕਾਨਾਂ ਜੁੜੀਆਂ ਸਨ। ਭੁੱਖੀ ਤਿਹਾਈ ਸੰਗਤ ਨੇ ਉਸ ਦੁਕਾਨ ਦੀ ਕੰਧ ਤੋੜ ਦਿੱਤੀ ਪਰ ਓਥੇ ਕੁਝ ਖਾਣ-ਪੀਣ ਨੂੰ ਨਾ ਮਿਲਿਆ, ਫਿਰ ਦੋ ਕੰਧਾਂ ਹੋਰ ਤੋੜੀਆਂ ਜਿੱਥੋਂ ਕੁਝ ਪਾਣੀ ਮਿਲਿਆ ਅਤੇ ਲੰਗਰ ਵਾਸਤੇ ਥੋੜ੍ਹਾ ਆਟਾ ਮਿਲ ਗਿਆ। ਫਿਰ ਸੰਗਤ ਨੇ ਥੋੜ੍ਹਾ-ਥੋੜ੍ਹਾ ਵੰਡ ਕੇ ਛਕਿਆ।

ਬੀਬੀਆਂ ਦੀ ਇੱਕ ਇਸਤਰੀ ਸਭਾ ਇਕੱਠ ਕਰਕੇ ਸਿੰਘਾਂ ਲਈ ਲੰਗਰ ਲੈ ਕੇ ਆਈ ਪਰ ਅੱਗੇ ਨਾ ਜਾਣ ਦਿੱਤਾ ਗਿਆ। ਬੀਬੀਆਂ ਦਾ ਜਥਾ ਇਸ ਗੱਲ ‘ਤੇ ਅੜਿਆ ਰਿਹਾ ਫਿਰ ਐਸ.ਡੀ.ਐਮ ਅਮਰਜੀਤ ਸਿੰਘ ਨੇ ਤਾਲਮੇਲ ਕਰਕੇ ਅੰਦਰ ਲੰਗਰ ਪਹੁੰਚਾਇਆ।

ਜਿਹੜੀ ਸੰਗਤ ਗੁਰਦੁਆਰਾ ਸਾਹਿਬ ਸੀ ਉਹਨਾਂ ਨੂੰ ਕਈ ਦਿਨ ਘੇਰਾ ਪਾ ਕੇ ਰੱਖਿਆ ਗਿਆ। ਇਸ ਘੇਰੇ ਦੇ ਰੋਸ ਵਿੱਚ ਸ਼ਹਿਰ ਅਤੇ ਪੰਜਾਬ ਦੀ ਸੰਗਤ ਗੁਰਦੁਆਰਾ ਬੀਬੀ ਕਾਹਨ ਕੌਰ ਵੱਲ ਆਉਣ ਲੱਗ ਪਈ। ਫਿਰ ਘੇਰਾ ਹਟਾ ਦਿੱਤਾ ਗਿਆ ਅਤੇ ਸੰਗਤ ਗੁਰਦੁਆਰਾ ਸਾਹਿਬ ਤੋਂ ਬਾਹਰ ਆਈ। ਬਾਅਦ ਵਿੱਚ ਪੁਲਸ ਵੱਲੋਂ ਸਿੰਘਾਂ ਦੇ ਘਰ ਛਾਪੇ ਮਾਰੇ ਗਏ ਅਤੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ।

ਗੁਰਦੁਆਰਾ ਅਕਾਲਸਰ ਸਾਹਿਬ, ਮੋਗਾ ਨੂੰ ਵੀ ਘੇਰਾ ਪਾਇਆ ਗਿਆ। ਗੁਰਦੁਆਰਾ ਸਾਹਿਬ ਅੰਦਰ ਪਾਣੀ ਅਤੇ ਬਿਜਲੀ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਗਈ ਸੀ। ਇੱਥੇ ਵੀ ਘੇਰਾ ਕਈ ਦਿਨਾਂ ਤੱਕ ਰਿਹਾ। ਸ਼ਹਿਰ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਕਿ ਇਹ ਘੇਰਾ ਤੋੜਿਆ ਜਾਵੇ ਅਤੇ ਸੰਗਤ ਨੂੰ ਮੱਥਾ ਟੇਕਣ ਦੀ ਖੁੱਲ੍ਹ ਦਿੱਤੀ ਜਾਵੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਸਾਰੀ ਕਾਰਵਾਈ ਨੂੰ ਸਖਤੀ ਨਾਲ ਲਿਆ ਗਿਆ। ਇਹ ਘੇਰਾ 10 ਤੋਂ 12 ਦਿਨਾਂ ਤੱਕ ਰਿਹਾ। ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਨੂੰ ਵੀ ਘੇਰਾ ਪਾਇਆ ਗਿਆ ਸੀ।

ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ। ਮੋਗਾ ਸ਼ਹਿਰ ਦੇ ਤਿੰਨ ਗੁਰਦੁਆਰਿਆਂ ‘ਤੇ ਅਪ੍ਰੈਲ 1984 ਵਿੱਚ ਹੋਏ ਹਮਲੇ ਤੋਂ 40 ਦਿਨਾ ਬਾਅਦ ਜੂਨ ਮਹੀਨੇ ਦੇ ਪਹਿਲੇ ਹਫਤੇ ਅਨੇਕਾਂ ਗੁਰਦੁਆਰਿਆਂ ‘ਤੇ ਹਮਲੇ ਕੀਤੇ ਗਏ। ਇਹ ਲੜ੍ਹਾਈ ਮੁਕਤੀ ਦੇ ਵੱਖੋ-ਵੱਖਰੇ ਰਾਹ ਹੋਣ ਕਾਰਨ (ਭਾਵ ਧਰਮਾਂ ਦੀ ਲੜ੍ਹਾਈ) ਨਹੀਂ ਸਗੋਂ ਇਹ ਹਮਲਾ ਪਦਾਰਥਕ ਅਧਾਰ ਵਾਲੇ ਬਿਪਰ (ਅਧਰਮੀ) ਵੱਲੋਂ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਗੁਰਮੁਖਾਂ (ਧਰਮੀਆਂ) ਉੱਤੇ ਕੀਤਾ ਗਿਆ। ਸਿੱਖੀ ਦੀ ਓਟ ਗੁਰੂ ਉੱਤੇ ਹੋਣ ਕਰਕੇ ਸਿੱਖ ਇਸ ਮਨੋਵਿਗਿਆਨਿਕ ਹਮਲੇ ਵਿੱਚੋਂ ਵੱਡੀ ਗਿਣਤੀ ਵਿੱਚ ਨਿਕਲ ਆਏ ਹਨ। ਜੇ ਕੋਈ ਹੋਰ ਦੁਨਿਆਵੀ ਕਦਰਾਂ ਕੀਮਤਾਂ ਉੱਤੇ ਅਧਾਰਿਤ ਸਭਿਆਚਾਰ ਹੁੰਦਾ ਤਾਂ ਓਹਦੇ ਤੋਂ ਇਹ ਹਮਲਾ ਝੱਲ ਨਹੀਂ ਸੀ ਹੋਣਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,