January 12, 2015 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (12ਜਨਵਰੀ,2015): ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਜਸਪਿੰਦਰ ਸਿੰਘ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।
ਜਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ ੯੭, ਮਿਤੀ ੦੨-੦੯-੨੦੦੭ ਨੂੰ ਬਾਰੂਦ ਐਕਟ ਦੀ ਧਾਰਾ ੪, ੫, ੨੫ ਅਸਲਾ ਐਕਟ ਅਤੇ ੧੨੦ ਬੀ ਅਧੀਨ, ਥਾਣਾ ਦਾਖਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਇਕ ਅਸਟੀਮ ਕਾਰ ਵਿਚੋਂ ੩ ਕਿਲੋ ੫੩੦ ਗਰਾਮ ਆਰ.ਡੀ.ਐਕਸ, ੩੧੫ ਬੋਰ ਦਾ ਪਿਸਤੌਲ ਨਾਲ ੨ ਜਿੰਦਾ ਕਾਰਤੂਸ, ਡੈਟਾਨੋਟਰ, ਤਾਰ ਆਦਿ ਬਰਾਮਦ ਹੋਇਆ ਸੀ ।

ਭਾਈ ਹਰਮਿੰਦਰ ਸਿੰਘ ਆਪਣੀ ਪਤਨੀ ਅਤੇ ਬੇਟੀ ਨਾਲ
ਇਸ ਕੇਸ ਵਿਚ ਕੁੱਲ ੧੫ ਸਿੱਖਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਮਿਤੀ ੧੦-੦੪-੨੦੧੦ ਨੂੰ ਚਾਰਾਂ ਨੂੰ ਸਜ਼ਾ ਤੇ ਨੌ ਨੂੰ ਬਰੀ ਕੀਤਾ ਗਿਆ ਸੀ ਤੇ ਹਰਮਿੰਦਰ ਸਿੰਘ ਦੀ ਗ੍ਰਿਫਤਾਰੀ ਇਸ ਕੇਸ ਵਿਚ ੧੦-੦੮-੨੦੧੦ ਨੂੰ ਪਾਈ ਗਈ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਇਸ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਹਰਮਿੰਦਰ ਸਿੰਘ ਕੋਲੋ ਕੋਈ ਬਰਾਮਦਗੀ ਨਹੀਂ ਹੋਈ ਤੇ ਸਰਕਾਰੀ ਪੱਖ ਕਾਰ ਵਿਚੋਂ ਮਿਲੇ ਬਾਰੂਦ ਦਾ ਸਬੰਧ ਹਰਮਿੰਦਰ ਸਿੰਘ ਨਾਲ ਜੋੜਨ ਵਿਚ ਸਫਲ ਨਾ ਹੋਈ।
ਉਹਨਾਂ ਅੱਗੇ ਦੱਸਿਆ ਕਿ ਭਾਈ ਹਰਮਿੰਦਰ ਸਿੰਘ ਉੱਤੇ ਦਰਜ਼ ਕੀਤੇ ਇਸ ਕੇਸ ਸਮੇਤ ਸੱਤ ਕੇਸ ਬਰੀ ਹੋ ਚੁੱਕੇ ਹਨ ਜਿਹਨਾਂ ਵਿਚ ਸ਼ਿੰਗਾਰ ਸਿਨਮਾ ਲੁਧਿਆਣਾ ਬਲਾਸਟ ਕੇਸ, ਅੰਬਾਲਾ ਬਲਾਸਟ ਕੇਸ ਤੇ ਪਟਿਆਲਾ ਬਲਾਸਟ ਕੇਸ ਪ੍ਰਮੁੱਖ ਹਨ ਅਤੇ ਹੁਣ ਸਿਰਫ ਇਕ ਕੇਸ ਹੀ ਲੁਧਿਆਣਾ ਕੋਰਟ ਵਿਚ ਬਾਕੀ ਹੈ।ਅੱਜ ਅਦਾਲਤ ਵਿਚ ਭਾਈ ਹਰਮਿੰਦਰ ਸਿੰਘ ਦੀ ਪੇਸ਼ੀ ਮੌਕੇ ਉਹਨਾਂ ਦੀ ਧਰਮ ਪਤਨੀ ਬੀਬੀ ਰਾਜਵਿੰਦਰ ਕੌਰ ਤੇ ਬੇਟੀ ਸਿਦਕ ਕੌਰ ਵੀ ਹਾਜ਼ਰ ਸਨ।
Related Topics: Advocate Jaspal Singh Manjhpur, Sikhs in Jails