ਸਿਆਸੀ ਖਬਰਾਂ

ਬਾਦਲ ਪਰਿਵਾਰ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਨਹੀ: ਸਰਨਾ

May 30, 2015 | By

ਸਿੱਖਾਂ ਦੀ ਕਾਲੀ ਸੂਚੀ ਖਤਮ ਕਰਾਉਣ ਦਾ ਵਾਅਦਾ ਕਰਨ ਵਾਲੇ ਮਨਜੀਤ ਸਿੰਘ ਜੀ. ਕੇ. ਦੀਆ ਤਲਾਵਾਂ ਬਾਦਲ ਪਰਿਵਾਰ ਦੇ ਹੱਥਾਂ ‘ਚ

ਨਵੀ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਦੇ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋ ਅਮਰੀਕਾ ਵਿੱਚ ਜਾ ਕੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਾਉਣ ਦੇ ਦਿੱਤੇ ਗਏ ਬਿਆਨ ਨੂੰ ਮੱਗਰਮੱਛ ਦੇ ਹੰਝੂ ਵਹਾਉਣ ਦੇ ਤੁਲ ਗਰਦਾਨਦਿਆ ਕਿਹਾ ਕਿ ਪਹਿਲਾਂ ਮਨਜੀਤ ਸਿੰਘ ਜੀ.ਕੇ. ਪ੍ਰਵਾਸੀ ਸਿੱਖਾਂ ਨੂੰ ਇਹ ਸਪੱਸ਼ਟ ਕਰੇ ਕਿ ਇਹ ਸੂਚੀ ਨੂੰ ਲੰਮੀ ਕਰਨ ਤੇ ਨਵੀ ਰੂਪ ਰੇਖਾ ਦੇਣ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਰੋਲ ਨਹੀ ਹੈ?

ਪਰਮਜੀਤ ਸਿੰਘ ਸਰਨਾ

ਪਰਮਜੀਤ ਸਿੰਘ ਸਰਨਾ

ਇੱਕ ਬਿਆਨ ਰਾਹੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋ ਉਹਨਾਂ ਨੇ ਪਹਿਲੀ ਵਾਰੀ ਕਾਂਗਰਸ ਦੀ ਹਮਾਇਤ ਕੀਤੀ ਸੀ ਤਾਂ ਉਸ ਵੇਲੇ ਪੰਜਾਬ ਵਿੱਚ ਬਾਦਲ ਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਸਭ ਤੋ ਪਹਿਲਾਂ ਕੰਮ ਹੀ ਕਾਲੀ ਸੂਚੀ ਖਤਮ ਕਰਾਉਣ ਦਾ ਕੀਤਾ ਸੀ ਤੇ 98ਫੀਸਦੀ ਇਹ ਸੂਚੀ ਖਤਮ ਕਰ ਦਿੱਤੀ ਗਈ ਸੀ ਸਿਰਫ ਦੋ ਚਾਰ ਨਾਮ ਹੀ ਬਾਕੀ ਰਹਿ ਗਏ ਸਨ ਜਿਹਨਾਂ ਦਾ ਨਾਮ ਕੱਢ ਕੇ ਇਸ ਸੂਚੀ ਨੂੰ ਖਤਮ ਕਰਨ ਦਾ ਤੱਤਕਾਲੀ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ।

ਉਹਨਾਂ ਕਿਹਾ ਕਿ ਇਸ ਸਬੰਧੀ ਅਖਬਾਰਾਂ ਵਿੱਚ ਉਸ ਸਮੇਂ ਖਬਰਾਂ ਵੀ ਛੱਪੀਆ ਸਨ ਤੇ ਜਿਹਨਾਂ ਦਾ ਬਹੁਤ ਸਾਰੀਆ ਸਿੱਖ ਤੇ ਗੈਰ ਸਿੱਖ ਜਥੇਬੰਦੀਆ ਨੇ ਸੁਆਗਤ ਵੀ ਕੀਤਾ ਸੀ। ਉਹਨਾਂ ਕਿਹਾ ਕਿ ਜਦੋ ਇਹ ਸੂਚੀ ਜਾਣਕਾਰੀ ਹਿੱਤ ਪੰਜਾਬ ਸਰਕਾਰ ਨੂੰ ਭੇਜੀ ਗਈ ਤਾਂ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਤੁਰੰਤ ਕੇਦਰ ਸਰਕਾਰ ਨੂੰ ਅਜਿਹਾ ਕਰਨ ਤੋ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਇਹ ਅੱਤਵਾਦੀ ਹਨ ਤੇ ਇਹ ਸੂਚੀ ਖਤਮ ਕਰਨ ਨਾਲ ਪੰਜਾਬ ਦੇ ਅਮਨ ਚੈਨ ਨੂੰ ਖਤਰਾ ਪੈਦਾ ਹੋ ਜਾਵੇਗਾ। ਉਹਨਾਂ ਕਿਹਾ ਕਿ ਇਹ ਖਬਰਾਂ ਵੀ ਕਈ ਅਖਬਾਰਾਂ ਦੇ ਪਹਿਲੇ ਸਫੇ ਦਾ ਸ਼ਿੰਗਾਰ ਬਣੀਆ ਸਨ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਉਹਨਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹੁੰਦਿਆ ਜਦੋ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ ਤਬਦੀਲ ਕਰਨ ਲਈ ਤੱਤਕਾਲੀ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨਾਲ ਗੱਲ ਕੀਤੀ ਤਾਂ ਉਹ ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਤਬਦੀਲ ਕਰਨ ਲਈ ਰਾਜੀ ਹੋ ਗਏ ਸਨ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਤੇ ਜਦੋ ਇਸ ਦੀ ਸਹਿਮਤੀ ਮੰਗੀ ਤਾਂ ਅੱਗੋ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਭੁੱਲਰ ਨੂੰ ਖੁੰਖਾਰ ਅੱਤਵਾਦੀ ਦੱਸ ਕੇ ਪੰਜਾਬ ਵਿੱਚ ਕਿਸੇ ਵੀ ਜੇਲ ਵਿੱਚ ਰੱਖਣ ਤੋ ਇਨਕਾਰ ਕਰਦਿਆ ਕਿਹਾ ਸੀ ਕਿ ਉਹ ਅਜਿਹੇ ਅੱਤਵਾਦੀ ਨੂੰ ਪੰਜਾਬ ਦੀ ਕਿਸੇ ਵੀ ਜੇਲ ਵਿੱਚ ਰੱਖਣ ਤੋ ਅਸਮੱਰਥ ਹਨ ਤਾਂ ਭੁੱਲਰ ਦੀ ਪੰਜਾਬ ਵਿੱਚ ਤਬਦੀਲੀ ਰੁੱਕ ਗਈ।

ਉਹਨਾਂ ਕਿਹਾ ਕਿ ਉਹਨਾਂ ਦੀ ਮਨਸ਼ਾ ਤਾਂ ਸਿਰਫ ਇਹ ਸੀ ਕਿ ਭੁੱਲਰ ਦੇ ਪੰਜਾਬ ਵਿੱਚ ਤਬਦੀਲ ਹੋਣ ਨਾਲ ਪੰਜਾਬ ਸਰਕਾਰ ਉਸ ਨੂੰ ਪੈਰੋਲ ਤੇ ਰਿਹਾਅ ਕਰ ਸਕਦੀ ਹੈ ਪਰ ਜਦੋ ਖੇਤ ਹੀ ਵਾੜ ਨੂੰ ਖਾਣ ਲੱਗ ਪਏ ਤਾਂ ਫਿਰ ਖੇਤ ਦੀ ਹਿਫ਼ਾਜਤ ਦੀ ਆਸ ਨਹੀ ਰੱਖੀ ਜਾ ਸਕਦੀ। ਉਹਨਾਂ ਮਨਜੀਤ ਸਿੰਘ ਜੀ ਕੇ ਨੂੰ ਸਲਾਹ ਦਿੱਤੀ ਕਿ ਉਹ ਪ੍ਰਵਾਸੀ ਸਿੱਖਾਂ ਨੂੰ ਫੋਕੀ ਬਿਆਨਬਾਜੀ ਕਰਕੇ ਸਿਰਫ ਮੱਗਰਮੱਛ ਦੇ ਹੰਝੂ ਵਹਾ ਕੇ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੇ ਸਗੋ ਪਹਿਲਾਂ ਆਪਣੇ ਆਕਾ ਕੋਲੋ ਇਜ਼ਾਜਤ ਜਰੂਰ ਲੈ ਲਵੇ ਕਿ ਉਹ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹਨ ਜਾਂ ਨਹੀ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੀਆ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਪਿਛਲੇ ਕਰੀਬ 130 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਹਨ ਪਰ ਜੀ ਕੇ ਦੇ ਆਕਾ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਕੋਈ ਫਿਕਰ ਨਹੀ ਅਤੇ ਨਾ ਹੀ ਬਾਪੂ ਦੀ ਵਿਗੜ ਰਹੀ ਸਿਹਤ ਦੀ ਕੋਈ ਪ੍ਰਵਾਹ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਜੀ ਥੁੱਕਾਂ ਨਾਲ ਵੜੇ ਨਹੀ ਪੱਕਦੇ ਸਗੋ ਅਮਲੀ ਰੂਪ ਵਿੱਚ ਕੁਝ ਕਰਨ ਦੀ ਜ਼ਰੂਰਤ ਹੈ ਜਿਹੜਾ ਤੁਸੀ ਕਰ ਨਹੀ ਸਕਦੇ ਕਿਉਕਿ ਤੁਹਾਡੀਆ ਤਲਾਵਾਂ ਉਸੇ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਹਨ ਜਿਹੜੇ ਕਾਲੀ ਸੂਚੀ ਖਤਮ ਕਰਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਬਹੁਤ ਵੱਡੀ ਰੁਕਾਵਟ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,