ਖਾਸ ਖਬਰਾਂ » ਮਨੁੱਖੀ ਅਧਿਕਾਰ

ਸੁਰੱਖਿਆ ਦਸਤਿਆਂ ਦੀਆਂ ਪ੍ਰਾਪਤੀਆਂ ਦੀ ਪੋਲ ਖੋਲਦਾ ਹੈ ਬੇਲਾ ਭਾਟੀਆ ਦਾ ਲੇਖ

May 8, 2019 | By

ਭਾਰਤ ਵਿੱਚ ਹੱਕ ਮੰਗਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਉਹਨਾਂ ਨੂੰ ਦੇਸ਼ ਧਰੋਹੀ, ਅੱਤਵਾਦੀ, ਉਗਰਵਾਦੀ, ਖਾੜਕੂ, ਮਾਓਵਾਦੀ, ਨਕਸਲੀ ਕਹਿਕੇ ਆਮ ਲੋਕਾਂ ਵਿੱਚ ਉਹਨਾਂ ਨੂੰ ਬਦਨਾਮ ਕਰਨਾ ਆਮ ਵਰਤਾਰਾ ਹੋ ਗਿਆ ਹੈ ਅਤੇ ਇਹ ਸਿੱਧ ਕੀਤਾ ਜਾਂਦਾ ਹੈ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਖ਼ਤਰਾ ਹਨ। ਹੁਣ ਜਦ ਉਹ ਅਜਿਹਾ ਭਾਰੀ ਖ਼ਤਰਾ ਬਣ ਗਏ ਹਨ ਤਾਂ ਲਾਜ਼ਮੀ ਹੈ ਕਿ ਉਹਨਾਂ ਨੂੰ ਖ਼ਤਮ ਕੀਤਾ ਜਾਵੇ। ਅਜਿਹੇ ਖ਼ਤਰਨਾਕ ਹਲਾਤਾਂ ਨੂੰ ਖ਼ਤਮ ਕਰਨ ਲਈ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ। ਪੁਲਿਸ ਮੁਕਾਬਲਾ ਇਹਨਾਂ ਤਰੀਕਿਆਂ ਚੋਂ ਇਕ ਕਾਰਗਰ ਤਰੀਕਾ ਹੈ। ਇਸ ਤਰੀਕੇ ਦੀ ਖਾਸੀਅਤ ਹੈ ਕਿ ਜੇ ਗੜਬੜੀ ਵਾਲੇ ਇਲਾਕੇ ਵਿੱਚੋ ਆਮ ਆਦਮੀ ਨੂੰ ਮਾਰਕੇ ਵੀ ਅੱਤਵਾਦੀ, ਮਾਓਵਾਦੀ, ਨਕਸਲੀ ਆਦਿ ਐਲਾਨਿਆ ਜਾ ਸਕਦਾ ਹੈ ਕਿਉਂਕਿ ਮੁਰਦੇ ਬੋਲ ਨਹੀਂ ਸਕਦੇ। ਇਸਦਾ ਦੂਹਰਾ ਫਾਇਦਾ ਹੁੰਦਾ ਹੈ- ਇੱਕ ਆਮ ਆਦਮੀ ਨੂੰ ਖੌਫਜਦਾ ਕਰਨਾ ਤਾਂ ਕਿ ਉਹ ਸੱਚ ਬੋਲਣ ਤੋਂ ਸੰਕੋਚ ਕਰੇ ਅਤੇ ਦੂਜਾ ਦੇਸ਼ ਦੀ ਸੁਰੱਖਿਆ ਲਈ ਸੁਰੱਖਿਆ ਦਸਤਿਆਂ ਦੀ ਪ੍ਰਾਪਤੀ ( ਜੋ ਕਿ ਸੌਖੀ ਹੀ ਪ੍ਰਾਪਤ ਹੋ ਜਾਂਦੀ ਹੈ )। ਮੁਰਦੇ ਤਾਂ ਨਹੀਂ ਬੋਲਦੇ ਪਰ ਅਜਿਹੇ ਮੁਕਾਬਲਿਆਂ ਚੋਂ ਸਬੱਬੀ ਬੱਚ ਨਿਕਲੇ ਵਿਅਕਤੀ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਕੁਝ ਲੋਕ ਸੁਰੱਖਿਆ ਦਸਤਿਆਂ ਲਈ ਸਿਰਦਰਦੀ ਬਣ ਜਾਂਦੇ ਹਨ ਅਤੇ ਫਿਰ ਅਜਿਹੇ ਹਲਾਤਾਂ ਨੂੰ ਕਾਬੂ ਕਰਨ ਲਈ ਹੋਰ ਹੱਥਕੰਡੇ ਅਪਣਾਏ ਜਾਂਦੇ ਹਨ। ਬਸਤਰ ਵਿੱਚ ਹੋਏ ਇਕ ਅਜਿਹੇ ਹੀ ਮੁਕਾਬਲੇ ਦੀ ਦਾਸਤਾਨ ਪੇਸ਼ ਕਰਦਾ ਹੈ ਬੇਲਾ ਭਾਟੀਆ ਦਾ ਲੇਖ।

ਉਹ ਥਾਂ ਜਿੱਥੇ ਸੁੱਕੀ ਗੋਲੀ ਲੱਗਣ ਬਾਅਦ ਡਿੱਗੀ

ਬਸਤਰ ਵਿੱਚ ਸੁਕਮਾਂ ਜਿਲ੍ਹੇ ਦੀ ਤਹਿਸੀਲ ਕੋਟਾ ਦਾ ਇਕ ਪਿੰਡ ਹੈ ਗੋਡਲਗੁਡਾ। ਇਸ ਪਿੰਡ ਦੀਆਂ ਤਿੰਨ ਨੌਜਵਾਨ ਔਰਤਾਂ ਸਵੇਰੇ ਸਵੇਰੇ ਜੰਗਲ ਵਿੱਚੋ ਬਾਲਨ ਲਈ ਲੱਕੜਾਂ ਲੈਣ ਲਈ ਨਿਕਲੀਆਂ। ਉਹਨਾਂ ਕੋਲ ਲੱਕੜਾਂ ਕੱਟਣ ਲਈ ਕੁਹਾੜੀਆ ਸਨ। ਅਜੇ ਉਹ ਜੰਗਲ ਤੋਂ ਦੂਰ ਪਿੰਡ ਤੋਂ ਮਸਾ ਅੱਧਾ ਕਿਲੋਮੀਟਰ ਹੀ ਗਈਆਂ ਸਨ ਕਿ ਉਹਨਾਂ ਨੂੰ ਸਾਹਮਣੇ ਤੋਂ ਸੁਰੱਖਿਆ ਦਸਤੇ ਆਉਦੇ ਦਿਸੇ ਅਤੇ ਬਿਨ੍ਹਾਂ ਕਿਸੇ ਖ਼ਾਸ ਚੇਤਾਵਨੀ ਦੇ ਉਹ ਉਹਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਈਆ। ਇਕ ਔਰਤ ਦੇ ਢਿੱਡ ਵਿੱਚ ਗੋਲੀ ਲੱਗੀ ਅਤੇ ਦੂਜੀ ਦੇ ਪੱਟ ਵਿਚ ਤੀਜੀ ਕਿਸੇ ਤਰ੍ਹਾਂ ਬੱਚ ਗਈ। ਢਿੱਡ ਵਿੱਚ ਗੋਲੀ ਲੱਗਣ ਵਾਲੀ ਔਰਤ ਦਾ ਨਾਮ ਸੁੱਕੀ ਸੀ, ਗੋਲੀ ਲੱਗਦੇ ਉਹ ਡਿੱਗ ਪਈ ਸੀ ਤੇ ਪਾਣੀ ਮੰਗ ਰਹੀ ਸੀ। ਗੋਲੀ ਲੱਗਣ ਤੋਂ ਬਚੀ ਔਰਤ ਜਿਸਦਾ ਨਾਮ ਪੋਦਿਅਮ ਹੁੰਗੀ ਸੀ, ਨੇ ਦੂਸਰੀ (ਕਾਲਮੁ ਦੇਵੇ) ਔਰਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਲਿਆਂਦਾ। ਉੱਥੇ ਉਹ ਕੁਝ ਹੋਰ ਬੰਦਿਆ ਨੂੰ ਨਾਲ ਲੈਕੇ ਘਟਨਾ ਵਾਲੀ ਥਾਂ ਤੇ ਪਹੁੰਚੀ ਤਾਂ ਉਹਨਾਂ ਨੇ ਦੇਖਿਆ ਕਿ ਸੁਰੱਖਿਆ ਦਸਤੇ ਸੁੱਕੀ ਨੂੰ ਮਾਓਵਾਦੀ ਵਰਦੀ ਪਾ ਰਹੇ ਸੀ। ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਸੁਰੱਖਿਆ ਦਸਤਿਆਂ ਨੇ ਉਸਨੂੰ ਪਾਲੀਥੀਨ ਦੀ ਚਾਦਰ ਵਿੱਚ ਲਪੇਟ ਲਿਆ। ਸੁੱਕੀ ਅਜੇ ਵੀ ਜਿਉਂਦੀ ਸੀ ਅਤੇ ਪਾਣੀ ਮੰਗ ਰਹੀ ਸੀ। ਸੁਰੱਖਿਆ ਦਸਤੇ ਉਹਨੂੰ ਇਹ ਕਹਿਕੇ ਨਾਲ ਲੈ ਗਏ ਕਿ ਕੈਪ ਵਿੱਚ ਹਸਪਤਾਲ ਹੈ। ਜਦੋਂ ਪਰਿਵਾਰ ਵਾਲੇ ਕੈਪ ਵਿੱਚ ਪਹੁੰਚੇ ਤਾਂ ਸੁੱਕੀ ਮਰ ਚੁੱਕੀ ਸੀ। ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ ਅਤੇ ਛੇਤੀ ਸਸਕਾਰ ਕਰਨ ਉੱਤੇ ਜ਼ੋਰ ਪਾਇਆ ਗਿਆ।

ਕਾਲਮੁ ਦੇਵੇ ਤੇ ਪੋਦਿਅਮ ਹੁੰਗੀ

ਇਸ ਤੋਂ ਬਾਅਦ ਔਰਤ ਦੇ ਮਾਰੇ ਜਾਣ ਦੀਆਂ ਕਹਾਣੀਆਂ ਦੀ ਘਾੜਤ ਸ਼ੁਰੂ ਹੋਈ। ਪਹਿਲਾ ਜ਼ਿਲ੍ਹਾ ਪੁਲਿਸ ਮੁੱਖੀ ਨੇ ਕਿਹਾ ਕਿ ਤਿੰਨ ਮਾਓਵਾਦੀ ਔਰਤਾਂ ਪੁਲਿਸ ਮੁਕਾਬਲੇ ਵਿੱਚ ਮਾਰੀਆ ਗਈਆਂ। ਪਰ ਜਦੋਂ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ ਲੱਗਣ ਲੱਗੇ ਤਾਂ ਕਹਾਣੀ ਥੋੜੀ ਬਦਲੀ ਗਈ ਅਤੇ ਕਿਹਾ ਗਿਆ ਕਿ ਉਹ ਆਮ ਔਰਤਾਂ ਸਨ ਅਤੇ ਸੁਰੱਖਿਆ ਬਲਾਂ ਤੇ ਮਾਓਵਾਦੀਆਂ ਵਿਚਕਾਰ ਹੋਈ ਗੋਲਾਬਾਰੀ ਵਿੱਚ ਮਾਰੀਆ ਗਈਆ। ਪਰ ਇਹ ਕਹਾਣੀ ਵੀ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੀ। ਇਲਾਕ਼ੇ ਦੇ ਲੋਕ, ਪੱਤਰਕਾਰ, ਸੀ.ਪੀ. ਆਈ. ਅਨੁਸਾਰ ਉਸ ਦਿਨ ਉਸ ਇਲਾਕ਼ੇ ਵਿੱਚ ਕੋਈ ਨਕਸਲੀ ਹਲਚਲ ਜਾ ਗੋਲੀਬਾਰੀ ਨਹੀਂ ਹੋਈ ਸੀ। ਕੋਂਟਾ ਹਲਕੇ ਦੇ ਕਾਂਗਰਸੀ MLA ਕਵਾਸੀ ਲਖਮਾਂ ਨੇ ਵੀ ਕਿਹਾ ਕਿ ਇਹ ਇਕ ਝੂਠਾ ਮੁਕਾਬਲਾ ਸੀ ਅਤੇ ਇਹ ਔਰਤਾਂ ਇਸ ਦਾ ਸ਼ਿਕਾਰ ਹੋ ਗਈਆ ਸਨ। ਉਸਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕ ਵਿਸ਼ਵਾਸ ਨੂੰ ਢਾਹ ਲਾਉਦੀਆ ਹਨ। ਆਦਿਵਾਸੀ ਜਥੇਬੰਦੀਆਂ ਨੇ ਇਸ ਘਟਨਾ ਦੇ ਵਿਰੋਧ ਵਿੱਚ ਸੁਕਮਾਂ ਬੰਦ ਕਰਨ ਦਾ ਸੱਦਾ ਦਿੱਤਾ ਹੈ।

ਇਸ ਦੇਸ਼ ਵਿੱਚ ਆਮ ਤੌਰ ਤੇ ਸਰਕਾਰੀ ਅੱਤਵਾਦ ਅਤੇ ਭੀੜ ਤੰਤਰ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ ਦੇ ਨਾਮ ਤੇ ਕੁਝ ਪੈਸਿਆਂ ਦੀ ਸਹਾਇਤਾ ਦਿੱਤੀ ਜਾਂਦੀ ਹੈ ਇਕ ਪੜਤਾਲੀਆ ਸਭਾ ਕਾਇਮ ਕੀਤੀ ਜਾਂਦੀ ਹੈ ਜੋ ਸਮੇਂ ਦੀ ਗਰਦਿਸ਼ ਵਿੱਚ ਗੁੰਮ ਹੋ ਜਾਂਦੀ ਹੈ ਅਤੇ ਦੋਸ਼ੀ ਬੜੇ ਆਰਾਮ ਅਤੇ ਸਕੂਨ ਨਾਲ ਜਿਉਂਦੇ ਹਨ। ਇਸ ਘਟਨਾ ਵਾਲੇ ਮਾਮਲੇ ਵਿੱਚ ਵੀ ਇਹੋ ਹੋਇਆ ਹੈ। ਕੁਝ ਪੈਸੇ ਦਿੱਤੇ ਗਏ, ਅਣਜਾਣ ਲੋਕਾਂ ਤੇ ਕੇਸ ਦਰਜ ਕੀਤੇ ਅਤੇ ਇਕ ਪੜਤਾਲੀਆ ਕਮੇਟੀ ਬਣਾਈ ਗਈ। ਸਰਗਮ ਆਦਿਵਾਸੀ ਪੱਤਰਕਾਰ ਦੀ ਟਿੱਪਣੀ ” ਅਜਿਹੀਆਂ ਪੜਤਾਲ ਕਮੇਟੀਆਂ ਦਾ ਕੀ ਫਾਇਦਾ ਜਿਹੜੀਆਂ ਪੁਲਿਸ ਵਧੀਕੀਆਂ ਨੂੰ ਜਾਚਣ ਲਈ ਪੁਲਿਸ ਵੱਲੋਂ ਹੀ ਬਣਾਈਆਂ ਜਾਣ ਖ਼ਾਸ ਤੌਰ ਤੇ ਜਦੋਂ ਸਭ ਕੁਝ ਪਹਿਲਾ ਹੀ ਪਤਾ ਹੋਵੇ ਕਿ ਕੀ ਹੋਇਆ ਸੀ”, ਹਲਾਤਾਂ ਦੀ ਸਚਾਈ ਬਿਆਨ ਕਰਦੀ ਹੈ। ਉਸਨੇ ਸੁਰੱਖਿਆ ਬਲਾਂ ਦੁਆਰਾ ਕੀਤੀ ਕਾਰਵਾਈ ਨੂੰ ਸ਼ਿਕਾਰ ਖੇਡਣ ਦਾ ਨਾਮ ਦਿੱਤਾ ਹੈ। ਉਹਨੇ ਕਿਹਾ ਜਦ ਸੁਰੱਖਿਆ ਬਲਾਂ ਕੋਲ ਬੰਦੂਕ ਦੇ ਨਾਲ ਨਾਲ ਪਾਲੀਥੀਨ ਦੀ ਚਾਦਰ ਹੋਵੇ ਤਾਂ ਇਹ ਮਾਓਵਾਦੀ ਨੂੰ ਮਾਰਨ ਦੀ ਬਜਾਏ ਉਸਦਾ ਸ਼ਿਕਾਰ ਖੇਡਣ ਦੇ ਬਰਾਬਰ ਹੈ।

ਬੇਲਾ ਭਾਟੀਆ ਦੇ ਇਸ ਲੇਖ ਵਿੱਚ ਪੇਸ਼ ਕੀਤੀ ਗਈ ਘਟਨਾ ਕੋਈ ਨਵੀਂ ਨਹੀਂ ਹੈ। ਜਦੋਂ ਮੁਲਕ ਦੇ ਹੁਕਮਰਾਨ ਕੋਲ ਕੋਈ ਹੋਰ ਮੁੱਦਾ ਨਹੀਂ ਹੁੰਦਾ ਤਦ ਅਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਹਨ, ਸਰਕਾਰ ਭਾਵੇ ਕਿਸੀ ਵੀ ਸਿਆਸੀ ਪਾਰਟੀ ਦੀ ਹੋਵੇ। ਪੰਜਾਬ, ਜੰਮੂ ਕਸ਼ਮੀਰ ਅਤੇ ਉੱਤਰੀ ਪੂਰਵੀ ਭਾਰਤੀ ਇਲਾਕੇ ਦੇ ਲੋਕ ਖਾਸ ਤੌਰ ਤੇ ਇਸ ਦੇ ਸ਼ਿਕਾਰ ਹੋਏ ਹਨ ਅਤੇ ਹੋ ਰਹੇ ਹਨ। ਪੰਜਾਬ ਵਿੱਚ ਅਨਪਛਾਤੀਆ ਲਾਸ਼ਾਂ ਦੀ ਛਾਣ ਬਿਨ ਕਰਦਾ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਾਰਕੁੰਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਇਸ ਨਿਜ਼ਾਮ ਹੱਥੋਂ ਖੁਦ ਇਕ ਲਾਸ਼ ਬਣ ਗਿਆ। ਇਸ ਤਰ੍ਹਾਂ ਕਈ ਹੋਰ ਵੀ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਇਸ ਰਾਸ਼ਟਰਵਾਦ ਦਾ ਸ਼ਿਕਾਰ ਹੋਏ ਹਨ। ਜਦੋਂ ਇਹ ਰਾਸ਼ਟਰਵਾਦੀ ਹੁਕਮਰਾਨ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦੇਸ਼ ਦੀਆਂ ਸਰਹੱਦਾਂ ਤੇ ਖ਼ਤਰੇ ਦਾ ਐਲਾਨ ਕਰਦੇ ਹਨ ਤਾਂ ਰਾਹਤ ਇੰਦੋਰੀ ਇਸ ਹਲਾਤਾਂ ਨੂੰ ਇੰਝ ਪੇਸ਼ ਕਰਦਾ ਹੈ:

ਸਰਹੱਦੋਂ ਪਰ ਤਨਾਵ ਹੈ ਕਿਆ,
ਜ਼ਰਾ ਪਤਾ ਤੋਂ ਕਰੋ ਚੁਨਾਵ ਹੈ ਕਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,