ਸਿੱਖ ਖਬਰਾਂ

ਬੇਅੰਤ ਸਿੰਘ ਕਤਲ ਕਾਂਡ: ਭਾਈ ਲਖਵਿੰਦਰ ਸਿੰਘ ਲੱਖਾ ਬੁੜੈਲ ਜੇਲ ਤੋਂ ਪੈਰੋਲ ‘ਤੇ ਰਿਹਾਅ, ਕਿਹਾ ਜੱਥੇਦਾਰ ਅਕਾਲ ਤਖਤ ਸਾਹਿਬ ਦਾ ਵਆਦਾ ਨਾ ਨਿਭਾਉਣਾ ਮੰਦਭਾਗਾ

October 30, 2014 | By

ਐਸ.ਏ.ਐਸ. ਨਗਰ (29 ਅਕਤੂਬਰ, 2014): ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਕਾਂਡ ਸਬੰਧੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ  ਭਾਈ ਲਖਵਿੰਦਰ ਸਿੰਘ ਉਰਫ਼ ਲੱਖਾ ਨੂੰ ਅੱਜ ਦੂਜੀ ਵਾਰ 28 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ।

ਭਾਈ ਲਖਵਿੰਦਰ ਸਿੰਘ ਲੱਖਾ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨਾਲ

ਭਾਈ ਲਖਵਿੰਦਰ ਸਿੰਘ ਲੱਖਾ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨਾਲ

ਬੁੜੈਲ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾਅ ਹੋਣ ਮਗਰੋਂ ਭਾਈ ਲਖਵਿੰਦਰ ਸਿੰਘ ਸਿੱਧਾ ਨੇ ਇੱਥੋਂ ਦੇ ਫੇਜ਼-8 ਸਥਿਤ ਗੁਰਦੁਆਰਾ ਅੰਬ ਸਾਹਿਬ ਪੁੱਜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਸਦੀ ਭੈਣ ਸੁਖਵਿੰਦਰ ਕੌਰ, ਭਰਾ ਹਰਦੇਵ ਸਿੰਘ ਅਤੇ ਜੀਜਾ ਜੰਗ ਸਿੰਘ ਸਮੇਤ ਬੰਦੀ ਸਿੰਘ ਰਿਹਾਈ ਮੋਰਚਾ ਦੇ ਮੈਂਬਰ ਆਰ.ਪੀ. ਸਿੰਘ (ਸਿੱਖ ਰਲੀਫ ਯੂ ਕੈ) ਭਾਈ ਪਰਮਿੰਦਰ ਸਿੰਘ (ਸ਼ੌਫਾਂ), ਹਰਪਾਲ ਸਿੰਘ ਚੀਮਾ, ਗੁਰਮਤਿ ਚੇਤਨਾ ਲਹਿਰ ਦੇ ਆਗੂ ਪ੍ਰਿੰਸੀਪਲ ਪਰਵਿੰਦਰ ਸਿੰਘ, ਪ੍ਰੋ. ਮੇਹਰ ਸਿੰਘ ਮੱਲ੍ਹੀ, ਭਾਈ ਕਮਿੱਕਰ ਸਿੰਘ, ਗੁਰੂ ਆਸਰਾ ਟਰੱਸਟ ਦੀ ਮੁਖੀ ਕੁਲਬੀਰ ਕੌਰ ਧਾਮੀ ਆਦਿ ਮੌਜੂਦ ਸੀ। ਲਖਵਿੰਦਰ ਸਿੰਘ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਤੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਮੈਂਬਰਾਂ ਵੱਲੋਂ ਸਿਰੋਪਾ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਬੰਦੀ ਸਿੰਘ ਰਿਹਾਈ ਮੋਰਚਾ ਨੇ ਕਈ ਦਿਨਾਂ ਦੀ ਚੁੱਪੀ ਤੋਂ ਬਾਅਦ ਸਜ਼ਾਵਾਂ ਕੁੱਟ ਚੁੱਕੇ ਸਿੱਖ ਕੈਦੀਆਂ ਦੀ ਪੱਕੀ ਰਿਹਾਈ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।

 ਜਥੇਬੰਦੀ ਵੱਲੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਰਹੇ ਭਾਈ ਲਖਵਿੰਦਰ ਸਿੰਘ ਉਰਫ਼ ਲੱਖਾ, ਭਾਈ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਭਾਈ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਲਈ ਬੁੜੈਲ ਜੇਲ੍ਹ ਚੰਡੀਗੜ੍ਹ ਅਥਾਰਟੀ, ਜ਼ਿਲ੍ਹਾ ਅਦਾਲਤ ਅਤੇ ਚੰਡੀਗੜ੍ਹ ਦੇ ਆਈ.ਜੀ. (ਜੇਲ੍ਹਾਂ) ਨੂੰ ਵੱਖ-ਵੱਖ ਅਰਜ਼ੀਆਂ ਦਿੱਤੀਆਂ ਗਈਆਂ ਹਨ।

ਰਿਹਾਈ ਤੋਂ ਬਾਅਦ ਜਿੱਥੇ ਉਨਾਂ  ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਪੰਥ ਦਰਦੀਆਂ ਅਤੇ ਸਿੱਖ ਕੌਮ ਦੇ ਨੁਮਾਂਇਦਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਥੇ ਉਨਾਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਬੰਦੀ ਸਿੰਘ ਰਿਹਾਈ ਮੋਰਚੇ ਦੋਰਾਨ ਕੀਤੇ ਵਾਅਦੇ ਨਾ ਨਿਭਾਊਣ ਨੂੰ ਮੰਦਭਾਗਾ ਦਸਿਆ ਹੈ।

 ਉਨਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਤਾਂ ਸਰਕਾਰ ਰਿਹਾਅ ਨਹੀਂ ਕਰਨਾ ਚਾਹੁੰਦੀ ਪਰ ਕੈਟ ਪਿੰਕੀ ਨੂੰ ਸਤ ਸਾਲ ਬਾਅਦ ਹੀ ਰਿਹਾਅ ਕਰਵਾ ਲਿਆ । ਇਥੋਂ ਪਤਾ ਲਗਦਾ ਹੈ ਕਿ ਸਰਕਾਰ ਨੂੰ ਜ਼ੇਲਾਂ ‘ਚ ਨਜ਼ਰਬੰਦ ਸਜ਼ਾਵਾਂ ਭੁਗਤ ਚੁਕੇ ਸਿੱਖ ਨੌਜਵਾਨਾਂ ਰਿਹਾਅ ਕਰਵਾਊਣ ਵਿਚ ਕੋਈ ਦਿਲਚਸਪੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਅੱਗੇ ਝੁਕਦਿਆਂ ਸਰਕਾਰ ਨੇ ਭਾਈ ਲੱਖਾ ਨੂੰ ਬੀਤੀ 27 ਦਸੰਬਰ 2013 ਨੂੰ 28 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,