ਚੋਣਵੀਆਂ ਲਿਖਤਾਂ » ਲੇਖ

ਸ਼ਹੀਦਾਂ ਦਾ ਪਿੰਡ ਅਤੇ ਅਜ਼ਾਦੀ ਲਹਿਰ ਦੀਆਂ ਹੋਰ ਯਾਦਾਂ (ਭਾਗ ਪਹਿਲਾ)

September 24, 2020 | By


ਭਾਰਤ ਨੇ ਕਸ਼ਮੀਰ ਵਿੱਚ ਆਪਣੇ ਬਸਤੀਵਾਦੀ ਨਿਜ਼ਾਮ ਨੂੰ ਕਾਇਮ ਰੱਖਣ ਦੇ ਮਨਸੂਬੇ ਨਾਲ ਅਨੇਕਾਂ ਪੈਦਾ ਕੀਤੇ ਪੋਸਟ ਕਾਰਡਾਂ ਵਿੱਚੋਂ ਇੱਕ ਤਸਵੀਰ ਝਾਕ ਰਹੀ ਹੈ। ‘ਗ਼ੜ ਫ਼ਿਰਦੋਸ’… ਇਹ ਪੋਸਟ ਕਾਰਡ ਇੱਕ ਕੌਮ ਨੂੰ ਸੱਦਾ ਦੇ ਰਹੇ ਹਨ। ਕਸ਼ਮੀਰ ਦੀ ਧਰਤੀ ਜਿਸ ਨੂੰ ਕਿ ਸਿਰਫ਼ ਇੱਕ ਸੈਰਗਾਹ ਵਿੱਚ ਬਦਲ ਦਿੱਤਾ ਗਿਆ ਹੈ। ਜਾਣ-ਬੁੱਝ ਕੇ ਅਜਿਹੀ ਤਸਵੀਰ-ਕਸ਼ੀ ਕੀਤੀ ਗਈ ਹੈ ਕਿ ਲੋਕਾਂ ਦੀਆਂ ਉਮੰਗਾਂ, ਸੱਧਰਾਂ ਅਤੇ ਇਤਿਹਾਸ ਨੂੰ ਆਪਣੇ ਨਜ਼ਰੀਏ ਤੋਂ ਪੇਸ਼ ਕੀਤਾ ਜਾ ਸਕੇ। ‘ਧਰਤੀ ਤੇ ਸੁਰਗ’ ਨੂੰ ਇੱਕ ਅਰਾਮਦੇਹ ਰਿਹਾਇਸ਼, ਮਨਪ੍ਰਚਾਵੇ ਦਾ ਸਾਧਨ ਅਤੇ ‘ਹਾਲਾਤ ਆਮ ਵਰਗੇ’ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਅਖੌਤੀ ‘ਅਜ਼ਾਦ ਸੋਚ’ ਜੋ ਕਸ਼ਮੀਰੀਆਂ ਤੇ ਜ਼ੁਲਮ ਦੀ ਗੱਲ ਨੂੰ ਸੁਣਨਾ ਪਸੰਦ ਨਹੀਂ ਕਰਦੀ। ਇਹ ਸੋਚ ਜੋ ਭਾਰਤ ‘ਤੇ ਗ਼ੈਰ ਕਨੂੰਨੀ ਕਬਜ਼ੇ ਨੂੰ ਵੀ ਸਹੀ ਸਮਝਦੀ ਹੈ। ਇਹ ਕਸ਼ਮੀਰ ਦੀ ਗੱਲ ਇਸ ਤਰ੍ਹਾਂ ਕਰਦੀ ਹੈ ਕਿ ਆਮ ਭਾਰਤੀ ਨੂੰ ਇਹ ਕਬਜ਼ਾ ਸਹੀ ਲੱਗੇ। ਇਹ ਸੋਚ ਕਸ਼ਮੀਰ ਨੂੰ ਖਪਤਵਾਦੀ ਨਜ਼ਰੀਏ ਦੀਆਂ ਐਨਕਾਂ ਨਾਲ ਹੀ ਦੇਖਦੀ ਹੈ।

‘ਆਪ ਹੀ ਬਣਾਇਆ ਇਤਿਹਾਸ ਅਤੇ ਆਪਣੀ ਮਰਜ਼ੀ ਮੁਤਾਬਕ ਤੱਥਾਂ ਦੇ ਬਿਆਨ, ਮਨਮਰਜ਼ੀ ਦੀ ਰੰਗਤ ਜੋ ਘਟਨਾਵਾਂ ਨੂੰ ਦਿੱਤੀ ਜਾਂਦੀ ਹੈ ਇਹ ਭਾਰਤ ਦਾ ਕਸਮੀਰ ਖ਼ਿਲਾਫ਼ ਇੱਕ ਜੰਗੀ ਹਥਿਆਰ ਹੈ।’

ਦਹਾਕਿਆਂ ਤੋ ਇਹਨਾਂ ਵਿੱਚੋਂ ਬਹੁਤੇ ਪੋਸਟ-ਕਾਰਡਾਂ ਵਿੱਚੋਂ ਕਸ਼ਮੀਰੀ ਅਵਾਮ ਦੀ ਗ਼ੈਰਹਾਜ਼ਰੀ ਹੁੰਦੀ ਹੈ। ਬਸਤੀਵਾਦੀ ਖ਼ਤਰਨਾਕ ਮਨਸੂਬਿਆਂ ਦੀਆਂ ਖ਼ਾਮ-ਖ਼ਿਆਲੀਆਂ ਤਹਿਤ ਇਹ ਸਭ ਕੋਸ਼ਿਸ਼ਾਂ ਹੋ ਰਹੀਆਂ ਹਨ।

ਭਾਰਤ ਨੇ ੧੯੪੭ ਤੋਂ ਹੀ ਕਸ਼ਮੀਰ ਤੇ ਬਹੁਭਾਂਤੀ ਜੰਗ ਥੋਪੀ ਹੋਈ ਹੈ ਅਤੇ ਇਹ ਅੱਜ ਤੱਕ ਜਾਰੀ ਹੈ। ਜਿਸਨੂੰ ਫ਼ੌਜੀ ਜ਼ੁਬਾਨ ਦੇ ਤਰਕਾਂ ‘ਸੁਰੱਖਿਆ’, ‘ਭਾਰਤ ਦੇ ਅਟੁੱਟ ਅੰਗ’ ਨਾਲ ਜਾਇਜ਼ ਸਾਬਤ ਕੀਤਾ ਜਾਂਦਾ ਹੈ। ਕਾਬਜ਼ ਕੀਤੀ ਜਗਾ ਤੇ ਸਮਾਜਿਕ ਜ਼ਿੰਦਗੀ ਨੂੰ ਕਾਬਜ਼ ਕਰਕੇ ਝੂਠੇ ਮਿਆਰ ਤੇ ਕਦਰਾਂ ਕੀਮਤਾਂ ਘੜੀਆਂ ਜਾ ਰਹੀਆਂ ਹਨ। ‘ਭਾਰਤ ਦੀ ਏਕਤਾ ਤੇ ਅਖੰਡਤਾ’ ਦਾ ਚੂਰਨ ਹਰ ਕਸ਼ਮੀਰੀ ਨੂੰ ਵੇਚਣ ਦੀ ਪੁਰਜ਼ੋਰ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ।

ਕਸ਼ਮੀਰ ਦੇ ਇਤਿਹਾਸ ਤੇ ਕਬਜ਼ੇ ਦੀ ਲਹਿਰ ਭਾਰਤ ਦਾ ਇੱਕ ਹਥਿਆਰ ਹੈ। ਜਿਸ ਤਹਿਤ ਭਾਰਤੀ ਹਥਿਆਰਬੰਦ ਬਲ ਕਸ਼ਮੀਰੀ ਇਤਿਹਾਸ ਦੇ ਹਰ ਸੋਮੇ ਨੂੰ ਤਹਿਸ-ਨਹਿਸ ਕਰਨ ਦੇ ਰਾਹ ਤੇ ਚੱਲ ਰਹੇ ਹਨ।

ਪਰ ਫਿਰ ਵੀ ਅਜਿਹੇ ‘ਗਵਾਹਾਂ’ ਦੀ ਹੋਂਦ ਜੋ ਭਾਰਤ ਦੀ ਇਸ ਖ਼ਾਮ-ਖ਼ਿਆਲੀ ਨੂੰ ਰੱਦ ਕਰਦੇ ਹਨ। ਉਹ ਕਸ਼ਮੀਰੀ ਕੌਮ ਨੂੰ ਝਕਾਉਣ ਦੇ ਭਾਰਤੀ ਇਰਾਦੇ ਅੱਗੇ ਇਨਕਾਰ ਕਰਦੇ ਹਨ। ਇਹ ਕਸ਼ਮੀਰ ਦੇ ਬੀਤੇ ਨੂੰ ਯਾਦ ਕਰਵਾਉਂਦੇ ਹਨ। ਇਹ ਕਸ਼ਮੀਰ ਦੇ ਸੰਘਰਸ਼ ਦੀ ਬਾਤ ਪਾਉਂਦੇ ਹਨ। ਇਹ ਬਸਤੀਵਾਦੀ ਨਿਜ਼ਾਮ ਨੂੰ ਵੰਗਾਰਦੇ ਹਨ। ਇਹ ਉਸ ਨਿਜ਼ਾਮ ਨਾਲ ਸੌਦੇਬਾਜ਼ੀ ਨਹੀਂ ਕਰਦੇ। ਕਸ਼ਮੀਰੀ ਇਤਿਹਾਸ ਨੂੰ ਲੈ ਕੇ ਇਹ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ।

ਅਰਬੀ ਦੇ ਲਫ਼ਜ਼ ‘ਸ਼ਹੀਦ’ ਦਾ ਮਤਲਬ ‘ਗਵਾਹ’ ਵੀ ਹੁੰਦਾ ਹੈ ਤੇ ਦੂਜਾ ਮਤਲਬ ਜੋ ਅਸੀਂ ‘ਸ਼ਹੀਦ’ ਤੋਂ ਸਮਝਦੇ ਹਾਂ। ਪਰ ‘ਸ਼ਹੀਦ’ ਯਕੀਨ, ਸੱਚ, ਅਤੇ ਭਰੋਸੇ ਦਾ ਆਪਣੀ ਮੌਤ ਦੇ ਹੋ ਜਾਣ ਤੱਕ ਇੱਕ ‘ਗਵਾਹ’ ਹੀ ਹੁੰਦਾ ਹੈ।

ਸ਼ਹੀਦਾਂ ਦਾ ਪਿੰਡ


ਕਿਲਗ਼ਾਮ ਜ਼ਿਲ੍ਹੇ ਦੇ ਰਾਮਪੁਰ, ਕਿਮੋਹ ਵਿੱਚ ਸ਼ਾਮਾਂ ਢਲ ਰਹੀਆਂ ਹਨ। ਸੂਰਜ ਸਾਡੇ ਸਿਰ ਤੇ ਤਿੱਖੀਆਂ ਸਵਾਲੀਆ ਨਜ਼ਰਾਂ ਸੁੱਟ ਰਿਹਾ ਹੈ। ਅਸੀਂ ਬਰਫ਼ ਵਿੱਚ ਆਪਣਾ ਰਾਹ ਲੱਭਦੇ ਹਾਂ। ਅਸੀਂ ਇੱਕ ਤੰਗ ਰਸਤੇ ਵਿੱਚ ਪਹੁੰਚ ਜਾਂਦੇ ਹਾਂ ਜਿੱਥੇ ਅੱਗੇ ਜਾਣ ਲਈ ਸਾਨੂੰ ਕੰਧ ਤੇ ਲਿਖੇ ਦੋ ਨਾਅਰਿਆਂ ‘੧੫ ਅਗਸਤ ਕਾਲਾ ਦਿਨ’ ਤੇ ‘ਅਜ਼ਾਦੀ’ ਲਾਗਿਓਂ ਗੁਜ਼ਰਨਾ ਪੈਂਦਾ ਹੈ।

ਇਸ ਤੋਂ ਦੂਜੇ ਪਾਸੇ ਸੇਖ਼ ਪਰਿਵਾਰ ਰਹਿੰਦਾ ਹੈ ਜੋ ਦਹਾਕਿਆਂ ਤੋਂ ਆਪਣੇ ਪੰਦਰਾਂ ਤੋਂ ਜ਼ਿਆਦਾ ਨੌਜਵਾਨਾਂ ਦੇ ਹਥਿਆਰਬੰਦ ਸੰਘਰਸ਼ ਵਿੱਚ ਸ਼ਹੀਦ ਹੋ ਜਾਣ ਦੀ ਗਵਾਹੀ ਭਰਦਾ ਹੈ। ਅਗਸਤ ੨੦੧੯, ਜਦੋੰ ਭਾਰਤ ਨੇ ਆਰਟੀਕਲ ੩੭੦ ਅਤੇ ਧਾਰਾ ‘੩੫ ਏ’ ਨੂੰ ਉਹਨਾਂ ਦੇ ਦਰਵਾਜ਼ੇ ‘ਤੇ ਦਸਤਕ ਦੇ ਕੇ ਉਹਨਾਂ ਨੂੰ ਧਮਕੀ ਦਿੱਤੀ ਕਿ ਉਹਨਾਂ ਦਾ ਬੀਜ-ਨਾਸ ਕਰ ਦਿੱਤਾ ਜਾਵੇਗਾ। ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਬੱਚੇ ਵੀ ਮਾਰ ਦਿੱਤੇ ਜਾਣਗੇ ਕਿਉਂਕਿ ਇਹ ਟੱਬਰ ਹਥਿਆਰਬੰਦ ਬਾਗੀਆਂ ਨੂੰ ਪੈਦਾ ਕਰਦਾ ਹੈ।

ਇਹ ਪਰਿਵਾਰ ਦਾ ਸਭ ਤੋਂ ਪਹਿਲਾਂ ਜੁਝਾਰੂ ਮੁਹੰਮਦ ਇਬਰਾਹਿਮ ਸ਼ੇਖ਼ ੧੯੯੦ ਵਿੱਚ ਇਸ ਲਹਿਰ ‘ਚ ਕੁੱਦਿਆਂ ਅਤੇ ੧੯੯੭ ਵਿੱਚ ਸ਼ਹੀਦ ਹੋ ਗਿਆ। ਇਸਦੀ ਵਿਧਵਾ ਸ਼ਹਿਨਾਜ਼ਾ ਬਾਨੋ ਆਪਣੇ ਵਿਆਹ ਦੇ ਦਿਨਾਂ ਨੂੰ ਯਾਦ ਕਰਕੇ ਮੁਸਕਰਾ ਕੇ ਉਹ ਮੰਜ਼ਰ ਦੱਸਦੀ ਹੈ ਕਿ ਕਿਵੇਂ ਉਸਦੇ ਵਿਆਹ ਤੇ ੪੦ ਤੋਂ ਉੱਪਰ ਹਥਿਆਰਬੰਦ ਜੁਝਾਰੂ ਬਰਾਤੀ ਬਣ ਕੇ ਆਏ ਸਨ। ਬਾਨੋ ਦਾ ਸੰਬੰਧ ਹਵੂਰਾ ਨਾਲ ਹੈ। ਉਸਨੂੰ ਆਪਣੀ ਜਨਮ-ਭੌਂ ਨੂੰ ਅਜ਼ਾਦ ਕਰਵਾਉਣ ਦੀ ਚੱਲ ਰਹੀ ‘ਤਹਿਰੀਕ’ ਦਾ ਇੱਕ ਹਿੱਸਾ ਹੋਣ ਦਾ ਮਾਣ ਹੈ। ਉਸਦੇ ਪਤੀ ਨੇ ਪਾਕਿਸਤਾਨ ਵਾਲੇ ਕਸ਼ਮੀਰ ਵਿੱਚ ਸਿਖਲਾਈ ਲਈ। ਬਾਨੋ ਕਹਿੰਦੀ ਹੇ ਕਿ ਉਸ ਸਮੇਂ ਉਸ ਕੋਲ ਅੱਜ ਦੇ ਜੁਝਾਰੂਆਂ ਨਾਲੋਂ ਵਧੀਆ ਹਥਿਆਰ ਸਨ। ਉਹਨਾਂ ਸਮਿਆਂ ਵਿੱਚ ਹਥਿਆਰ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸਨ। ਚਾਹੇ ਝੋਨੇ ਦਾ ਖੇਤ ਹੋਵੇ ਜਾਂ ਰਸੋਈ। ਪਰ ਅੱਜ ਸਮਾਂ ਅਜਿਹਾ ਨਹੀਂ।

ਇਹਨਾਂ ਦੇ ਤਿੰਨ ਬੱਚਿਆਂ ਹਿਨ੍ਹਾ, ਸਲਮਾਨ ਤੇ ਇਬਰਾਹਿਮ ਵਿੱਚੋਂ ਇਬਰਾਹਿਮ ਨੇ ਤਾਂ ਆਪਣਾ ਪਿਓ ਵੇਖਿਆ ਹੀ ਨਹੀਂ ਉਸਨੂੰ ਪਿਤਾ ਦਾ ਅਹਿਸਾਸ ਮਾਂ ਵੱਲੋਂ ਦੱਸੀਆਂ ਉਹਦੀਆਂ ਗੱਲਾਂ ਬਾਤਾਂ ਨਾਲ ਹੀ ਹੋਇਆ। ਹਿਨਾ ਬਾਰਵੀਂ ਤੱਕ ਪੜ੍ਹੀ ਹੈ। ਉਹਦਾ ਛੋਟਾ ਭਰਾ ੧ ਅਗਸਤ ੨੦੧੮ ਤੋਂ ਹੀ ਜੇਲ ਵਿੱਚ ਹੈ। ਬਾਰਵੀਂ ਵਿੱਚ ਪੜ੍ਹਨ ਵਾਲਾ ੧੮ ਸਾਲਾ ਸਲਮਾਨ ਫ਼ੌਜ ਵੱਲੋਂ ਪੁੱਛਗਿੱਛ ਕਰਨ ਬਹਾਨੇ ਚੁੱਕ ਲਿਆ ਗਿਆ ਤੇ ਉਸਨੂੰ ਸਪੈਸ਼ਲ ਓਪਰੇਸ਼ਨ ਗਰੁੱਪ’ ਦੇ ਕੈਂਪ ਵਿੱਚ ਤਸੀਹੇ ਦਿੱਤੇ ਗਏ। ਉਸਨੂੰ ਜੰਮੂ ਕੋਟ ਬਿਲਾਵਲ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਮਾਂ ਦੇ ਵਾਰ-੨ ਕਹਿਣ ਦੇ ਬਾਵਜੂਦ ਵੀ ਉਸਨੂੰ ਆਪਣੇ ਪੇਪਰ ਨਹੀਂ ਦੇਣ ਦਿੱਤੇ ਗਏ।

ਸਾਲਾਂ ਤੋਂ ਤੰਗੀ-ਤੁਰਸ਼ੀ ਵਿੱਚ ਦਿਨ ਕੱਟ ਰਹੀ ਸ਼ਹਿਨਾਜਾ ਬਾਨੋ ਦੀ ਇਹ ਸੰਘਰਸ਼ ਕਹਾਣੀ ਸੀ। ਭਾਵੇਂ ਕਿ ਉਹ ਇੱਕ ਅਨਪੜ੍ਹ ਔਰਤ ਸੀ ਪਰ ਉਸਨੇ ਆਪਣੇ ਬਲਬੂਤੇ ਅਫ਼ਸਰਸ਼ਾਹੀ, ਅਦਾਲਤੀ ਤੇ ਹੋਰ ਪੇਚੀਦਾ ਰੋਕਾਂ ਨੂੰ ਪਾਰ ਕਰਦੇ ਹੋਏ ਆਪਣੇ ਪੁੱਤਰ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾ ਲਿਆ। ਪੂਰੇ ਦੋ ਸਾਲ ਉਹ ਜੇਲ੍ਹ ਵਿੱਚ ਰਿਹਾ। ਬਾਨੋ ਕਹਿੰਦੀ ਹੈ ਕਿ ਉਹ ਪੜ੍ਹਕੇ ਸਾਨੂੰ ਗਰੀਬੀ ਦੀ ਜਿੱਲਹਣ ਵਿੱਚੋਂ ਕੱਢਣਾ ਚਾਹੁੰਦਾ ਸੀ। ਪਰ ਕਈ ਮਹੀਨਿਆਂ ਤੋਂ ਉਸਦਾ ਕੋਈ ਥਹੁ-ਪਤਾ ਨਹੀਂ ਸੀ।

ਬੱਚੇ ਬਾਪ ਤੋੰ ਬਿਨਾਂ ਵੱਡੇ ਹੋਏ ਮੈਂ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਬਾਪ ਦੀ ਕਮੀ ਮਹਿਸੂਸ ਨਾ ਹੋਵੇ। ਪਰ ਅੱਜ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਬਾਪ ਦੀ ਲੋੜ੍ਹ ਹੈ ਤੇ ਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰ ਰਹੀ ਹਾਂ। ਇਹ ਕਹਿਣਾ ਹੈ ਸ਼ਹਿਨਾਜ਼ਾ ਬਾਨੋ ਦਾ।

ਉਹਦੇ ਦੁੱਖਾਂ ਦਾ ਕੋਈ ਅੰਤ ਨਹੀਂ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਉਸਦੇ ਛੌਟੇ ਭਰਾ ਅਸ਼ਰਫ਼ ਸ਼ੇਖ ਨਾਲ ਵਿਆਹ ਕਰ ਲਿਆ ਇਹ ਸਨ ੨੦੦੨ ਸੀ ਪਰ ੨੦੦੯ ਵਿੱਚ ਸੱਤ ਸਾਲਾਂ ਬਾਅਦ ਉਹ ਵੀ ਇਸ ਤੋਂ ਵਿੱਛੜ ਗਿਆ। ਕੁਲਗਾਮ ਵਿੱਚ ੨੦੦੯ ਵਿੱਚ ਸੰਘਰਸ਼ ਵਿੱਚ ਕੁਝ ਖੜੋਤ ਆਈ ਅਤੇ ਅਸ਼ਰਫ਼ ਨੇ ਇਹ ਖੜੋਤ ਤੋੜਨ ਲਈ ਬੰਦੂਕ ਚੁੱਕੀ। ਉਹ ਜ਼ੁਲਮ ਖ਼ਿਲਾਫ਼ ਲੜਨਾ ਚਾਹੁੰਦਾ ਸੀ। ੪੦ ਦਿਨ ਬਾਅਦ ਹੀ ਉਹ ਸ਼ਹੀਦ ਹੋ ਗਿਆ। ਸ਼ਹਿਨਾਜ਼ਾ ਬਾਨੋ ਇਹ ਦਾਸਤਾਨ ਦੱਸਦੀ ਹੋਈ ਬਾਹਰ ਬਰਫ਼ੀਲੀ ਚੁੱਪ ਤੇ ਖਿੜਕੀ ਨਜ਼ਰ ਸੁੱਟਦੀ ਹੈ।

ਅਸ਼ਰਫ਼ ਸ਼ੇਖ ਤੋਂ ਉਸਦੇ ਤਿੰਨ ਬੱਚੇ ਜ਼ੀਸ਼ਾਨ ਅਸ਼ਰਫ਼ ਨੌਵੀਂ ਜਮਾਤ ਵਿੱਚ, ਅਸਰਾਰ ਅਸ਼ਰਫ਼ ਅੱਠਵੀਂ ਜਮਾਤ ਵਿੱਚ, ਅਤੇ ਅਫ਼ਾਮ ਅਸ਼ਰਫ਼ ਦੂਜੀ ਜਮਾਤ ਵਿੱਚ ਹਨ। ਅਫ਼ਾਮ ਅਜੇ ਮਾਂ ਦੇ ਗਰਭ ਵਿੱਚ ਹੀ ਸੀ ਜਦੋਂ ਉਸਦਾ ਪਿਓ ਸ਼ਹੀਦ ਹੋਇਆ। ਉਹ ਆਪਣੇ ਪਤੀ ਦੇ ਉਸਨੂੰ ਆਖਰੀ ਸੁਨੇਹੇ ਬਾਰੇ ਦੱਸਦੀ ਹੈ ਜਿਸ ਵਿੱਚ ਉਸਨੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਤੇ ਪੜਾਉਣ ਦੀ ਗੱਲ ਕੀਤੀ ਸੀ। ਅਫ਼ਾਮ ਸਕੂਲ ਦੇ ਥਕਾਊ ਮਾਹੌਲ ਤੋਂ ਬਾਅਦ ਭੱਜਾ-੨ ਕਮਰੇ ਵਿੱਚ ਆਉਂਦਾ ਹੈ ਅਤੇ ਕਮਰੇ ਦੇ ਖਾਲੀਪਣ ਨੂੰ ਆਪਣੀਆਂ ਮਾਸੂਮ ਨਿਗਾਹਾਂ ਨਾਲ ਭਰ ਦਿੰਦਾ ਹੈ।

ਉਸਦੇ ਬੈਠਣ ਦੇ ਅੰਦਾਜ਼ ਤੋਂ ਉਸਦੇ ਨੌਜਵਾਨ ਹੋਣ ਦਾ ਭੁਲੇਖਾ ਪੈਂਦਾ ਹੈ। ਉਹ ਦੱਸਦਾ ਹੈ ਕਿ ਉਸਨੇ ਸਿਰਫ਼ ਆਪਣੇ ਪਿਤਾ ਬਾਰੇ ਆਪਣੀ ਮਾਂ ਕੋਲੋਂ ਸਿਰਫ਼ ਸੁਣਿਆ ਹੈ ਜਾਂ ਤਸਵੀਰਾਂ ਵਿੱਚ ਵੇਖਿਆ ਹੈ। ਆਪਣੇ ਪਿਤਾ ਦੇ ਹੌਸਲੇਂ ਦੀ ਗੱਲ ਕਰਦਿਆਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ।

ਸ਼ਹਿਨਾਜ਼ਾ ਆਪਣੇ ਪਰਿਵਾਰ ਦੇ ਹੋਰ ਸ਼ਹੀਦਾਂ ਮੁਹੰਮਦ ਮਕਬੂਲ ਸ਼ੇਖ਼, ਰਹਿਮਾਨ ਸ਼ੇਖ਼, ਅਹਿਮਦ ਸ਼ੇਖ਼ ਅਤੇ ਆਪਣੇ ਪੇਕਿਆਂ ਤੋਂ ਆਪਣੇ ਚਾਚੇ ਜਾਂ ਤਾਏ ਦੇ ਮੁੰਡੇ ਬਾਰੇ ਦੱਸਦੀ ਹੈ। ਉਸਦਾ ਕਹਿਣਾ ਹੈ ਕਿ ਸਿਵਾਏ ਤਸਵੀਰਾਂ ਤੋਂ ਇਹਨਾਂ ਸ਼ਹੀਦਾਂ ਦਾ ਕੋਈ ਨਿਸ਼ਾਨ ਨਹੀਂ ਬਚਿਆ।

ਉਸਦੇ ਸ਼ਹੀਦ ਹੋਏ ਦੋਨੋਂ ਪਤੀ ਉਹਦੇ ਦੁੱਖ-ਸੁੱਖ ਦੇ ਅੱਜ ਵੀ ਸਾਥੀ ਹਨ। ਜਿਨਾਂ ਨਾਲ ਉਹ ਹਰ ਰਾਤ ਖ਼ਾਬਾਂ ਵਿੱਚ ਗੱਲ ਕਰਦੀ ਹੈ। ਇਹ ਯਾਦਾਂ ਹੀ ਉਸਦੀ ਦਿਨ-ਕਟੀ ਦਾ ਸਹਾਰਾ ਹਨ।

‘ਮੈਂ ਉਹਨਾਂ ਕੋਲ਼ ਜਾਣਾ ਹੈ’ ਨਿੱਕੀ ਲੜਕੀ ਜ਼ਿਦ ਕਰਦੀ ਹੈ।

ਸ਼ੇਖ਼ ਪਰਿਵਾਰ ਤੇ ਤੀਜੇ ਮੁੰਡੇ ਮੁਹੰਮਦ ਅੱਬਾਸ ਸ਼ੇਖ਼ ਦੀ ਪਤਨੀ ਇੱਕ ਦਿਲ ਕੰਬਾਊ ਵਾਕੇ ਦੀ ਕਹਾਣੀ ਦੱਸਦੀ ਹੈ ਕਿ ਉਸਨੂੰ ਕਿਮੋਹ ਦੇ ਐਸ.ਐਚ.ਓ ਨੇ ਕਾਰਗੋ ਨਾਂ ਦੇ ਖਤਰਨਾਕ ‘ਇਟੈਰੋਗੇਸ਼ਨ ਸੈਂਟਰ’ ਵਿੱਚ ਪੁੱਛਗਿੱਛ ਲਈ ਸੱਦਾ ਭੇਜਿਆ। ਪਰ ਪਰਿਵਾਰ ਨੇ ਔਰਤ ਨੂੰ ਇੱਥੇ ਭੇਜਣ ਤੋਂ ਗੁਰੇਜ਼ ਕੀਤਾ ਤੇ ਉਸਦੀ ਜਗ੍ਹਾ ਉਸਦੇ ਸਹੁਰੇ ਗ਼ੁਲਾਮ ਹਸਨ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਹਸਨ ਦੀ ਪਤਨੀ ਨੂੰ ਘਬਰਾਹਟ ਸੀ ਕਿ ਗ਼ੁਲਾਮ ਨਾਲ ਅਣਹੋਣੀ ਨਾ ਹੋ ਜਾਵੇ।

ਅੱਬਾਸ ਸ਼ੇਖ਼ ਜੋ ਕਿ ਪਿੰਡ ਵਿੱਚ ਦਰਜ਼ੀ ਦਾ ਕੰਮ ਕਰਦਾ ਸੀ ਉਹ ਇੱਕ ਹਥਿਆਰਬੰਦ ਬਾਗੀ ਰਿਹਾ ਸੀ। ਪਰ ਇਹ ਜ਼ਿੰਦਗੀ ਸੌਖੀ ਨਹੀਂ ਸੀ। ਭਾਰਤੀ ਫੌਜੀ ਬਲ ਅਤੇ ਜੰਮੂ-ਕਸ਼ਮੀਰ ਪੁਲਿਸ ਉਸਨੂੰ ਹਮੇਸ਼ਾਂ ਤੰਗ-ਪਰੇਸ਼ਾਨ ਕਰਦੀ ਸੀ। ਜੇ ਪਿੰਡ ਵਿੱਚ ਕੋਈ ਵੀ ਵਾਰਦਾਤ ਹੋ ਜਾਂਦੀ ਤਾਂ ਉਸਨੂੰ ਅਕਸਰ ਹੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਉਸਤੇ ਤੰਗੀ ਪਰੇਸ਼ਾਨੀ ਦੀ ਇੱਕ ਲੜੀ ਚਲਾ ਦਿੱਤੀ ਗਈ ਜੋ ਲੜੀ ਉਸਨੇ ਇੱਕ ਰਾਤ ਸੰਨ ੨੦੧੪ ਨੂੰ ਤੋੜੀ। ਇਸ ਦਿਨ ਜਦੋਂ ਅਜੇ ਸਵੇਰ ਦਾ ਸੂਰਜ ਚੜ੍ਹਨ ਵਿੱਚ ਕੁਝ ਘੰਟੇ ਬਾਕੀ ਸਨ, ਉਸਦੇ ਘਰ ਫ਼ੌਜ ਨੇ ਧਾਵਾ ਬੋਲਿਆ ਪਰ ਉਸਨੇ ਆਪਣੇ ਆਪ ਨੂੰ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਖਿੜਕੀ ਵਿੱਚੋਂ ਛਾਲ ਮਾਰ ਕੇ ਘੇਰਾ ਤੋੜ ਕੇ ‘ਹਿਜ਼ਬੁਲ-ਮੁਜਾਹਦੀਨ’ ਵਿੱਚ ਜਾ ਸ਼ਾਮਲ ਹੋਇਆ।

੯੦ ਵਿਆਂ ਵਿੱਚ ਸਿਖਲਾਈ ਯਾਫ਼ਤਾ ਹੋਣ ਕਰਕੇ ੪੦ ਸਾਲਾ ਅੱਬਾਸ ਸ਼ੇਖ਼ ਸਭ ਤੋਂ ਤੇਜ਼ ਤਰਾਰ ਜੁਝਾਰੂਆਂ ਵਿਚੋਂ ਇੱਕ ਗਿਣਿਆ ਜਾਂਦਾ ਹੈ। ਤਹਿਰੀਕ ਦੇ ਸਿਧਾਂਤ ਤੋਂ ਸੇਧ ਲੈ ਕੇ ਉਸਨੇ ਵੀ ਆਪਣੇ ਤੋਂ ਪਹਿਲਾਂ ਵਾਲੇ ਵੱਡੇ ਭਰਾਵਾਂ ਦਾ ਰਾਹ ਚੁਣਿਆ।

ਰਸ਼ੀਦਾ ਬੜੀ ਤਫ਼ਸ਼ੀਲ ਨਾਲ ੨੦੧੭ ਦੀ ਘਟਨਾ ਬਿਆਨ ਕਰਦੀ ਹੈ ਜਦੋਂ ਸ਼ੇਖ਼ ਦੇ ਸੱਜੀ ਬਾਂਹ ਵਿੱਚ ਗੋਲੀ ਵੱਜੀ ਸੀ ਉਹ ਸਖ਼ਤ ਜਖ਼ਮੀ ਹੋ ਗਿਆ ਸੀ। ਪਰ ਉਹ ਬਚ ਗਿਆ ਸੀ। ਇਹ ਵੈਰੀਨਾਗ ਦੀ ਘਟਨਾ ਸੀ।

ਰਸ਼ੀਦਾ ਦੇ ਚਾਰ ਬੱਚੇ ਹਨ। ਉਜੈਰ, ਅੱਬਾਸ ਪਹਿਲੇ ਸਾਲ ਦਾ ਵਿਦਿਆਰਥੀ। ਉਕਾਬ ਅੱਬਾਸ ੧੦ ਵੀਂ ਦਾ, ਉਨਜਾ ਅੱਬਾਸ ੭ ਵੀਂ ਅਤੇ ਅਤਹਰ-ਉਨ ਨਿਸਾ ਜਿਸਨੇ ਹੁਣੇ-੨ ਬਾਲਵਾੜੀ ਵਿੱਚ ਜਾਣਾ ਸ਼ੁਰੁ ਕੀਤਾ ਹੈ। ਕਿਸ਼ੋਰ ਦੇ ਐਸ.ਐਚ.ਓ ਨੇ ਰਸ਼ੀਦਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਇਸ ਇਲਾਕੇ ਵਿੱਚ ਕੋਈ ਵਾਰਦਾਤ ਹੋਈ ਤਾਂ ਉਸਦੇ ਘਰ ਨੂੰ ਅੱਗ ਲਾ ਦਿੱਤੀ ਜਾਵੇਗੀ ਤੇ ਉਸਦੇ ਬੱਚੇ ਮਾਰ ਦਿੱਤੇ ਜਾਣਗੇ।

ਅਤਹਰ ਆਪਣੇ ਬਾਪ ਦੇ ਬਾਰੇ ਸਾਡੀ ਗੱਲ ਸੁਣ ਲੈਂਦੀ ਹੈ। ਉਹ ਅਲਮਾਰੀ ਕੋਲ ਆ ਕੇ ਖਲੋ ਜਾਂਦੀ ਹੈ ਜਿੱਥੇ ਉਸਨੇ ਆਪਣੇ ਪਿਤਾ ਦਾ ਨਾਂ ਲਿਖਿਆ ਹੋਇਆ ਹੈ ਉਹ ਏ ਅਤੇ ਬੀ ਲਿਖਦੀ ਹੈ ਜੋ ਉਸਦੇ ਪਿਤਾ ਦੇ ਨਾਂ ਵਿੱਚ ਆਉਂਦੇ ਹਨ। ਸਾਰੀ ਗੱਲ ਜਾਰੀ ਰਹਿੰਦੀ ਹੈ ਤੇ ਉਹ ਆਪਣੇ ਪਿਤਾ ਦੇ ਨਾਂ ਤੇ ਹੱਥ ਫੇਰਦੀ ਹੈ। ਆਪਣਾ ਚਿਹਰਾ ਲੱਕੜ ਦੀ ਚੁਗਾਠ ਨਾਲ ਲਾ ਲੈਂਦੀ ਹੈ। ਇੱਕ ਵਾਰ, ਰਸੀਦਾ ਦੱਸਦੀ ਹੈ ਕਿ ਅਤਹਰ ਆਪਣੀ ਵੀਣੀ ਤੇ ਹੱਥ ਫੇਰ ਰਹੀ ਸੀ ਤਾਂ ਉਸਨੂੰ ਪੱਛਿਆ ਕਿ ਉਹ ਕੀ ਖੇਡ ਕਰ ਰਹੀ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਉਸਨੂੰ ਉਸਦਾ ਪਿਤਾ ਯਾਦ ਆ ਰਿਹਾ ਹੈ। ‘ਮੈਂ ਉਹਨਾਂ ਕੋਲ ਜਾਣਾ ਹੈ’ ਉਹ ਯਾਦ ਕਰਦੀ ਹੈ। ਚਾਹ ਦੇ ਕੱਪਾਂ ਵਿੱਚੋਂ ਭਾਫ਼ ਉੱਡਦੀ ਹੈ, ਸਾਡੇ ਬੋਲਣ ਦੇ ਦੌਰਾਨ, ਪਰ ਕੁਝ ਦੇਰ ਸਾਡੇ ਤੇ ਚੁੱਪ ਛਾ ਜਾਂਦੀ ਹੈ।

ਰਸ਼ੀਦਾ ਬਾਨੋ ਕਹਿੰਦੀ ਹੈ ਕਿ ਉਹ ਵਿਆਹ ਤੋਂ ਪਹਿਲਾਂ ਹੀ ਅੱਬਾਸ ਬਾਰੇ ਜਾਣਦੀ ਸੀ ਕਿ ਉਸਦਾ ਜੀਵਨ ਜੁਝਾਰੂ ਹੈ ਤੇ ਉਹ ਇਸਦੀ ਹਮਾਇਤ ਕਰਦੀ ਹੈ ਕਿਉਂਕਿ ਇਹ ਸਿਰਫ਼ ਉਸਦੇ ਪਰਿਵਾਰ ਦਾ ਮਸਲਾ ਨਹੀਂ ਹੈ ਬਲਕਿ ਉਸਦੀ ਜੰਮਣ ਭੋਇਂ ਦੀ ਅਜ਼ਾਦੀ ਦਾ ਸਵਾਲ ਹੈ। ਉਹ ਕਹਿੰਦੀ ਹੈ ਕਿ ਮੇਰੇ ਲਈ ਪੈਰ-੨ ਤੇ ਮੁਸ਼ਕਲਾਂ ਹਨ ਪਰ ਮੈਂ ਸੰਘਰਸ਼ ਵਿੱਚ ਜਿੰਨਾ ਹਿੱਸਾ ਪਾ ਸਕਦੀ ਹਾਂ ਮੈਂ ਪਾਵਾਂਗੀ।

ਉਹ ਕਹਿੰਦੀ ਹੈ ਕਿ ਉਸਨੂੰ ਅੱਬਾਸ ਦਾ ਹਰ ਪਲ ਫ਼ਿਕਰ ਰਹਿੰਦਾ ਹੈ, ਪਰ ਹੋਰ ਰਾਹ ਵੀ ਕਿਹੜਾ ਬਚਿਆ ਹੈ ?

੨੦੧੬ ਤੋਂ ਕੁਲਗਾਮ ਬਰੂਦ ਦੇ ਢੇਰ ਤੇ ਹੈ ਕਿਉਂਕਿ ਨਿਹੱਥੇ ਕਸ਼ਮੀਰੀ ਮੁਜਾਹਰਾਕਾਰੀਆਂ ਅਤੇ ਬੱਚਿਆਂ ਨੂੰ ਭਾਰਤੀ ਬਲਾਂ ਨੇ ਨਿਸ਼ਾਨਾ ਬਣਾਇਆ ਹੈ। ਉਹਨਾਂ ਨੂੰ ਸਖ਼ਤ ਜਖ਼ਮੀ ਤੇ ਅੰਨਿਆਂ ਕਰ ਦਿੱਤਾ ਹੈ। ਜਮਾਅਤੇ-ਇਸਲਾਮੀ ਦੀ ਕਾਫੀ ਪਕੜ ਹੋਣ ਕਰਕੇ ਫ਼ੌਜੀ ਬਲ ਦੇ ਇਹ ਨਿਸ਼ਾਨੇ ਤੇ ਹੈ। ਜਮਾਅਤ ਦੀ ਅੜ ਖਲੌਣ ਦੀ ਇੱਕ ਸ਼ਾਨਦਾਰ ਰਵਾਇਤ ਰਹੀ ਹੈ। ਉਹ ਇਨਸਾਨੀ ਲੜੀਆਂ ਬਣਾ ਕੇ ਆਪਣੇ ਫਸੇ ਜੁਝਾਰੂਆਂ ਦੀ ਮੱਦਦ ਕਰਦੇ ਹਨ। ਜਦੋਂ ਜੁਝਾਰੂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਉਂਦੇ ਹਨ ਇਹ ਲੋਕ ਉਹਨਾਂ ਦੇ ਬੂਹੇ ਅੱਗੇ ਦਰਬਾਨਾਂ ਵਾਂਗ ਪਹਿਰਾ ਦੇਂਦੇ ਹਨ। ਲੋਕਾਂ ਦੇ ਜੁਝਾਰੂਆਂ ਲਈ ਇਸ ਪਿਆਰ ਦੀ ਕੀਮਤ ਤੰਗੀ ਪ੍ਰੇਸ਼ਾਨੀ ਤੇ ਤਸੀਹੇ ਹਨ। ਫੌਜੀ ਬਲ, ਐਸ.ਓ.ਜੀ ਇਹ ਤਸੀਹੇ ਦਿੰਦੇ ਹਨ। ਅਗਸਤ ੨੦੧੯ ਵਿੱਚ ਇਹ ਹਾਲਤ ਬਦ ਤੋੰ ਬਦਤਰ ਹੋ ਗਈ ਹੈ।

ਇਸ ਪਰਿਵਾਰ ਦੇ ਦੂਜੇ ਭਾਈ ਤੁਫੈਲ ਸ਼ੇਖ਼ ਅਤੇ ਰਾਸਿਦ ਸ਼ੇਖ਼ ਨੂੰ ਵੀ ਲਗਾਤਾਰ ਤਸੀਹੇ ਦਿੱਤੇ ਜਾਂਦੇ ਹਨ ਹਾਲਾਂਕਿ ਉਹਨਾਂ ਦਾ ਜੁਝਾਰੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਲਿਆਸ ਸ਼ੇਖ਼ ਜਿਸਦੀ ਜਵਾਨੀ ਤਸੀਹਿਆਂ ਨੇ ਖਾ ਲਈ ਪਿਛਲੇ ਸੋਲਾਂ ਮਹੀਨਿਆਂ ਤੋਂ ਕੈਦ ਹੈ।

ਥੋੜੇ ਘਰ ਅੱਗੇ ਜਾ ਕੇ ਇਹਨਾਂ ਦੀ ਭੈਣ ਨਸੀਮਾ ਬਾਨੋ ਦਾ ਘਰ ਹੈ ਜਿੱਥੇ ਉਹ ਸਾਨੂੰ ਆਪਣੇ ਬਗ਼ੀਚੇ ਵਿੱਚ ਕੰਮ ਕਰਦੀ ਮਿਲਦੀ ਹੈ। ਅੱਲ੍ਹੜ ਉਮਰ ਵਿੱਚ ਹੀ ਉਸਦਾ ਪੁੱਤਰ ਤੌਸੀਫ਼ ਸ਼ੇਖ਼ ੨੦੧੩ ਵਿੱਚ ਹਿਜ਼ਬੁਲ ਮੁਜ਼ਾਹਿਦੀਨ ਵਿੱਚ ਸ਼ਾਮਲ ਹੋ ਗਿਆ ਸੀ। ਉਹ ੨੦੧੮ ਵਿੱਚ ਸ਼ਹੀਦ ਹੋ ਗਿਆ ਸੀ। ਉਹ ੨੧ ਸਾਲਾਂ ਦਾ ਸੀ। ਉਸਦਾ ੩੦ ਸਾਲਾ ਭਰਾ ਫ਼ਾਰੂਕ ਅਹਿਮਦ ਪਿਛਲੇ ੧੮ ਮਹੀਨਿਆਂ ਤੋਂ ਕੈਦ ਹੈ। ਲਗਾਤਾਰ ਬੁਲਾਏ ਜਾਂਦੇ ਰਹਿਣ ਕਰਕੇ ਤੇ ਕੈਦ ਹੋਣ ਕਰਕੇ ਉਸਨੇ ਬਹੁਤ ਤਸੀਹੇ ਝੱਲੇ ਹਨ। ਪਹਿਲਾਂ ਪਹਿਲ ਉਸਨੂੰ ਕਿਮੋਹ ਪੁਲਿਸ ਥਾਣੇ ਵਿੱਚ ਸਿਰਫ਼ ਪੁੱਛਗਿੱਛ ਲਈ ਸੱਦਿਆ ਗਿਆ। ਅਨੰਤਨਾਗ ਦੇ ਮੱਤਨ ਦੀ ਜੇਲ੍ਹ ਵਿੱਚ ਘੰਟਿਆਂ ਦੀ ਕੈਦ ਮਹੀਨਿਆਂ ਵਿੱਚ ਨਿਕਲ ਗਈ। ਘਰ ਉਸਦੇ ਭਰਾ ਉਸਦੇ ਰਿਹਾ ਹੌਣ ਦੀ ਉਡੀਕ ਕਰ ਰਹੇ ਹਨ।

ਨਸੀਮਾਂ ਇੱਕ ਦੂਜੇ ਨਾਲ ਕਰਿੰਗੜੀ ਪਾਈ ਅੰਗੂਰ ਦੀਆਂ ਵੇਲਾਂ ਵੱਲ ਵੇਖਦੀ ਹੋਈ ਆਪਣੀਆਂ ਨਜ਼ਰਾਂ ਅਸਮਾਨ ਵੱਲ ਨੂੰ ਕਰ ਲੈਂਦੀ ਹੈ। ਉਹ ਕਹਿੰਦੀ ਹੈ ਕਿ ਜਦੋਂ ਮੈਂ ਆਪਣੇ ਪੁੱਤਰ ਨੂੰ ਯਾਦ ਕਰਦੀ ਹਾਂ ਤਾਂ ਮੈਂ ਸਿਰਫ਼ ਰੱਬ ਦਾ ਹੀ ਆਸਰਾ ਤੱਕਦੀ ਹਾਂ। “ਉਸਨੇ ਮੈਨੂੰ ਮਿਲਣ ਦਾ ਵਾਅਦਾ ਕੀਤਾ ਸੀ, ਹੁਣ ਮੈਂ ਕੀ ਕਰਾਂ?” ਸਾਡਾ ਤਾਂ ਸਿਰਫ਼ ‘ਅੱਲਾਹ’ ਹੀ ਹੈ। ਉਸਦੇ ਪੁੱਤਰ ਦੀ ਯਾਦ ਅੱਲਾਹ ਦੀ ਯਾਦ ਹੈ।

ਉਸਦੀ ਧੀ ਖਿੜੀ-੨ ਲੱਗਦੀ ਹੈ। ਉਹ ਦੱਸਦੀ ਹੈ ਕਿ ਕਿੰਨੇ ਮੈਂਬਰ ਮਾਰੇ ਗਏ ਅਤੇ ਕਿੰਨਿਆਂ ਨੂੰ ਜੇਲ੍ਹ ਹੋ ਗਈ ਸਿਰਫ਼ ਇਸੇ ਕਰਕੇ ਕਿ ਉਹ ਇੱਕ ਖ਼ਾਸ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸਿਰਫ਼ ਔਰਤਾਂ ਹੀ ਰਹਿ ਜਾਂਦੀਆਂ ਹਨ ਘਰ ਪਰਿਵਾਰ ਵੇਖਣ ਲਈ ਸ਼ੇਖ਼ ਪਰਿਵਾਰ ਵਿੱਚ ਨੌਜਵਾਨ ਬੰਦਿਆਂ ਦੀ ਘਾਟ ਕਾਫ਼ੀ ਰੜਕਦੀ ਹੈ।

ਜੁਲਾਈ ੨੦੧੭ ਵਿੱਚ ਕੁਲਗਾਮ ਜਿਲ੍ਹੇ ਦੇ ਕਿਮੋਹ ਅਤੇ ਖੁਦਵਾਨੀ ਮੁਕੰਮਲ ਬੰਦ ਰਹੇ ਜਦੋਂ ਤੌਸੀਫ਼ ਦੇ ਪਰਿਵਾਰ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ। ਘਰ ਦੇ ਸ਼ੀਸ਼ੇ ਤੱਕ ਤੌੜ ਦਿੱਤੇ ਗਏ ਇੱਥੋਂ ਤੱਕ ਕਿ ਬੱਚਿਆਂ ਅਤੇ ਔਰਤਾਂ ਨੂੰ ਵੀ ਨਾ ਬਖ਼ਸ਼ਿਆ ਗਿਆ। ਪਿੰਡ ਦੇ ਲੋਕਾਂ ਦੀ ਦਖ਼ਲ-ਅੰਦਾਜ਼ੀ ਨਾਲ ਇਹ ਪਰਿਵਾਰ ਬਚ ਸਕਿਆ। ਹੰਝੂ ਗੈਸ ਦੇ ਗੋਲਿਆਂ ਵਿੱਚ ਚੀਕਾਂ ਦਾ ਸ਼ੋਰ ਤੇ ਅੱਖਾਂ ਦੇ ਹੰਝੂ ਦਬ ਗਏ। ਨਸੀਮਾਂ ਦੀ ਗੁਸੈਲੀ ਅਵਾਜ਼ ਉਹਨਾਂ ਖਿੜਕੀਆਂ ਨਾਲ ਟਕਰਾਉਂਦੀ ਹੈ ਜੋ ਉਸ ਰਾਤ ਦਾ ਮੰਜ਼ਰ ਵੇਖ ਚੁੱਕੀਆਂ ਹਨ।

ਨਸੀਮਾ ਬਾਨੋ ਨੂੰ ਜੂਨ ੨੦੨੦ ਵਿੱਚ ਯੂ.ਏ.ਪੀ.ਏ. ਤਹਿਤ ਗ੍ਰਿਫ਼ਤਾਰ ਕੀਤਾ ਉਸਦੀ ਧੀ ਨੂੰ ਵੀ ਇਸੇ ਕਨੂੰਨ ਤਹਿਤ ਗ੍ਰਿਫ਼ਤਾਰ ਕੀਤਾ।

ਨਸੀਮਾ ਦੀ ਭੈਣ ਜੈਨਬ ਦਾ ੨੩ ਸਾਲਾ ਪੁੱਤਰ ਬਾਸਿਤ ਪਿਛਲੇ ੧੩ ਮਹੀਨਿਆਂ ਤੋਂ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਸੜ ਰਿਹਾ ਹੈ ਜਦਕਿ ਉਸਦੀ ਦੂਜੀ ਭੈਣ ਰਫ਼ੀਕਾ ਦਾ ਇੱਕ ਪੁੱਤਰ ਸ਼ਹੀਦ ਤੇ ਦੂਜਾ ਗ੍ਰਿਫ਼ਤਾਰ ਹੈ। ਸੰਨ ੨੦੦੭ ਵਿੱਚ ਜਿਲ੍ਹਾ ਡੋਡਾ ਵਿੱਚ ਉਸਦਾ ਪੁੱਤਰ ਆਸਿਫ ਅਹਿਮਦ ਲਸ਼ਕਰ ਦਾ ਜੁਝਾਰੂ ਹੋਣ ਦਾ ਫਰਜ਼ ਨਿਭਾਉਂਦਾ ਹੋਇਆ ਸ਼ਹੀਦ ਹੋ ਗਿਆ ਸੀ। ਉਸਦਾ ਭਰਾ ਤਜੱਮੁਲ ਜੰਮੂ ਦੀ ਕੋਟ ਬਿਲਾਵਲ ਜੇਲ੍ਹ ਵਿੱਚ ੨੦੧੮ ਵਿੱਚ ਕੈਦ ਕਰ ਦਿੱਤਾ ਗਿਆ ਸੀ। ਜੋ ਕਿ ੨੮ ਸਾਲਾ ਐੱਮ.ਐੱਸ.ਸੀ ਬੌਟਨੀ ਪਾਸ ਪੜ੍ਹਿਆ ਲਿਖਿਆ ਇਨਸਾਨ ਸੀ।

ਆਜ਼ਾਦੀ ਦੇ ‘ਮਿਸ਼ਨ’ ਵਾਸਤੇ ਇਸ ਪਰਿਵਾਰ ਦੇ ੧੫ ਤੋਂ ਵੱਧ ਮੈਂਬਰਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ। ਇਹ ਕਾਨੂੰਨ ੩੭੦ ਦਾ ਖ਼ਾਤਮਾ ਸਾਡੇ ਲਈ ਕੀ ਹਨ ? ੭੦ ਸਾਲਾ ਮੁਹੰਮਦ ਰਮਜ਼ਾਨ ਸ਼ੇਖ਼ ਦੀ ਪਤਨੀ ਦਾ ਇਹ ਕਹਿਣਾ ਹੈ। ਸ਼ੇਖ਼ ਜਮਾਅਤੇ ਇਸਲਾਮੀ ਦਾ ਮੈਂਬਰ ਹੈ। ਸ਼ੇਖ਼ ੨੦੧੬ ਤੋਂ ਘਿਨਾਉਣੇ ਕਾਨੂੰਨ ਪੀ.ਐੱਸ.ਏ ਤਹਿਤ ਜੇਲ੍ਹ ਵਿੱਚ ਹੈ। ਤਦ ਤੋਂ ਹੀ ਤਸੀਹੇ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਉਸਨੂੰ ਗੋਡਿਆਂ ਦੀ ਤਕਲੀਫ਼ ਹੈ। ਉਹ ਸ਼ੂਗਰ ਦਾ ਮਰੀਜ਼ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਮੁਲਕ ਦੀ ਏਕਤਾ ਅਖੰਡਤਾ ਲਈ ਖਤਰਾ ਹੈ। ਉਸ ਮੁਲਕ ਦੀ ਏਕਤਾ ਅਖੰਡਤਾ ਲਈ ਖਤਰਾ ਜਿਸ ਕੋਲ ਬੜੀ ਵੱਡੀ ਫ਼ੌਜ ਹੈ। ਉਸਨੂੰ ਇਹ ਕਹਿ ਕੇ ਗ੍ਰਿਫ਼ਤਾਰ ਕੀਤਾ ਗਿਆ ਕਿ ਉਸਨੇ ਜਮਾਅਤੇ ਇਸਲਾਮੀ ਦੀ ਇੱਕ ਮੀਟਿੰਗ ਕੀਤੀ ਹੈ ਜਦਕਿ ੨੦੧੯ ਵਿੱਚ ਜਮਾਅਤੇ ਇਸਲਾਮੀ ਤੇ ਪਾਬੰਦੀ ਹੈ। ਉਹ ਜੇਲ੍ਹ ਵਿੱਚ ਬੈਠਾ ਹੀ ਆਪਣੇ ਲੋਕਾਂ ਨੂੰ ਕਿਵੇਂ ਭੜਕਾ ਸਕਦਾ ਹੈ।

ਹੁਣ ਉਹਨਾਂ ਨੂੰ ਹੋਰ ਨਵੀਆਂ ਝੂਠੀਆਂ ਕਹਾਣੀਆਂ ਘੜ੍ਹਨ ਦੀ ਲੋੜ ਹੈ। ਸ਼ੇਖ਼ ਭਰਾਵਾਂ ਦਾ ਮਾਮਾ ਹੋਣ ਕਰਕੇ ਉਸਨੇ ਉਸ ਪਰਿਵਾਰ ਦੀ ਦੁਰਦਸ਼ਾ ਵੇਖੀ ਹੈ ਪਰ ਜੋ ਜ਼ੁਲਮ ਦੀ ਹਨੇਰੀ ਹੁਣ ਝੁੱਲ ਰਹੀ ਹੈ ਉਹ ਬਰਦਾਸ਼ਤ ਤੋਂ ਬਾਹਰ ਹੈ। ਭਾਵੇਂ ਰਮਜ਼ਾਨ ਸ਼ੇਖ਼ ਨੂੰ ਹੁਣ ਛੱਡ ਦਿੱਤਾ ਗਿਆ ਹੈ। ਪਰ ਕੈਦਖ਼ਾਨੇ ਨੇ ਉਸਦੀ ਸਿਹਤ ਖਾ ਲਈ ਹੈ।

ਅਬਦੁਲ ਸਲਾਮ ਜਿਸਦੇ ਚਾਰ ਸਾਲਾ ਬੱਚੇ ਨੂੰ ਬਾਪ ਦਾ ਪਿਆਰ ਨਹੀਂ ਮਿਲਿਆ, ਉਸ ਸਮੇਤ ਇਸ ਪਰਿਵਾਰ ਦੇ ਪੰਜ ਹੋਰ ਮੈਂਬਰ ਕੈਦ ਵਿੱਚ ਹਨ। ਸੰਨ ੨੦੦੯ ਵਿੱਚ ਅਸਰਫ਼ ਸ਼ੇਖ਼ ਦੀ ਸ਼ਹਾਦਤ ਤੋਂ ਬਾਅਦ ਇਸ ਪਿੰਡ ਦਾ ਨਾਂ ਸ਼ੁਹਾਦਪੁਰ – ਸ਼ਹੀਦਾਂ ਦਾ ਪਿੰਡ ਪੈ ਗਿਆ। ਇਹ ਨਾਂ ਆਸੀਆ ਇੰਦਰਾਬੀ ਨੇ ਰੱਖਿਆ ਜੋ ਕਿ ਇੱਕ ਸਿਆਸੀ ਕੈਦੀ ਦੇ ਤੌਰ ਤੇ ਤਿਹਾੜ ਜੇਲ੍ਹ ਵਿੱਚ ਬੰਦ ਹੈ। ਪਿੰਡ ਵਿੱਚ ਦਾਖਲੇ ਵਾਲੇ ਰਾਹ ਤੇ ਪਿੰਡ ਦਾ ਨਵਾਂ ਨਾਂ ਲਿਖਿਆ ਗਿਆ ਹੈ। ਇੱਕ ਗਲੀ ਦਾ ਨਾਂ ਸ਼ਹੀਦ ਅਸ਼ਰਫ਼ ਚੌਂਕ ਰੱਖਿਆ ਗਿਆ ਹੈ। ਭਾਰਤੀ ਬਲਾਂ ਨੇ ਇਸ ਨਾਂ ਤੇ ਕਾਲਖ਼ ਮਲ ਦਿੱਤੀ ਹੈ।

ਪਰ ਸ਼ਾਇਦ ਉਹਨਾਂ ਨੂੰ ਇਹ ਇਲਮ ਨਹੀਂ ਕਿ ਇਹ ਬੋਰਡ ਹਰ ਬੰਦੇ ਦੀ ਯਾਦ ਵਿੱਚ ਵਸਿਆ ਹੋਇਆ ਹੈ। ਇਸਦੀ ਰੜਕਦੀ ਗੈਰਹਾਜ਼ਰੀ ਹੀ ਇਸਦੀ ਹਾਜ਼ਰੀ ਹੈ। ਸ਼ਾਇਦ ਉਹਨਾਂ ਨੂੰ ਇਹ ਪਤਾ ਨਹੀਂ ਕਿ ਸ਼ਹੀਦ ਦੇ ਨਾਂ ਤੇ ਅੱਖਰ ਮਿਟਾਉਣ ਦੀ ਹਰ ਕੋਸ਼ਿਸ਼ ਇਹਨਾਂ ਅੱਖਰਾਂ ਨੂੰ ਸਗੋਂ ਹੋਰ ਉਭਾਰਦੀ ਹੈ।

ਇੱਕ ਕਬਰ – ਬਿਨਾਂ ਸਿਰਨਾਵੇਂ ਦੇ

ਉੱਗਦੇ ਨੇ ਸੂਹੇ ਗੁਲਾਬ ਕੰਡਿਆਂ ‘ਚੋਂ, ਅਣਕਹੇ ਲਫ਼ਜ਼ ਤਿਲ੍ਹਕ-੨ ਜਾਂਦੇ ਨੇ ਸਾਡੇ ਕਦਮਾਂ ‘ਚੋਂ ਜਦੋੰ ਅਸੀਂ ਕੁਲਗਾਮ ਦੇ ਓਕੇ ਦੇ ਰਾਹ ਪੈਂਦੇ ਹਾਂ।

ਭੁਮਰਥ ਦੇ ਗੁਆਂਢ ਵਿੱਚ ਕੰਧਾਂ ਤੋਂ ਅੱਗੇ ਇੱਕ ਨੀਲੇ ਕਮਰੇ ਵਿੱਚ ਡੰਘੀਆਂ ਨਜ਼ਰਾਂ ਸ਼ੋਇਬ ਮੁਹੰਮਦ ਲੋਨ ਦੀ ਸ਼ਹਾਦਤ ਦੀ ਬਾਤ ਪਾਉਂਦੀਆਂ ਹਨ। ਇਹ ਜੁਝਾਰੂ ਜੋ ੨੨ ਸਾਲਾਂ ਦਾ ਸੀ ਫ਼ਰਵਰੀ ੨੦੧੯ ਵਿੱਚ ਬਡਗਾਮ ਦੇ ਚਦੂਰਾ ਵਿੱਚ ਸ਼ਹੀਦ ਹੋਇਆ। ਉਸਨੇ ਆਪਣਾ ਖ਼ੁਫ਼ੀਆ ਨਾਂ ਮਿਸਰ ਦੇ ਰਾਸ਼ਟਰਪਤੀ ਮੁਹੰਮਦ ਮੋਰਸੀ ਦੇ ਨਾਂ ਤੇ ‘ਮੋਰਸੀ ‘ਰੱਖਿਆ। ਉਹ ਦੇਹਰਾਦੂਨ ਦੇ ਅਲਪਾਈਨ ਇੰਸਟੀਚਿਊਟ ਵਿੱਚ ਬੀ.ਐੱਸ-ਸੀ. ਇਨਫਰਮੇਸ਼ਨ ਟੈਕਨਾਲੋਜੀ ਦਾ ਵਿਦਿਆਰਥੀ ਸੀ। ਉਹ ਦਿੱਲੀ ਵਿੱਚ ‘ਐਥੀਕਲ ਹੈਕਿੰਗ’ ਵੀ ਵੱਖਰੇ ਤੌਰ ਤੇ ਪੜ੍ਹ ਰਿਹਾ ਸੀ। ਸ਼ੋਇਬ ਬਹੁਤ ਹੁਸ਼ਿਆਰ ਸੀ। ਉਹ ਦੋ ਸਾਲਾਂ ਤੋਂ ਅੱਵਲ ਆ ਰਿਹਾ ਸੀ। ਉਸਨੇ ਦਸਵੀਂ ਵਿੱਚ ਵੀ ੯੫ ਪ੍ਰਤੀਸ਼ਤ ਨੰਬਰ ਲਏ ਸਨ। ਸ਼ੋਇਬ ਦੇ ਬੰਦੂਕ ਚੁੱਕਣ ਦੇ ਫੈਸਲੇ ਨੇ ਉਸਦੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ।

ਜਦਕਿ ਉਸਦੀ ਮਾਂ ਨੂੰ ਉਸਦੀ ਪੜਾਈ ਤੇ ਨਾਜ਼ ਸੀ। ਉਸਦਾ ਪਰਿਵਾਰ ਇਸਦਾ ਕਾਰਨ ਲੱਭਣ ਲੱਗ ਪਿਆ ਸੀ। ਕਿਉਂਕਿ ਨਾ ਤਾਂ ਉਸਨੂੰ ਕਦੇ ਤਸੀਹੇ ਦਿੱਤੇ ਗਏ ਨਾਂ ਹੀ ਕਦੇ ਉਹ ਕਿਸੇ ਮੁਜ਼ਾਹਰੇ ਵਿੱਚ ਸ਼ਾਮਲ ਹੋਇਆ ਸੀ।

ਜਦ ਨੜੰਬਰ ੧੯੯੫ ਵਿੱਚ ਸ਼ੋਹੇਬ ਦੇ ਪਿਤਾ ਨੇ ਸ਼ਹਾਦਤ ਹਾਸਲ ਕੀਤੀ ਤਾਂ ਉਹ ਬਹੁਤ ਛੋਟਾ ਸੀ। ਉਸਦੇ ਪਿਤਾ ਨੂੰ ਨਜ਼ੀਰ ਕਸ਼ਮੀਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸੱਤ ਸਾਲਾਂ ਤੱਕ ਉਹ ਚੋਟੀ ਦੇ ਹਿਜ਼ਬੁਲ ਕਮਾਂਡਰਾਂ ਵਿੱਚ ਗਿਣਿਆ ਜਾਂਦਾ ਰਿਹਾ ਸੀ। ਕੰਧਾਂ ਨੇ ਚਿੜੀਆਂ ਦੀ ਚਹਿਕ ਨੂੰ ਰੋਕ ਲਿਆ ਸੀ। ਇਸੇ ਕਰਕੇ ਕਮਰੇ ਵਿੱਚ ਚੁੱਪ ਸੀ।

ਸ਼ੋਹੇਬ ਦਾ ਕੋਈ ਜੋੜ ਨਹੀਂ ਸੀ। ਉਹ ਬਹੁਤ ਖੁਸ਼ਮਿਜ਼ਾਜ਼ ਇਨਸਾਨ ਸੀ। ਹਮੇਸ਼ਾਂ ਦੋਸਤਾਂ ਵਿੱਚ ਘਿਰਿਆ ਰਹਿੰਦਾ ਸੀ। ਉਹਦਾ ਹਾਸਾ ਵੱਡੇ-ਛੋਟੇ ਆਦਮੀਆਂ ਨੂੰ ਵੀ ਦੋਸਤ ਬਣਾ ਲੈਂਦਾ ਸੀ। ਚੁੱਪ ਨੂੰ ਤੋੜਦੇ ਹੋਏ ਉਹਦਾ ਵੱਡਾ ਭਰਾ ਵਹੀਦ-ਉਰ-ਰਹਿਮਾਨ ਕਹਿੰਦਾ ਹੈ। ਕਸ਼ਮੀਰ ਯੂਨੀਵਰਸਿਟੀ ਦੇ ਅਮਰ ਸਿੰਘ ਕਾਲਜ ਦਾ ਪੜ੍ਹਿਆ ਵਹੀਦ ਪੋਸਟ ਗ੍ਰੇਜੂਏਟ ਹੈ। ਉਹ ਮਨੋਵਿਗਿਆਨ ਦਾ ਮਾਹਰ ਹੈ। ਉਹ ਹਰ ਇਨਸਾਨ ਦੀ ਅਜ਼ਾਦੀ ਦੀ ਵਕਾਲਤ ਕਰਦਾ ਹੈ। ੳਹਦੀ ਰਹਿਣੀ ਬਹਿਣੀ ਉਸਦੇ ਵਿਚਾਰਾਂ ਨੂੰ ਤਸਦੀਕ ਕਰਦੀ ਹੈ।

ਸ਼ੋਹੇਬ ਇੱਕ ਮਿਹਨਤੀ ਨੌਜਵਾਨ ਸੀ ਜੋ ਆਪਣੇ ਪਰਿਵਾਰ ਦੀ ਗਰੀਬੀ ਦੁਰ ਕਰਨੀ ਚਾਹੁੰਦਾ ਸੀ। ਸ੍ਰੀਨਗਰ ਵਿੱਚ ਘਰ ਬਣਾਉਣਾ ਉਸਦਾ ਖ਼ਾਬ ਸੀ। ਉਹ ਪਰਿਵਾਰ ਦੀ ਸੁਖੀ ਜ਼ਿੰਦਗੀ ਚਾਹੁੰਦਾ ਸੀ। ਉਹ ਆਪਣੇ ਵੱਡੇ ਭਰਾ ਨਾਲ ਅਕਸਰ ਇਹੀ ਗੱਲ ਕਰਦਾ ਸੀ ਕਿ ਬੰਦੇ ਨੂੰ ਆਪਣੇ ਖਿਆਲਾਂ ਵਿੱਚ ਅਜ਼ਾਦ ਹੋਣਾ ਚਾਹੀਦਾ ਹੈ। ਹੱਕ ਹਲਾਲ ਦੀ ਰੋਜ਼ੀ ਰੋਟੀ ਕਮਾਉਣੀ ਚਾਹੀਦੀ ਹੈ।

ਵਹੀਦ ਦੀ ਅਵਾਜ਼ ਵਿੱਚ ਦਰਦ ਆ ਜਾਂਦਾ ਹੈ ਤੇ ਉਸਦੀ ਅਵਾਜ਼ ਬੁਖਲਾਉਣ ਲੱਗ ਜਾਂਦੀ ਹੈ। ਵਹੀਦ ਕਹਿੰਦਾ ਹੈ, “ਸਾਨੂੰ ਭਾਣਾ ਮੰਨਣਾ ਪਿਆ ਅਤੇ ਇਸ ਸਭ ਨਾਲ ਲੜਨਾ ਤੇ ਜਰਨਾ ਪਿਆ”।

ਉਸਦੀ ਮਾਂ ਮੁਨੀਰਾ ਅਖ਼ਤਰ ਨੇ ਉਸਨੂੰ ਪਾਲਿਆ ਸੀ ਅਤੇ ਵਹੀਦ ਨੂੰ ਮੁਨੀਰਾ ਦੀ ਭੈਣ ਹਨੀਫ਼ਾ ਬਾਨੋ ਨੇ ਗੋਦ ਲੈ ਲਿਆ ਸੀ। ਪਤੀ ਤੇ ਪੁੱਤਰ ਦੇ ਵਿੱਛੜ ਜਾਣ ਤੋਂ ਬਾਅਦ ਹੁਣ ਮੁਨੀਰਾ ਇਹਨਾਂ ਕੋਲ ਹੀ ਰਹਿੰਦੀ ਹੈ। ਉਹ ਆਪਣੀਆਂ ਬਾਹਵਾਂ ਆਪਣੀ ਛਾਤੀ ਦੁਆਲੇ ਲਪੇਟਦੀ ਹੈ ਤੇ ਕਹਿੰਦੀ ਹੈ ਕਿ ਉਸਦਾ ਪੁੱਤਰ ਇਸ ਤਰ੍ਹਾਂ ਉਸਨੂੰ ਮਿਲਦਾ ਹੁੰਦਾ ਸੀ। “ਉਹ ਮੇਰੇ ਵੱਲ ਵੇਖਦਾ ਰਹਿੰਦਾ।” ਆਪਣੀਆਂ ਅੱਖਾਂ ਕਾਰਪੈੱਟ ਤੇ ਜਮਾਈ ਰੱਖਦੀ ਉਹ ਕਹਿੰਦੀ ਹੈ “ਉਹ ਮੈਨੂੰ ਬਹੁਤ ਪਿਆਰ ਕਰਦਾ ਸੀ।”

ਉਸਦੀ ਆਪਣੇ ਘਰ ਨਾਲ ਐਨੀ ਸ਼ਿੱਦਤ ਨਾਲ ਸਾਂਝ ਸੀ ਕਿ ਉਸਨੂੰ ਅਕਸਰ ਵੈਰਾਗ ਆ ਜਾਂਦਾ ਤੇ ਇਸੇ ਕਰਕੇ ਉਹ ਤਕਰੀਬਨ ਹਰ ਮਹੀਨੇ ਆਪਣੇ ਘਰ ਆ ਜਾਂਦਾ। ਉਸਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ ਮੁਨੀਰਾ ਉਸਨੂੰ ਹਫ਼ਤੇ ਵਿੱਚ ਸਿਰਫ਼ ਤਿੰਨ ਵਾਰ ਫ਼ੋਨ ਕਰਦੀ ਸੀ। ਸੋਹੇਬ ਘਰ ਕਦੇ ਵੀ ਫ਼ੋਨ ਨਾ ਕਰਦਾ।

ਉਸਦੀ ਮਾਂ ਨੇ ਉਸ ਨਾਲ ਰਾਬਤੇ ਵਿੱਚ ਰਹਿਣ ਦਾ ਅਨੋਖਾ ਮਾਮੂਲ ਬਣਾ ਲਿਆ ਸੀ। ਪਰ ੧੯ ਸਤੰਬਰ ੨੦੧੮ ਨੂੰ ਉਹਨਾਂ ਦਾ ਫ਼ੋਨ ਵੱਜਿਆ। ਇਹ ਫ਼ੋਨ ਸ਼ੋਹੇਬ ਦਾ ਸੀ। ਉਹਨਾਂ ਨੂੰ ਇਹ ਅਜੀਬ ਲੱਗਿਆ ਕਿਉਂਕਿ ਅਜੇ ਦੋ ਦਿਨ ਪਹਿਲਾਂ ਤਾਂ ਘਰੋਂ ਉਸਨੂੰ ਫ਼ੋਨ ਕੀਤਾ ਗਿਆ ਸੀ। ਉਸਨੇ ਹਰ ਪਰਿਵਾਰਕ ਮੈਂਬਰ ਦੀ ਸਿਹਤ ਦਾ ਹਾਲ ਚਾਲ ਪੁੱਛਿਆ। ਅਗਲੇ ਦਿਨ ਉਹਦਾ ਫ਼ੋਨ ਬੰਦ ਆ ਰਿਹਾ ਸੀ।

ਦੇਹਰਾਦੂਨ ਵਿੱਚ ਸੋਹੇਬ ਦੇ ਦੋਸਤ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਸੋਹੇਬ ਕਹਿੰਦਾ ਸੀ ਕਿ ਉਸਨੇ ਆਪਣੀ ਬਿਮਾਰ ਮਾਂ ਦੀ ਦੇਖ ਭਾਲ ਕਰਨ ਲਈ ਪਿੰਡ ਜਾਣਾ ਹੈ। ਸੋ ਉਸਨੇ ਉਹਨੂੰ ਰੇਲਵੇ ਸਟੇਸ਼ਨ ਤੇ ਛੱਡ ਕੇ ਆਂਦਾ ਸੀ। ਇਸ ਅਜੀਬ ਵਰਤਾਰੇ ਨੇ ਪਰਿਵਾਰ ਨੂੰ ਅਗਲੇ ਚਾਰ ਪੰਜ ਦਿਨਾਂ ਲਈ ਚੱਕਰਾਂ ਵਿੱਚ ਪਾਈ ਰੱਖਿਆ। ਕੋਈ ਥਹੁ ਪਤਾ ਨਾ ਲੱਗਣ ਤੋਂ ਬਾਅਦ ਪਰਿਵਾਰ ਨੇ ਉਸਦੀ ਗੁੰਮਸ਼ੁਦਗੀ ਦੀ ਐੱਫ.ਆਈ.ਆਰ ਲਿਖਵਾ ਦਿੱਤੀ। ਸਾਰੇ ਕਾਲਜ ਵਿੱਚ ਉਸਦੇ ਪੋਸਟਰ ਲਾ ਦਿੱਤੇ ਪੜ੍ਹਨ ਵਿੱਚ ਹੁਸ਼ਿਆਰ ਹੋਣ ਕਰਕੇ ਸਾਰੇ ਉਸਦੀ ਕਦਰ ਕਰਦੇ ਸਨ। ਉਹਦੇ ਪਰਿਵਾਰ ਨੂੰ ਬਹੁਤ ਫ਼ੋਨ ਆਉਂਦੇ ਅਤੇ ਹਰ ਫ਼ੋਨ ਉਹਨਾਂ ਨੂੰ ਲੱਗਦਾ ਕਿ ਸੋਹੇਬ ਦਾ ਹੋਵੇਗਾ। ਪਰ ਉਸਦੇ ਅਧਿਆਪਕਾਂ ਦੇ ਹੁੰਦੇ ਜੋ ਉਸਦੀ ਘਟਦੀ ਹਾਜ਼ਰੀ ਲਈ ਫ਼ਿਕਰਮੰਦ ਸਨ। ਨਾ ਉਹ ਤੇ ਨਾਂ ਉਹਦੀ ਕੋਈ ਖ਼ਬਰ ਆਈ।

ਪਰਿਵਾਰ ਨੇ ਉਹਨੂੰ ਸਿਰਫ਼ ਸੋਸ਼ਲ ਮੀਡੀਆ ਤੇ ਵੇਖਿਆ ਜੋ ਇਹ ਇਸ਼ਾਰਾ ਕਰ ਰਿਹਾ ਸੀ ਕਿ ਉਹ ੨੦ ਸਤੰਬਰ ੨੦੧੮ ਨੂੰ ਹਿਜ਼ਬੁਲ ਮੁਜਾਹਿਦੀਨ ਵਿੱਚ ਸ਼ਾਮਲ ਹੋ ਗਿਆ ਸੀ। ਮਾਂ ਨੇ ਉਸਨੂੰ ਘਰ ਮੁੜਨ ਦਾ ਤਰਲਾ ਕੀਤਾ ਤੇ ਜ਼ਹਿਰ ਖਾਣ ਦੀ ਧਮਕੀ ਦਿੱਤੀ। ਪਰ ਉਸਨੂੰ ਪਤਾ ਨਹੀਂ ਸੀ ਕਿ ਪੰਜ ਮਹੀਨੇ ਬਾਅਦ ਉਹ ਆਪਣੇ ਘਰ ਵਾਪਸ ਆਵੇਗਾ। ਜਦੋਂ ਸਾਰੀ ਰਾਤ ਗੋਲ਼ਾਬਾਰੀ ਵਿੱਚ ਉਹ ਤੇ ਉਹਦਾ ਇੱਕ ਸਾਥੀ ਹਿਲਾਲ ਅਹਿਮਦ ਵਾਨੀ ਸ਼ਹੀਦ ਹੋ ਗਏ।

ਸੋਹੇਬ ਘਰ ਆ ਹੀ ਗਿਆ – ਪਰ ਇੱਕ ਸ਼ਹੀਦ ਦੇ ਤੌਰ ਤੇ। ਮੁਨੀਰਾ ਦੀ ਅੱਖਾਂ ਕਾਰਪੈਟ ਤੇ ਜੰਮੀਆਂ ਹੋਈਆਂ ਹਨ। ਉਸਦੀਆਂ ਉਂਗਲਾਂ ਹਰਕਤ ਵਿੱਚ ਹਨ।

ਵਹੀਦ ਆਪਣੇ ਭਰਾ ਬਾਰੇ ਗੱਲ ਜਾਰੀ ਰੱਖਦਾ ਹੈ। ‘ਗੂਗਲ ਸਰ’ ਦੇ ਨਾਂ ਨਾਲ ਜਾਣੇ ਜਾਂਦੇ ਇੱਕ ਅਧਿਆਪਕ ਦਾ ਉਹ ਡੇਹਰਾਦੂਨ ਵਿੱਚ ਇੱਕ ਚਹੇਤਾ ਵਿਦਿਆਰਥੀ ਸੀ। ਉਹ ਆਪਣੀ ਜ਼ਹਾਨਤ ਨਾਲ ਹਰ ਇੱਕ ਨੂੰ ਹੈਰਾਨ ਕਰ ਦਿੰਦਾ ਸੀ। ਉਹ ਬਿਨਾਂ ਕੁਝ ਜਿਆਦਾ ਪੜ੍ਹੇ-ਪੜ੍ਹਾਏ ਅੱਵਲ ਆਉਣ ਦੀ ਕਾਬਲੀਅਤ ਰੱਖਦਾ ਸੀ। ਅਦਬ ਵਿੱਚ ਉਸਦੀ ਡੂੰਘੀ ਦਿਲਚਸਪੀ ਸੀ। ਉਹ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਉਹ ਕਹਾਣੀਆਂ ਅਤੇ ਨਾਵਲ ਬਹੁਤ ਸ਼ੌਂਕ ਨਾਲ ਪੜ੍ਹਦਾ।

“ਸਾਨੂੰ ਉਹ ਬਹੁਤ ਯਾਦ ਆਉਂਦਾ ਹੈ। ਅਸੀਂ ਉਸਦਾ ਲੈਪਟਾਪ ਤੇ ਕਿਤਾਬਾਂ ਸਾਂਭ ਕੇ ਰੱਖੀਆਂ ਹੋਈਆਂ ਹਨ। “

ਬਾਰਵੀਂ ਦੇ ਇਮਤਿਹਾਨ ਤੋਂ ਬਾਅਦ ਉਸਨੂੰ ਵਜ਼ੀਫ਼ੇ ਲਈ ਚੁਣਿਆ ਗਿਆ। ਜਿਸ ਦੇ ਸਿਰ ਤੇ ਉਹ ਵਿਦੇਸ਼ ਪੜ੍ਹਾਈ ਕਰ ਸਕਦਾ ਸੀ। ਪਰ ਜੰਮੂ ਕਸ਼ਮੀਰ ਸਰਕਾਰ ਨੇ ਸ਼ਹੀਦ ਦਾ ਪੁੱਤਰ ਹੋਣ ਕਰਕੇ ਉਸਦਾ ਪਾਸਪੋਰਟ ਨਹੀਂ ਬਣਨ ਦਿੱਤਾ। ਉਸਨੂੰ ਹੋਰ ਤੰਗ ਕਰਨ ਲਈ ਕੁਲਗਾਮ ਦੇ ਡਿਪਟੀ ਕਮਿਸ਼ਨਰ ਨੇ ਉਸਨੂੰ ਆਪਣੇ ਦਫ਼ਤਰ ਬੁਲਾ ਕੇ ਕਿਹਾ ਕਿ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਜੇ ਉਹ ਸਹੀ ਦੇ ਦੇਵੇ ਤਾਂ ਉਸਨੂੰ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ। ਸਹੀ ਜਵਾਬ ਦੇਣ ਦੇ ਬਾਵਜੂਦ ਵੀ ਉਸਨੂੰ ਪਾਸਪੋਰਟ ਜਾਰੀ ਨਹੀਂ ਕੀਤਾ ਗਿਆ। ਸੋਹੇਬ ਨੇ ਪੰਜ ਸਾਲ ਪਾਸਪੋਰਟ ਲਈ ਜੱਦੋ-ਜਹਿਦ ਕੀਤੀ ਪਰ ਸਭ ਬੇਕਾਰ ਸਾਬਤ ਹੋਈ।

ਇਸ ਸਭ ਕਾਸੇ ਦੇ ਬਾਵਜੂਦ ਪਰਿਵਾਰ ਨੂੰ ਉਸਦੇ ਬਾਗੀ ਬਣ ਜਾਣ ਦੀ ਕੋਈ ਉਮੀਦ ਨਹੀਂ ਸੀ। ਵਹੀਦ ਕਹਿੰਦਾ ਹੈ ਕਿ ਉਹ ਬਹੁਤ ਜ਼ਿੰਦਾ ਦਿਲ ਆਦਮੀ ਸੀ। ਉਹ ਹੌਲੀ ਜਿਹੀ ਆਪਣਾ ਮੋਬਾਈਲ ਫ਼ੋਨ ਕੱਢ ਕੇ ਸਾਡੇ ਵਿਚਕਾਰ ਰੱਖ ਦਿੰਦਾ ਹੈ। ਇਸਦੀ ਸਕਰੀਨ ਤੇ ਅਸੀਂ ਸੋਹੇਬ ਦੀ ਤਸਵੀਰ ਵੇਖਦੇ ਹਾਂ ਜਿਸ ਵਿੱਚ ਉਸਦੇ ਚਿਹਰੇ ਤੇ ਮੁਸਕੁਰਾਹਟ ਖੇਡ ਰਹੀ ਹੈ ਤੇ ਉਹ ਆਪਣੇ ਸੰਤਰੀ ਰੰਗ ਦੇ ਕਮੀਜ਼ ਨੂੰ ਠੀਕ ਕਰਦਾ ਕਿਸੇ ਫ਼ੈਸ਼ਨ ਮਾਡਲ ਵਾਂਗੂੰ ਲੱਗ ਰਿਹਾ ਹੈ। ਉਸਦੇ ਪਿਛਲੇ ਪਾਸੇ ਕਸ਼ਮੀਰੀ ਪਿੰਡ ਦਾ ਹਰਿਆ ਭਰਿਆ ਆਲ਼ਾ-ਦੁਆਲ਼ਾ ਹੈ। ਜਿਸ ਵਿੱਚ ਉਹ ਅੱਧ-ਲੁਕਿਆ ਦਿਖਾਈ ਦਿੰਦਾ ਹੈ। ਵਹੀਦ ਆਪਣੀਆਂ ਉਂਗਲਾਂ ਨੂੰ ਪੂਰੇ ਜ਼ੋਰ ਨਾਲ ਸਕਰੀਨ ਤੇ ਰੱਖਦਾ ਹੈ ਜਿਵੇਂ ਕਿ ਉਹ ਆਪਣੇ ਤੇ ਆਪਣੇ ਭਰਾ ਵਿਚਕਾਰ ਫ਼ਾਸਲਾ ਮਿਟਾਉਣਾ ਚਾਹੁੰਦਾ ਹੋਵੇ। ਉਹ ਹੁਣ ਇੱਕ ਤਸਵੀਰ ਹੀ ਹੈ ਰੋਸ਼ਨੀ ਵਿੱਚ ਉਕਰਿਆ ਇੱਕ ਪਰਛਾਵਾਂ। ਵਹੀਦ ਉਸ ਵੱਲ ਤੱਕਦਾ ਹੈ ਪਰ ਸੋਹੇਬ ਉਸ ਤੱਕਣੀ ਦਾ ਜਵਾਬ ਨਹੀਂ ਦੇ ਸਕਦਾ।

ਇਹ ਤਸਵੀਰ ਭਾਰਤ ਦੇ ਫ਼ੌਜੀ ਨਿਜ਼ਾਮ ਵੱਲੋਂ ਕਿਸੇ ਜੁਝਾਰੂ ਦੀ ਵਿਖਾਈ ਜਾਂਦੀ ਤਸਵੀਰ ਨਾਲ ਮੇਲ ਨਹੀਂ ਖਾਂਦੀ ਜਿਸ ਵਿੱਚ ਜੁਝਾਰੂ ਨੂੰ ਬੜਾ ਖੂੰਖ਼ਾਰ ਦਿਖਾਇਆ ਜਾਂਦਾ ਹੈ। ਵਹੀਦ ਤੇ ਮੁਨੀਰਾ ਲਈ ਇਹ ਤਸਵੀਰ ਇਨਸਾਨੀਆਤ ਦੀ ਤਸਵੀਰ ਹੈ।

“ਸੋਹੇਬ ਨੂੰ ਅੰਤਰਮੁਖੀ ਹੋਣ ਕਰਕੇ ਮੈਂ ਉਸਨੂੰ ਸਮਝ ਨਹੀਂ ਸਕਿਆ। ਸਹੀ ਗੱਲਬਾਤ ਨਹੀਂ ਕਰ ਸਕਿਆ। ਜਿਸਦਾ ਵਹੀਦ ਨੂੰ ਅਫ਼ਸੋਸ ਹੈ। ਉਹ ਜ਼ਿਆਦਾ ਵਕਤ ਆਪਣੇ ਦੋਸਤਾਂ ਨਾਲ ਗੁਜ਼ਾਰਦਾ। ਉਹ ਹਮੇਸ਼ਾਂ ਉਹਨਾਂ ਨੂੰ ਪੜ੍ਹਨ ਲਈ ਕਹਿੰਦਾ। ਉਹ ਵੀ ਉਸਨੂੰ ਸਮਝ ਨ ਸਕੇ। “ਕਾਸ਼, ਮੈਂ ਉਸਦੇ ਦਿਲ ਵਿੱਚ ਉਤਰ ਸਕਦਾ। ਜਿੱਥੇ ਉਸਨੇ ਸਭ ਕੁਝ ਲੁਕਾ ਰੱਖਿਆ ਸੀ।” ਵਹੀਦ ਨੂੰ ਫਿਰ ਇਸਦਾ ਝੋਰਾ ਹੈ।

ਹਨੀਫ਼ਾ ਬਾਨੋ ਦੀਆਂ ਅੱਖਾਂ ਵਿੱਚ ਅਚਾਨਕ ਬੀਤੇ ਵਕਤ ਦਾ ਮੰਜ਼ਰ ਆ ਜਾਂਦਾ ਹੈ। ਉਹ ਇਸ ਗੱਲਬਾਤ ਦੌਰਾਨ ਚੁੱਪ ਹੀ ਰਹੀ ਸੀ।

ਪਰ ਉਸਦੀਆਂ ਸਿਗਰੀਆਂ ਹੁਣ ਕਾਬੂ ਤੋਂ ਬਾਹਰ ਸਨ। ਸਾਡੇ ਆਲੇ-ਦੁਆਲੇ ਦੀਆਂ ਖਿੜਕੀਆਂ ਤੇ ਧੁੰਦ ਜੰਮ ਜਾਂਦੀ ਹੈ। ਫ਼ਿਰ ਚੁੱਪ ਜਿਹੀ ਛਾ ਜਾਂਦੀ ਹੈ। ਅਸੀਂ ਸਾਰੇ ਉਸਨੂੰ ਯਾਦ ਕਰਦੇ ਹਾਂ। ਅਸੀਂ ਉਸਦਾ ਲੈਪਟਾਪ ਤੇ ਕਿਤਾਬਾਂ ਰੱਖੀਆਂ ਹੋਈਆਂ ਹਨ।

ਕੀ ਕਹਾਣੀਆਂ ਸੁਨਾਉਣ ਨਾਲ ਜਾਣ ਵਾਲੇ ਵਾਪਸ ਮੁੜ ਆਉਂਦੇ ਹਨ ? ਕੀ ਮੇਰੇ ਪਿਆਰੇ ਵਾਪਸ ਆ ਜਾਣਗੇ ? ਮੁਨੀਰਾ ਦਾ ਸਵਾਲ ਹੈ। ਉਸਦਾ ਪਤੀ ਗ੍ਰੈਜੁਏਟ ਸੀ ਜਦੋਂ ਉਹਨਾਂ ਦਾ ਵਿਆਹ ਹੋਇਆ ਉਹ ਹਥਿਆਰਬੰਦ ਬਾਗ਼ੀ ਸੀ। ਜ਼ੁਲਮ ਖ਼ਿਲਾਫ਼ ਲੜਨ ਲਈ ਉਸਨੇ ਬੰਦੂਕ ਚੁੱਕੀ ਸੀ ਉਸਦੇ ਪਤੀ ਮੁਹੰਮਦ ਅਸ਼ਰਫ਼ ਲੋਨ ਨੇ ਪਾਕਿਸਤਾਨੀ ਕਸ਼ਮੀਰ ਵਿਚ ਸਿਖ਼ਲਾਈ ਲਈ ਸੀ। ਜਦੋਂ ਉਸਨੇ ਸ਼ਹਾਦਤ ਹਾਸਲ ਕੀਤੀ ਉਦੋਂ ਉਹ ੨੯ ਸਾਲਾਂ ਦਾ ਸੀ।

ਮੁਨੀਰਾ ਦਾ ੮੨ ਸਾਲਾ ਸਹੁਰਾ ਗ਼ੁਲਾਮ ਹਸਨ ਲੋਨ ਜਮਾਅਤੇ ਇਸਲਾਮੀ ਦਾ ਇੱਕ ਹਿੱਸਾ ਹੈ। ਉਹ ਕਹਿੰਦਾ ਹੈ ਕਿ ਉਸਦਾ ਪੁੱਤਰ ਵੀ ਪੜ੍ਹਨ ਵਿੱਚ ਓਨਾ ਹੀ ਹੁਸ਼ਿਆਰ ਸੀ ਜਿੰਨਾ ਕਿ ਉਸਦਾ ਪੋਤਾ। ਉਹ ਸਬ-ਇੰਸਪੈਕਟਰ ਦੇ ਇਮਤਿਹਾਨ ਵਿੱਚੋਂ ਅੱਵਲ ਆਇਆ ਸੀ ਹਾਲਾਂ ਕਿ ਉਸਨੇ ਹੁਣੇ-੨ ਆਪਣੀ ਬੀ.ਐੱਸ-ਸੀ. ਪੂਰੀ ਕੀਤੀ ਸੀ। ਪਰ ਉਸਨੂੰ ਚਾਰਜ ਨਾ ਲੈਣ ਦਿੱਤਾ ਗਿਆ ਕਿਉਂਕਿ ਉਸਦਾ ਪਿਓ ਅਜਾਦੀ ਪਸੰਦ ਸਿਆਸੀ ਜਮਾਅਤ ਦਾ ਮੈਂਬਰ ਸੀ। ਮੁਕਾਮੀ ਐੱਮ.ਐੱਲ.ਏ. ਨੇ ਉਸਦੇ ਅਹੁਦੇ ਤੇ ਪਹੁੰਚਣ ਵਿੱਚ ਰੁਕਾਵਟ ਪਾਈ ਸੀ ਕਿਉਂਕਿ ਇਸ ਨਾਲ ਉਹਨਾਂ ਦੇ ਜਮਾਤ ਨੂੰ ਮੂਰਖ਼ ਸਾਬਤ ਕਰਨ ਦੇ ਮਨਸੂਬੇ ਸੱਟ ਵੱਜਦੀ ਸੀ। ਅਸ਼ਰਫ਼ ਦਾ ਸਾਲਾ ਦੱਸਦਾ ਹੈ ਕਿ ਦੁਸ਼ਮਣ ਵੀ ਜਿਵੇਂ ਭਾਰਤੀ ਫੌਜ ਦੇ ਅਹਿਲਕਾਰ ਉਸਦੀ ਇੱਜ਼ਤ ਕਰਦੇ ਸਨ। ਉਹ ਸਾਧ ਤਬੀਅਤ ਦਾ ਬੰਦਾ ਸੀ। ਉਸਨੇ ਆਪਣੇ ਘਰ ਬਾਰੇ ਕੁਝ ਨਹੀਂ ਸੋਚਿਆ। ਜੋ ਸੋਚਿਆ ਆਪਣੇ ਕੌਮੀ ਘਰ ਲਈ ਹੀ ਸੋਚਿਆ।

ਸੋਹੇਬ ਆਪਣੇ ਪਿਤਾ ਦੀ ਤਰ੍ਹਾਂ ਸਿਖਲਾਈ-ਯਾਫ਼ਤਾ ਨਹੀਂ ਸੀ। ਉਹ ਕੁਝ ਮਹੀਨੇ ਹੀ ਜਿਉਂਦਾ ਰਹਿ ਸਕਿਆ। ਉਸਨੂੰ ਕਦੇ ਤਸੀਹੇ ਤਾਂ ਨਹੀ ਦਿੱਤੇ ਗਏ ਪਰ ਉਸਨੇ ਜ਼ੁਲਮ ਦੀ ਪੀੜ੍ਹ ਮਹਿਸੂਸ ਕਰ ਲਈ ਸੀ।

ਸੋਹੇਬ ਨੂੰ ਸ਼ਹੀਦ ਕਰਨ ਤੋਂ ਬਾਅਦ ਕੁਝ ਭਾਰਤੀ ਸਿਪਾਹੀ ਘਰ ਆਏ ਉਹਨਾਂ ਨੂੰ ਵੀ ਸੋਹੇਬ ਦੇ ਫੈਸਲੇ ਤੇ ਹੈਰਾਨੀ ਹੋਈ।

“ਮੈਂ ਇਸ ਜ਼ਿੰਦਗੀ ਵਿੱਚ ਜ਼ੁਲਮ ਦਾ ਸਿਲਸਿਲਾ ਵੇਖਿਆ ਹੈ। ਹੁਣ ਸ਼ਹਾਦਤ ਦਾ ਸਿਲਸਿਲਾ ਵੀ ਵੇਖ ਰਹੀ ਹਾਂ।” ਮੁਨੀਰ ਦਾ ਕਹਿਣਾ ਹੈ।

“ਮੈਂ ਹੁਣ ਇਕੱਲੀ ਹਾਂ।”

ਸੰਨ ੨੦੦੦ ਦੇ ਸ਼ੁਰੂ ਵਿੱਚ ਬੀਹੀਬਾਗ਼ ਕੈਂਪ ਜੋ ਕਿ ਇੱਕ ਪਾਰਕ ਤੇ ਕਬਜ਼ਾ ਕਰ ਕੇ ਬਣਾਇਆ ਹੈ ਦੇ ਅਫ਼ਸਰਾਂ ਨੇ ਮੁਹੰਮਦ ਅਸ਼ਰਫ਼ ਲੋਨ ਦੀ ਕਬਰ ਨੂੰ ਢਾਹ ਦਿੱਤਾ ਤੇ ਸਿਰਨਾਵਾਂ ਲਿਖਤ ਦੀ ਬੇਹੁਰਮਤੀ ਕੀਤੀ। ਇਸ ਲਈ ਪਰਿਵਾਰ ਨੇ ਸੋਹੇਬ ਦੀ ਕਬਰ ਤੇ ਸਿਰਨਾਵਾਂ ਲਿਖ਼ਤ ਨਹੀਂ ਲਿਖੀ ਤਾਂ ਜੋ ਇਸਦਾ ਹਾਲ ਵੀ ਪਿਤਾ ਦੀ ਲਿਖ਼ਤ ਵਾਲਾ ਹੋਵੇ ।

ਕਸ਼ਮੀਰ ਵਿੱਚ ਅਫ਼ਜ਼ਲ ਗੁਰੂ ਦੀ ਲਿਖ਼ਤ ਤੇ ਮਕਬੂਲ ਭੱਟ ਦੀ ਕਬਰ ਇਹਨਾਂ ਦੇ ਮਿਰਤਕ ਸਰੀਰ ਉਡੀਕ ਰਹੀਆਂ ਹਨ। ਬਾਸਿਤ ਡਾਰ ਦੀਆਂ ਦੋ ਕਬਰਾਂ ਹਨ ਇੱਕ ਮਰਹਾਮਾ ਵਿੱਚ ਅਤੇ ਇੱਕ ਬੇਵੂਰਾ ਵਿੱਚ ਅਤੇ ਪੁਲਵਾਮਾ ਦੇ ਬਸ਼ੀਰ ਅਹਿਮਦ ਨੂੰ ਪਤਾ ਨਹੀਂ ਹੈ ਕਿ ਇਨਾਂ ਤਿੰਨਾਂ ਕਬਰਾਂ ਵਿੱਚੋਂ ਉਸਦੇ ਪੁੱਤਰ ਨੂੰ ਕਿਸ ਵਿੱਚ ਦਫ਼ਨ ਕੀਤਾ ਗਿਆ ਹੈ।

ਕਸ਼ਮੀਰ ਵਿੱਚ ਭਾਰਤੀ ਸਟੇਟ ਨੇ ਅਣਪਛਾਤੇ ਕਹਿ ਕੇ ਸਾਰੇ ਲੋਕਾਂ ਦੀਆਂ ਕਬਰਾਂ ਹੀ ਕਬਰਾਂ ਬਣਾ ਦਿੱਤੀਆਂ ਹਨ। ਇੱਥੇ ਅਜਿਹੇ ਕਬਰਸਤਾਨ ਵੀ ਹਨ ਜਿੱਥੇ ਜਾਣੇ ਪਛਾਣੇ ਲੋਕਾਂ ਨੂੰ ਸਟੇਟ ਨੇ ਸਹੀ ਤਰੀਕੇ ਨਾਲ ਦਫ਼ਨਾਉਣ ਹੀ ਨਹੀਂ ਦਿੱਤਾ।

ਸੋਹੇਬ ਮੁਹੰਮਦ ਲੋਨ ਆਪਣੀ ਮਾਂ ਦੀਆਂ ਯਾਦਾਂ ਵਿੱਚ ਮਹਿਕਦਾ ਹੈ। ਉਹਦੀਆਂ ਅੱਖਾਂ ਵਿੱਚ ਉਸਦੀ ਯਾਦ ਮਹਿਫ਼ੂਜ ਹੈ।

ਮੁਨੀਰਾ ਕਹਿੰਦੀ ਹੈ ਕਿ ਉਹ ਆਪਣੇ ਪੁੱਤ ਨੂੰ ਅਫ਼ਸਰ ਬਣਾਉਣਾ ਚਾਹੁੰਦੀ ਸੀ ਤੇ ਨਾਲ ਹੀ ਉਹ ਆਪਣੇ ਹੰਝੂ ਰੋਕ ਲੈਂਦੀ ਹੈ ਪਰ ਇਸ ਦੌਰਾਨ ਹਨੀਫ਼ਾ ਕਹਿੰਦੀ ਹੈ ਕਿ ਉਹ ਤਾਂ ਹੁਣ ਅਫ਼ਸਰ ਦੇ ਰੁਤਬੇ ਤੋਂ ਕਿਤੇ ਉੱਚੇ ਰੁਤਬੇ ਤੇ ਹੈ।

ਸ਼ੱਕੀ ਪਛਾਣ

ਹਫ਼ਿਜਾ ਬਾਨੋ ਅਤੇ ਉਸਦੇ ਪਤੀ ਗ਼ੁਲਾਮ ਨਬੀ ਮੀਰ ਨੂੰ ਆਪਣੇ ਬੱਚਿਆਂ ਤੋਂ ਵੱਧ ਜਿਉਣ ਦਾ ਅਕਿਹ ਅਫ਼ਸੋਸ ਹੈ।

ਉਹਨਾਂ ਦਾ ਮੁੰਡਾ ਇਜ਼ਾਜ਼ ਅਹਿਮਦ ਮੀਰ ਨੱਬੇਵੇਆਂ ਵਿੱਚ ਹਿਜ਼ਬੁਲ ਮੁਜਾਹਿਦੀਨ ਨਾਲ ਜਾ ਰਲਿਆ ਅਤੇ ਸਾਲ ੨੦੦੧ ਵਿੱਚ ਖਾਡੀਪੁਰ ਕੋਲ ਸ਼ਹਾਦਤ ਪਾ ਗਿਆ। ਉਹ ਮਹਿਜ਼ ਅਠਾਰਾਂ ਸਾਲਾਂ ਦਾ ਇੱਕ ਪੜ੍ਹਨ ਵਾਲਾ ਮੁੰਡਾ ਸੀ ਅਤੇ ਬਾਗੀ ਦੇ ਤੌਰ ‘ਤੇ ਉਹ ਦੋ ਤਿੰਨ ਕੁ ਸਾਲ ਹੀ ਸੰਘਰਸ਼ ਵਿੱਚ ਰਿਹਾ। ਉਸਦੇ ਪਰਿਵਾਰ ਦੀ ਜਮਾਅਤੇ ਇਸਲਾਮੀ ਨਾਲ ਪੁਰਾਣੀ ਸਾਂਝ ਦੇ ਚੱਲਦਿਆਂ ਉਹਨਾਂ ਨੂੰ ਪਰੇਸ਼ਾਨ ਕਰਨ ਵਿੱਚ ਪੁਲਿਸ ਦੇ ਨਾਲ ਇਖਵਾਨ ਵੀ ਸਨ। ਉਹ ਹਿਮਾਚਲ ਭੱਜਣ ਲਈ ਮਜ਼ਬੂਰ ਹੋਏ ਅਤੇ ਪੁੱਤ ਦੀ ਮੌਤ ਤੋਂ ਬਾਅਦ ਹੀ ਮੁੜੇ ਸ਼ਹੀਦ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਣ ਲਈ ਵੱਡੇ ਭਰਾ ਗੁਲਜ਼ਾਰ ਅਹਿਮਦ ਮੀਰ ਨੇ ਆਪਣੇ ਪੁੱਤਰ ਦਾ ਨਾਂ ਇਜ਼ਾਜ਼ ਰੱਖਿਆ ਹੈ। ਜੋ ਕਿ ਹੁਣ ਬਾਰਵੀਂ ਵਿੱਚ ਪੜ੍ਹਦਾ ਹੈ।

ਸ਼ਾਮ ਦੇ ਵਕਤ ਸੋਹਣੀਆਂ ਅਤੇ ਝਿਲਮਿਲਾਉਂਦੀਆਂ ਬੂੰਦਾਂ ਬੈਂਤ ਦੇ ਦਰੱਖਤ ਤੋਂ ਡਿੱਗ ਰਹੀਆਂ ਹਨ। ਖੇਤ ਅਤੇ ਘਰ ਧੁੰਦਲੇ ਹੋ ਰਹੇ ਹਨ ਅਤੇ ਬਰਫ਼ ਮੋਟੀ ਹੋ ਰਹੀ ਹੈ। ਸਾਫ ਅਸਮਾਨ ਧਰਤੀ ਉੱਪਰ ਪੱਸਰ ਗਿਆ ਹੈ।

ਗੁਲਾਮ ਨਬੀ ਮੀਰ ਕੰਧ ਵੱਲ ਝੁਕਿਆ ਹੋਇਆ ਹੈ ਅਤੇ ਸਾਹਾਂ ਦੀ ਰੌਂ ਵਿੱਚ ਸੋਚਦਾ ਹੈ ਕਿ ਉਸਦਾ ਪੁੱਤਰ ਕਿੰਨਾ ਨੇਕ ਤੇ ਗੁਣਵਾਨ ਸੀ। ਉਹ ਕਹਿੰਦਾ ਹੈ, “ਉਸ ਵਰਗਾ ਕੋਈ ਨਹੀਂ ਹੈ, ਉਸ ਵਰਗਾ ਕੋਈ ਨਹੀਂ ਹੋਵੇਗਾ।” “ਮੇਰਾ ਪੁੱਤਰ ਨਿਮਰ ਅਤੇ ਰੱਬ ਤੋਂ ਡਰਨ ਵਾਲਾ ਆਦਮੀ ਸੀ ਤੁਸੀਂ ਸਾਡੇ ਕਿਸੇ ਵੀ ਗੁਆਂਢੀ ਅਤੇ ਰਿਸ਼ਤੇਦਾਰ ਤੋਂ ਪੁੱਛ ਸਕਦੇ ਹੋ ਅਤੇ ਉਹ ਤੁਹਾਨੂੰ ਦੱਸਣਗੇ ਉਸ ਵਿੱਚ ਕਿੰਨੀ ਮਿਠਾਸ ਸੀ। ਉਹ ਖੁਦਾ ਦਾ ਨਾਂ ਲੈਂਦਾ ਸੀ ਅਤੇ ਉਸਦਾ ਰਵੱਈਆ ਕਿੰਨਾ ਨੈਤਿਕ ਸੀ।”

ਮੀਰ ਅਬਦੁਲ ਰਜ਼ਾਕ ਮੀਰ ਦਾ ਹਮਦਰਦ ਸੀ ਜੋ ਕਿ ਮੁਸਲਿਮ ਯੂਨਾਈਟਡ ਫਰੰਟ ਵੱਲੋਂ ਬੱਚਰੂ ਤੋਂ ਐੱਮ.ਐੱਲ.ਏ ਸੀ ਅਤੇ ੧੯੯੬ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਮਾਰਿਆ ਗਿਆ। ਗੁਲਾਮ ਨਬੀ ਮੀਰ ਨੂੰ ੧੯੯੫ ਵਿੱਚ ਟੌਰਚਰ ਕੀਤਾ ਗਿਆ ਅਤੇ ਉਸ ਤੋਂ ਵੱਡੀ ਤਾਦਾਦ ਵਿੱਚ ਪੈਸਾ ਕਢਵਾਇਆ ਗਿਆ। ਇਸ ਮਜ਼ਬੂਰੀ ਵਸ ਉਸਨੂੰ ਦੋ ਗਾਵਾਂ ਅਤੇ ਘਰਵਾਲੀ ਦੇ ਗਹਿਣੇ ਵੇਚਣੇ ਪਏ। ਹਿੰਦੋਸਤਾਨੀ ਫੌਜਾਂ ਨੇ ਉਸਦਾ ਘਰ ਧਮਾਕੇ ਨਾਲ ਉਡਾ ਦਿੱਤਾ। ਉਸਦੇ ਪਰਿਵਾਰ ਲਈ ਦੁਬਾਰਾ ਘਰ ਬਣਾਉਣਾ ਵੱਡੀ ਮੁਸ਼ਕਿਲ ਸੀ। ਉਸਦੇ ਪੁੱਤਰ ਨੂੰ ਅਕਸਰ ਹੀ ਇੰਨਟੈਰੋਗੇਸ਼ਨ ਲਈ ਬੁਲਾ ਕੇ ਉਸ ਉੱਪਰ ਤਸ਼ੱਦਦ ਢਾਹਿਆ ਜਾਂਦਾ। ਇਖਵਾਨ ਦੇ ਚੜ੍ਹਤ ਦੇ ਦਿਨਾਂ ਵਿੱਚ ਜਦੋਂ ਉਸਦੇ ਪਿਤਾ ਉੱਪਰ ਤਸ਼ੱਦਦ ਦਾ ਸਿਲਸਿਲਾ ਅਸਹਿ ਹੋ ਗਿਆ ਤਾਂ ਇਜਾਜ ਨੇ ਹਥਿਆਰ ਚੁੱਕ ਲਏ ਇਸ ਜੋੜੇ ਦੇ ਤੀਜੇ ਪੁੱਤਰ ਤਾਰਿਕ ਅਹਿਮਦ ਮੀਰ ਦੀ ਉਮਰ ਹਾਲੇ ਪੰਜ ਕੁ ਸਾਲ ਹੀ ਸੀ ਜਦੋਂ ਉਸਨੇ ਆਪਣੇ ਪਰਿਵਾਰ ਨੂੰ ਇਖਵਾਨਾਂ ਦੇ ਜ਼ੁਲਮ ਸਹਿੰਦੇ ਵੇਖਿਆ। ਜਦੋਂ ਉਹ ਵੱਡਾ ਹੋਇਆ ਤਾਂ ਆਪਣੇ ਪਰਿਵਾਰ ਦੀ ਮਾਲੀ ਹਾਲਾਤ ਸੁਧਾਰਨ ਲਈ ਅਖਰੋਟਾਂ ਦੀ ਛੋਟੀ ਜਿਹੀ ਦੁਕਾਨ ਕਰ ਲਈ। ਉਸਦਾ ਵਿਆਹ ਪਰਵੀਨਾ ਨਾਲ ਹੋ ਗਿਆ ਅਤੇ ਉਹਨਾਂ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ। ਜਾਪਣ ਲੱਗਿਆ ਜਿਵੇਂ ਜ਼ਿੰਦਗੀ ਆਪਣੇ ਰਾਹ ਤੁਰ ਪਈ ਹੋਵੇ। ਪਰ ਓਸ ਤਰ੍ਹਾਂ ਨਹੀਂ ਹੋਇਆ ਸਤੰਬਰ ੨੦੧੩ ਵਿੱਚ ਉਹ ਗਾਗਰਾਂ – ਸ਼ੋਪੀਆਂ ਕੋਲ ਸੀ.ਆਰ.ਪੀ.ਐੱਫ ਦੇ ਇੱਕ ਸਿਪਾਹੀ ਦੀ ਗੋਲੀ ਨਾਲ ਮੋਟਰਸਾਇਕਲ ਉੱਤੇ ਜਾਂਦਾ ਮਾਰਿਆ ਗਿਆ।

ਜ਼ੁਬੀਨ ਮਹਿਤਾ ਅਤੇ ਬਾਵਾਰੇਨ ਸਟੇਟ ਆਰਕੈਸਟਰਾ ਨੇ ੭ ਸਤੰਬਰ ਨੂੰ ਸ੍ਰੀਨਗਰ ਦੇ ਸ਼ਾਲੀਮਾਰ ਬਾਗ ਵਿੱਚ ਇਹਸਾਸ-ਏ-ਕਸ਼ਮੀਰ ਪ੍ਰੋਗਰਾਮ ਵਿੱਚ ਗਾਉਣਾ ਸੀ। ਭਾਰਤੀ ਸਟੇਟ ਨੇ ਜਰਮਨ ਅੰਬੈਸੀ ਨਾਲ ਰਲ ਕੇ ਬੀਥੋਵਨ, ਹਹੇਡਨ ਅਤੇ ਚੈਕੋਵਸਕੀ ਨੂੰ ਕਸ਼ਮੀਰੀ ਲੋਕਾਂ ਦੇ ਵਿਰੋਧ ਬਾਬਤ ਲਿਖਣ ਲਈ ਸੱਦਿਆ ਹੋਇਆ ਸੀ। ਤਾਰਿਕ ਇਸ ਪ੍ਰੋਗਰਾਮ ਦੇ ਕੁਝ ਘੰਟੇ ਪਹਿਲਾਂ ਮਾਰਿਆ ਗਿਆ ਸੀ। ਉਹ ਅਤੇ ਤਿੰਨ ਹੋਰਾਂ ਦੀ ਮੌਤ ਨੂੰ ਦੇਸ਼ ਵਿਰੋਧੀ ਕਹਿ ਕੇ ਖਾਰਜ ਕਰ ਦਿੱਤਾ ਗਿਆ, ਫੇਰ ਉਹਨਾਂ ਨੂੰ ਅੱਤਵਾਦੀ ਗਰਦਾਨਿਆ ਗਿਆ, ਅੰਤ ਵਿੱਚ ਉਹਂਨਾਂ ਨੂੰ ਸ਼ੱਕੀ ਵਿਦਰੋਹੀ ਦੱਸਿਆ ਗਿਆ। ਕਾਬਜ਼ ਸ਼ਕਤੀ ਵੱਲੋਂ ਦਿੱਤੀਆਂ ਇਹਨਾਂ ਵਖ-ਵਖ ਪਛਾਣਾਂ ਵਿੱਚ ਇੱਕ ਪੁੱਤਰ, ਇੱਕ ਸ਼ਹੀਦ ਦਾ ਭਰਾ ਅਤੇ ਇੱਕ ਬਾਪ ਦੀ ਪਛਾਣ ਨੂੰ ਰੋਲ ਦਿੱਤਾ ਜਿਹੜਾ ਘਰੋਂ ਸਿਰਫ਼ ਆਪਣਾ ਵਪਾਰ ਵਧਾਉਣ ਲਈ ਹੀ ਨਿਕਲਿਆ ਸੀ।

ਤਾਰਿਕ ਅਹਿਮਦ ਦੇ ਸਰੀਰ ਵਿੱਚ ਗੋਲੀਆਂ ਦੇ ਰੂਪ ਵਿੱਚ ਅਹਿਸਾਸ-ਏ-ਕਸ਼ਮੀਰ ਦਰਜ ਹੋ ਗਿਆ।

ਕਮਰੇ ਵਿੱਚ ਮੱਧਮ ਰੋਸ਼ਨੀ ਅਤੇ ਦਰਵਾਜੇ ਦੇ ਬਾਹਰ ਵਿਰਾਨ ਬਾਗ ਹਰ ਚੀਜ ਨੀਲੇ ਸਲੇਟੀ ਰੰਗਾਂ ਦੀ ਅਥਾਹ ਰੰਗਤ ਵਿੱਚ ਕੁਝ ਪਲ ਰੁਕ ਗਈ ਜਾਪਦੀ ਹੈ। ਬਰਫ਼ ਦੇ ਟੱਲੇ ਕਿਸੇ ਸਬਰ ਵਿੱਚ ਪਰਛਾਵਿਆਂ ਥੱਲੇ ਇੰਤਜ਼ਾਰ ਕਰ ਰਹੇ ਹਨ। ਹਫ਼ੀਜ਼ਾ ਬਾਨੋ ਰੋਣ ਲੱਗ ਪੈਂਦੀ ਹੈ।

ਉਹ ਅਤੇ ਉਸਦਾ ਪਤੀ ਗਾਈਆਂ ਵਾਸਤੇ ਘਾਹ ਲੈਣ ਖੇਤਾਂ ਵਿੱਚ ਸਨ ਜਦੋਂ ਤਾਰਿਕ ਦੇ ਸਹੁਰਿਆਂ ਸਵੇਰ ਸਾਰ ਉਸਨੂੰ ਬੁਲਾਇਆ। ਜਦੋਂ ਉਹ ਘਰ ਪਹੁੰਚੇ ਉਹਂਨਾਂ ਨੂੰ ਪਤਾ ਲੱਗਾ ਕਿ ਕਸ਼ਮੀਰ ਦੇ ਹਾਲਾਤ ਖਰਾਬ ਸਨ ਤਾਂ ਵੀ ਉਹਨਾਂ ਦੇ ਪੁੱਤ ਨੇ ਜੋ ਆਰਥਿਕ ਮੰਦੀ ਨੂੰ ਹੋਰ ਨਹੀਂ ਸਹਾਰ ਸਕਦਾ ਸੀ ਸ਼ੋਪੀਆਂ ਜਾਣ ਦਾ ਫੈਸਲਾ ਕੀਤਾ।

ਭਾਰਤ ਸਰਕਾਰ ਨੇ ਜਸਟਿਸ ਐੱਮ.ਐੱਲ. ਕੌਲ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਬਣਾਇਆ। ਜਿਸ ਵਿੱਚ ਪੀੜਤ ਪਰਿਵਾਰਾਂ ਨੂੰ ਪੈਸਾ ਤੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਸਿਫ਼ਾਰਿਸ਼ ਕੀਤੀ। ਗਰੀਬੀ ਦੇ ਬਾਵਜੂਦ ਉਹਨਾਂ ਨੇ ਦੋਵੇਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ। ਮੀਰ ਦਾ ਕਹਿਣਾ ਹੈ “ਅਲਾਹ ਹੀ ਸਾਡਾ ਸਹਾਰਾ ਹੈ ਸਾਨੂੰ ਕਿਸੇ ਹੋਰ ਤੋਂ ਕੋਈ ਉਮੀਦ ਨਹੀਂ ਹੈ।” ਬਜ਼ੁਰਗ ਜੋੜੇ ਦੀਆਂ ਤਿੰਨ ਧੀਆਂ ਵਿੱਚੋਂ ਦੋ ਵਿਆਹੀਆਂ ਅਤੇ ਇੱਕ ਅਜੇ ਕੁਆਰੀ ਹੈ। ਇਹ ਜੋੜਾ ਸਿਰਫ਼ ਮਾਮੂਲੀ ਜਿਹੀ ਤਨਖ਼ਾਹ ਜੋ ਗੁਲਜ਼ਾਰ ਅਹਿਮਦ ਮੀਰ ਨੂੰ ਪੀ.ਡੀ.ਡੀ ਦੇ ਮਕੈਨਿਕ ਦੇ ਤੌਰ ਤੇ ਮਿਲਦੀ ਹੈ, ਤੇ ਗੁਜ਼ਾਰਾ ਕਰ ਰਿਹਾ ਹੈ।

ਜਾਗਰਾਂ ਦੇ ਵਿੱਚੋਂ ਸੀ.ਆਰ.ਪੀ.ਐੱਫ ਦਾ ਕੈਂਪ ਚੁੱਕਣ ਲਈ ਲੋਕਾਂ ਨੇ ਬਹੁਤ ਧਰਨੇ ਮੁਜ਼ਾਹਰੇ ਕੀਤੇ। ਲੋਕ ਉਹਨਾਂ ਕੋਲ ਵੀ ਖ਼ਬਰਸਾਰ ਲੈਣ ਲਈ ਆਉਂਦੇ ਰਹੇ। ਲੋਕਾਂ ਨੇ ਰੋਸ ਵਜੋਂ ਬੰਦ ਰੱਖਿਆ ਪਰ ਸਰਕਾਰ ਨੇ ਇਹ ਕੇਸ ਛੇਤੀ ਹੀ ਬੰਦ ਕਰ ਦਿੱਤਾ।

ਇਹ ਇੱਕ ਅਜਿਹਾ ਜਖ਼ਮ ਹੈ ਜੋ ਰਿਸਦਾ ਚੱਲਿਆ ਆ ਰਿਹਾ ਹੈ। ਬੁੱਢੇ ਮਾਪਿਆਂ ਨੂੰ ਆਪਣੇ ਦੋ ਪੁੱਤਾਂ ਦੇ ਚਲੇ ਜਾਣ ਦਾ ਗ਼ਮ ਖਾਈ ਜਾ ਰਿਹਾ ਹੈ। ਗ਼ੁਲਾਮ ਨਬੀ ਮੀਰ ਆਪਣੇ ਹੱਥ ਗੋਡਿਆਂ ਤੇ ਰੱਖਦਾ ਹੈ। ਹੰਝੂ ਉਸਦੇ ਝੁਰੜੀਆਂ ਭਰੇ ਚਿਹਰੇ ਤੋੰ ਲੰਘ ਕੇ ਹੇਠਾਂ ਡਿੱਗਦੇ ਹਨ। ਹਫ਼ੀਜਾ ਬਾਨੋ ਸਿਸਕੀਆਂ ਲੈ ਕੇ ਆਪਣੇ ਸੁਪਨਿਆਂ ਬਾਰੇ ਦੱਸਦੀ ਹੈ। ਇੱਕ ਰਾਤ ਉਸਨੇ ਐਜ਼ਾਜ ਨੂੰ ਭੱਜੇ ਜਾਂਦੇ ਵੇਖਿਆ ਤੇ ਉਸਨੇ ਚੀਕ ਕੇ ਆਖਿਆ “ਮੌਜੇ”। ਇੱਕ ਹੋਰ ਸੁਪਨੇ ਵਿੱਚ ਉਹ ਉਸਨੂੰ ਜੱਫੀ ਪਾ ਕੇ ਮਿਲਿਆ।

“ਮੈਂ ਆਪਣੇ ਕੋਲ ਉਸਦੀ ਕੋਈ ਯਾਦ ਨਿਸ਼ਾਨੀ ਨਹੀਂ ਰੱਖੀ ਮੇਰੇ ਰੋਜ਼ਾਨਾਂ ਰਾਤ ਦੇ ਸੁਪਨੇ ਹੀ ਉਹਦੀ ਯਾਦ ਹਨ।”

ਬੀਤੇ ਦੇ ਝਰੋਖੇ ‘ਚੋਂ

ਨਿਰਾਸ਼ਾ ਦੇ ਆਲਮ ਵਿੱਚ ਹਰ ਚੀਜ਼ ਡੁੱਬੀ ਹੋਈ ਹੈ। ਸੁੰਝੀਆਂ ਗਲੀਆਂ ਵਿੱਚ ਸਵੇਰ ਦੀਆਂ ਅਵਾਜ਼ਾਂ ਹਨ। ਸਿਵਾਏ ਖ਼ਰੀਦ-ਦਾਰੀ ਕਰ ਰਹੀਆਂ ਔਰਤਾਂ ਤੇ ਕ੍ਰਿਕਟ ਖੇਡ ਰਹੇ ਬੱਚਿਆਂ ਤੋਂ ਬਿਨਾਂ ਇੱਥੇ ਚੁੱਪ ਹੀ ਚੁੱਪ ਹੈ।

ਸ਼ੋਪੀਆਂ ਦੇ ਹੈੱਫ-ਸ਼ਿਰਮਲ ਨਾਂ ਦੇ ਪਿੰਡ ਵਿੱਚ ਅਸੀਂ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠੇ ਹਾਂ। ਮੁਹੰਮਦ ਯੂਸਫ਼ ਮੋਹੰਦ ‘ਪਬਲਿਕ ਹੈੱਲਥ ਇੰਜੀਨਅਰ’ ਮਹਿਕਮੇ ਦਾ ਮੁਲਾਜ਼ਮ ਹੈ। ਉਹ ਇੱਕ ਲਾਈਨਮੈਨ ਦੇ ਤੌਰ ਤੇ ਕੰਮ ਕਰਦਾ ਹੈ। ਉਹ ਛੇਤੀ ਹੀ ਰਿਟਾਇਰ ਹੋਣ ਵਾਲਾ ਹੈ। ਜੇ ਉਹਦਾ ਜ਼ਿੰਦਾਦਿਲ ਹਾਸਾ ਨਾ ਹੋਵੇ ਤਾਂ ਇਹ ਘਰ ਬਹੁਤ ਵੱਡੇ ਘਾਟੇ ਦੀ ਤਸਵੀਰ ਪੇਸ਼ ਕਰਦਾ ਹੈ। ਉਹਦਾ ਪੁੱਤਰ ਬਿਲਾਲ ਅਹਿਮਦ ਐੱਮ.ਟੈੱਕ. ਪਾਸ ਇਸੇ ਮਹਿਕਮੇ ਦਾ ਮੁਲਾਜ਼ਮ ਸੀ। ਸੰਨ ੨੦੦੯ ਵਿੱਚ ਉਹਦਾ ਵਿਆਹ ਹੋਇਆ ਸੀ। ਉਸਦੇ ਘਰ ਦੋ ਧੀਆਂ ਪੈਦਾ ਹੋਈਆਂ ਉਹ ਹਰ ਪੱਖੋਂ ਇੱਕ ਕਾਮਯਾਬ ਸਮਾਜਿਕ ਜ਼ਿੰਦਗੀ ਜਿਉਂ ਰਿਹਾ ਸੀ। ਉਸਦੀ ਇੱਕ ਧੀ ਐਮਨ ਬਿਲਾਲ ਦੂਜੀ ਜਮਾਤ ਵਿੱਚ ਅਤੇ ਆਇਸ਼ਾ ਐੱਲ.ਕੇ.ਜੀ ਵਿੱਚ ਪੜ੍ਹਦੀ ਹੈ। ਉਸਦੇ ਘਰ ਐਸ਼ੋ-ਇਸ਼ਰਤ ਦਾ ਹਰ ਸਮਾਨ ਮੌਜੂਦ ਸੀ। ਆਪਣੇ ਵਾਧੂ ਸਮੇਂ ਵਿੱਚ ਉਹ ਇੱਕ ‘ਹਾਰਡਵੇਅਰ ਸਟੋਰ’ ਵੀ ਚਲਾਉਂਦਾ ਸੀ। ਉਹ ਇੱਕ ਮਜ਼ਹਬੀ ਇਨਸਾਨ ਸੀ ਅਤੇ ਕੁਰਾਨ ਪੜ੍ਹਦਾ ਸੀ। ਸਾਰੇ ਲੋਕਾਂ ਵਿੱਚ ਉਸਦਾ ਇਹੀ ਅਕਸ ਸੀ।

ਉਸਦਾ ਚਚੇਰਾ ਭਰਾ ਉਸਦੇ ਹੱਟੇ-ਕੱਟੇ ਸਰੀਰ ਦੀ ਗੱਲ ਕਰਦਾ ਹੈ। ਉਸਦੇ ਪਹਿਲਵਾਨਾਂ ਵਰਗੇ ਜਿਸਮ ਅਤੇ ਲੰਬੀ ਖੁੱਲ੍ਹੀ ਦਾਹੜੀ ਕਰਕੇ ਲੋਕ ਅਕਸਰ ਉਸ ਵੱਲ ਵੇਖਦੇ ਤੇ ਧਿਆਨ ਕਰਦੇ। ਉਹਦੀ ਨਿਮਰਤਾ ਲਾ-ਮਿਸਾਲ ਸੀ।

ਪਰ ਉਸਦੀ ਜ਼ਿੰਦਗੀ ਸੌਖੀ ਨਾ ਰਹਿ ਸਕੀ। ਜੰਮੂ-ਕਸ਼ਮੀਰ ਦੇ ਪੁਲਿਸ ਮੁਲਾਜ਼ਮ ਤੇ ਐੱਸ.ਓ.ਜੀ. ਸ਼ੋਪੀਆਂ ਅਕਸਰ ਹੀ ਉਸਨੂੰ ਬੁਲਾ ਕੇ ਪੁਛਗਿੱਛ ਕਰਦੇ ਤੇ ਉਸਨੂੰ ਤੰਗ ਪ੍ਰੇਸ਼ਾਨ ਕਰਦੇ। ਸੰਨ ੨੦੧੪ ਤੇ ੨੦੧੬ ਵਿੱਚ ਉਸਨੂੰ ਬਹੁਤ ਤਸੀਹੇ ਦਿੱਤੇ ਗਏ। ਉਹ ਉਹਨਾਂ ਨੂੰ ਆਪਣਾ ਕਸੂਰ ਪੁੱਛਦਾ ਪਰ ਉਹ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦਿੰਦੇ। ਉਹ ਹਮੇਸ਼ਾਂ ਕਹਿੰਦੇ ਸਾਹਬ ਦਾ ਹੁਕਮ ਹੈ। ਉਸਨੂੰ ਦੋ ਵਾਰ ਪੀ.ਐੱਸ.ਏ. ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਦਿਨਾਂ ਮਹੀਨਿਆਂ ਦੀ ਗੱਲ ਨਹੀਂ ਬਲਕਿ ਸਾਲਾਂ ਬੱਧੀ ਉਹ ਇਹ ਨਰਕ ਭਰੀ ਜ਼ਿੰਦਗੀ ਜਿਉਂਦਾ ਰਿਹਾ। ਉਹ ਆਪਣੇ ਤੇ ਹੋਏ ਤਸ਼ੱਦਦ ਦੀ ਆਪਣੇ ਪਰਿਵਾਰ ਕੋਲ਼ ਘੱਟ-ਵੱਧ ਹੀ ਗੱਲ ਕਰਦਾ ਤੇ ਜੇ ਕਰਦਾ ਵੀ ਤਾਂ ਉਹ ਇਸਨੂੰ ਬਹੁਤ ਘਟਾ ਕੇ ਦਸਦਾ। ਉਹ ਆਪਣੇ ਦੋਸਤਾਂ ਨਾਲ਼ ਕਦੇ-ਕਦਾਈਂ ਇਸਦੀ ਗੱਲ ਕਰਦਾ। ਇੱਕ ਵਾਰ ਉਸਨੂੰ ਆਪਣੇ ਕਿਸੇ ਦੋਸਤ ਨੂੰ ਆਪਣੀਆਂ ਟੁੱਟੀਆਂ ਹੱਡੀਆਂ ਬਾਰੇ ਦੱਸਿਆ।

“ਮੁਕਾਮੀ ਬਲ ਸਾਡੇ ਆਪਣੇ ਹੀ ਲੋਕ ਹਨ ਪਰ ਉਹ ਸਾਡਾ ਕੋਈ ਵੀ ਲਿਹਾਜ਼ ਨਹੀਂ ਕਰਦੇ” ਬਿਲਾਲ ਦਾ ਪਿਤਾ ਕਹਿੰਦਾ ਹੈ। “ਸਾਡੇ ਔਖੇ ਵਕਤਾਂ ਵਿੱਚ ਵੀ ਸਾਨੂੰ ਅਫ਼ਸਰ-ਸ਼ਾਹੀ ਦੀਆਂ ਗ਼ੈਰ-ਜਰੂਰੀ ਖ਼ਾਨਾਪੂਰਤੀਆਂ ਨਾਲ ਨਿੱਬੜਨਾ ਪੈਂਦਾ ਹੈ।” ਉਹ ਇੱਕ ਮਿਸਾਲ ਦੇਂਦਾ ਹੈ ਕਿ ਉਸਨੂੰ ਆਪਣੇ ਪੁੱਤਰ ਨੂੰ ਮਿਲਣ ਲਈ ਮੁਕਾਮੀ ਥਾਣੇ ਤੋੰ ਲੈ ਕੇ ਉਧਮਪੁਰ ਜੇਲ੍ਹ ਤੱਕ ਧੱਕੇ ਖਾਣੇ ਪਏ।

ਨਿੱਤ-੨ ਦੇ ਬੁਲਾਵਿਆਂ ਤੋਂ ਤੰਗ ਆ ਕੇ ਅਖ਼ੀਰ ਉਸਨੇ ਹਿਜ਼ਬੁਲ ਮੁਜਾਹਿਦੀਨ ਵਿੱਚ ਸ਼ਾਮਲ ਹੋਣ ਦੇ ਫ਼ੈਸਲਾ ਕਰ ਲਿਆ। ਉਸਦੇ ਚਾਚੇ ਮੁਹੰਮਦ ਅਮੀਨ ਮੋਹੰਦ ਅਤੇ ਤੲਰਿਕ ਅਹਿਮਦ ਮੋਹੰਦ ਹਥਿਆਰਬੰਦ ਜੁਝਾਰੂ ਸਨ। ਜਿਨ੍ਹਾਂ ਨੇ ਕ੍ਰਮਵਾਰ ੨੦੦੦ ਅਤੇ ਜੁਲਾਈ ੨੦੧੮ ਵਿੱਚ ਸ਼ਹੀਦੀ ਪਾਈ। ਉਸਦੇ ਮਾਮੇ ਦੇ ਮੁੰਡੇ ਤਾਰਿਕ ਸਮੀਮ ਸ਼ੇਖ਼ ਨੂੰ ੨੦੧੯ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਸਦੇ ਪਿਤਾ ਦੀ ਸ਼ਹੀਦੀ ੧੯੯੪ ਵਿੱਚ ਹੋ ਗਈ ਸੀ।

ਸੂਰਜ ਅਖ਼ਰੋਟ ਦੇ ਦਰੱਖ਼ਤਾਂ ਪਿੱਛੇ ਛਿਪ ਰਿਹਾ ਹੈ। ਛੋਟੇ ਪੰਛੀਆਂ ਦੇ ਚਹਿਕਣ ਦੀ ਅਵਾਜ਼ ਆ ਰਹੀ ਹੈ। ਪੰਛੀ ਆਪਣੇ ਬਰਫ਼ ਲੱਗੇ ਖੰਭਾਂ ਨੂੰ ਦਰਖ਼ਤਾਂ ਦੀਆਂ ਟਾਹਣੀਆਂ ਨਾਲ ਰਗੜਦੇ ਹਨ।

ਮੁਹੰਮਦ ਯੂਸਫ਼ ਮੋਹੰਦ ਅਜਿਹੇ ਵਾਕਾਂ ਵਿੱਚ ਗੱਲਬਾਤ ਕਰਦਾ ਹੈ ਜੋ ਜਿਉਂਦੇਂ ਇਨਸਾਨ ਲਈ ਵਰਤੇ ਜਾਂਦੇ ਹੋਣ ਜਿਵੇਂ ਕਿ ਉਸਦਾ ਪੁੱਤਰ ਅਜੇ ਵੀ ਜਿਉਂਦਾ ਹੋਵੇ। ਜਿਵੇਂ ਉਹ ਵਕਤ ਨੂੰ ਮਾਤ ਦੇਣੀ ਚਾਹੁੰਦਾ ਹੋਵੇ। ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਤੋਂ ਬੇਪਰਵਾਹ ਉਹ ਇਉਂ ਗੱਲ ਕਰਦਾ ਹੈ ਜਿਵੇਂ ਬਿਲਾਲ ਅਜੇ ਵੀ ਉਸਦੇ ਨਾਲ ਹੋਵੇ।

ਬਿਲਾਲ ਦੀ ਮਾਂ ਸ਼ਾਹਮਾਲਾ ਬੇਗਮ ਕਮਰੇ ਵਿੱਚ ਦਾਖ਼ਲ ਹੁੰਦੀ ਹੈ। ਉਹ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਉਹ ਆਪਣੀ ਨੂੰਹ ਸ਼ਾਹੀਨਾ ਬਾਨੋ ਦੀ ਗੱਲ ਕਰਦੀ ਹੈ। ਜਿਸਨੂੰ ਕੈਂਸਰ ਹੋ ਗਿਆ ਸੀ ਤੇ ਬਹੁਤ ਸਾਰਾ ਖਰਚਾ ਕਰਕੇ ਤੇ ਬਹੁਤ ਸਾਰੇ ਡਾਕਟਰਾਂ ਨੂੰ ਵਿਖਾ ਕੇ ਵੀ ਉਸਨੂੰ ਬਚਾਇਆ ਨਹੀਂ ਜਾ ਸਕਿਆ ਤੇ ਮਈ ੨੦੧੮ ਵਿੱਚ ਹੀ ਉਸਦੀ ਮੌਤ ਗਈ। ਬਿਲਾਲ ਦੇ ਮਰਨ ਤੋਂ ਬਾਅਦ ਉਸਦੀ ਤਕਲੀਫ਼ ਬਹੁਤ ਵਧ ਗਈ ਸੀ।

“ਜਿੱਲਤ ਦੀ ਜ਼ਿੰਦਗੀ ਨਾਲੋਂ ਮੌਤ ਚੰਗੀ ਹੈ” ਇਹ ਯੂਸਫ਼ ਦਾ ਕਹਿਣਾ ਹੈ ਜਦੋਂ ਅਸੀਂ ਉਸਦੇ ਫ਼ੈਸਲੇ ਤੇ ਵਿਚਾਰ ਕਰਦੇ ਹਾਂ ਕਿ ਉਸਨੇ ਸ਼ਾਦੀਸ਼ੁਦਾ ਹੋਣ ਤੇ ਦੋ ਬੱਚੀਆਂ ਦਾ ਬਾਪ ਹੋਣ ਦੇ ਬਾਵਜੂਦ ਵੀ ਬੰਦੂਕ ਚੁੱਕੀ। ਯੂਸਫ਼ ਕਹਿੰਦਾ ਹੈ “ਮੇਰਾ ਮੁੰਡਾ ਇੱਕ ਸਿੱਧਾ-ਸਾਧਾ ਆਦਮੀ ਸੀ। ਉਹ ਬਿਲਕੁਲ ਤਹਿਰੀਕ ਦਾ ਹਮਾਇਤੀ ਸੀ। ਪਰ ਰੋਜ਼ ਰੋਜ਼ ਦੀ ਬੇਇੱਜ਼ਤੀ ਤੇ ਤਸੀਹਿਆਂ ਤੋਂ ਤੰਗ ਆ ਕੇ ਉਸਨੇ ਬੰਦੂਕ ਚੁੱਕੀ ਸੀ। ਜਦਕਿ ਜੁਝਾਰੂ ਸ਼ਾਦੀ-ਸ਼ੁਦਾ ਬੰਦਿਆਂ ਨੂੰ ਜਹਾਦ ਵਿੱਚ ਸ਼ਾਮਲ ਹੋਣ ਤੋਂ ਵਰਜਦੇ ਹਨ। ਪਰ ਉਸਦਾ ਨਿਸ਼ਾਨਾ ਸਾਫ਼ ਸੀ।”

ਮਈ ੨੦੧੮ ਵਿੱਚ ਸ਼ੋਪੀਆਂ ਦੇ ਬਡਗਾਮ ਨਾਂ ਦੇ ਪਿੰਡ ਵਿੱਚ ਬਿਲਾਲ ਸ਼ਹੀਦ ਹੋ ਗਿਆ। ਉਹਦੇ ਨਾਲ ਉਸਦੇ ਸਾਥੀ ਸਦਾਮ ਹੁਸੈਨ ਪਿੰਡ ਹੈਫ਼, ਆਦਿਲ ਅਹਿਮਦ ਮਲਿਕ ਮਲਿਕਗੁੰਡ ਤੋਂ, ਤੌਸੀਫ਼ ਅਹਿਮਦ ਸ਼ੇਖ਼ ਰਾਮਪੁਰ ਕੁਲਗਾਮ ਤੋਂ ਸ਼ਹੀਦ ਹੋਏ। ਮੁਹੰਮਦ ਰਫ਼ੀ ਭੱਟ ਛੰਦੂਨਾ ਤੋਂ ਵੀ ਇਹਨਾਂ ਦੇ ਨਾਲ ਸ਼ਹੀਦ ਹੋਇਆ।

ਜਦੋੰ ਇਹ ਮੁਕਾਬਲਾ ਚੱਲ ਰਿਹਾ ਸੀ ਤਾਂ ਆਲੇ-ਦੁਆਲੇ ਦੇ ਘਰਾਂ ‘ਚੋਂ ਨੌਜਵਾਨ ਬਾਹਰ ਆ ਗਏ ਉਹਨਾਂ ਨੇ ਫ਼ੌਜ ਤੇ ਪੁਲੀਸ ਤੇ ਪਥਰਾਅ ਕੀਤਾ। ਮੁਜ਼ਾਹਰੇ ਵੱਧ ਗਏ ਪੰਜ ਮੁਕਾਮੀ ਲੋਕ ਮਾਰੇ ਗਏ ਅਤੇ ਸੈਂਕੜੇ ਜਖ਼ਮੀ ਹੋ ਗਏ। ਮੁਕਾਬਲੇ ਵਾਲੀ ਜਗ੍ਹਾ ਤੇ ਦੋ ਘਰ ਬਿਲਕੁਲ ਤਬਾਹ ਹੋ ਗਏ। ਇੱਥੇ ੧੫ ਦੇ ਕਰੀਬ ਜਨਾਜੇ ਉੱਠੇ। ਭਾਰਤੀ ਰੋਕਾਂ ਦੇ ਬਾਵਜੂਦ ਇੱਥੇ ਹਜ਼ਾਰਾਂ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ। ਲੋਕ ਖੇਤਾਂ ਪਾਰਕਾਂ ਵਿੱਚੋਂ ਦੀ ਹੁੰਦੇ ਹੋਏ ਇਹਨਾਂ ਦੀ ਅੰਤਮ ਅਰਦਾਸ ਵਿੱਚ ਪਹੁੰਚੇ। ਬੈਨਰ ਲਾ ਕੇ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੁਝ ਜੁਝਾਰੂ ਵੀ ਇਸ ਵਿੱਚ ਪਹੁੰਚ ਗਏ ਜਿਨ੍ਹਾਂ ਨੇ ਬੰਦੂਕਾਂ ਨਾਲ ਸ਼ਹੀਦਾਂ ਨੂੰ ਸਲਾਮੀ ਦਿੱਤੀ।

ਸੰਘਣੇ ਸੇਬ ਦੇ ਬਗੀਚਿਆਂ ਵਿੱਚ ਘਿਰਿਆ ਹੈਫ਼ ਸ਼ਿਰਮਲ ਨਾਂ ਦਾ ਪਿੰਡ ‘ਕੋਰਡਨ ਸਰਚ ਓਪਰੇਸ਼ਨਜ਼’ ਦੀਆਂ ਕਾਰਵਾਈਆਂ ਦਾ ਗਵਾਹ ਹੈ। ਜਿਸ ਵਿੱਚ ਕਈ ਕਈ ਘਰਾਂ ਨੂੰ ਇੱਕੋ ਵਕਤ ਨਿਸ਼ਾਨਾ ਬਣਾਇਆ ਜਾਂਦਾ ਹੈ। ਸੰਨ ੨੦੧੯ ਦੇ ਅਗਸਤ ਤੋਂ ਇੱਥੇ ਅਕਸਰ ਲੋਕਾਂ ਨੂੰ ਪੀ.ਐੱਸ.ਏ. ਤਹਿਤ ਗ੍ਰਿਫ਼ਤਾਰ ਕਰਕੇ ਤਸੀਹੇ ਦਿੱਤੇ ਜਾਂਦੇ ਹਨ। ਬੁੱਢੇ ਵੀ ਬਖ਼ਸ਼ੇ ਨਹੀਂ ਜਾਂਦੇ। ਮੋਹੰਦ ਪਰਿਵਾਰ ਦੇ ਕਈ ਮੈਂਬਰ ਜੇਲ੍ਹਾਂ ਵਿੱਚ ਸੜ ਰਹੇ ਹਨ। ਉਹਨਾਂ ਦਾ ਗੁਆਂਢੀ ਦਸਦਾ ਹੈ ਕਿ ੨੦੧੮ ਵਿੱਚ ਕਿਵੇਂ ਭਾਰਤੀ ਦਸਤਿਆਂ ਨੇ ਉਸਦੀ ਕਾਰ ਦੀਆਂ ਸੀਟਾਂ ਪਾੜ੍ਹ ਦਿੱਤੀਆਂ ਸਨ। ਉਹ ਇਸਦੀ ਤਫ਼ਸੀਲ ਵਿੱਚ ਜਾਣਾ ਨਹੀਂ ਚਾਹੁੰਦੇ ਕਿਉਂਕਿ ਇੱਥੇ ਇਹ ਆਮ ਗੱਲ ਹੈ। “ਮੇਰੇ ਪੁੱਤ ਨੇ ਜ਼ਿੰਦਗੀ ਦੇ ਸਾਰੇ ਐਸ਼ੋ-ਆਰਾਮ ਛੱਡ ਦਿੱਤੇ “ਯੂਸਫ਼ ਮੁਸਕਰਾ ਕੇ ਦੱਸਦਾ ਹੈ।”

ਦਰਵਾਜ਼ਾਂ ਖੁੱਲ੍ਹਦਾ ਹੈ। ਸੂਰਜ ਦੀਆਂ ਕਿਰਨਾਂ ਦੋ ਛੋਟੀਆਂ ਬੱਚੀਆਂ ਦੇ ਦਰਸ਼ਨ ਕਰਵਾਉਂਦੀਆਂ ਹਨ। ਇਹ ਐਮਨ ਤੇ ਆਇਸ਼ਾ ਹਨ ਜੋ ਇੱਕ ਦੂਜੀ ਨਾਲ ਬੈਠੀਆਂ ਹੋਈਆਂ ਸਾਡੇ ਵੱਲ ਵੇਖ ਰਹੀਆਂ ਹਨ। ਸ਼ਾਹਮਾਲਾ ਅੱਖਾਂ ਪੂੰਝਦੀ ਹੋਈ ਕਹਿੰਦੀ ਹੈ, “ਇਹ ਆਪਣੇ ਪਿਤਾ ਬਾਰੇ ਸਭ ਕੁਝ ਜਾਣਦੀਆਂ ਹਨ। ਇਹ ਜਾਣਦੀਆਂ ਹਨ ਕਿ ਇਹਨਾਂ ਦੇ ਪਿਤਾ ਨੇ ਕੀ ਕੀਤਾ। ਜੇ ਹਾਲਾਤ ਮਾੜੇ ਨਾ ਹੁੰਦੇ ਤਾਂ ਉਹਨਾਂ ਦਾ ਪਿਤਾ ਉਹਨਾਂ ਕੋਲ ਹੁੰਦਾ।” ਇਹਨਾਂ ਬੱਚੀਆਂ ਦਾ ਬਚਪਨ ਖੋ ਗਿਆ ਹੈ।
ਦੋਵੇਂ ਛੋਟੀਆਂ ਬੱਚੀਆਂ ਸਮਝਦੀਆਂ ਹਨ ਕਿ ਉਹਨਾਂ ਦਾ ਬਚਪਨ ਹੀ ਉਹਨਾਂ ਨੂੰ ਬਹੁਤ ਕੁਝ ਸਿਖਾ ਜਾਵੇਗਾ।

ਬੱਚੀਆਂ ਦੀ ਦਾਦੀ ਆਪਣੀਆਂ ਉਂਗਲਾਂ ਆਇਸ਼ਾ ਦੇ ਵਾਲਾਂ ਵਿੱਚ ਫ਼ੇਰਦੀ ਹੈ। ਉਸਦੀਆਂ ਬੁੱਢੀਆਂ ਅੱਖਾਂ ਵਿੱਚ ਉਦਾਸੀ ਹੈ। ਉਹ ਕਹਿੰਦੀ ਹੈ, “ਇਹਨਾਂ ਨੂੰ ਆਪਣਾ ਪਿਤਾ ਯਾਦ ਆਉਂਦਾ ਹੈ। ਇਹ ਅਨਾਥ ਹੋ ਗਈਆਂ ਹਨ। ਅਸੀਂ ਇਹਨਾਂ ਦੇ ਨਾਲ ਤਾਂ ਹਾਂ ਪਰ ਇਹਨਾਂ ਦੇ ਮਾਤਾ ਪਿਤਾ ਨੂੰ ਵਾਪਸ ਨਹੀਂ ਲਿਆ ਸਕਦੇ। ਇਹ ਕਦੇ ਕਦਾਈਂ ਹੀ ਫ਼ਿਲਮ ਵੇਖਦੀਆਂ ਹਨ। ਜੇ ਕਿਤੇ ਫ਼ਿਲਮ ਵਿੱਚ ਘਰ ਪਰਿਵਾਰ ਦਾ ਸੀਨ ਆ ਜਾਵੇ ਇਹ ਬੁਰੀ ਤਰ੍ਹਾਂ ਚੀਕਦੀਆਂ ਹਨ। ਸਾਡੇ ਕੋਲ ਇਹ ਹੀ ਬਿਲਾਲ ਦੀ ਆਖ਼ਰੀ ਨਿਸ਼ਾਨੀ ਹਨ।

ਭੁੱਲੀ ਵਿਸਰੀ ਇੱਕ ਯਾਦ

“ਆਖਰਕਾਰ ਅਸੀਂ ਹਿੰਦੋਸਤਾਨ ਦੇ ਦੁਸ਼ਮਣ ਹਾਂ।” ਮੁਹੰਮਦ ਅਬਦੁਲਾ ਗਨੀ ਹੈਫ ਪਿੰਡ ਦਾ ਰਹਿਣ ਵਾਲਾ ਗੁੱਸੇ ਵਿੱਚ ਕਹਿ ਰਿਹਾ ਸੀ। “ਮੇਰਾ ਪਿਆਰ ਨਹੀਂ ਬਖਸ਼ਿਆ, ਮੇਰਾ ਮੁੰਡਾ ਨਹੀਂ ਬਖਸ਼ਿਆ। ਉਹਨਾਂ ਨੇ ਸਾਡੇ ਨਾਲ ਜੰਗ ਛੇੜ ਰੱਖੀ ਹੈ।”

ਉਹ ਇਰਫਾਨ ਅਬਦੁਲਾ ਗਨੀ ਦਾ ਪਿਤਾ ਸੀ ਜੋ ਐੱਮ.ਏ. ਇਤਿਹਾਸ ਪੜ੍ਹਦਾ ਸੀ ਤੇ ੨੦੧੫ ਵਿੱਚ ਹਿਜ਼ਬੁਲ ਮੁਜਾਹਿਦੀਨ ਵਿੱਚ ਜਾ ਰਲਿਆ ਸੀ। ਜਦੋਂ ਉਹ ੨੦੧੭ ਵਿੱਚ ਕੈਲਰ ਸ਼ੋਪੀਆਂ ਦੇ ਖ਼ਿੱਤੇ ਵਿੱਚ ਮਾਰਿਆ ਗਿਆ ਸੀ ਉਦੋਂ ਸਿਰਫ਼ ੨੩ ਸਾਲਾਂ ਦਾ ਸੀ। ਅਬਦੁੱਲਾ ਨੇ ਦੱਸਿਆ ਕਿ ਉਸਦਾ ਪੁੱਤਰ ਕਿਸੇ ਸਰੀਰਿਕ ਤਸੀਹੇ ਕਾਰਨ ਬਾਗੀ ਨਹੀਂ ਹੋਇਆ ਸੀ ਬਲਕਿ ਉਸਨੇ ਇਹ ਫੈਸਲਾ “ਜ਼ਹਿਨੀ ਤੌਰ ਤੇ” ਲਿਆ ਸੀ। ਇਰਫਾਨ ਨੇ ਕਦੀ ਵੀ ਕੋਈ ਭਾਵਨਾ ਜਾਂ ਖਿਆਲ ਰਾਜਨੀਤੀ ਨਾਲ ਜੁੜਿਆ ਹੋਇਆ ਆਪਣੇ ਪਰਿਵਾਰ ਸਾਹਮਣੇ ਨਹੀਂ ਸੀ ਪ੍ਰਗਟ ਕੀਤਾ। ਉਹ ਚੁੱਪ ਅਤੇ ਸਾਊ ਮੁੰਡਾ ਕਦੇ ਲੋਕਲ ਮੁਜ਼ਾਹਰੇ ਵਿੱਚ ਵੀ ਸ਼ਾਮਿਲ ਨਹੀਂ ਸੀ ਹੋਇਆ। ਉਹ ਪੜਾਈ ਵਿੱਚ ਰੁੱਝਿਆ ਰਹਿੰਦਾ ਅਤੇ ਕਦੇ ਕਦਾਈਂ ਬਗੀਚੀ ਦੇ ਕੰਮ ਵਿੱਚ ਟੱਬਰ ਦਾ ਹੱਥ ਵਟਾਉਂਦਾ। “ਉਹ ਘੱਟ ਬੋਲਦਾ ਸ਼ਾਇਦ ਉਹ ਆਪਣੇ ਦਿਲ ਨਾਲ ਹੀ ਗੱਲਾਂ ਕਰਦਾ ਹੋਵੇ” ਇਹ ਗੱਲਾਂ ਉਸਦੇ ਪਿਤਾ ਨੇ ਉਦੋਂ ਸਾਂਝੀਆਂ ਕੀਤੀਆਂ ਜਦੋਂ ਉਹ ਉਸ ਵੇਲੇ ਨੂੰ ਯਾਦ ਕਰ ਰਿਹਾ ਸੀ ਕਿ ਕਿਵੇਂ ਇਰਫਾਨ ਦਾ ਫੈਸਲਾ ਕਈ ਸਾਲ ਪਹਿਲਾਂ ਇੱਕ ਵੱਡੇ ਧੱਕੇ ਵਾਂਗ ਉਸਦੇ ਪਰਿਵਾਰ ਨੂੰ ਲੱਗਿਆ ਸੀ।

ਹਿੰਦੋਸਤਾਨੀ ਫ਼ੌਜ ਅਤੇ ਪੈਰਾਮਿਲਟਰੀ ਫੋਰਸਾਂ ਨੇ ਵੱਡੀ ਗਿਣਤੀ ਵਿੱਚ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈੱਸ ਹੋ ਕੇ ਸਿਰਫ ਤਿੰਨ ਆਦਮੀਆਂ ਦਾ ਇਨਕਾਊਂਟਰ ਕਰਨ ਲਈ ਚੜ੍ਹਾਈ ਕੀਤੀ। ਜਿਸ ਵਿੱਚ ਇਰਫਾਨ ਦੇ ਨਾਲ ਆਸਿਫ ਅਹਿਮਦ ਕਥਵਾ ਹੱਲਾਂ ਸ਼ੋਪੀਆਂ ਅਤੇ ਜਾਹਿਦ ਅਹਿਮਦ ਮੀਰ ਗਨੋਪੁਰ ਪਾਲਪੁਰ ਸ਼ੋਪੀਆਂ ਵੀ ਮਾਰੇ ਗਏ। ਇਹਨਾਂ ਸ਼ਹੀਦਾਂ ਦੀਆਂ ਆਖਰੀ ਰਸਮਾਂ ਵਿੱਚ ਹਿੱਸਾ ਲੈਣ ਲਈ ਦਸ ਹਜ਼ਾਰ ਦੇ ਲਗਪਗ ਲੋਕ ਪਹੁੰਚੇ। ਵੱਡੀ ਪੱਧਰ ‘ਤੇ ਮੁਜ਼ਾਹਰੇ ਅਤੇ ਬੰਦ ਪੁਲਵਾਉਂ ਅਤੇ ਸ਼ੋਪੀਆਂ ਏਰੀਏ ਵਿੱਚ ਹੋਏ ਸਨ।

ਪਿਛਲੇ ਤੀਹ ਸਾਲਾਂ ਦੌਰਾਨ ਗਨੀ ਪਰਿਵਾਰ ਨੇ ਆਪਣੇ ਕਈ ਜੀਅ ਖੋਏ ਹਨ। ਅਬਦੁਲਾ ਦਾ ਭਰਾ ੧੯੯੬ ਵਿੱਚ ਮਾਰਿਆ ਗਿਆ ਸੀ। ਜੋ ਕਿ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਬੱਚਾ ਛੱਡ ਗਿਆ। ਉਸਦਾ ਭਤੀਜਾ ਸਲੀਮ ਯੂਸਫ਼ ਵੀ ਹਿਜਬੁਲ ਮੁਜਾਹਿਦੀਨ ਨਾਲ ਸੀ ਅਤੇ ੨੦੧੨ ਵਿੱਚ ਮਾਰਿਆ ਗਿਆ “ਸਾਡੀ ਹਰ ਪੀੜ੍ਹੀ ਵਿੱਚੋਂ ਇੱਕ ਸ਼ਹੀਦ ਹੈ।”

ਦੁਪਿਹਰ ਤੱਕ ਲਿਖਦਿਆਂ ਵੀ ਬਰਫ਼ ਪੈ ਰਹੀ ਸੀ ਅਤੇ ਲਫ਼ਜ ਆਪਣੇ ਵਜਨ ਨਾਲ ਮਰ ਰਹੇ ਹਨ। ਦਰਵਾਜੇ ਦੇ ਦੂਜੇ ਪਾਸੇ ਚਿੱਟੀ ਚੁੱਪ ਪਸਰੀ ਹੋਈ ਹੈ।

ਮੁਹੰਮਦ ਅਬਦੁਲਾ ਗਨੀ ਇਸ ਤੋਂ ਅੱਗੇ ਕੁਝ ਵੀ ਬੋਲਣਾ ਨਹੀਂ ਚਾਹੁੰਦਾ ਹੈ। ਉਹ ਦੱਸਦਾ ਹੈ ਕਿ ਅਗਸਤ ੨੦੧੯ ਤੋਂ ਸਾਰਾ ਪਿੰਡ ਨਾ ਬਿਆਨ ਕੀਤੇ ਜਾਣ ਵਾਲੇ ਡਰਾਂ ਦਾ ਗਵਾਹ ਹੈ। ਜਿਵੇਂ ਕਿ ਰਾਤ ਦੀਆਂ ਅਚਾਨਕ ਰੇਡਾਂ ਅਤੇ ਔਰਤਾਂ ਦੀ ਜਿਸਮਾਨੀ ਛੇੜ-ਛਾੜ ਉਹ ਦੱਸਦਾ ਹੈ ਕਿ ਇਹ ਖਿੱਤਾ ਦਹਾਕਿਆਂ ਤੋਂ ਹਿੰਮਤੀ ਰਿਹਾ ਹੈ। ਪਰ ਇਸ ਵਾਰ ਸਰਕਾਰੀ ਜ਼ੁਲਮ ਅਣਕਿਆਸਿਆ ਹੈ। ਨੌਜਵਾਨ ਆਦਮੀਆਂ ਦੀਆਂ ਭੀੜਾਂ ਨੂੰ ਘੜੀਸ ਕੇ ਆਰਮੀ ਕੈਪਾਂ ਵਿੱਚ ਲਿਜਾ ਤਸ਼ੱਦਦ ਢਾਹਿਆ ਜਾਂਦਾ ਹੈ। ਪੀ.ਐੱਸ.ਏ ਤਹਿਤ ਗ੍ਰਿਫਤਾਰੀਆਂ ਵਿੱਚ ਵੱਡਾ ਵਾਧਾ ਹੋਇਆ। ਇਹਨਾਂ ਵਿੱਚੋਂ ਕੁਝ ਘਟਨਾਵਾਂ ਅਬਦੁਲਾ ਨੇ ਮੀਡਿਆ ਨੂੰ ਦੱਸੀਆਂ ਹਨ “ਸਾਡੀ ਸੁਣਵਾਈ ਬਾਰੇ ਅਸੀਂ ਮੀਡੀਆ ਦੀ ਬਜਾਏ ਅੱਲਾਹ ਵਿੱਚ ਯਕੀਨ ਰੱਖਦੇ ਹਾਂ। ਅਤੇ ਇਹਨਾਂ ਦੇ ਲਿਖੇ ਜਾਣ ਦਾ ਵੀ ਕੀ ਫਾਇਦਾ ਹੋਵੇਗਾ ?”

ਉਸਦੀ ਅਵਾਜ਼ ਸਾਡੀਆਂ ਉਂਗਲਾਂ ਵਿਚਕਾਰਲੀ ਭੁਰਭੁਰੀ ਚ ਬੈਠ ਗਈ। ਉਸਦੇ ਲਫ਼ਜਾਂ ਨਾਲ ਭਾਰੀ ਚੁੱਪ ਪਸਰ ਗਈ। ਇਰਫਾਨ ਦੀ ਮਾਂ ਵੀ ਇਸ ਚੁੱਪ ਵਿੱਚ ਸ਼ਾਮਿਲ ਹੋ ਜਾਂਦੀ ਹੈ। “ਅਸੀਂ ਉਸਦੀਆਂ ਨਿਸ਼ਾਨੀਆਂ ਦਾ ਕੀ ਕਰਦੇ ? ਅਸੀਂ ਉਸਦੀਆਂ ਸਾਰੀਆਂ ਕਿਤਾਬਾਂ ਛੋਟੇ ਬੱਚਿਆਂ ਨੂੰ ਵੰਡ ਦਿੱਤੀਆਂ ਤੇ ਉਹਦੇ ਸਾਰੇ ਕੱਪੜੇ ਗਰੀਬਾਂ ਵਿੱਚ ਵੰਡ ਦਿੱਤੇ।” ਇਹ ਕਹਿ ਕੇ ਉਸਦਾ ਸਖ਼ਤ ਚਿਹਰਾ ਗੱਲ ਮਕਾਉਂਦਾ ਹੈ।

ਇਹ ਲਿਖਤ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਲਿਖੀ ਗਈ ਸੀ। ਇਸ ਦਾ ਪੰਜਾਬੀ ਉਲੱਥਾ ਸਿੱਖ ਸਿਆਸਤ ਵੱਲੋਂ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,