ਵਿਦੇਸ਼ » ਸਿੱਖ ਖਬਰਾਂ

ਹੁਸ਼ਿਆਰਪੁਰ ਤੋਂ ਗ੍ਰਿਫਤਾਰ ਤਿੰਨ ਸਿੱਖ ਨੌਜਵਾਨਾਂ ਤੋਂ ਜਗਦੀਸ਼ ਗਗਨੇਜਾ ਕੇਸ ਵਿਚ ਪੁੱਛਗਿੱਛ

August 11, 2016 | By

ਹੁਸ਼ਿਆਰਪੁਰ: ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਦੇ ਸਬੰਧ ਵਿਚ ਸੁਰਾਗ ਲਈ ਜੂਝ ਰਹੀ ਪੁਲਿਸ ਨੇ ਹੁਣ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਤਿੰਨ ਸਿੱਖ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਹੈ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਜਸਪ੍ਰੀਤ ਸਿੰਘ ਜੱਸਾ, ਹਰਦੀਪ ਸਿੰਘ ਦੀਪਾ ਅਤੇ ਕੁਲਦੀਪ ਸਿੰਘ ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਾਂ ਕਰਕੇ ਗਗਨੇਜਾ ‘ਤੇ ਹੋਏ ਹਮਲੇ ਤੋਂ ਅਗਲੇ ਦਿਨ ਪੰਜਾਬ ਪੁਲਿਸ ਨੇ “ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ।

jagdish-gagneja-759

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ (ਫਾਈਲ ਫੋਟੋ)

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪੁਲਿਸ ਨੂੰ ਹਾਲੇ ਤਕ ਇਨ੍ਹਾਂ ਤਿੰਨਾਂ ਦੇ ਗਗਨੇਜਾ ਕੇਸ ਵਿਚ ਸੰਬੰਧ ਦਾ ਕੋਈ ਸਬੂਤ ਨਹੀਂ ਮਿਲਿਆ। ਅਖ਼ਬਾਰ ਦੀ ਰਿਪੋਰਟ ਮੁਤਾਬਕ 6 ਅਗਸਤ ਦੀ ਰਾਤ ਨੂੰ ਇਨ੍ਹਾਂ ਤਿੰਨਾਂ ਸਮੇਤ 7 ਬੰਦਿਆਂ ‘ਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀਆਂ ਧਾਰਾਵਾਂ ਲਾ ਕੇ ਕੇਸ ਦਰਜ ਕੀਤਾ ਗਿਆ ਸੀ।

ਇਨ੍ਹਾਂ ਤਿੰਨਾਂ ਤੋਂ ਅਲਾਵਾ ਐਫ.ਆਈ.ਆਰ. ਵਿਚ ਹਰਜਾਪ ਸਿੰਘ, ਪਿੰਡ ਬੀਲ੍ਹੋਵਾਲ, ਜ਼ਿਲ੍ਹਾ ਹੁਸ਼ਿਆਰਪੁਰ, ਜੋ ਇਸ ਵੇਲੇ ਅਮਰੀਕਾ ਰਹਿ ਰਹੇ ਹਨ ਅਤੇ ਅਮਰੀਕਾ ਆਧਾਰਤ ਖਾਲਿਸਤਾਨ ਸਮਰਥਕ ਜਥੇਬੰਦੀ ਸਿੱਖਸ ਫਾਰ ਜਸਟਿਸ ਲਈ ਲਈ ਕੰਮ ਕਰਦੇ ਹਨ, ਅਵਤਾਰ ਸਿੰਘ ਚੱਬੇਵਾਲ ਸ਼ੇਖਾਂ, ਇਸ ਵੇਲੇ ਇਟਲੀ ਰਹਿ ਰਹੇ ਹਨ, ਬਿਕਰਮਜੀਤ ਸਿੰਘ, ਏਨੇਕੋਟ ਕਲਾਂ, ਪੁਲਿਸ ਜ਼ਿਲ੍ਹਾ ਬਟਾਲਾ, ਬਲਵਿੰਦਰ ਸਿੰਘ, ਰਾਮੂ ਬਿਆਰਾ, ਜ਼ਿਲ੍ਹਾ ਹੁਸ਼ਿਆਰਪਰ ਦਾ ਨਾਮ ਦਰਜ ਹੈ।

ਇੰਡੀਅਨ ਐਕਸਪ੍ਰੈਸ ਮੁਤਾਬਕ ਇਨ੍ਹਾਂ ਖਿਲਾਫ ਐਫ.ਆਈ.ਆਰ. ਨੰਬਰ 93 ਥਾਣਾ ਚੱਬੇਵਾਲ ਵਿਚ ਗਗਨੇਜਾ ‘ਤੇ ਜਲੰਧਰ ਵਿਚ ਹਮਲੇ ਤੋਂ 2 ਘੰਟੇ ਬਾਅਦ ਹੀ ਦਰਜ ਕਰ ਦਿੱਤੀ ਗਈ।

ਇੰਡੀਅਨ ਐਕਸਪ੍ਰੈਸ ਮੁਤਾਬਕ ਗ੍ਰਿਫਤਾਰੀ ਤੋਂ ਅਗਲੇ ਦਿਨ ਐਫ.ਆਈ.ਆਰ. ਵਿਚ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ‘ਅੱਤਵਾਦੀ ਕਾਰਵਾਈਆਂ ਲਈ ਪੈਸਾ ਇਕੱਠਾ ਕਰਨ’ (ਧਾਰਾ 17) ਅਤੇ ‘ਅੱਤਵਾਦੀ ਜਥੇਬੰਦੀ’ ਦੇ ਮੈਂਬਰ ਹੋਣ (ਧਾਰਾ 38) ‘ਅੱਤਵਾਦੀ ਜਥੇਬੰਦੀ ਨੂੰ ਹਮਾਇਤ’ ਦੇਣ (ਧਾਰਾ 39) ਵੀ ਜੋੜ ਦਿੱਤੀਆਂ ਗਈਆਂ।

ਇੰਡੀਅਨ ਐਕਸਪ੍ਰੈਸ ਮੁਤਾਬਕ “ਭਰੋਸੇਯੋਗ ਜਾਣਕਾਰੀ” ਪੁਲਿਸ ਨੂੰ 9 ਵਜੇ ਰਾਤ ਨੂੰ ਮਿਲੀ ਕਿ ਹਰਜਾਪ ਸਿੰਘ ਅਤੇ ਅਵਤਾਰ ਸਿੰਘ ਪਾਬੰਦੀ ਸ਼ੁਦਾ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ “ਸਰਗਰਮ ਮੈਂਬਰ” ਹਨ। ਪੁਲਿਸ ਨੇ ਰਾਤ 9:53 ‘ਤੇ ਐਫ.ਆਈ.ਆਰ. ਦਰਜ ਕਰ ਲਈ।

ਐਫ.ਆਈ.ਆਰ. ਵਿਚ ਲਿਖਿਆ ਹੈ ਕਿ ਕੇ.ਐਲ.ਐਫ. ਦੇ ਕਾਰਕੁੰਨ “ਪੰਜਾਬ ਦੇ ਭੋਲੇ ਨੌਜਵਾਨਾਂ” ਨੂੰ ਗੁੰਮਰਾਹ ਕਰਕੇ “ਅੱਤਵਾਦ ਨੂੰ ਮੁੜ ਸੁਰਜੀਤ” ਕਰਨ ਲਈ ਵੈਸਟਰਨ ਯੂਨੀਅਨ ਅਤੇ ਹੋਰ ਸਾਧਨਾਂ ਰਾਹੀਂ ਵਿਦੇਸ਼ਾਂ ਤੋਂ ਪੈਸੇ ਭੇਜ ਰਹੇ ਹਨ ਤਾਂ ਜੋ ਵੱਡੀ ਗਿਣਤੀ ਵਿਚ ਹਥਿਆਰ ਖਰੀਦ ਕੇ ਭਾਰਤ ਦੇ ਖਿਲਾਫ ਜੰਗ ਛੇੜੀ ਜਾਵੇ।

ਐਫ.ਆਈ.ਆਰ. ਵਿਚ ਅੱਗੇ ਲਿਖਿਆ ਕਿ ਜਾਣਕਾਰੀ “ਸੱਚੀ ਹੈ, ਸਹੀ ਹੈ, ਅਤੇ ਭਰੋਸੇਯੋਗ” ਹੈ, ਕਿ ਨੌਜਵਾਨ ਵੱਡੀ ਵਾਰਦਾਤ ਕਰ ਸਕਦੇ ਹਨ।

ਪੁਲਿਸ ਨੇ ਦੋ ਪਿਸਤੌਲਾਂ, ਟੀ-ਸ਼ਰਟਾਂ ਜਿਸ ‘ਤੇ ਸਿੱਖ ਰੈਫਰੈਂਡਮ ਲਹਿਰ ਬਾਰੇ ਪਿੰ੍ਰਟ ਸਨ, ਸਿੱਖਸ ਫਾਰ ਜਸਟਿਸ ਵਲੋਂ ਪ੍ਰਚਾਰਿਆ ਜਾ ਰਿਹਾ ਸਾਹਿਤ, ਜੋ ਕਿ ਸਿੱਖ ਇਤਿਹਾਸ ਨਾਲ ਸਬੰਧਤ ਹੈ, ਬਰਾਮਦ ਕੀਤਾ।

ਅਖ਼ਬਾਰ ਮੁਤਾਬਕ ਐਫ.ਆਈ.ਆਰ. ਵਿਚ ਲਿਖਿਆ ਹੈ, ਹਰਜਾਪ ਸਿੰਘ ਅਤੇ ਅਵਤਾਰ ਸਿੰਘ, ਜਿਹੜੇ ਕਿ ਕਤਲ ਅਤੇ “ਅੱਤਵਾਦ” ਦੇ ਕੇਸਾਂ ਵਿਚ ਭਗੌੜੇ ਹਨ, ਬਾਕੀ ਤਿੰਨਾਂ ਨੌਜਵਾਨਾਂ ‘ਤੇ ਕੋਈ ਵੀ ਅਪਰਾਧਿਕ ਮਾਮਲਾ ਪਹਿਲਾਂ ਦਰਜ ਨਹੀਂ ਹੈ।

ਐਫ.ਆਈ.ਆਰ. ਮੁਤਾਬਕ ਗ੍ਰਿਫਤਾਰ ਤਿੰਨੋਂ 20-22 ਸਾਲ ਦੇ ਹਨ ਅਤੇ ਆਪਣਾ ਗੁਜ਼ਾਰਾ ਚਲਾਉਣ ਲਈ ਛੋਟਾ-ਮੋਟਾ ਕੋਈ ਕੰਮ ਕਰਦੇ ਹਨ। ਜੱਸਾ ਆਪਣੇ ਪਿੰਡ ਦੇ ਗੁਰਦੁਆਰੇ ਵਿਖੇ ਗੱਤਕਾ ਸਿਖਾਉਂਦਾ ਹੈ, ਉਸਨੇ 10+2 ਕੀਤੀ ਹੈ। ਬਾਕੀ ਦੋਵੇਂ ਦਸਵੀਂ ਪਾਸ ਹਨ।

ਸਰੋਤ: ਇੰਡੀਅਨ ਐਕਸਪ੍ਰੈਸ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,