ਖਾਸ ਖਬਰਾਂ » ਸਿੱਖ ਖਬਰਾਂ

ਬਰਗਾੜੀ ਤੇ ਬਹਿਬਲ ਕਲਾਂ ਮਾਮਲਾ: 8 ਦਸੰਬਰ ਤੋਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਲੜੀਵਾਰ ਘਿਰਾਓ ਕਰਨਗੇ ਸਿੱਖ ਨੌਜਵਾਨ

December 4, 2019 | By

ਜਲੰਧਰ: ਵੱਖ ਵੱਖ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਂਝੇ ਰੂਪ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਹੋਈ ਨਾਇਨਸਾਫੀ ਦੇ ਖਿਲਾਫ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ।

ਅਲਾਇੰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਸੁਖਦੇਵ ਸਿੰਘ ਫਗਵਾੜਾ ਪਰਮਪਾਲ ਸਿੰਘ ਸਭਰਾ ਅਤੇ ਆਵਾਜ਼ ਏ ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ “ਬਰਗਾੜੀ ਮਾਮਲੇ ਤੇ ਇਨਸਾਫ਼ ਲਈ ਸਰਕਾਰ ਨੂੰ ਹਲੂਣਾ ਦੇਣ ਲਈ ਇਸ ਮਾਮਲੇ ਤੇ ਸਿਆਸੀ ਰੋਟੀਆਂ ਸੇਕਣ ਵਾਲੀ ਕਾਂਗਰਸ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ ਜਿਸ ਨੇ ਹੁਣ ਤੱਕ ਇਨ੍ਹਾਂ ਮਾਮਲਿਆਂ ਤੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਸਰਕਾਰ ਵੱਲੋਂ ਇਨਸਾਫ ਕਰਨ ਦਾ ਭਰੋਸਾ ਦੇ ਕੇ ਸਿੱਖ ਵੋਟਾਂ ਲੈ ਕੇ ਚੋਣਾਂ ਜਿੱਤੀਆਂ ਹਨ”।

ਮੀਡੀਏ ਨੂੰ ਸੋਬੰਧਨ ਕਰਦੇ ਹੋਏ ਸ. ਸੁਖਦੇਵ ਸਿੰਘ ਅਤੇ ਉਨ੍ਹਾਂ ਨਾਲ ਹੋਰ ਆਗੂ

ਆਗੂਆਂ ਨੇ ਕਿਹਾ ਕਿ “ਪਿਛਲੇ ਸਾਲ ਅਗਸਤ 2018 ਨੂੰ ਬਰਗਾੜੀ ਮੋਰਚੇ ਨਾਲ ਜੁੜੀਆਂ ਸੰਗਤਾਂ ਦੇ ਦਬਾਅ ਹੇਠ ਬਰਗਾੜੀ ਅਤੇ ਬਹਿਬਲ ਕਲਾਂ ਆਦਿ ਮਸਲਿਆਂ ਤੇ ਗੱਲ ਕਰਨ ਲਈ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਸਦਨ ਵਿੱਚ ਜਿਨ੍ਹਾਂ ਸਿਆਸੀ ਆਗੂਆਂ ਨੇ ਗਰਮ ਭਾਸ਼ਣ ਦੇ ਕੇ ਸਦਨ ਵਿੱਚੋਂ ਵੀ ਇਨਸਾਫ ਕਰਨ ਦਾ ਭਰੋਸਾ ਦਿੱਤਾ ਸੀ ਉਹ ਦਸਣ ਕਿ ਜਦ ਸਦਨ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਸੀ ਕਿ ਬਰਗਾੜੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲਈ ਜਾਵੇਗੀ ਪਰ 16 ਮਹੀਨੇ ਬੀਤਣ ਦੇ ਬਾਵਜੂਦ ਵੀ ਕੇਂਦਰ ਦੀ ਕਠਪੁਤਲੀ ਏਜੰਸੀ ਸੀਬੀਆਈ ਤੋਂ ਬਰਗਾੜੀ ਮਾਮਲੇ ਦੀ ਜਾਂਚ ਆਖਰ ਵਾਪਸ ਕਿਉਂ ਨਹੀਂ ਲਈ ਗਈ ?”

ਇਹਨਾਂ ਆਗੂਆਂ ਵੱਲੋਂ ਜਾਰੀ ਕੀਤੇ ਗਏ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ “ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਕੇਂਦਰ ਵਿੱਚ ਭਾਜਪਾ ਸਰਕਾਰ ਹੋਣ ਦਾ ਬਹਾਨਾ ਵੀ ਨਹੀਂ ਲਗਾ ਸਕਦੇ ਕਿਉਂਕਿ ਜਦੋਂ ਗੱਲ ਕਾਤਲ ਪੁਲਿਸ ਅਫ਼ਸਰਾਂ ਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਈ ਕਰਨ ਦੀ ਹੁੰਦੀ ਹੈ ਤਾਂ ਕੇਂਦਰ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਤਰ੍ਹਾਂ ਸੁਣਵਾਈ ਕਰਦੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੀ ਵਿਚਾਰਧਾਰਾ ਅਤੇ ਏਜੰਡੇ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਚ ਕੋਈ ਕਸਰ ਨਹੀਂ ਛੱਡ ਰਹੇ ਜਿਸ ਤੋਂ ਸਾਫ਼ ਹੈ ਕਿ ਬਰਗਾੜੀ ਬਹਿਬਲ ਕਲਾਂ ਅਤੇ ਮੌੜ ਬੰਬ ਧਮਾਕੇ ਆਦਿ ਮਾਮਲਿਆਂ ਤੇ ਇਨਸਾਫ ਨਾ ਦੇਣ ਲਈ ਸੂਬਾ ਅਤੇ ਕੇਂਦਰ ਸਰਕਾਰ ਆਪਸ ਵਿੱਚ ਪੂਰੀ ਤਰ੍ਹਾਂ ਸਹਿਮਤ ਹਨ”।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ “ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਲਾਤਕਾਰੀ ਸਾਧ ਰਾਮ ਰਹੀਮ ਤੇ ਉਸ ਦੇ ਦੋਸ਼ੀ ਪ੍ਰੇਮੀਆਂ ਨੂੰ ਬਰਗਾੜੀ ਅਤੇ ਮੌੜ ਬੰਬ ਧਮਾਕੇ ਮਾਮਲਿਆਂ ਵਿੱਚੋਂ ਠੀਕ ਓੁਸੇ ਤਰਾਂ ਬਚਾਉਣਾ ਚਾਹੁੰਦੇ ਹਨ ਜਿਸ ਤਰ੍ਹਾਂ ਪਿਛਲੀ ਸਰਕਾਰ ਵਿੱਚ ਬਾਦਲਾਂ ਨੇ 2007 ਵਾਲੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੇ ਕੇਸ, ਬਰਗਾੜੀ ਅਤੇ ਪੰਜਾਬ ਦੇ ਹੋਰਨਾਂ ਥਾਵਾਂ ਤੇ ਹੋਏ ਬੇਅਦਬੀ ਮਾਮਲਿਆਂ ਵਿੱਚ ਡੇਰਾ ਮੁਖੀ ਤੇ ਉਸ ਦੇ ਦੋਸ਼ੀ ਚੇਲਿਆਂ ਨੂੰ ਕਾਨੂੰਨੀ ਸੇਕਾ ਨਹੀਂ ਲੱਗਣ ਦਿੱਤਾ ਸੀ ਤੇ ਹਰ ਚੋਣਾਂ ਵੇਲੇ ਕੈਪਟਨ ਤੇ ਉਸ ਦੇ ਮੰਤਰੀ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਤੇ ਸਿੱਖਾਂ ਨੂੰ ਜਜ਼ਬਾਤੀ ਕਰ ਕੇ ਸਿਰਫ ਸਿਆਸੀ ਲਾਹਾ ਲੈ ਕੇ ਉਨ੍ਹਾਂ ਦੀਆਂ ਵੋਟਾਂ ਹਥਿਆਉਣਾ ਚਾਹੁੰਦੇ ਹਨ ਜਦਕਿ ਅੰਦਰਖਾਤੇ ਸਾਰੀ ਸਰਕਾਰੀ ਮਸ਼ੀਨਰੀ ਜਿੱਥੇ ਦੋਸ਼ੀਆਂ ਨੂੰ ਹਾਲੇ ਵੀ ਬਚਾਉਣ ਤੇ ਲੱਗੀ ਹੋਈ ਹੈ ਉੱਥੇ ਬਰਗਾੜੀ ਬੇਅਦਬੀ ਦਾ ਕਲੰਕ ਮੁੜ ਦੁਬਾਰਾ ਸਿੱਖਾਂ ਤੇ ਹੀ ਮੜ੍ਹਨ ਲਈ ਯਤਨਸ਼ੀਲ ਹੈ ਜਿਸ ਦਾ ਸਬੂਤ ਹੈ ਕਿ ਡੇਰਾ ਪ੍ਰੇਮੀਆਂ ਦੀ ਬੇਅਦਬੀ ਮਾਮਲਿਆਂ ਵਿੱਚ ਸ਼ਮੂਲੀਅਤ ਸਾਬਤ ਹੋਣ ਤੋਂ ਬਾਅਦ ਵੀ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੇਸਟੀਗੇਸ਼ਨ ਦਾ ਮੁਖੀ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਸੀਬੀਆਈ ਨੂੰ ਇਨ੍ਹਾਂ ਮਾਮਲਿਆਂ ਵਿੱਚ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦਾ ਸੰਕੇਤ ਦਿੰਦਾ ਹੋਇਆ ਚਿੱਠੀਆਂ ਲਿਖ ਰਿਹਾ ਹੈ ਜਦਕਿ ਪੰਜਾਬ ਵਿੱਚ ਹੁਣ ਤੱਕ ਦੇ ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲੇ ਮੌੜ ਬੰਬ ਧਮਾਕੇ ਵਿੱਚ ਇਹੀ ਪੰਜਾਬ ਪੁਲੀਸ ਦੋਸ਼ੀਆਂ ਦੀਆਂ ਬਰੂਹਾਂ ਤੋਂ ਵਾਪਸ ਆ ਕੇ ਜਾਂਚ ਠੱਪ ਕਰਕੇ ਬੈਠੀ ਹੋਈ ਹੈ”।

ਨੌਜਵਾਨ ਆਗੂਆਂ ਨੇ ਕਿਹਾ ਕਿ “ਬਰਗਾੜੀ ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ਵਿੱਚ ਸਿੱਖ ਕੌਮ ਆਪਣੇ ਵੱਡੇ ਇਕੱਠ ਅਤੇ ਇਕਜੁੱਟਤਾ ਸਰਬੱਤ ਖਾਲਸਾ ਅਤੇ ਬਰਗਾੜੀ ਮੋਰਚੇ ਦੇ ਰੂਪ ਵਿੱਚ ਪਹਿਲਾਂ ਹੀ ਦਿਖਾ ਚੁੱਕੀ ਹੈ ਇਸ ਲਈ ਅਸੀਂ ਇਸ ਸੰਘਰਸ਼ ਨੂੰ ਵੱਖਰੇ ਰੂਪ ਵਿੱਚ ਸ਼ੁਰੂ ਕਰਦਿਆਂ ਇਨ੍ਹਾਂ ਮਾਮਲਿਆਂ ਤੇ ਪੰਜਾਬ ਸਰਕਾਰ ਅਤੇ ਉਸ ਦੇ ਕੈਬਨਿਟ ਮੰਤਰੀਆਂ ਅਤੇ ਉਨ੍ਹਾਂ ਵਿਧਾਇਕਾਂ ਦੇ ਬੂਹਿਆਂ ਅੱਗੇ ਜਾ ਕੇ ਉਨ੍ਹਾਂ ਕੋਲੋਂ ਜਵਾਬ ਤਲਬੀ ਕਰਾਂਗੇ ਜਿਨ੍ਹਾਂ ਨੇ ਵਿਧਾਨ ਸਭਾ ‘ਚ ਬੜੇ ਜਜ਼ਬਾਤੀ ਭਾਸ਼ਣ ਦਿੱਤੇ ਸਨ ਤੇ ਇਨਸਾਫ ਦਾ ਭਰੋਸਾ ਦੁਆਇਆ ਸੀ ਜਿਸ ਲਈ 51 ਮੈਂਬਰੀ ਨੌਜਵਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਜਥੇ ਦੇ ਰੂਪ ਵਿੱਚ ਇਨ੍ਹਾਂ ਦੇ ਘਰਾਂ ਦੇ ਬਾਹਰ ਜਾ ਕੇ ਜਿੱਥੇ ਕੀਰਤਨ ਕਰਾਂਗੇ, ਉੱਥੇ ਇਨ੍ਹਾਂ ਦੇ ਕੀਤੇ ਹੋਏ ਵਾਅਦੇ ਯਾਦ ਕਰਾਉਂਦਿਆਂ ਜਵਾਬ ਮੰਗਾਂਗੇ”।

ਉਹਨਾਂ ਕਿਤਾ ਕਿ ਇਸ ਲੜੀ ਤਹਿਤ ਮਿਤੀ 8 ਦਸੰਬਰ ਦਿਨ ਐਤਵਾਰ ਨੂੰ ਪਹਿਲਾ ਧਰਨਾ ਕੈਬਨਿਟ ਮੰਤਰੀ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ, ਮਿਤੀ 15 ਦਸੰਬਰ ਨੂੰ ਕੈਬਨਿਟ ਮੰਤਰੀ ਸ: ਤ੍ਰਿਪਤਇੰਦਰ ਸਿੰਘ ਬਾਜਵਾ ਦੇ ਘਰ ਅੱਗੇ ਅਤੇ ਮਿਤੀ 22 ਦਸੰਬਰ ਨੂੰ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਦਿੱਤਾ ਜਾਵੇਗਾ ਅਤੇ ਇਨ੍ਹਾਂ ਤੋਂ ਬਾਅਦ ਅਗਲੇ ਪੜਾਅ ਵਿੱਚ ਬਾਕੀ ਦੇ ਰਹਿੰਦੇ ਉਨ੍ਹਾਂ ਮੰਤਰੀਆ ਅਤੇ ਵਿਧਾਇਕਾਂ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ ਬਾਦਲ, ਹਰਮਿੰਦਰ ਸਿੰਘ ਗਿੱਲ, ਰਮਨਜੀਤ ਸਿੰਘ ਸਿੱਕੀ, ਕਿੱਕੀ ਢਿੱਲੋਂ ਆਦਿ ਰਾਜਨੀਤਕ ਆਗੂਆਂ ਦੇ ਘਰਾਂ ਦੇ ਬਾਹਰ ਦਿੱਤੇ ਜਾਣ ਵਾਲੇ ਧਰਨਿਆਂ ਦੀ ਤਰੀਕਾਂ ਦਾ ਐਲਾਨ ਅਗਲੇ ਪੜਾਅ ਵਿੱਚ ਕੀਤਾ ਜਾਵੇਗਾ!

ਆਗੂਆਂ ਨੇ ਸਮੁੱਚੀ ਕੌਮ ਨੂੰ ਨਿਵੇਕਲੇ ਅਤੇ ਸ਼ਾਂਤੀਪੂਰਵਕ ਢੰਗ ਨਾਲ ਕੀਤੇ ਜਾ ਰਹੇ ਇਸ ਸੰਘਰਸ਼ ਵਿੱਚ ਸਹਿਯੋਗ ਦੇਣ ਦੀ ਬੇਨਤੀ ਵੀ ਕੀਤੀ।

ਇਸ ਮੌਕੇ ਅਮਰਜੀਤ ਸਿੰਘ ਸੁਰਸਿੰਘ, ਹਰਪ੍ਰੀਤ ਸਿੰਘ ਸੋਢੀ, ਨਵਜੋਧ ਸਿੰਘ, ਗੁਰਸਾਹਿਬ ਸਿੰਘ, ਸਰਬਜੀਤ ਸਿੰਘ, ਜਗਪ੍ਰੀਤ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ ਸੰਦੀਪ ਸਿੰਘ, ਓੁਕਾਰ ਸਿੰਘ ਜੋਗਿੰਦਰਪਾਲ ਸਿੰਘ ਜਲੰਧਰ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,