May 23, 2017 | By ਸਿੱਖ ਸਿਆਸਤ ਬਿਊਰੋ
ਮੈਨਚੈਸਟਰ: ਮੈਨਚੈਸਟਰ ਪੁਲਿਸ ਨੇ ਕਿਹਾ ਕਿ ਸੋਮਵਾਰ ਦੀ ਰਾਤ ਨੂੰ ਬਰਤਾਨੀਆ ਦੇ ਮੈਨਚੈਸਟਰ ਸ਼ਹਿਰ ‘ਚ ਇਕ ਪੌਪ ਕੰਸਰਟ ਤੋਂ ਬਾਅਦ ਹੋਏ ਜ਼ਬਰਦਸਤ ਧਮਾਕੇ ‘ਚ ਮਾਰੇ ਗਏ ਲੋਕਾਂ ਦੀ ਗਿਣਤੀ 22 ਹੋ ਗਈ ਅਤੇ ਜ਼ਖਮੀਆਂ ਦੀ ਗਿਣਤੀ ਲਗਭਗ 50 ਹੈ।
ਪੁਲਿਸ ਨੇ ਦੱਸਿਆ ਕਿ ਇਹ ਆਤਮਘਾਤੀ ਹਮਲਾ ਸੀ ਅਤੇ ਇਕੱਲੇ ਹਮਲਾਵਰ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਰੇ ਗਏ ਲੋਕਾਂ ਵਿਚ ਬੱਚੇ ਵੀ ਸ਼ਾਮਲ ਹਨ।

ਧਮਾਕੇ ਵਾਲੀ ਥਾਂ ‘ਤੇ ਐਂਬੂਲੈਂਸ ਅਤੇ ਬਰਤਾਨਵੀ ਸੁਰੱਖਿਆ ਦਸਤੇ
ਆਮ ਚੋਣਾਂ ਤੋਂ ਦੋ ਹਫਤੇ ਪਹਿਲਾਂ ਹੋਏ ਇਸ ਧਮਾਕੇ ਕਾਰਨ ਸਾਰੀਆਂ ਸਿਆਸੀ ਜਮਾਤਾਂ ਨੇ ਚੋਣ ਪ੍ਰਚਾਰ ਰੋਕ ਦਿੱਤਾ ਹੈ। ਬਰਤਾਨੀਆ ‘ਚ 8 ਜੂਨ ਨੂੰ ਆਮ ਚੋਣਾਂ ਹੋਣੀਆਂ ਸਨ, ਜਿਸ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਚੱਲ ਰਿਹਾ ਸੀ।
ਧਮਾਕਾ ਮੈਨਚੈਸਟਰ ਅਰੀਨਾ ‘ਚ ਹੋਇਆ ਜੋ ਸ਼ਹਿਰ ਦਾ ਸਭ ਤੋਂ ਵੱਡਾ ਇਨਡੋਰ ਸਟੇਡੀਅਮ ਹੈ।
ਧਮਾਕਾ ਅਮਰੀਕੀ ਪੌਪ ਸਟਾਰ ਅਰੀਆਨਾ ਗ੍ਰਾਂਡੇ ਦੇ ਕੰਸਰਟ ਤੋਂ ਬਾਅਦ ਹੋਇਆ। ਧਮਾਕੇ ਵੇਲੇ ਬਰਤਾਨੀਆ ਦੇ ਸਮੇਂ ਮੁਤਾਬਕ ਰਾਤ ਦੇ ਸਾਢੇ 10 ਵੱਜੇ ਹੋਏ ਸੀ। ਅਰੀਆਨਾ ਨੇ ਕਿਹਾ, “ਦਿਲ ਤੋੜਨ ਵਾਲੀ ਘਟਨਾ, ਮੈਂ ਬਹੁਤ ਦੁਖੀ ਹਾਂ।” ਧਮਾਕਾ ਪ੍ਰੋਗਰਾਮ ਖਤਮ ਹੁੰਦਿਆਂ ਹੀ ਹੋਇਆ। ਧਮਾਕੇ ਦੇ ਸਟੀਕ ਕਾਰਨਾਂ ਦਾ ਪਤਾ ਨਹੀਂ ਚੱਲਿਆ ਪਰ ਬਰਤਾਨੀਆ ਦਾ ‘ਅੱਤਵਾਦ ਵਿਰੋਧੀ ਮਹਿਕਮਾ’ ਇਸਨੂੰ ਇੰਤਹਾਪਸੰਦਾਂ ਦਾ ਹਮਲਾ ਮੰਨ ਰਿਹਾ ਹੈ।

ਧਮਾਕੇ ਵਾਲੀ ਥਾਂ ‘ਤੇ ਐਂਬੂਲੈਂਸ
ਬਰਤਾਨੀਆ ‘ਚ ਜੁਲਾਈ 2007 ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਹੈ ਜਦੋਂ ਲੰਦਰ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ‘ਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਦੌਰਾਨ ਅਧਿਕਾਰੀਆਂ ਨੇ ਇਹ ਖ਼ਬਰ ਦਿੱਤੀ ਹੈ ਕਿ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰਿਸਾ ਮੇਅ ਨੇ ਕਿਹਾ ਕਿ ਹਾਲੇ ਸਾਰੀ ਜਾਣਕਾਰੀ ਦੀ ਪੁਣ-ਛਾਣ ਕੀਤੀ ਜਾ ਰਹੀ ਹੈ ਅਤੇ ਪੁਲਿਸ ‘ਇਕ ਅੱਤਵਾਦੀ ਹਮਲਾ’ ਮੰਨ ਕੇ ਚੱਲ ਰਹੀ ਹੈ।
ਪ੍ਰਧਾਨ ਮੰਤਰੀ ਮੇਅ ਨੇ ਮੰਗਲਵਾਰ ਸਵੇਰੇ ਸੁਰੱਖਿਆ ਸਥਿਤੀ ‘ਤੇ ਵਿਚਾਰ ਕਰਨ ਲਈ ਕੋਬਰਾ ਕਮੇਟੀ ਦੀ ਇਕੱਤਰਤਾ ਸੱਦੀ ਹੈ ਜੋ ਕਿ ਬਰਤਾਨੀਆ ‘ਚ ਹੰਗਾਮੀ ਹਾਲਤ ‘ਚ ਸੱਦੀ ਜਾਂਦੀ ਹੈ।
Related Topics: Manchester Blast, UK