ਪੱਤਰ

ਕਿਸਾਨ ਹਿਤੈਸ਼ੀਆਂ ਦੇ ਨਾਮ : ਬਾਪੂ ਹਰਦੀਪ ਸਿੰਘ ਡਿਬਡਿਬਾ ਵੱਲੋਂ ਖੁੱਲ੍ਹੀ ਚਿੱਠੀ

April 1, 2021 | By

ਪੰਜਾਬ ਦੇ ਮਾਣਮੱਤੇ ਅਤੇ ਮੇਰੇ ਦਿਲ ਅਜ਼ੀਜ ਪਿਆਰੇ ਪੁੱਤਰੋ, ਪਹਿਲੀ ਚਿੱਠੀ ਮੈਂ ਤੁਹਾਨੂੰ ਵੈਰਾਗਮਈ ਅਵਾਸਥਾ ਤੇ ਤੁਹਾਡੇ ਉੱਪਰ ਅਥਾਹ ਵਿਸ਼ਵਾਸ ਕਰਦਿਆਂ ਕਿਸਾਨੀ ਸੰਘਰਸ਼ ਦੇ ਉਸ ਖਾਸ ਪਲੇਟਫਾਰਮ ਤੇ ਪਹੁੰਚਣ ਲਈ ਲਿਖੀ, ਜਿੱਥੇ ਅੱਜ ਮੇਰੇ ਪੋਤਰੇ ਨਵਰੀਤ ਸਿੰਘ ਸਮੇਤ ਲੱਗਭਗ ਤਿੰਨ ਸੌ ਕਿਸਾਨ ਅਪਣੀ ਜਾਨ ਦੀ ਬਾਜ਼ੀ ਲਾ ਚੁੱਕੇ ਹਨ।ਜਿਵੇਂ ਮੇਰੇ ਤੇ ਮੇਰੇ ਪਰਿਵਾਰ ਲਈ ਨਵਰੀਤ ਦੀ ਸ਼ਹਾਦਤ ਪ੍ਰੇਰਣਾ ਦਾ ਸਰੋਤ ਬਣੀ ਓਹੀ ਜਜ਼ਬਾ ਤੇ ਸੋਚ ਮੈਂ ਪੰਜਾਬ ਤੇ ਹਰਿਆਣਾ ਦੇ ਕਿਸਾਨੀ ਸੰਘਰਸ਼ ਲਈ ਸਹੀਦ ਹੋਏ ਪਰਿਵਾਰਾਂ ਵਾਲਿਆਂ ਦੀਆਂ ਅੱਖਾਂ ਵਿੱਚ ਵੇਖਿਆ। ਤੁਹਾਡੇ ਪ੍ਰਤੀ ਪਿਆਰ ਦੇ ਚਸ਼ਮਿਆਂ ਵਿਚੋਂ ਉਪਜੀ ਸਿਆਹੀ ਅਤੇ ਰੂਹ ਰੂਪੀ ਕਲਮ ਨਾਲ ਲਿਖੀ ਮੇਰੀ ਇਹ ਚਿੱਠੀ ਕਿਸਾਨ ਅੰਦਲੋਨ ਪ੍ਰਤੀ ਮੇਰੇ ਸੰਕਲਪ ਨੂੰ ਤੁਹਾਡੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਲਈ ਹੈ। ਤੁਹਾਡੇ ਵੱਲੋਂ ਮੇਰੇ ਵਿਸ਼ਵਾਸ ਨੂੰ ਦਿਲੋਂ ਸਮਰਪਿਤ ਹੋਣਾ ਹੀ ਮੇਰੇ ਬੁਢਾਪੇ ਦਾ ਵੱਡਾ ਸਹਾਰਾ ਹੈ ਅਤੇ ਇਸ ਸਦਕਾ ਹੀ ਸਾਂਝੇ ਕਿਸਾਨ ਮੋਰਚੇ ਵਿੱਚ ਆਈ ਹਰ ਤਰ੍ਹਾਂ ਦੀ ਖੜੋਤ ਨੂੰ ਦੂਰ ਕਰਨ ਦੇ ਮੇਰੇ ਇਸ ਸੰਕਲਪ ਨੂੰ ਭਰਪੂਰ ਬਲ ਮਿਲਿਆ ਹੈ।ਅਕਾਲ ਪੁਰਖ ਦੀ ਬਖਸ਼ਿਸ ਸਦਕਾ ਇਹ ਮਹਿਸੂਸ ਕਰਦਾ ਹਾਂ ਕਿ ਜਦ ਤੱਕ ਮੈਂ ਸਰੀਰਕ ਚੋਲਾ ਛੱਡ ਇਸ ਫਾਨੀ ਸੰਸਾਰ ਤੋਂ ਰੁੱਖਸਤੀ ਨਹੀਂ ਕਰਦਾ, ਉਸ ਸਮੇਂ ਤੱਕ ਕਿਸਾਨ ਵਿਰੋਧੀ ਤਾਕਤਾਂ ਦਾ ਬੜੇ ਹੌਸਲੇ ਨਾਲ ਡਟ ਕੇ ਮੁਕਾਬਲਾ ਕਰਾਂਗਾ।ਸਿਆਣਿਆਂ ਦਾ ਕਥਨ ਹੈ ਕਿ ਜੇ ਰੁੱਖ ਨੂੰ ਸੁਕਾਉਣਾ ਹੋਵੇਂ ਤਾਂ ਉਸ ਦੀਆਂ ਜੜ੍ਹਾਂਵਿੱਚ ਤੇਲ ਪਾ ਦਿਓ ਤੇ ਅੱਜ ਬੱਚੇ, ਬਜ਼ੁਰਗ, ਧੀਆਂ ਭੈਣਾਂ, ਨੌਜਵਾਨਾਂ ਅਤੇ ਸਭ ਵਰਗਾਂ ਦਾ ਇੱਕ ਮਿੱਕ ਹੋ ਕੇ ਤੁਰਨਾ ਹੀ ਸਾਡੇ ਕਿਸਾਨ ਸੰਘਰਸ਼ ਦੀਆਂ ਮਜਬੂਤ ਜੜ੍ਹਾਂ ਹਨ। ਮੋਰਚੇ ਦੀਆਂ ਵਿਰੋਧੀਆਂ ਤਾਕਤਾਂ ਅੰਦਲੋਨ ਦੇ ਪਹਿਲੇ ਦਿਨ ਤੋਂ ਹੀ ਮੌਕੇ ਦੀ ਇਸ ਤਾਕ ਵਿੱਚ ਸਨ ਕਿ ਕਦ ਉਹ ਸਾਂਝੇ ਘੋਲ ਦੇ ਹਰੇ ਭਰੇ ਰੁੱਖ ਦੀਆਂ ਜੜ੍ਹਾਂ ਨੂੰ ਤੇਲ ਦੇਣ ਤੇ ਆਖ਼ਰਕਾਰ ਇੱਕ ਦਿਨ ਲੰਮੇ ਸਮੇਂ ਬਾਅਦ 26 ਜਨਵਰੀ ਵਾਲੇ ਦਿਨ ਇਹਨਾਂ ਵਿਰੋਧੀ ਤਾਕਤਾਂ ਨੂੰ ਇਹ ਮੌਕਾ ਮਿਲ ਗਿਆ। ਕਿਸਾਨ ਸੰਯੁਕਤ ਮੋਰਚੇ ਦੇ ਸਭ ਸ਼ਹੀਦਾਂ ਦੀ ਰੂਹਾਨੀ ਤਾਕਤ ਨੂੰ ਆਪਣੀ ਤਾਕਤ ਮੰਨਦਾ ਹੋਇਆ ਮੈਂ ਇਹਨਾਂ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਅਤੇ ਸਾਡੇ ਮੋਰਚੇ ਦੀਆਂ ਜੜ੍ਹਾਂ ਵਿੱਚ ਪਾਏ ਤੇਲ ਨੂੰ ਬੇ-ਅਸਰ ਕਰਨ ਦੇ ਸੰਕਲਪ ਨਾਲ ਉੱੱਤਰਾਖੰਡ ਦੀ ਧਰਤੀ ਤੋਂ ਆਪਣੀ ਮਾਤ ਭੂਮੀ ਧਰਤੀ ਪੰਜਾਬ ਪਹੁੰਚਿਆ ਹਾਂ। ਨੌਜਵਾਨਾਂ ਤੇ ਕਿਸਾਨ ਜੱਥੇਬੰਦੀਆਂ ਦੀ ਇਕਜੁੱਟਤਾ, ਵੱਖ ਵੱਖ ਵਿਚਾਰਧਾਰਾਵਾਂ ਦਾ ਮੇਲ ਕਰਵਾਉਣਾ,ਸ਼ਾਂਤਮਈ ਸਰੂਪ ਅੰਦਲੋਨ ਦੀ ਸ਼ਕਤੀ ਨੂੰ ਮੁੜ ਇਕਮੁੱਠ ਕਰ ਮੋਰਚੇ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰੱਖਣਾ ਹੀ ਹੁਣ ਮੇਰਾ ਮੁੱਖ ਉਦੇਸ਼ ਹੈ। ਵਿਰੋਧੀ ਤਾਕਤਾਂ ਦੇ ਕੂੜ ਪ੍ਰਚਾਰ ਜਿਵੇਂ ਕਿਸਾਨੀ ਸੰਘਰਸ਼ ਮੱਠਾ ਪੈ ਚੁੱਕਿਆ ਹੈ, ਸਿੱਖ-ਕਾਮਰੇਡ ਇਕ ਦੂਜੇ ਨਾਲ ਬੈਠਣ ਨੂੰ ਤਿਆਰ ਨਹੀ, ਨੌਜਵਾਨੀ ਦਿੱਲੀ ਦੀਆ ਬਰੂਹਾਂ ਤੇ ਚੱਲ ਰਹੇ ਧਰਨੇ ਤੋਂ ਮੂੰਹ ਮੋੜ ਚੁੱਕੀ ਹੈ ਆਦਿ ਦੰਦ ਕਥਾਵਾਂ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਪੰਜਾਬ ਦੀ ਨੌਜਵਾਨੀ ਤੇ ਵੱਖ ਵੱਖ ਵਿਚਰਾਧਾਰਾਂ ਨੂੰ ਸੂੰਪਰਨ ਜੋੜਣ ਲਈ ਹੀ ਬੀਤੀ 25 ਮਾਰਚ ਨੂੰ ਮੋਗਾ ਤੋ ਕਿਸਾਨੀ ਸੰਘਰਸ ਦੇ ਕੇਦਰ ਬਿੰਦੂ ਸਿੰਘੂ ਬਾਰਡਰ ਤੱਕ ਨੌਜਵਾਨ-ਕਿਸਾਨ ਮੋਰਚਾ ਇਕਜੁੱਟਤਾ ਮਾਰਚ ਕੱਢਿਆ ਗਿਆ ਸੀ।

ਪਿਆਰੇ ਬੱਚਿਓ ਮੇਰੇ ਇੱਕ ਸੱਦੇ ਨੂੰ ਏਨਾ ਭਰਵਾਂ ਹੁੰਗਾਰਾ ਦੇ ਕੇ ਤੁਸੀਂ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਪੰਜਾਬ ਦੇ ਧੀਆਂ ਪੁੱਤ ਆਪਣੇ ਬਜੁਰਗਾਂ ਦੀ ਕਦਰ ਕਰਦੇ ਹਨ ਤੇ ਹਮੇਸ਼ਾਂ ਕਰਦੇ ਰਹਿਣਗੇ।ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਹਾਂ ਕਿ ਮਾਰਚ ਵਿਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਪੰਜਾਬ ਦੇ ਲੋਕ ਸੰਘਰਸ਼ਾਂ ਲਈ ਨਵੀਂ ਸਵੇਰ ਲੈ ਕੇ ਆਈ ਹੈ ਅਤੇ ਇਸ ਮਾਰਚ ਨੇ ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਵਿੱਚ ਓਹ ਵਿਸ਼ਵਾਸ ਰੂਪੀ ਅੰਮ੍ਰਿਤ ਪਾਇਆ ਹੈ ਕਿ ਹੁਣ ਕਿਸੇ ਵੀ ਤੇਲ ਵਿੱਚ ਏਨੀ ਹਿੰਮਤ ਨਹੀਂ ਕਿ ਉਹ ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਨੂੰ ਸੁਕਾ ਸਕੇ।ਇਸ ਮਾਰਚ ਦੇ ਚੱਲਦਿਆਂ ਆਪ ਸਭ ਸੰਗਤਾਂ ਅਤੇ ਸਿੰਘੂ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਲੇ ਮਾਣ ਸਨਮਾਨ ਤੇ ਸਹਿਯੋਗ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਮੇਰੀ ਸੋਚ ਦੇ ਫੁਰਨਿਆਂ ਨੂੰ ਮੰਜ਼ਿਲ ਮਿਲ ਗਈ ਹੈ।ਇੱਕ ਗੱਲ ਹੋਰ ਜੋ ਮੈਂ ਮਹਿਸੂਸ ਕਰੀ ਕਿ ਇਸ ਕਾਫ਼ਲੇ ਦੇ ਕੁਝ ਸਿਪਾਹੀ ਅਤੇ ਦਿੱਲੀ ਬੈਠੇ ਕੁੱਝ ਲੋਕ ਮੇਰੀ ਇਸ ਜੰਗ ਲਈ ਵਫ਼ਾਦਾਰ ਨਹੀਂ ਸਨ ਪਰ ਤੁਹਾਡੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਸਾਫ ਸੁਥਰੀ ਤੇ ਸੱਚੀ ਨੀਅਤਾਂ ਨੂੰ ਵਾਹਿਗੁਰੂ ਨੇ ਸਫਲਤਾ ਬਖਸ਼ੀ।ਅੱਜ ਦਿਲੋਂ ਵਾਹਿਗੁਰੂ ਦੇ ਸ਼ੁਕਰਾਨੇ ਕਰਦਾ ਹਾਂ ਉਸ ਦੀ ਕਿਰਪਾ ਨੇ ਕਿਸੇ ਵੀ ਦੋਗਲੇਪਣ ਵਾਲੇ ਇਨਸਾਨ ਦੀ ਪੇਸ ਨਹੀਂ ਜਾਣ ਦਿੱਤੀ।

ਅੱਜ ਫਿਰ ਵੀ ਮੈਂ ਆਪ ਸਭ ਅਤੇ ਸੰਯੁਕਤ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਤੋਂ ਮਿਲੇ ਪਿਆਰ ਸਤਿਕਾਰ ਦਾ ਸਦਾ ਰਿਣੀ ਰਹਾਂਗਾ।ਉਸ ਦਿਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਪਰ ਮੇਰੇ ਵੱਲੋਂ ਬੋਲਿਆ ਹਰ ਅਲਫਾਜ ਕਿਸਾਨ ਸੰਘਰਸ਼ ਲਈ ਫਿਕਰਮੰਦ ਲੋਕਾਂ ਵੱਲੋਂ ਅਪਣੇ ਦਿਲਾਂ ਵਿੱਚੋਂ ਭੇਜੇ ਜਜ਼ਬਾਤ ਸੀ। ਮੈਂ ਕੁੱਝ ਗੱਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਚਹੁੰਦਾ ਹਾਂ ਕਿ ਮੇਰੀ ਕਿਸਾਨ ਲੀਡਰਸ਼ਿਪ ਨਾਲ ਕਿਸੇ ਕਿਸਮ ਦੀ ਕੋਈ ਨਰਾਜ਼ਗੀ ਨਹੀਂ ਤੇ ਸਭ ਮੇਰੇ ਲਈ ਸਤਿਕਾਰਯੋਗ ਹੀ ਹਨ। ਕਿਸਾਨ ਮੋਰਚੇ ਦੀ ਸਫਲਤਾ ਹੀ ਹੁਣ ਮੇਰਾ ਮਕਸਦ ਹੈ ਤੇ ਆਖਰੀ ਸਾਹ ਤੱਕ ਮੈਂ ਇਸ ਮੋਰਚੇ ਨੂੰ ਸਮਰਪਿਤ ਰਹਾਂਗਾ। ਮੈਂ ਮਹਿਸੂਸ ਕਰਿਆ ਹੈ ਕਿ ਸਖਸ਼ੀਅਤਾਂ ਜਾਂ ਚਿਹਰਿਆਂ ਦੇ ਪਿੱਛੇ ਲੱਗਣਾ ਹੀ ਸਾਡੀ ਸਭ ਤੋਂ ਵੱਡੀ ਕਮਜੋਰੀ ਹੈ। ਕੋਈ ਵੀ ਸ਼ਖਸੀਅਤ ਬੇਸ਼ੱਕ ਓਹ ਕਿਸੇ ਵੀ ਧਿਰ ਜਾਂ ਕੱਦ ਦੀ ਹੋਵੇ ਉਸ ਨੂੰ ਉਭਾਰਨਾ ਮੇਰਾ ਮਕਸਦ ਨਹੀਂ ਕਿਉਂਕਿ ਸੰਘਰਸ਼ ਲਈ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦਿੱਲੀ ਦੀਆਂ ਸੜਕਾਂ ਉੱਪਰ ਬੈਠਾ ਹਰ ਇਨਸਾਨ ਮੇਰੇ ਲਈ ਕਿਸਾਨੀ ਸੰਘਰਸ਼ ਦਾ ਯੋਧਾ ਹੈ ਤੇ ਏਹੋ ਸ਼ਖਸੀਅਤਾਂ ਹੀ ਮੇਰੇ ਲਈ ਸਨਮਾਨਯੋਗ ਹਨ। ਦੂਜੇ ਸੰਦਰਭ ਵਿੱਚ ਮੈਂ ਮੰਨਦਾ ਹਾਂ ਕਿ ਵਿਚਾਰਾਂ ਦਾ ਵਖਰੇਵਾਂ ਹੋਣ ਨੂੰ ਅਸੀਂ ਰੋਕ ਨਹੀਂ ਸਕਦੇ ਤੇ ਇਹ ਵਿਚਾਰਕ ਚਰਚਾ ਹੀ ਸਾਡੀ ਜ਼ਿੰਦਗੀ ਦੇ ਕੰਮਾਂ ਦੀ ਰਾਹ ਦਸੇਰਾ ਬਣਦੀ ਹੈ ਪਰ ਵਿਚਾਰਿਕ ਮੱਤਭੇਦਾਂ ਨੂੰ ਹਮੇਸ਼ਾਂ ਸੁਚੱਜੇ ਢੰਗ ਲ਼ਈ ਹੀ ਵਰਤਣਾ ਚਾਹੀਦਾ ਹੈ ਤੇ ਇਹਨਾਂ ਵਖਰੇਵਿਆਂ ਨਾਲ ਕਦੇ ਵੀ ਇੱਕ ਦੂਜੇ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ।

ਅੰਤ ਵਿੱਚ ਸਾਰੇ ਨੌਜਵਾਨਾਂ ਧੀਆਂ ਪੁੱਤਰਾਂ ਪੰਜਾਬ ਵਾਸੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਵੱਲੋਂ ਮਿਲੇ ਪਿਆਰ ਸਤਿਕਾਰ ਲਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ।ਸੰਯੁਕਤ ਕਿਸਾਨ ਮੋਰਚੇ ਵੱਲੋਂ ਮਈ ਮਹੀਨੇ ਵਿੱਚ ਪਾਰਲੀਮੈਂਟ ਨੂੰ ਘੇਰਨ ਦੇ ਪ੍ਰੋਗ੍ਰਾਮ ਦੀ ਹਮਾਇਤ ਕਰਦਾ ਹੋਇਆ ਸਮੂਹ ਨੌਜਵਾਨਾਂ,ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਏਸ ਪ੍ਰੋਗ੍ਰਾਮ ਲਈ ਹੁਣ ਤੋਂ ਤਿਆਰੀਆਂ ਖਿੱਚ ਲਵੋ ਅਤੇ ਆਓ ਸਭ ਇੱਕ ਦੂਜੇ ਨੂੰ ਪਿਆਰ ਅਤੇ ਵਿਸ਼ਵਾਸ ਦੀ ਗੱਲਵੱਕੜੀ ਪਾਉਂਦੇ ਹੋਏ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕਰੀਏ।

ਤੁਹਾਡੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਦਾ ਸੌਦਾਗਰ,
ਹਰਦੀਪ ਸਿੰਘ ਡਿਬਡਿਬਾ
ਸੰਪਰਕ: 097838 00014

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: