ਲੇਖ

ਅਸ਼ੋਕ ਸਿੰਘਲ ਬਨਾਮ ਉੱਜਲ ਦੁਸਾਂਝ …

September 20, 2010 | By

– ਡਾ: ਅਮਰਜੀਤ ਸਿੰਘ

ਆਰ. ਐਸ. ਐਸ ਦਾ ਮੁੱਖ ਆਗੂ ਅਸ਼ੋਕ ਸਿੰਘਲ ਅਤੇ ਭਾਰਤ ਦਾ ਚਹੇਤਾ ਭਾਰਤੀ-ਕਨੇਡੀਅਨ ਆਗੂ ਉੱਜਲ ਦੁਸਾਂਝ

ਆਰ. ਐਸ. ਐਸ ਦਾ ਮੁੱਖ ਆਗੂ ਅਸ਼ੋਕ ਸਿੰਘਲ ਅਤੇ ਭਾਰਤ ਦਾ ਚਹੇਤਾ ਭਾਰਤੀ-ਕਨੇਡੀਅਨ ਆਗੂ ਉੱਜਲ ਦੁਸਾਂਝ

ਬੀਤੇ ਹਫਤੇ ਦੀਆਂ ਸਿੱਖ ਕੌਮ ਨਾਲ ਸਬੰਧਿਤ ਪ੍ਰਮੁੱਖ ਅਖਬਾਰਾਂ ਵਿੱਚ ਜਿਨ੍ਹਾਂ ਦੋ ਨਾਵਾਂ ਦੀ ਖੂਬ ਚਰਚਾ ਹੋਈ ਹੈ, ਉਨ੍ਹਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪ੍ਰਧਾਨ ਅਸ਼ੋਕ ਸਿੰਘਲ ਅਤੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਐਮ. ਪੀ., ਬੀ. ਸੀ. ਦਾ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਸ਼ਾਮਲ ਹਨ। ਪਾਠਕਾਂ ਨੂੰ ਇਸ ਗੱਲ ਦੀ ਹੈਰਾਨੀ ਜ਼ਰੂਰ ਹੋਵੇਗੀ ਕਿ ਅਸੀਂ ਇਨ੍ਹਾਂ ਦੋਹਾਂ ਸ਼ਖਸੀਅਤਾਂ ਨੂੰ ਇੱਕ ਦੂਸਰੇ ਦੇ ‘ਬਨਾਮ’ ਕਿਉਂ ਬਣਾ ਧਰਿਆ ਹੈ – ਪਰ ਬਰੀਕੀ ਨਾਲ ਵੇਖਿਆਂ ਇਹ ਤੱਥ ਸਾਹਮਣੇ ਆਵੇਗਾ ਕਿ ਇਨ੍ਹਾਂ ਦੋਹਾਂ ਸ਼ਖਸੀਅਤਾਂ ਦੀ ਸਿੱਖ ਵਿਰੋਧੀ ਕਾਰਗੁਜ਼ਾਰੀ ਵਿੱਚ ਇੱਕ ‘ਮੁਕਾਬਲਤਨ’  ਪ੍ਰਭਾਵ ਝਲਕਦਾ ਹੈ ਹਾਲਾਂਕਿ ਦੋਨੋਂ ਹੀ ਇੱਕੋ ਨਿਸ਼ਾਨੇ ਵੱਲ ਸੇਧਿਤ ਹਨ ਅਤੇ ਉਹ ਹੈ, ਸਿੱਖ ਕੌਮ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ। ਅਸ਼ੋਕ ਸਿੰਘਲ ਇਹ ਨੁਕਸਾਨ ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖਾਂ ਨੂੰ, ਬਾਬਰੀ ਮਸੀਤ ਦੀ ਥਾਂ ‘ਤੇ ਰਾਮ ਮੰਦਰ ਬਣਾਉਣ ਦੇ ਕੁਕਰਮ ਨਾਲ ਜੋੜ ਕੇ ਕਰਨਾ ਚਾਹੁੰਦਾ ਹੈ ਜਦੋਂ ਕਿ ਉੱਜਲ ਦੁਸਾਂਝ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ 30 ਲੱਖ ਸਿੱਖਾਂ ਦੀਆਂ ਵਰਤਮਾਨ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ (ਕੈਨੇਡਾ ਦੇ ਨੌਜਵਾਨ ਸਿੱਖਾਂ ਨੂੰ ਆਧਾਰ ਬਣਾ ਕੇ) ਅਖੌਤੀ ‘ਖਾਲਿਸਤਾਨੀ ਦਹਿਸ਼ਤਗਰਦ’ ਗਰਦਾਨ ਰਿਹਾ ਹੈ।

ਪਹਿਲਾਂ ਗੱਲ ਅਸੀਂ ਅਸ਼ੋਕ ਸਿੰਘਲ ਦੀ ਕਰਦੇ ਹਾਂ।

ਮੀਡੀਆ ਰਿਪੋਰਟਾਂ ਅਨੁਸਾਰ ਅਸ਼ੋਕ ਸਿੰਘਲ, ਅੱਜਕੱਲ੍ਹ ਪੰਜਾਬ ਦੇ ਦੌਰੇ ‘ਤੇ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਹਿੰਦੂਤਵੀਆਂ ਦੀ ਉਹ ਪ੍ਰਮੁੱਖ ਧਿਰ ਹੈ, ਜਿਸ ਨੇ 6 ਦਸੰਬਰ, 1992 ਨੂੰ ਅਯੁੱਧਿਆ (ਯੂ. ਪੀ.) ਵਿੱਚ ਸਥਿਤ ਬਾਬਰੀ ਮਸੀਤ ਨੂੰ ਢਾਹ ਢੇਰੀ ਕੀਤਾ ਸੀ। ਇਸ ਅਧਰਮੀ ਕਾਰਵਾਈ ਵਿੱਚ, ਬਾਦਲ ਦੇ ਹੁਕਮਾਂ ਤਹਿਤ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਮੁੱਖ ਆਗੂ ਅਵਤਾਰ ਸਿੰਘ ਹਿੱਤ (ਜਿਹੜਾ ਹੁਣ ਨਵੰਬਰ, 1984 ਦੀ ਸਿੱਖ ਨਸਲਕੁਸ਼ੀ ‘ਤੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ) ਵੀ ਆਪਣੇ ਜਥੇ ਸਹਿਤ ਸ਼ਾਮਲ ਹੋਇਆ ਸੀ। ਇਹ ਸਾਰੀ ਕਾਰਵਾਈ, ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ (ਕਾਂਗਰਸ) ਦੇ ਅਸ਼ੀਰਵਾਦ ਨਾਲ ਸਿਰੇ ਚੜ੍ਹੀ ਸੀ। ਉਦੋਂ ਤੋਂ ਹੀ ਇਹ ‘ਵਿਵਾਦਤ’ ਮੁਕੱਦਮਾ, ਅਦਾਲਤਾਂ ਵਿੱਚ ਚੱਲ ਰਿਹਾ ਹੈ। ਸਤੰਬਰ ਦੇ ਅਖੀਰ ਵਿੱਚ ਯੂ. ਪੀ. ਹਾਈਕੋਰਟ ਵਲੋਂ ਇਸ ਸਬੰਧੀ ਫੈਸਲਾ ਸੁਣਾਇਆ ਜਾਣਾ ਹੈ। ਫੈਸਲਾ ਕੁਝ ਵੀ ਹੋਵੇ, ਦੋਵੇਂ ਧਿਰਾਂ ਇਸ ਦੀ ਅਪੀਲ ਸੁਪਰੀਮ ਕੋਰਟ ਵਿੱਚ ਕਰਨਗੀਆਂ। ਅਦਾਲਤ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ, ਇੱਕ ਵਾਰ ਫੇਰ ਦੋਹਾਂ ਧਿਰਾਂ ਨੂੰ ਅਦਾਲਤ ਤੋਂ ‘ਬਾਹਰ’ ਕਿਸੇ ਸਮਝੌਤੇ ਲਈ ਸੁਝਾਅ ਦਿੱਤਾ ਹੈ, ਜਿਸ ਦੀ ਬਹੁਤੀ ਸੰਭਾਵਨਾ ਨਹੀਂ ਹੈ। ਇਸ ਪਿਛੋਕੜ ਵਿੱਚ ਅਸ਼ੋਕ ਸਿੰਘਲ ਦਾ ਪੰਜਬਾ ਦੌਰਾ ਹੋਰ ਵੀ ਅਹਿਮੀਅਤ ਰੱਖਦਾ ਹੈ।

ਅਸ਼ੋਕ ਸਿੰਘਲ ਨੇ ਆਪਣੇ ਦੌਰੇ ਦੇ ਪਹਿਲੇ ਪੜਾਅ ਤੇ ਨਾਨਕਸਰੀ ਸਾਧਾਂ ਅਤੇ ਕੂਕਿਆਂ ਦੇ ਡੇਰਿਆਂ ‘ਤੇ ‘ਪ੍ਰਣਾਮ’ ਕੀਤਾ, ਜਿੱਥੇ ਕਿ ਉਸ ਨੂੰ ‘ਸਿਰੋਪਾਓ’ ਨਾਲ ਨਿਵਾਜਿਆ ਗਿਆ। ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਐਮ. ਪੀ. ਦਾ ਸਬੰਧ ਜਿਸ ‘ਮਜੀਠਾ ਪਰਿਵਾਰ’ ਨਾਲ ਹੈ, ਉਨ੍ਹਾਂ ਨੇ ਐਲਾਨੀਆ ਕਿਹਾ ਹੋਇਆ ਹੈ ਕਿ ਸਾਡੇ ਪਰਿਵਾਰ ਦਾ ਕਈ ਪੀੜ੍ਹੀਆਂ ਤੋਂ ‘ਨਾਨਕਸਰੀ ਸੰਪਰਦਾ’ ਨਾਲ ਸਬੰਧ ਹੈ। ਕਨਸੋਆਂ ਇਹ ਵੀ ਹਨ ਕਿ ਬਿਕਰਮਜੀਤ ਮਜੀਠੀਏ ਦਾ ਵਿਆਹ ਜਿਸ ‘ਕੰਨਿਆ’ ਨਾਲ ਹੋਇਆ ਹੈ, ਉਹ ਰਾਧਾ-ਸਵਾਮੀ ਹੈ ਅਤੇ ਇਸ ਰਿਸ਼ਤੇ ਦੀ ‘ਵਿਚੋਲਗੀ’ ਨਾਨਕਸਰੀ ‘ਠਾਠ’ ਦੇ ਕਿਸੇ ਸਾਧ ਨੇ ਕੀਤੀ ਹੈ। ਨਾਨਕਸ਼ਾਹੀ ਕੈਲੰਡਰ ਦਾ ‘ਭਗਵਾਂਕਰਣ’ ਕਰਨ ਲਈ ਵੀ ‘ਨਾਨਕਸਰੀ ਠਾਠ’ ਨੇ  ਪ੍ਰਮੁੱਖ ਰੋਲ ਅਦਾ ਕੀਤਾ ਸੀ। ਕੂਕਿਆਂ (ਨਾਮਧਾਰੀਆਂ) ਦੇ ‘ਹਿੰਦੂਤਵੀ’ ਰੰਗ ਵਿੱਚ ਰੰਗੇ ਹੋਣ ਦੀ ਤਾਂ ਕਈ ਪੀੜ੍ਹੀਆਂ ਦੀ ‘ਪ੍ਰੰਪਰਾ’ ਹੈ। ਗਊ-ਮਾਤਾ ਪੂਜਕ ਕੂਕੇ, ਆਪਣੇ ਆਨੰਦ ਕਾਰਜ ਵੇਲੇ ਵੀ ਹਿੰਦੂ ਵੇਦੀ ਗੱਡ ਕੇ, ਅੱਗ ਦੇ ਦੁਆਲੇ ਪਰਕਰਮਾ ਕਰਦੇ ਹਨ। ਕਿਸੇ ਵੇਲੇ ਇਹ ਕਾਂਗਰਸ ਪਾਰਟੀ ਦੇ ਖਾਸ ਚਹੇਤੇ ਹੁੰਦੇ ਸਨ ਪਰ ਹੁਣ ਇਨ੍ਹਾਂ ਨੇ ਬਾਦਲ ਦੇ ਪੱਟੂ ਪਾਇਆ ਹੋਇਆ ਹੈ। ਬਾਦਲ ਨੇ ਨਾ ਸਿਰਫ, ਗੁਰੂ ਨਾਨਕ ਯੂਨੀਵਰਸਿਟੀ ਵਿੱਚ ‘ਸਤਿਗੁਰੂ ਰਾਮ ਸਿੰਘ ਚੇਅਰ’ ਹੀ ਸਥਾਪਤ ਕੀਤੀ ਹੈ – ਬਲਿਕ ਉਹ ਹਰ ਚੌਥੇ ਦਿਨ ‘ਸਤਿਗੁਰੂ ਜਗਜੀਤ ਸਿੰਘ’ ਦੇ ਦਰਬਾਰ ਵਿੱਚ ਚੌਂਕੀ ਭਰਦਾ ਆਮ ਵੇਖਿਆ ਜਾਂਦਾ ਹੈ। ਸੋ ਅੰਦਰਖਾਤੇ ਨਾਨਕਸਰੀਆਂ, ਕੂਕਿਆਂ ਤੇ ਹੋਰ ਸਾਧਾਂ ਨਾਲ ਅਸ਼ੋਕ ਸਿੰਘਲ ਦੀ ਕੀ ਗੁਪਤ ਸੌਦੇਬਾਜ਼ੀ ਹੋਈ ਹੈ, ਇਸ ਦਾ ਬਿਓਰਾ ਬਾਹਰ ਨਹੀਂ ਆਇਆ ਪਰ ਅਸ਼ੋਕ ਸਿੰਘਲ ਨੂੰ ਦਿੱਤਾ ਗਿਆ ਸਿਰੋਪਾਓ, ਉਸ ਦੇ ਏਜੰਡੇ ਦੀ ਹਮਾਇਤ ਦਾ ਪ੍ਰਗਟਾਵਾ ਹੀ ਹੈ।

ਸਾਧ-ਡੇਰਿਆਂ ਦਾ ਅਸ਼ੀਰਵਾਦ ਹਾਸਲ ਕਰਨ ਤੋਂ ਬਾਅਦ, ਅਸ਼ੋਕ ਸਿੰਘਲ ਨੇ ਜਥੇਦਾਰ ਅਕਾਲ ਤਖਤ ਨਾਲ ‘ਵਿਸ਼ੇਸ਼ ਮੁਲਾਕਾਤ’ ਕੀਤੀ, ਜਿਸ ਖਬਰ ਨੂੰ (ਤਸਵੀਰ ਸਹਿਤ) ਭਾਰਤੀ ਮੀਡੀਏ ਨੇ ਬੜੀ ਪ੍ਰਮੁੱਖਤਾ ਨਾਲ ਪ੍ਰਸਾਰਤ ਅਤੇ ਪ੍ਰਕਾਸ਼ਿਤ ਕੀਤਾ। ਯਾਦ ਰਹੇ ਜਥੇਦਾਰ ਅਕਾਲ ਤਖਤ ਸਾਹਿਬ ਗਿ. ਗੁਰਬਚਨ ਸਿੰਘ ਮਰਹੂਮ ਬਾਬਾ ਵਿਰਸਾ ਸਿੰਘ ਦੇ ਦਿੱਲੀ ਸਥਿਤ ਡੇਰੇ ‘ਗੋਬਿੰਦ ਸਦਨ’ ਦੇ ਖਾਸ ਸ਼ਰਧਾਲੂ ਹਨ, ਜਿੱਥੇ ਕਿ ਹਵਨ-ਅਗਨੀ ਲਗਾਤਾਰ ਬਲਦੀ ਰਹਿੰਦੀ ਹੈ, ਜਿਸ ਹਵਨ ਦੇ ਕੋਲ ਬੈਠ ਕੇ ਜਾਪ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਵਿਰਸਾ ਸਿੰਘ ਨੇ ਮਰਨ ਤੋਂ ਪਹਿਲਾਂ ਇਸ ਡੇਰੇ ਦਾ ਪ੍ਰਬੰਧ ਚਲਾਉਣ ਲਈ ਜਿਹੜਾ ਟਰੱਸਟ ਰਜਿਸਟਰ ਕਰਵਾਇਆ ਸੀ – ਅਸ਼ੋਕ ਸਿੰਘਲ ਉਸ ਦਾ ਇੱਕ ਪ੍ਰਮੁੱਖ ਮੈਂਬਰ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਇਸ ਟਰੱਸਟ ਦਾ ਮੈਂਬਰ ਹੈ। ਸੋ ਅਸ਼ੋਕ ਸਿੰਘਲ ਦਾ ‘ਜਥੇਦਾਰ ਕੁਨੈਕਸ਼ਨ’ ਸਮਝਣ ਵਿੱਚ, ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਆਪਣੀ ਜਥੇਦਾਰ ਨਾਲ ਮੁਲਾਕਾਤ ਵਿੱਚ ਅਸ਼ੋਕ ਸਿੰਘਲ ਨੇ, ਬਾਬਰੀ ਮਸੀਤ ਦੀ ਥਾਂ ‘ਤੇ ਰਾਮ ਮੰਦਰ ਬਣਾਉਣ ਲਈ ਸਿੱਖ ਕੌਮ ਦੀ ‘ਮਦਦ’ ਮੰਗੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜਥੇਦਾਰ ਨੇ ਭਰੋਸਾ ਦਿਵਾਇਆ ਹੈ ਕਿ ਪੰਜ ‘ਸਿੰਘ ਸਾਹਿਬਾਨ’ ਦੀ ਅਗਲੀ ਮੀਟਿੰਗ ਵਿੱਚ, ਇਸ ਮੁੱਦੇ ‘ਤੇ ਹਮਦਰਦੀ ਨਾਲ ਵਿਚਾਰ ਕੀਤੀ ਜਾਏਗੀ। ਯਾਦ ਰਹੇ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ ਕਰ ਚੁੱਕੇ ਹਨ, ਨਾਨਕ ਮਤੇ ਦੇ ਹਿੰਦੂ ਮਹਾਂਸੰਮੇਲਨ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਹਰਦਵਾਰ ਦੇ ‘ਕੁੰਭ ਮੇਲੇ’ ਮੌਕੇ ਸ਼ਮੂਲੀਅਤ ਕਰਕੇ ਇਹ ਵਾਅਦਾ ਵੀ ਕਰ ਕੇ ਆਏ ਹਨ ਕਿ ਜੇ ਹਿੰਦੂ ਜਗਤ ਚਾਹੇ ਤਾਂ ਸਿੱਖ ਕੌਮ, ‘ਗੰਗਾ ਮਈਆ’ ਦੀ ਕਾਰ-ਸੇਵਾ ਕਰਕੇ, ਇਸ ਦੀ ਗੰਦਗੀ ਦੂਰ ਕਰ ਦੇਵੇਗੀ। ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਜਥੇਦਾਰ ਸਾਹਿਬਾਨ, ਸਿੱਖ ਸਿਧਾਂਤਾਂ ਨੂੰ ਲਿਤਾੜ ਕੇ, ਮੁਸਲਮਾਨ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਕੁਰਬਾਨ ਕਰਕੇ, ਰਾਮ ਮੰਦਰ ਬਣਾਉਣ ਦੇ ਹੱਕ ਵਿੱਚ ‘ਫਤਵਾ’ ਜਾਰੀ ਕਰ ਦੇਣ। ਬਾਦਲਗਰਦੀ ਦੇ ਦੌਰ ਵਿੱਚ ਸਭ ਕੁਝ ਸੰਭਵ ਹੈ।

ਹੁਣ ਗੱਲ ਉੱਜਲ ਦੁਸਾਂਝ ਦੀ ਕਰਦੇ ਹਾਂ।

ਉੱਜਲ ਦੁਸਾਂਝ ਸਬੰਧੀ ਪੰਥਕ ਹਲਕਿਆਂ ਨੂੰ ਤਾਂ ਪਹਿਲੇ ਦਿਨ ਤੋਂ ਹੀ ਕੋਈ ਭੁਲੇਖਾ ਨਹੀਂ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਿਸ ਤਰੀਕੇ ਨਾਲ, ਉਸ ਨੂੰ ਭਾਰਤ ਸਰਕਾਰ ਦੀ ਪੁਸ਼ਤ-ਪਨਾਹੀ ਹੇਠ, ‘ਖਾਲਿਸਤਾਨ ਵਿਰੋਧੀ’ (ਇਸ ਨੂੰ ਸਿੱਖ ਵਿਰੋਧੀ ਪੜ੍ਹਿਆ ਜਾਵੇ) ਏਜੰਡੇ ਲਈ ‘ਉਭਾਰਿਆ’ ਜਾ ਰਿਹਾ ਹੈ, ਇਹ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਹੈ। ਮੀਰਾ ਦੀਵਾਨ ਇੱਕ ਫਿਲਮਸਾਜ਼ ਹੈ, ਜਿਸ ਨੇ ਭਾਰਤ ਸਰਕਾਰ ਲਈ 30 ਤੋਂ ਜ਼ਿਆਦਾ ਫਿਲਮਾਂ ਦਾ ਨਿਰਮਾਣ ਕੀਤਾ ਹੈ। ਜ਼ਾਹਰ ਹੈ ਕਿ ਆਪਣੇ ‘ਮਾਲਕਾਂ’ ਦੇ ਹੁਕਮਾਂ ਤਹਿਤ ਹੀ ਉਸ ਨੇ 4 ਸਾਲ ਪਹਿਲਾਂ, ਉੱਜਲ ਦੁਸਾਂਝ ‘ਤੇ ਫਿਲਮ ਬਣਾਉਣੀ ਸ਼ੁਰੂ ਕੀਤੀ, ਜਿਸ ਦਾ ਪ੍ਰੀਮੀਅਰ ਸ਼ੋਅ ਨਵੀਂ ਦਿੱਲੀ ਵਿੱਚ 9 ਸਤੰਬਰ ਨੂੰ ਕੀਤਾ ਗਿਆ, ਜਿਸ ਵਿੱਚ ਭਾਰਤ ਸਰਕਾਰ ਦੇ ਉੱਚ-ਅਹੁਦੇਦਾਰ ਸ਼ਾਮਲ ਹੋਏ।

ਇਸ ਫਿਲਮ ਦੇ ਪ੍ਰੀਮੀਅਰ ਸ਼ੋਅ ਨੂੰ 9/11 ਦੀਆਂ ਤਰੀਕਾਂ ਨਾਲ ਜੋੜਨਾ, ਆਪਣੇ ਆਪ ਵਿੱਚ ਹੀ ਬਦਨੀਅਤੀ ਦਾ ਸੂਚਕ ਹੈ। ਉੱਜਲ ਦੁਸਾਂਝ ਦੀ ਸਿੱਖ ਵਿਰੋਧੀ ਸ਼ਖਸੀਅਤ ਨੂੰ ਉਭਾਰਦੀ ਇਹ ਫਿਲਮ ਜਦੋਂ ਕੈਨੇਡੀਅਨ ਇਲੈਕਟ੍ਰਾਨਿਕ ਮੀਡੀਏ ਵਿੱਚ ਵਿਖਾਈ ਜਾਵੇਗੀ ਉਦੋਂ ਤਾਂ ਇਹ ਸਿੱਖ ਵਿਰੋਧੀ ਭਾਵਨਾਵਾਂ ਨੂੰ ਜਨਮ ਦੇਵੇਗੀ ਹੀ ਪਰ ਇਸ ਮੌਕੇ ਉੱਜਲ ਦੁਸਾਂਝ ਵਲੋਂ ਕੀਤੀ ਗਈ ਬਿਆਨਬਾਜ਼ੀ ਬਿਲਕੁਲ ਬੇਲੋੜੀ ਅਤੇ ਪੱਖਪਾਤੀ ਹੈ, ਜਿਸ ਦੀ ਅਸੀਂ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।

ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਅਤੇ ਪ੍ਰਗਟਾਉਣ ਦੀ ਆਜ਼ਾਦੀ ਹੈ, ਇਸ ਲਈ ਜੇ ਉੱਜਲ ਦੁਸਾਂਝ ‘ਖਾਲਿਸਤਾਨ’ ਦੇ ਵਿਰੁੱਧ ਹੈ ਤਾਂ ਇਸ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜਿਸ ਜ਼ਹਿਰੀਲੇ ਅੰਦਾਜ਼ ਵਿੱਚ, ਉਹ ਕੈਨੇਡਾ ਦੀ ਨੌਜਵਾਨ ਸਿੱਖ ਪੀੜ੍ਹੀ ਨੂੰ ਕਿਸੇ ਕਲਪਿਤ ਦਹਿਸ਼ਤਗਰਦੀ ਨਾਲ ਜੋੜ ਕੇ, ਭਾਰਤ ਸਰਕਾਰ ਦੇ ‘ਹੱਥਠੋਕੇ’ ਦਾ ਰੋਲ ਅਦਾ ਕਰ ਰਿਹਾ ਹੈ, ਉਹ ਇੱਕ ਮੰਦਭਾਵਨਾ ਤਹਿਤ ਕੀਤਾ ਜਾ ਰਿਹਾ ਕੁਕਰਮ ਹੈ, ਜਿਸ ਦਾ ਸਮੁੱਚੀ ਸਿੱਖ ਕੌਮ ਵਲੋਂ ਨੋਟਿਸ ਲੈਣਾ ਬਣਦਾ ਸੀ। ਯਾਦ ਰਹੇ, ਉੱਜਲ ਦੁਸਾਂਝ ਕੈਨੇਡਾ ਦੀ ਪਾਰਲੀਮੈਂਟ ਦਾ ਮੈਂਬਰ ਹੈ ਨਾ ਕਿ ਭਾਰਤ ਦੀ ਪਾਰਲੀਮੈਂਟ ਦਾ। ਜੇ ਉੱਜਲ ਦੁਸਾਂਝ ਨੂੰ ਭਾਰਤ ਦਾ ਸਿੱਖ ਵਿਰੋਧੀ ਰੁਖ ਬਹੁਤ ਪਸੰਦ ਹੈ ਤਾਂ ਉਹ ਕੈਨੇਡਾ ਦੀ ‘ਮੈਂਬਰੀ’ ਤੋਂ ਅਸਤੀਫਾ ਦੇ ਕੇ, ਭਾਰਤੀ ਲੋਕ ਸਭਾ ਦਾ ਮੈਂਬਰ ਬਣ ਜਾਏ। ਪਹਿਲਾਂ ਵੀ ਤਾਂ ਉਹ ਐਨ. ਡੀ. ਪੀ. ਦੀ ਵਿਚਾਰਧਾਰਾ ਨੂੰ ਅਲਵਿਦਾ ਕਹਿ ਕੇ ਲਿਬਰਲ ਪਾਰਟੀ ਦੀ ਬੇੜੀ ਵਿੱਚ ਸਵਾਰ ਹੋਇਆ ਸੀ, ਹੁਣ ਇੱਕ ਪਲਸੇਟਾ ਹੋਰ ਸਹੀ। ਵੈਸੇ ਵੀ ਉੱਜਲ ਦੁਸਾਂਝ ਭਾਰਤੀ ਮੀਡੀਏ ਦਾ ਡਾਰਲਿੰਗ ਹੈ ਹੁਣ ਉਹ ਭਾਰਤ ਮਾਤਾ ਦੀ ਗੋਦ ਦਾ ਅਨੰਦ ਵੀ ਮਾਣ ਸਕਦਾ ਹੈ। ਕਦੀ ਉੱਜਲ ਦੁਸਾਂਝ ਕੈਨੇਡੀਅਨ ਸਿੱਖਾਂ ਨੂੰ ਕੈਨੇਡਾ ਵਿੱਚ ਖਾਲਿਸਤਾਨ ਬਣਾਉਣ ਦੀ ਸਲਾਹ ਦਿੰਦਾ ਹੈ ਅਤੇ ਕਦੀ ਉਸ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਦਾ ਭੂਤ ਚੰਬੜ ਜਾਂਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਦੀ ਆਰ. ਸੀ. ਐਮ. ਪੀ., ਖੁਫੀਆ ਏਜੰਸੀਆਂ ਜਾਂ ਸਰਕਾਰ ਕੋਲ ਤਾਂ ਕਿਤੇ ਵੀ ਇਹ ਅੰਕੜੇ ਨਹੀਂ ਹਨ ਕਿ ਸਿੱਖਾਂ ਦੀ ਦੂਜੀ ਜਾਂ ਤੀਜੀ ਪੀੜ੍ਹੀ ਕਿਸੇ ਗਲਤ ਪਾਸੇ ਜਾ ਰਹੀ ਹੈ ਪਰ ਉੱਜਲ ਦੁਸਾਂਝ ਨੂੰ ਇਹ ‘ਸਿੱਖ ਯੂਥ’ ਵਾਰ-ਵਾਰ ਚੁੱਭਦਾ ਹੈ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਨਿਊ-ਵੈਸਟਮਿਨਸਟਰ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਡੈਲਟਾ-ਸਰੀ ਦੀਆਂ ਚੋਣਾਂ ਜਿੱਤ ਕੇ ਪ੍ਰਬੰਧ ਆਪਣੇ ਹੱਥ ‘ਚ ਲੈ ਕੇ, ਇਨ੍ਹਾਂ ਗੁਰੂ ਘਰਾਂ ‘ਚ ਨਾਮ-ਬਾਣੀ ਦਾ ਪ੍ਰਵਾਹ ਚਲਾਉਣ ਵਾਲੇ ਉਸ ਨੂੰ ਚੰਗੇ ਨਹੀਂ ਲੱਗਦੇ। ਇਸ ‘ਸਿੱਖ ਯੂਥ’ ਵਲੋਂ ਖੂਨਦਾਨ ਕਰਕੇ, ਗਰੀਬਾਂ ਨੂੰ ਭੋਜਨ ਛਕਾ ਕੇ, ਕੁਦਰਤੀ ਮੁਸੀਬਤਾਂ ਮੌਕੇ ਦੁਨੀਆ ਦੇ ਅੱਡ-ਅੱਡ ਮੁਲਕਾਂ ‘ਚ ਜਾ ਕੇ ਲੰਗਰ ਲਗਾਉਣ ਸਦਕਾ ਮਨੁੱਖਤਾ ਦੀ ਹਮਦਰਦੀ ਸਿੱਖਾਂ ਨਾਲ ਜੁੜਦੀ ਵੇਖ ਕੇ ਸ਼ਾਇਦ ਉਸ ਦੇ ਢਿੱਡ ‘ਚ ਵੱਟ ਪੈਂਦਾ ਹੈ।

ਅਸ਼ੋਕ ਸਿੰਘਲ ਤੇ ਉੱਜਲ ਦੁਸਾਂਝ ਵਿੱਚ ‘ਖਾਲਿਸਤਾਨੀ ਡਰ’ ਦੀ ਸਾਂਝ ਇੱਕੋ ਜਿਹੀ ਹੈ। ਜਥੇਦਾਰ ਅਕਾਲ ਤਖਤ ਨੂੰ ਮਿਲਣ ਤੋਂ ਬਾਅਦ ਮੀਡੀਏ ਨਾਲ ਗੱਲਬਾਤ ਕਰਦਿਆਂ ਅਸ਼ੋਕ ਸਿੰਘਲ ਨੇ ਕਿਹਾ, ‘ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ‘ਭਗਵਾਂ ਦਹਿਸ਼ਤਗਰਦੀ’ ਦੀ ਦੀ ਗੱਲ ਕਹਿ ਕੇ ਹਿੰਦੂ ਹਿਰਦਿਆਂ ਨੂੰ ਤੜਫਾਇਆ ਹੈ। ਭਗਵੇਂ ਵਾਲਿਆਂ ਨੇ ਤਾਂ ਭਾਰਤ ਵਿੱਚ ਦਹਿਸ਼ਤਗਰਦੀ ਨੂੰ ਰੋਕਿਆ ਹੋਇਆ ਹੈ। ਇਹ ਤਾਂ ਖਾਲਿਸਤਾਨ ਅਤੇ ਕਸ਼ਮੀਰ ਦੇ ਨਾਂ ‘ਤੇ ਭੜਕਾਹਟ ਪੈਦਾ ਕਰਨ ਵਾਲੇ ਲੋਕ ਹਨ…. ਜਿਹੜੇ ਇਸ ਲਈ ਜ਼ਿੰਮੇਵਾਰ ਹਨ…।” ਉੱਜਲ ਦੁਸਾਂਝ ਨੂੰ ਨਾ ਹੀ ਭਾਰਤ ਵਿਚਲੀ ‘ਭਗਵੀਂ ਦਹਿਸ਼ਤਗਰਦੀ’ ਨਜ਼ਰ ਆਉਂਦੀ ਹੈ ਅਤੇ ਨਾ ਹੀ ਭਾਰਤ ਸਰਕਾਰ ਵਲੋਂ ਨਕਸਲੀਆਂ, ਕਸ਼ਮੀਰੀਆਂ, ਆਦਿਵਾਸੀਆਂ, ਦਲਿਤਾਂ ਆਦਿ ‘ਤੇ ਕੀਤੇ ਜਾ ਰਹੇ ਜ਼ੁਲਮ।

ਇਹੋ ਜਿਹੇ ‘ਕਿਰਦਾਰਾਂ’ ਨੂੰ ਫਿਟਕਾਰਦਿਆਂ, ਮਿਰਜ਼ਾ ਗਾਲਿਬ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਕਿਹਾ ਸੀ –

‘ਕਿਸ ਮੂੰਹ ਸੇ ਜਾਓਗੇ, ਕਾਬਾ ਗਾਲਿਬ,

ਕਿ ਸ਼ਰਮ ਤੁਮ ਕੋ ਮਗਰ ਨਹੀਂ ਆਤੀ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,