January 30, 2025 | By ਸਿੱਖ ਸਿਆਸਤ ਬਿਊਰੋ
ਬੰਗਾ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਥ ਸੇਵਕ ਜਥਾ ਦੋਆਬਾ ਵਲੋਂ ਅਰੰਭ ਕੀਤੀ ਸੰਬਾਦ ਯਾਤਰਾ ਦੇ ਚੱਲਦਿਆਂ ਅੱਜ ਪਿੰਡ ਝੰਡੇਰ ਕਲਾਂ ਤਹਿਸੀਲ ਬੰਗਾ ਵਿਖੇ ਇਕੱਤਰਤਾ ਕੀਤੀ ਗਈ। ਜਿਸ ਵਿਚ ਜਥੇਦਾਰ ਦਲਜੀਤ ਸਿੰਘ ਮੌਲਾ ਹੁਣੀ ਬੋਲਦਿਆਂ ਕਿਹਾ ਕਿ ਅਕਾਲ ਪੁਰਖ ਦੇ ਇਸ ਧਰਤੀ ਤੇ ਵਿਚਰਨ ਦੇ ਕੁਝ ਨਿਯਮ ਅਤੇ ਸਿਧਾਂਤ ਹਨ ਜੋ ਵੱਖ ਵੱਖ ਧਰਮਾਂ ਅਤੇ ਉਨਾਂ ਨੂੰ ਮੰਨਣ ਵਾਲੇ ਲੋਕਾਂ ਦੀ ਸਮੂਹਿਕ ਮਰਜ਼ੀ ਦਾ ਪ੍ਰਗਟਾਵਾ ਕਰਦੀਆਂ ਸੰਸਥਾਵਾਂ ਰਾਹੀਂ ਰੂਪਮਾਨ ਹੁੰਦੇ ਹਨ।

ਜਥੇਦਾਰ ਦਲਜੀਤ ਸਿੰਘ ਮੌਲਾ ਨਾਲ ਹੋਰ ਆਗੂ।
ਇਸ ਪ੍ਰਥਾਏ ਹਰਿ ਧਰਮ ਦੀਆਂ ਆਪੋ ਆਪਣੀਆਂ ਪਰ ਅਕਾਲ ਪੁਰਖ ਦੇ ਹੁਕਮ ਨਾਲ ਸਾਜੀਆਂ ਗਈਆਂ ਸੰਸਥਾਵਾਂ ਹਨ ਜਿਨਾਂ ਨੇ ਆਪਣੇ ਲੋਕਾਂ ਦੀ ਸ਼ਕਤੀ ਨੂੰ ਬਣਾ ਕੇ ਰੱਖਣ ਲਈ ਵਿਚਾਰ ਕਿਰਿਆ ਅਤੇ ਸੰਗਠਨਾਤਮਕ ਪੱਧਰ ਉੱਤੇ ਆਪਣੇ ਆਪ ਨੂੰ ਸੰਗਠਿਤ ਕੀਤਾ ਹੈ। ਇਹਨਾਂ ਜਥੇਬੰਦੀਆਂ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਨਾਂ ਨੇ ਆਪਸੀ ਤਾਲਮੇਲ ਕਰਕੇ ਸਤਾ ਸਮੇਤ ਮਨੁੱਖੀ ਕਿਰਿਆ ਨੂੰ ਵਿਸ਼ੇਸ਼ ਦਿਸ਼ਾ ਦੇ ਕਿ ਉਹਨਾਂ ਦਾ ਕਿਵੇਂ ਸ਼ਕਤੀਸ਼ਾਲੀ ਮਾਰਗ ਦਰਸ਼ਨ ਕਰਨਾ ਹੈ, ਧਰਮ ਦੀ ਸੰਸਥਾ ਨੇ ਇਹ ਵੀ ਵੇਖਣਾ ਹੈ ਕਿ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਮਨੁੱਖ ਨੂੰ ਅਕਾਲ ਪੁਰਖ ਦੀ ਸ਼ਕਤੀ ਦੇ ਅੰਗ ਸੰਗ ਰੱਖਣ ਲਈ ਉਸ ਨੂੰ ਉਸਦੀ ਬਖਸ਼ਿਸ਼ ਦੇ ਪਾਤਰ ਕਿਵੇਂ ਬਣਾਉਣਾ ਹੈ। ਇਸ ਦ੍ਰਿਸ਼ਟੀਕੋਣ ਤੋਂ ਅਕਾਲ ਤਖਤ ਸਾਹਿਬ ਵਿਸ਼ਵ ਧਰਮਾਂ ਦੀਆਂ ਆਗੂ ਸੰਸਥਾਵਾਂ ਦੇ ਪਰਿਵਾਰ ਵਿੱਚ ਇੱਕ ਪ੍ਰਭਾਵਸ਼ਾਲੀ ਸੰਸਥਾ ਹੈ। ਇਸ ਦੀ ਸ਼ਕਤੀ ਨੂੰ ਬਣਾ ਕੇ ਰੱਖਣ ਇਸ ਦੀ ਬੁਨਿਆਦ ਦੇ ਮੁੱਢਲੇ ਸਿਧਾਂਤਾਂ ਤੇ ਪਰੰਪਰਾਵਾਂ ਅਨੁਸਾਰ ਇਸ ਦੀ ਧਾਰਮਿਕ ਰਾਜਨੀਤਿਕ ਆਦਿ ਖੇਤਰਾਂ ਵਿੱਚ ਹਰ ਜੁਗ ਦੀ ਪ੍ਰਸੰਗਿਕ ਭੂਮਿਕਾ ਦੇ ਯੋਗਦਾਨ ਨੂੰ ਬਣਾਈ ਰੱਖਣ ਅਤੇ ਸਿੱਖ ਪੰਥ ਦੀ ਸਮੂਹਿਕ ਮਰਜ਼ੀ ਦਾ ਪ੍ਰਤੀਨਿਧਤਵ ਕਰਦੇ ਰਹਿਣ ਦੇ ਮਹਾਨ ਮਿਸ਼ਨ ਦੀ ਪੂਰਤੀ ਲਈ ਖਾਲਸਾ ਪੰਥ ਜਿੰਮੇਵਾਰ ਹੈ।ਅਕਾਲ ਤਖਤ ਸਾਹਿਬ ਬਿਸ਼ਵ ਧਰਮ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਬਣ ਚੁੱਕੀ ਸੰਸਥਾ ਹੈ। ਇਹ ਸਿੱਖ ਧਰਮ ਦੀਆਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਸੰਸਥਾਵਾਂ ਦੀ ਸੰਸਥਾ ਹੈ ਜਿਸ ਨੇ ਸਿੱਖ ਪੰਥ ਦੇ ਇੱਕ ਧਾਰਮਿਕ ਸਮੂਹ ਤੋਂ ਸਮਾਜਿਕ ਰਾਜਨੀਤਿਕ ਰੂਪਾਂਤਰਣ ਕਿਰਿਆ ਵਿੱਚ ਪਿਤਾ ਰੂਪੀ ਸ਼ਖਸ਼ੀਅਤ ਵਾਂਗ ਇਤਿਹਾਸਕ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਸੰਸਾਰ ਦੇ ਦੁਨਿਆਵੀ ਰਾਜਿਆਂ ਦੇ ਮੁਕਾਬਲੇ ਅਕਾਲ ਤਖਤ ਸਾਹਿਬ ਦੇ ਸਿਧਾਂਤਕ ਅਤੇ ਵਿਵਹਾਰਿਕ ਆਸਣ ਉੱਤੇ ਸੱਚੇ ਪਾਤਸ਼ਾਹ ਅਥਵਾ ਅਕਾਲ ਪੁਰਖ ਦੀ ਪਾਤਸ਼ਾਹੀ ਗੁਰੂ ਸ਼ਖਸ਼ੀਅਤ ਦੇ ਰੂਪ ਵਿੱਚ ਬਿਰਾਜਮਾਨ ਹੈ। ਅਕਾਲ ਪੁਰਖ ਦੀ ਸ਼ਕਤੀ ਨੇ ਅਕਾਲ ਤਖਤ ਸਾਹਿਬ ਰਾਹੀਂ ਮਨੁੱਖੀ ਜੀਵਨ ਦੇ ਰੂਹਾਨੀ ਤੇ ਦੁਨਿਆਵੀ ਸਰੋਕਾਰਾਂ ਤੇ ਸੰਸਕਾਰਾਂ ਨੂੰ ਇੱਕ ਵਿਸ਼ੇਸ਼ ਦਿਸ਼ਾ ਦੇ ਕੇ ਉਸ ਦਾ ਖਾਲਸਾ ਪੰਥ ਰਾਹੀਂ ਮਾਰਗਦਰਸ਼ਨ ਕਰਨਾ ਹੈ। ਅਕਾਲ ਤਖਤ ਸਾਹਿਬ ਰੂਹਾਨੀ ਧਾਰਮਿਕ ਅਤੇ ਰਾਜਨੀਤਿਕ ਸੰਦਰਭ ਵਿੱਚ ਸਿੱਖ ਪੰਥ ਦਾ ਰਾਜ ਸਿੰਘਾਸਣ ਹੈ।
ਇਸ ਮੌਕੇ ਢਾਢੀ ਸੁਖਵਿੰਦਰ ਸਿੰਘ ਅਨਮੋਲ ਅਤੇ ਢਾਡੀ ਅਮਰਜੀਤ ਸਿੰਘ ਭਰੋਲੀ ਹੁਣਾਂ ਇਤਿਹਾਸਕ ਹਵਾਲਿਆਂ ਰਾਹੀਂ ਦੱਸਿਆ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਕਿਵੇਂ ਬਰਕਰਾਰ ਰੱਖੀ ਜਾ ਸਕਦੀ ਹੈ। ਇਕੱਤਰਤਾ ਵਿੱਚ ਪ੍ਰਭਪ੍ਰੀਤ ਸਿੰਘ ਮੱਲਾ, ਤਾਰਾ ਸਿੰਘ ਝੰਡੇਰ ਕਲਾਂ, ਗੁਰਮੀਤ ਸਿੰਘ ਝੰਡੇਰ ਕਲਾਂ, ਜਗਰੂਪ ਸਿੰਘ, ਰਿਪਨਜੀਤ ਝੰਡੇਰ, ਹਰਦੀਪ ਸਿੰਘ ਬੀਸਲਾ, ਕਰਮਜੀਤ ਸਿੰਘ ਬੀਸਲਾ, ਜਥੇਦਾਰ ਜਰਨੈਲ ਸਿੰਘ ਨਵਾਂ ਸ਼ਹਿਰ, ਮਾਸਟਰ ਬਖਸ਼ੀਸ਼ ਸਿੰਘ, ਤਿਲਕਰਾਜ ਸਿੰਘ ਚਾਹਲ ਕਲਾਂ ਅਤੇ ਅਵਤਾਰ ਸਿੰਘ ਜਗਤਪੁਰ ਆਦਿ ਸ਼ਾਮਲ ਹੋਏ।
ਇਹ ਵੀ ਪੜ੍ਹੋ-
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਅਕਾਲੀ ਪ੍ਰੰਪਰਾ ਨੂੰ ਸੁਰਜੀਤ ਕਰਨ ਦੀ ਲੋੜ- ਭਾਈ ਮਨਧੀਰ ਸਿੰਘ
Related Topics: Akal Takht Sahib, Akalis, Jathedar Daljeet Singh Mola, Panth Sewak Jatha Doaba, Shiromani Gurdwara Parbandhak Committee ( SGPC)