ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਡੇਰਾ ਸਿਰਸਾ ਦੀ ਹਮਾਇਤ ਲੈ ਕੇ ਬਾਦਲ ਦਲ ਅਕਾਲ ਤਖ਼ਤ ਤੋਂ ਭਗੌੜਾ ਹੋਇਆ : ਅਖੰਡ ਕੀਰਤਨੀ ਜਥਾ

February 2, 2017 | By

ਮੋਹਾਲੀ/ ਚੰਡੀਗੜ੍ਹ: ਡੇਰਾ ਸਿਰਸਾ ਦੀ ਸਭਾ ‘ਚ ਜਾ ਕੇ “ਅਕਾਲੀ ਆਗੂਆਂ” ਵਲੋਂ ਪੰਜਾਬ ਅੰਦਰ ਡੇਰਾ ਮੁਖੀ ਦੇ ਸਮਾਗਮ ਸ਼ੁਰੂ ਕਰਵਾਉਣ ਸਬੰਧੀ ਕੀਤੇ ਵਾਅਦੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ‘ਚ ਡੇਰਾ ਸਿਰਸਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਦਿੱਤੇ ਸਮਰਥਨ ‘ਤੇ ਅਖੰਡ ਕੀਰਤਨੀ ਜਥੇ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰੇ ਦੇ ਬਾਈਕਾਟ ਬਾਰੇ ਹੁਕਮਨਾਮੇ ਦੀ ਬਾਦਲ ਨੇ ਉਡਾਈ ਖਿੱਲੀ, ਪੰਥ ਦੀ ਕਚਹਿਰੀ ‘ਚ ਬਾਦਲ ਸਪੱਸ਼ਟ ਕਰਨ ਕਿ ਉਹ ਸਿੱਖ ਹਨ ਜਾਂ ਨਹੀਂ?

ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ ਫ਼ਗਵਾੜਾ ਅਤੇ ਮੁੱਖ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਅੱਜ ਜਾਰੀ ਬਿਆਨ ਵਿਚ ਆਖਿਆ ਕਿ ਡੇਰਾ ਸਿਰਸਾ ਦੀ ਹਮਾਇਤ ਲੈਣ ਲਈ ਪੰਜਾਬ ‘ਚ ਡੇਰਾ ਮੁਖੀ ਦੇ “ਸਤਿਸੰਗ” ਕਰਵਾਉਣ ਸਬੰਧੀ ਵਾਅਦੇ ਕਰਕੇ ਅਕਾਲੀ ਦਲ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ 2007 ‘ਚ ਡੇਰਾ ਮੁਖੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਸਵਾਂਗ ਅਤੇ ਪਿਛਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਮੁਖੀ ਨੂੰ ਬਿਨਾਂ ਮੰਗਿਆਂ ਮੁਆਫ਼ੀ ਦਿਵਾਉਣ ਪਿੱਛੇ ਅਕਾਲੀ ਦਲ ਬਾਦਲ ਦੀ ਹੀ ਸਾਜ਼ਿਸ਼ ਸੀ।

ਸੱਤਾ ਦੇ ਲਾਲਚ ‘ਚ ਬਾਦਲ ਦਰਬਾਰ ਸਾਹਿਬ ਅੰਦਰ ਵੀ ਡੇਰਾ ਸਿਰਸਾ ਦੀ ਸਭਾ ਕਰਵਾ ਸਕਦੈ

ਅਖੰਡ ਕੀਰਤਨੀ ਜਥੇ ਨੇ ਦੋਸ਼ ਲਗਾਇਆ ਕਿ ਆਪਣੀ ਸੱਤਾ ਦੇ ਲਾਲਚ ‘ਚ ਸਿੱਖ ਪੰਥ ਦਾ ਲਹੂ ਪੀ ਕੇ ਬਾਦਲ ਨੇ ਸ਼ੁਰੂ ਤੋਂ ਪੰਥ ਨਾਲ ਗੱਦਾਰੀ ਕੀਤੀ ਹੈ। 1978 ‘ਚ ਨਿਰੰਕਾਰੀ ਕਾਂਡ ਵੀ ਅਕਾਲੀ ਦਲ ਬਾਦਲ ਦੀ ਸ਼ਹਿ ‘ਤੇ ਹੋਇਆ ਸੀ, ਜਿਸ ‘ਚ ਅੰਮ੍ਰਿਤਸਰ ‘ਚ ਨਿਰੰਕਾਰੀਆਂ ਵਲੋਂ ਸਿੱਖ ਗੁਰੂ ਸਾਹਿਬਾਨ ਦੇ ਕੀਤੇ ਅਪਮਾਨ ਦੇ ਖਿਲਾਫ਼ ਸ਼ਾਂਤਮਈ ਰੋਸ ਪ੍ਰਗਟਾਉਣ ਗਏ ਅਖੰਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ ਸਿੰਘਾਂ ‘ਤੇ ਨਿਰੰਕਾਰੀਆਂ ਨੇ ਗੋਲੀਆਂ ਵਰ੍ਹਾ ਕੇ 13 ਸਿੰਘ ਸ਼ਹੀਦ ਕਰ ਦਿੱਤੇ ਸਨ। ਉਸ ਮੌਕੇ ਨਿਰੰਕਾਰੀ ਮੁਖੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੁਰੱਖਿਅਤ ਪੰਜਾਬ ਤੋਂ ਬਾਹਰ ਪਹੁੰਚਾਇਆ ਸੀ ਅਤੇ ਬਾਅਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰੰਕਾਰੀਆਂ ਦੇ ਸਮਾਜਿਕ ਬਾਈਕਾਟ ਦੇ ਜਾਰੀ ਹੋਏ ਹੁਕਮਨਾਮੇ ਦੀ ਵੀ ਬਾਦਲ ਉਲੰਘਣਾ ਕਰਕੇ ਵੋਟਾਂ ਖਾਤਰ ਨਿਰੰਕਾਰੀਆਂ ਕੋਲ ਜਾਂਦੇ ਰਹੇ।

ਸਿਕੰਦਰ ਮਲੂਕਾ ਅਤੇ ਬਾਦਲ ਦਲ ਦੇ ਹੋਰ ਆਗੂ ਜੀਤ ਪੈਲੇਸ ਬਠਿੰਡਾ ਵਿਖੇ (1 ਫਰਵਰੀ, 2017)

ਸਿਕੰਦਰ ਮਲੂਕਾ ਅਤੇ ਬਾਦਲ ਦਲ ਦੇ ਹੋਰ ਆਗੂ ਜੀਤ ਪੈਲੇਸ ਬਠਿੰਡਾ ਵਿਖੇ, ਡੇਰਾ ਸਿਰਸਾ ਦੇ ਆਗੂਆਂ ਨਾਲ ਮੀਟਿੰਗ ਵਿਚ (1 ਫਰਵਰੀ, 2017)

ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਦੇ ਬਾਈਕਾਟ ਦਾ ਹੁਕਮਨਾਮਾ ਬਹੁਤ ਸਪੱਸ਼ਟ ਹੈ ਅਤੇ ਪੰਥਕ ਜਥੇਬੰਦੀ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਬਾਦਲ ਵਲੋਂ ਪਹਿਲੇ ਦਿਨ ਤੋਂ ਹੀ ਇਸ ਹੁਕਮਨਾਮੇ ਨੂੰ ਵੀ ਟਿੱਚ ਜਾਣਿਆ ਗਿਆ ਹੈ। ਉਨ੍ਹਾਂ ਆਖਿਆ ਕਿ ਬਾਦਲ ਨੇ ਹਮੇਸ਼ਾ ਆਪਣੀ ਸਿਆਸਤ ਕਾਰਨ ਪੰਥਕ ਪਰੰਪਰਾਵਾਂ ਤੇ ਸਿਧਾਂਤਾਂ ਨੂੰ ਪੈਰਾਂ ਹੇਠਾਂ ਰੋਲਿਆ ਹੈ।

ਸਬੰਧਤ ਖ਼ਬਰ:

ਡੇਰਾ ਸਿਰਸਾ ਦੀ ਵੋਟਾਂ ‘ਤੇ ਟੇਕ ਰੱਖਣ ਵਾਲੇ ਸਿੱਖ ਨਹੀਂ ਹੋ ਸਕਦੈ : ਦਲ ਖ਼ਾਲਸਾ …

ਅਖੰਡ ਕੀਰਤਨੀ ਜਥੇ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਦੀ ਕਚਹਿਰੀ ‘ਚ ਇਹ ਜਵਾਬ ਦੇਣਾ ਪਵੇਗਾ ਕਿ ਉਹ ਸਿੱਖ ਹਨ ਜਾਂ ਨਹੀਂ? ਜੇਕਰ ਸਿੱਖ ਹਨ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਹਨ ਅਤੇ ਜੇਕਰ ਉਹ ਸਿੱਖ ਨਹੀਂ ਹਨ ਤਾਂ ਉਨ੍ਹਾਂ ਨੂੰ ਸਿੱਖਾਂ ਦੇ ਡੁੱਲ੍ਹੇ ਲਹੂ ਵਿਚੋਂ ਉਪਜੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ‘ਤੇ ਕਾਬਜ਼ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਅਖੰਡ ਕੀਰਤਨੀ ਜਥੇ ਨੇ ਆਖਿਆ ਕਿ ਡੇਰਾ ਸਿਰਸਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚੇ ਸਵਾਂਗ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਪਾਲਣਾ ਕਰਦਿਆਂ ਸਿੱਖਾਂ ਨੇ ਡੇਰੇ ਦੇ ਸਮਾਗਮਾਂ ਦਾ ਵਿਰੋਧ ਕਰਦਿਆਂ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਦਿੱਤੀਆਂ ਹਨ ਅਤੇ ਪੁਲਿਸ ਦੇ ਅਸਹਿ ਤੇ ਅਕਹਿ ਤਸੀਹੇ ਵੀ ਝੱਲੇ ਹਨ।

ਭਾਈ ਆਰ.ਪੀ. ਸਿੰਘ, ਸੁਖਬੀਰ ਬਾਦਲ (ਫਾਈਲ ਫੋਟੋ)

ਭਾਈ ਆਰ.ਪੀ. ਸਿੰਘ, ਸੁਖਬੀਰ ਬਾਦਲ (ਫਾਈਲ ਫੋਟੋ)

ਸਬੰਧਤ ਖ਼ਬਰ:

ਬਾਦਲ ਦਲ ਵਲੋਂ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ ‘ਚ ਕਰਵਾਉਣ ਦਾ ਐਲਾਨ; ਡੇਰੇ ਵਲੋਂ ਹਮਾਇਤ …

ਜੇਕਰ ਹੁਣ ਬਾਦਲ ਦਲ ਵੋਟਾਂ ਦੇ ਲਾਲਚ ‘ਚ ਮੁੜ ਡੇਰੇ ਦੇ ਸਮਾਗਮ ਪੰਜਾਬ ‘ਚ ਕਰਵਾਉਣ ਦੀ ਖੁੱਲ੍ਹ ਦੇਵੇਗਾ ਤਾਂ ਇਸ ਨਾਲ ਪੰਜਾਬ ਦੇ ਬਹੁਤ ਭਿਆਨਕ ਸਿੱਟੇ ਨਿਕਲਣਗੇ। ਅਖੰਡ ਕੀਰਤਨੀ ਜਥੇ ਨੇ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਕਿ ਜੇਕਰ ਬਾਦਲ ਦਲ ਦਾ ਵੱਸ ਚੱਲੇ ਤਾਂ ਉਹ ਸੱਤਾ ਦੇ ਲਾਲਚ ‘ਚ ਅੰਨ੍ਹੇ ਹੋ ਕੇ ਸ੍ਰੀ ਦਰਬਾਰ ਸਾਹਿਬ ‘ਚ ਵੀ ਡੇਰਾ ਸਿਰਸਾ ਦੇ ਸਮਾਗਮ ਕਰਵਾ ਦੇਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,