ਵਿਦੇਸ਼ » ਸਿੱਖ ਖਬਰਾਂ

ਇੰਗਲੈਂਡ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਮੁਖੀ ਮੋਹਨ ਭਾਗਵਤ ਖਿਲਾਫ ਸਿੱਖਾਂ ਵਲੋਂ ਰੋਸ ਮੁਜਾਹਰਾ

July 31, 2016 | By

ਲੰਡਨ: ਇੰਗਲੈਂਡ ਦੇ ਸ਼ਹਿਰ ਰੈੱਡ ਬੌਰਨ ਹਰਟਫੋਰਡ ਸ਼ਾਇਰ ਵਿਖੇ ਭਾਰਤ ਵਿੱਚ ਫਿਰਕਾਪ੍ਰਤ ਹਿੰਦੂਤਵੀਆਂ ਦੀ ਮੁੱਖ ਜਮਾਤ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦਾ ਸਿੱਖ ਜਬੇਬੰਦੀਆਂ ਦੇ ਨੁਮਇੰਦਿਆਂ ਵਲੋਂ ਵਿਰੋਧ ਕੀਤਾ ਗਿਆ। ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਰੋਸ ਮੁਜਾਹਰੇ ਦਾ ਸੱਦਾ ਦਿੱਤਾ ਕੀਤਾ ਗਿਆ ਸੀ। ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਅਤੇ ਨੌਜਵਾਨਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਰ.ਐੱਸ.ਐੱਸ. ਵਲੋਂ ਸਿੱਖ ਕੌਮ ‘ਤੇ ਕੀਤੇ ਜਾ ਰਹੇ ਸਿਧਾਂਤਕ ਮਾਰੂ ਵਾਰਾਂ ਬਾਰੇ ਦੱਸਿਆ ਗਿਆ।

ਰੋਸ ਮੁਜਾਹਰੇ ਵਿੱਚ ਸਿੱਖ ਸੰਗਤਾਂ ਕਾਵੈਂਟਰੀ, ਲੈਸਟਰ, ਸਾਊਥਾਲ , ਈਸਟਹੈ, ਲਮਿੰਗਟਨ ਅਤੇ ਬ੍ਰਮਿੰਘਮ ਆਦਿ ਸ਼ਹਿਰਾਂ ਤੋਂ ਪੁੱਜੀਆਂ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਿੱਚ ਸ਼ਾਮਲ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਭਾਈ ਜੋਗਾ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਮਨਮੋਹਣ ਸਿੰਘ ਖਾਲਸਾ, ਭਾਈ ਸੁਖਵਿੰਦਰ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਚਿੱਟੀ, ਭਾਈ ਅਵਤਾਰ ਸਿੰਘ ਖੰਡਾ ਆਦਿ ਨੇ ਸ਼ਮੂਲੀਅਤ ਕੀਤੀ। ਰੋਸ ਮੁਜਾਹਰੇ ਦੌਰਾਨ ਹਿੰਦੂਤਵੀ ਅੱਤਵਾਦੀਆਂ ਵਲੋਂ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਉੱਪਰ ਕੀਤੇ ਗਏ ਅਤੇ ਨਿਰੰਤਰ ਜਾਰੀ ਅੱਤਿਅਚਾਰਾਂ ਬਾਰੇ ਮੌਜੂਦ ਪੁਲਿਸ ਨੂੰ ਦੱਸਿਆ ਗਿਆ ਅਤੇ ਮੰਗ ਉਠਾਈ ਗਈ ਕਿ ਮੋਹਣ ਭਾਗਵਤ ਵਰਗੇ ਵਿਆਕਤੀ ਨੂੰ ਇੰਗਲੈਂਡ ਦਾ ਵੀਜ਼ਾ ਦੇਣ ਤੋਂ ਗੁਰੇਜ਼ ਕੀਤਾ ਜਾਵੇ।

ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਖਿਲਾਫ ਇੰਗਲੈਂਡ ਵਿਚ ਹੋਏ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ

ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਖਿਲਾਫ ਇੰਗਲੈਂਡ ਵਿਚ ਹੋਏ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ

ਸਮੂਹ ਮੁਜਾਹਰਾਕਾਰੀਆਂ ਵਲੋਂ ਮੋਹਨ ਭਾਗਵਤ ਮੁਰਦਾਬਾਦ, ਮੋਹਨ ਭਾਗਵਤ ਗੋ ਬੈਕ, ਆਰ.ਐੱਸ.ਐੱਸ. ਮੁਰਦਾਬਾਦ, ਅੱਤਵਾਦੀ ਕੌਣ? ਹਿੰਦੂਤਵੀ ਜਥੇਬੰਦੀਆਂ, ਖਾਲਿਸਤਾਨ ਜ਼ਿੰਦਾਬਾਦ ਆਦਿ ਦੇ ਨਾਹਰੇ ਲਗਾਏ ਗਏ। ਜਿ਼ਕਰਯੋਗ ਹੈ ਕਿ ਭਾਰਤ ਵਿੱਚ ਹਿੰਦੂਤਵੀਆਂ ਦੀਆਂ ਬਜਰੰਗ ਬ੍ਰਿਗੇਡ, ਸਿ਼ਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਸੁਰੱਖਿਆ ਸੰਮਤੀ, ਰਾਸ਼ਟਰੀ ਸਿੱਖ ਸੰਗਤ, ਭਾਰਤੀ ਜਨਤਾ ਪਾਰਟੀ ਵਰਗੀਆਂ ਅਨੇਕਾਂ ਸੰਸਥਾਵਾਂ ਹਨ ਜਿਹਨਾਂ ਦਾ ਮੁੱਖ ਮੰਤਵ ਭਾਰਤ ਦੇ ਗੈਰ ਹਿੰਦੂ ਧਰਮ ਨਾਲ ਸਬੰਧਿਤ ਲੋਕਾਂ ਦੇ ਧਰਮ ਅਤੇ ਕੌਮਾਂ ਦੀ ਅੱਡਰੀ ਹੋਂਦ ਨੂੰ ਖਤਮ ਕਰਕੇ ਉਹਨਾਂ ਨੂੰ ਹਿੰਦੂ ਬਣਾਉਣਾ ਅਤੇ ਦਰਸਾਉਣਾ ਹੈ। ਇਹਨਾਂ ਸਮੂਹ ਫਿਰਕਾਪ੍ਰਸਤ ਸੰਸਥਾਵਾਂ ਦੀ ਮਾਂ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਅਤੇ ਮੋਹਨ ਭਾਗਵਤ ਇਸਦਾ ਮੁਖੀ ਹੈ।

ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਹ ਵਿਅਕਤੀ ਗਾਹੇ ਬਗਾਹੇ ਸਿੱਖ ਕੌਮ ਪ੍ਰਤੀ ਆਪਣੀ ਸੌੜੀ, ਫਿਰਕੂ ਅਤੇ ਮਾਰੂ ਸੋਚ ਦਾ ਪ੍ਰਗਟਾਵਾ ਕਰਦਾ ਹੋਇਆ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਆਖਦਾ ਰਹਿੰਦਾ ਹੈ। ਆਪਣੀ ਇਸੇ ਕੂਟਨੀਤਕ ਅਤੇ ਗੰਦੀ ਚਾਲ ਨੂੰ ਸਫਲ ਕਰਨ ਲਈ ਇਹਨਾਂ ਨੇ ਸਿੱਖੀ ਦਿੱਖ ਵਾਲੇ ਕੁੱਝ ਜ਼ਰਖਰੀਦਾਂ ਨੂੰ ਮੋਹਰਾ ਬਣਾ ਰਾਸ਼ਟਰੀ ਸਿੱਖ ਸੰਗਤ ਬਣਾ ਰੱਖੀ ਹੈ। ਜਿਸ ਰਾਹੀਂ ਇਹ ਸਿੱਖ ਸੰਸਥਾਵਾਂ ਵਿੱਚ ਆਪਣੇ ਹਿਦੂਤਵੀ ਸੋਚ ਵਾਲੇ ਬੰਦੇ ਵਾੜ ਰਹੇ ਹਨ ਉੱਥੇ ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਦਾ ਕੋਈ ਵੀ ਵੇਲਾ ਖੁੰਝਣ ਨਹੀਂ ਦਿੰਦੇ। ਜਿਵੇਂ ਹੀ ਇਸ ਮੁਤੱਸਬੀ ਵਲੋਂ ਕੀਤੇ ਜਾ ਰਹੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਰੋਸ ਪ੍ਰਦਰਸ਼ਨਾਂ ਦਾ ਪਤਾ ਲੱਗਿਆ ਤਾਂ ਦੋਵੇਂ ਗੇਟਾਂ ਨੂੰ ਜਿੰਦਰੇ ਲਾ ਦਿੱਤੇ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਲਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , ,