ਚੋਣਵੀਆਂ ਲਿਖਤਾਂ » ਚੋਣਵੀਆਂ ਵੀਡੀਓ » ਲੇਖ » ਵੀਡੀਓ » ਸਿੱਖ ਖਬਰਾਂ

ਅਸੀਂ ਕਿਸ ਨੂੰ ਸਮਰਪਿਤ ਹਾਂ – ਗੁਰੂ ਗ੍ਰੰਥ-ਗੁਰੂ ਪੰਥ ਨੂੰ ਜਾਂ ਗੁਰੂ ਦੋਖੀਆਂ ਨੂੰ?

April 12, 2019 | By

ਲੇਖਕ: ਨਰਿੰਦਰ ਪਾਲ ਸਿੰਘ*

13 ਅਪ੍ਰੈਲ 1978 ਦੇ ਖੂਨੀ ਸਾਕੇ ਨੂੰ ਯਾਦ ਕਰਦਿਆਂ ਅਜਿਹੀਆਂ ਕਈ ਘਟਨਾਵਾਂ ਇੱਕ ਦ੍ਰਿਸ਼-ਲੜੀ ਵਾਙ ਅੱਖਾਂ ਮੁਹਰੇ ਚਲ ਪੈਂਦੀਆਂ ਹਨ ਜਿਥੇ ਆਪਣੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਣ ਦੇ ਹੱਕ ਵਿੱਚ ਨਿੱਤਰੇ ਸਿੱਖਾਂ ਨੂੰ ਸ਼ਹੀਦੀ ਜਾਮ ਪੀਣ ਦੇ ਮਾਰਗ ਚੱਲਣਾ ਪਿਆ। ਸਿੱਖ ਇਤਿਹਾਸ ਦੀ ਪ੍ਰਾਪਤੀ ਹੀ ਮੰਨੀ ਜਾਵੇਗੀ ਕਿ ਕਿਸੇ ਸਿੱਖਾਂ ਦੇ ਕਾਤਲ ਨੂੰ ਸੋਧਾ ਲਾਉਣ ਵਾਲੇ ਪਰਵਾਨਿਆਂ ਅਤੇ ਗੁਰੂ ਨਿੰਦਕਾਂ ਮੁਹਰੇ ਹਿੱਕ ਡਾਹ ਕੇ ਖਲੋਣ ਵਾਲਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ।

13 ਅਪ੍ਰੈਲ 1978 ਵਾਲੇ ਦਿਨ ਅੰਮ੍ਰਿਤਸਰ ਦੀ ਧਰਤੀ ’ਤੇ ਸਰਕਾਰੀ ਸ਼ਹਿ ਤੇ ਅੰਜ਼ਾਮ ਦਿੱਤੇ 13 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਗਹਿਰਾਈ ਵਿੱਚ ਜਾਇਆ ਜਾਏ ਤਾਂ ਨਿਰੰਕਾਰੀ ਮਿਸ਼ਨ ਦੇ ਰੁਪ ਵਿੱਚ ਸਿੱਖਾਂ ਦੀ ਵੱਧ ਰਹੀ ਤਾਕਤ ਨੂੰ ਖੋਰਾ ਲਾਣ ਲਈ ਘੜੀ ਸਰਕਾਰੀ ਨੀਤੀ ਦਾ ਇਹ ਜਾਹਰਾ ਚਿਹਰਾ ਸੀ ਜਿਸਨੂੰ 13 ਸਿੰਘਾਂ ਨੇ ਆਪਣੀ ਸ਼ਹਾਦਤ ਨਾਲ ਬੇਨਕਾਬ ਕੀਤਾ।

ਅੱਜ ਇਸ ਘਟਨਾ ਨੂੰ ਵਾਪਰੇ 41 ਸਾਲ ਹੋ ਚੁੱਕੇ ਹਨ ਤੇ ਜਦ ਕਿਧਰੇ ਵੀ ਸਿੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਇਹ ਦਾਅਵੇ ਕਰਦੇ ਹਨ ਕਿ ਉਹ ਦੇਹਧਾਰੀ ਗੁਰੂ ਡੰਮ ਦੇ ਖਿਲਾਫ ਜੰਗ ਲੜ ਰਹੇ ਹਨ ਜਾਂ ਲੜਾਈ ਲੜਨ ਦੀ ਲੋੜ ਹੈ ਤਾਂ ਵਿਚਾਰਨਾ ਪੈਂਦਾ ਹੈ ਕਿ ਇਸ ਦੇਹਧਾਰੀ ਗੁਰੂ ਡੰਮ ਦੀ ਸਰਪ੍ਰਸਤੀ ਦਾ ਮੁੱਢ ਤਾਂ ਸਾਡੀ ਅਖੌਤੀ ਲੀਡਰਸ਼ਿਪ ਨੇ 13 ਅਪ੍ਰੈਲ ਦੇ ਦਿਨ ਹੀ ਬੰਨ੍ਹ ਦਿੱਤਾ ਸੀ ਜਦੋਂ ਇਹ ਸਾਫ ਹੋ ਚੁੱਕਾ ਸੀ ਕਿ 13 ਸਿੱਖਾਂ ਦੇ ਕਤਲ ਦੇ ਦੋਸ਼ੀ ਨਕਲੀ ਨਿਰੰਕਾਰੀ ਮਿਸ਼ਨ ਦਾ ਮੁਖੀ ਗੁਰਬਚਨ ਹੈ ਪਰ ਉਸ ਵੇਲੇ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਹੁਕਮਾਂ ਉੱਤੇ ਹੀ ਇਸ ਸਿੱਖ ਦੋਖੀ ਨੂੰ ਪੰਜਾਬ ਤੋਂ ਬਾਹਰ ਸੁਰਖਿਅਤ ਪਹੁੰਚਾਣ ਦੀ ਜਿੰਮੇਵਾਰੀ ਨਿਭਾਈ ਗਈ। ਸਿੱਖਾਂ ਦੇ ਕਤਲ ਦਾ ਮਾਮਲਾ ਪੰਜਾਬ ਦੀ ਕਿਸੇ ਅਦਾਲਤ ਦੀ ਬਜਾਏ ਹਰਿਆਣਾ ਦੇ ਜਿਲ੍ਹਾ ਕਰਨਾਲ ਵਿਖੇ ਚਲਾਉਣ ਦੀ ਖਾਸ ਮਨਜੂਰੀ ਦਿੱਤੀ ਗਈ ਜਿਥੋਂ ਉਹ ਗੁਰੂ-ਦੋਖੀ ਬਾਇਜਤ ਬਰੀ ਵੀ ਹੋ ਗਿਆ।

ਸਾਕਾ 1978 ਵਿਚ ਸ਼ਹੀਦ ਹੋਏ 13 ਸਿੰਘਾਂ ਦੀਆਂ ਤਸਵੀਰਾਂ

ਤਸਵੀਰ ਦਾ ਦੂਸਰਾ ਪਾਸਾ ਵੇਖਿਆ ਜਾਏ ਤਾਂ ਨਕਲੀ-ਨਿਰੰਕਾਰੀ ਕਾਂਡ ਦਾ ਇਕ ਅਜਿਹਾ ਸਮਰਥਕ ਚਿਹਰਾ ਜੋ ‘ਅਕਾਲੀ’ ਮਖੌਟੇ ਹੇਠ ਸ਼ਰੇਆਮ ਸਾਹਮਣੇ ਆਇਆ ਅਤੇ ਇਸ ਨਕਲੀ-ਨਿਰੰਕਾਰੀ ਮਿਸ਼ਨ ਦੇ ਪ੍ਰਚਾਰ ਕੇਂਦਰਾਂ ਦੇ ਹੱਕ ਵਿੱਚ ਨਿਤਰਿਆ ਉਸਦਾ ਨਾਂ ਜੀਵਨ ਸਿੰਘ ਉਮਰਾਨੰਗਲ ਸੀ।

ਇਤਿਹਾਸ ਦੇ ਵਰਕੇ ਫਰੋਲੇ ਜਾਣ ਤਾਂ ਸਾਲ 1978 ਵਿੱਚ ਬਾਬਾ ਬਕਾਲਾ ਵਿਖੇ ਇੱਕ ਸਮਾਗਮ ਦੌਰਾਨ ਇਸ ਸ਼ਖਸ਼ ਨੇ ਸੰਤ ਜਰਨੈਲ ਸਿੰਘ ਖਾਲਸਾ ਨੂੰ ਖੁੱਲੀ ਚਣੌਤੀ ਦਿੱਤੀ ਕਿ ‘ਜੇਕਰ ਜਰਨੈਲ ਸਿੰਘ ਨਿਰੰਕਾਰੀ ਮਿਸ਼ਨ ਕੇਂਦਰ ਬੰਦ ਕਰਵਾਣ ਦੇ ਰਾਹ ਟੁਰੇਗਾ ਤਾਂ ਮੈਂ ਉਸਨੂੰ ਅਜਿਹਾ ਕਰਨ ਤੋਂ ਰੋਕਣ ਲਈ ਅੱਗੇ ਆਵਾਂਗਾ’।

ਸਿਰਦਾਰ ਕਪੂਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਇਕ ਪੁਰਾਣੀ ਤਸਵੀਰ

ਇਹ ਸਚਾਈ ਹੈ ਕਿ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਜਦੋਂ ਸਿੱਖ ਚਿੰਤਕ ਤੇ ਰਾਜਨੇਤਾ ਸਿਰਦਾਰ ਕਪੂਰ ਸਿੰਘ ਪਾਸੋਂ ਇਹ ਪੁੱਛਿਆ ਕਿ ‘ਜੇਕਰ ਸੰਤ ਜੀ ਨਿਰੰਕਾਰੀ ਮਿਸ਼ਨ ਕੇਂਦਰ ਬੰਦ ਕਰਾਉਣ ਤੁਰਨ ਤਾਂ ਕਿਤਨੇ ਕੁ ਸਿੱਖ ਉਨ੍ਹਾਂ ਦੇ ਨਾਲ ਹੋ ਸਕਦੇ ਹਨ?’ ਤਾਂ ਸਿਰਦਾਰ ਕਪੂਰ ਸਿੰਘ ਹੁਰਾਂ ਦੋ ਟੁੱਕ ਜਵਾਬ ਦਿੱਤਾ ਸੀ ‘ਹੋਰ ਕਿਸੇ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਇਸ ਕਾਰਜ ਲਈ ਮੈਂ ਸੰਤ ਜਰਨੈਲ ਸਿੰਘ ਹੁਰਾਂ ਦੇ ਨਾਲ ਹਾਂ’।

ਇਹ ਵੀ ਜਿਕਰਯੋਗ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਿੱਖਾਂ ਨੂੰ ਨਿਰੰਕਾਰੀ ਮਿਸ਼ਨ ਨਾਲ ਨਾ ਮਿਲਵਰਤਣ ਦਾ ਆਦੇਸ਼ ਹੁਕਮਨਾਮਾ ਰੂਪ ਵਿੱਚ ਜਾਰੀ ਹੋਇਆ ਤਾਂ ਉਸ ਵੇਲੇ ਸੱਤਾ ਖਾਤਿਰ ਸ਼੍ਰੋਮਣੀ ਅਕਾਲੀ ਦਲ (ਸ਼੍ਰੋ.ਅ.ਦ) ਦੀ ਭਾਈਵਾਲ ਬਣੀ ਜਨਸੰਘ (ਹੁਣ ਵਾਲੀ ਭਾਜਪਾ) ਨੇ ਸਾਫ ਕਹਿ ਦਿੱਤਾ ਸੀ ਇਹ ਹੁਕਮਨਾਮਾ ਸਾਡੇ ਤੇ ਲਾਗੂ ਨਹੀਂ ਹੁੰਦਾ।

ਯਾਦ ਕਰਨਾ ਬਣਦਾ ਹੈ ਕਿ ਜਿਹੜੀ ਜਨਸੰਘ ਨੇ 1978 ਵਿੱਚ ਸਿੱਖਾਂ ਦੇ ਇਸ਼ਟ ਦਾ ਨਿਰਾਦਰ ਕਰਨ ਵਾਲੇ ਨਕਲੀ ਨਿਰੰਕਾਰੀ ਮਿਸ਼ਨ ਦੇ ਹੱਕ ਵਿੱਚ ਖਲੋਣ ਦਾ ਫੈਸਲਾ ਸੁਣਾਇਆ ਦੀ ਉਹੀ ਭਾਜਪਾ, ਪਹਿਲਾਂ ਦਿੱਲੀ ਤੇ ਹੁਣ ਹਰਿਆਣਾ ਵਿੱਚ ਉਸ ਬਲਾਤਕਾਰੀ ਅਸਾਧ ਨਾਲ ਵੋਟ ਸਮਝੌਤਾ ਕਰਨ ਦੇ ਰਾਹ ਹੈ ਜਿਸਨੇ ਸਾਲ 2007 ਵਿੱਚ ਦਸਮੇਸ਼ ਪਿਤਾ ਅਤੇ ਖੰਡੇ ਬਾਟੇ ਦੀ ਪਾਹੁਲ ਦਾ ਸਵਾਂਗ ਰਚਿਆ ਅਤੇ ਸਾਲ 2015 ਵਿੱਚ ਜਿਸਦੇ ਪੈਰੋਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਨ ਦਾ ਘਿਨਾਉਣਾ ਕਰਮ ਕੀਤਾ।

ਜਿਸ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1978 ਵਿੱਚ ਗੁਰੂ ਦੋਖੀ ਨਕਲੀ ਨਿਰੰਕਾਰੀ ਮਿਸ਼ਨ ਦੇ ਮੁਖੀ ਗੁਰਬਚਨ ਨੂੰ ਬਚਾਉਣ ਲਈ ਪੂਰਾ ਜੋਰ ਲਾਇਆ ਉਹੀ ਪਰਕਾਸ਼ ਸਿੰਘ ਬਾਦਲ ਹੁਣ ਬਲਾਤਕਾਰੀ ਅਸਾਧ ਨੂੰ ਬੇਅਦਬੀ ਕਾਂਡ ਵਿੱਚ ਬਚਾਉਣ ਲਈ ਪੱਬਾਂ ਭਾਰ ਹੈ।

ਗੱਲ ਲੁਧਿਆਣਾ ਵਿਖੇ ਭਾਈ ਦਰਸ਼ਨ ਸਿੰਘ ਲੁਹਾਰਾ ਦੇ ਪੁਲਿਸ ਗੋਲੀ ਨਾਲ ਮਾਰੇ ਜਾਣ ਦੀ ਹੋਵੇ ਜਾਂ ਭਾਈ ਕਮਲਜੀਤ ਸਿੰਘ ਸੁਨਾਮ ਦੇ ਕਤਲ ਦੀ, ਆਖਿਰ ਇਨ੍ਹਾਂ ਦਾ ਦੋਸ਼ ਤਾਂ ਇਹੀ ਸੀ ਕਿ ਇਨ੍ਹਾਂ ਸਿੰਘਾਂ ਨੇ ਗੁਰੂ ਦਾ ਨਿਰਾਦਰ ਨਾ ਸਹਾਰਦਿਆਂ ਦੇਹਧਾਰੀ ਗੁਰੂਡੰਮ ਖਿਲਾਫ ਅਵਾਜ ਚੁੱਕੀ।

ਇਹ ਵੀ ਇਤਿਹਾਸ ਵੀ ਇਤਿਹਾਸ ਦਾ ਦੁਹਰਾਉ ਹੋਵੇਗਾ ਕਿ 1978 ਵਿੱਚ ਨਕਲੀ ਨਿਰੰਕਾਰੀਆਂ ਖਿਲਾਫ ਅਵਾਜ ਬੁਲੰਦ ਕਰਨ ਵਾਲਿਆਂ ਦਾ ਵਿਰੋਧ ਕਰਨ ਵਾਲਾ ਜੀਵਨ ਸਿੰਘ ਉਮਰਾਨੰਗਲ ਹਲਕਾ ਬਾਬਾ ਬਕਾਲਾ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੂੰ ਸ਼੍ਰੋ.ਗੁ.ਪ੍ਰ.ਕ. ਚੋਣਾਂ ਵਿੱਚ ਹਰਾਕੇ ਸ਼੍ਰੋ.ਗੁ.ਪ੍ਰ.ਕ. ਦਾ ਮੈਂਬਰ ਬਣਿਆ ਤੇ ਜਿਹੜੇ ਸ਼੍ਰੋ.ਗੁ.ਪ੍ਰ.ਕ. ਮੈਂਬਰ ਨੇ ਬਲਾਤਕਾਰੀ ਅਸਾਧ ਦੇ ਪੈਰੋੋਕਾਰਾਂ ਪਾਸੋਂ ਸੱਤਾ ਲਈ ਵੋਟਾਂ ਮੰਗੀਆਂ ਉਹ ਅੱਜ ਬਾਦਲ ਦਲੀਆਂ ਦੇ ਖਾਤੇ ਚੋਂ ਸ਼੍ਰੋ.ਗੁ.ਪ੍ਰ.ਕ. ਦੇ ਮੈਂਬਰ, ਸੂਬੇ ਦੀ ਵਿਧਾਨ ਸਭਾ ਦੇ ਐਮ.ਐਲ.ਏ. ਤੇ ਕੇਂਦਰੀ ਪਾਰਲੀਮੈਂਟ ਦੇ ਐਮ.ਪੀ. ਵੀ ਹਨ।
ਕਹਿਣ ਦਾ ਭਾਵ ਇਹ ਹੈ ਕਿ ਸਿੱਖ ਧਾਰਮਿਕ ਸੰਸਥਾਵਾਂ ਵਲੋਂ ਦੇਹਧਾਰੀ ਗੁਰੂਡੰਮ ਖਿਲਾਫ ਪ੍ਰਚਾਰ ਦੇ ਨਾਮ ਹੇਠ ਕਰੋੜਾਂ ਰੁਪਏ ਦੇ ਸਲਾਨਾ ਬਜਟ ਤੇ ਬਜਟ ਪਾਸ ਕਰਨ ਵਾਲੇ ਹੀ

ਡੇਰੇਦਾਰਾਂ ਦੀ ਗੁਲਾਮੀ ਕਬੂਲਣ ਵਿੱਚ ਮੋਹਰੀ ਹਨ। ਅਜਿਹੇ ਹਾਲਾਤ ਵਿਚ ਖੁੱਦ ਨੂੰ ਸਵਾਲ ਕਰਨਾ ਪਵੇਗਾ ਕਿ ਅਸੀਂ ਕਿਸ ਰਾਹ ਦੇ ਪਾਂਧੀ ਹਾਂ ਤੇ ਅਸੀਂ ਕਿਸ ਨੂੰ ਸਮਰਪਿਤ ਹਾਂ ਗੁਰੂ ਗ੍ਰੰਥ-ਗੁਰੂ ਪੰਥ ਨੂੰ ਜਾਂ ਗੁਰੂ ਦੋਖੀਆਂ ਨੂੰ?

* ਨਰਿੰਦਰਪਾਲ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਸੀਨੀਅਰ ਪੰਜਾਬੀ ਪੱਤਰਕਾਰ ਹੈ। ਲੇਖਕ ਨਾਲ +91-98553-13236 ਤੇ ਗੱਲ ਕੀਤੀ ਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,