ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਭਾਈ ਨਿੱਝਰ ਮਾਮਲੇ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿਚ ਲਿਜਾਵੇ ਕਨੇਡਾ: ਦਲ ਖਾਲਸਾ

November 15, 2023 | By

ਅੰਮ੍ਰਿਤਸਰ: ਕੈਨੇਡੀਅਨ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕੈਨੇਡਾ ਦੀ ਧਰਤੀ ‘ਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਸ਼ਾਮਲ ਹੋਣ ਲਈ ਭਾਰਤ ‘ਤੇ ਆਪਣੇ ਦੋਸ਼ਾਂ ਨੂੰ ਮੁੜ ਦ੍ਰਿੜਤਾ ਨਾਲ ਦੁਹਰਾਉਂਦੇ ਹੋਏ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੂੰ ਮੁੜ ਇੱਕ ਵਾਰ ਕਟਹਿਰੇ ‘ਚ ਖੜ੍ਹਾ ਕੀਤਾ ਹੈ।

ਖਾਲਿਸਤਾਨ ਦੀ ਵਕਾਲਤ ਕਰਨ ਵਾਲੀ ਸਿੱਖ ਜਥੇਬੰਦੀ ਦਲ ਖਾਲਸਾ ਨੇ ਮੰਗਲਵਾਰ ਨੂੰ ਟਰੂਡੋ ਦੀ ਹਮਾਇਤ ਕਰਦਿਆਂ ਕਿਹਾ ਕਿ ਉਸ ਕੋਲ ਇਹ ਮੰਨਣ ਦੇ ਪੁਖ਼ਤਾ ਕਾਰਨ ਹਨ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜੋ ਬਾਰ-ਬਾਰ ਕਹਿ ਰਹੇ ਹਨ ਉਹ ਸੱਚ ਹੈ, ਤੱਥ-ਆਧਾਰਿਤ ਹੈ ।

ਦਲ ਖਾਲਸਾ ਆਗੂ ਕੰਵਰਪਾਲ ਸਿੰਘ | ਤਸਵੀਰ: ਸਿੱਖ ਸਿਆਸਤ ਖਬਰਾਂ

ਪਾਰਟੀ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਪੰਜਾਬ ਵਿੱਚ ਹਰ ਕੋਈ ਸਮਝਦਾ ਸੀ ਕਿ ਨਿੱਝਰ ਦੇ ਕਤਲ ਦਾ ਸਾਜਿਸ਼ਘਾੜਾ ਕੌਣ ਹੈ। ਕੈਨੇਡੀਅਨ ਜਾਂਚਕਰਤਾਵਾਂ ਨੇ ਤਾਂ ਉਸ ਗੱਲ ਦੀ ਪੁਸ਼ਟੀ ਕੀਤੀ ਹੈ ਜੋ ਅਸੀਂ ਕਹਿ ਰਹੇ ਸੀ ਕਿ ਸ਼ੱਕ ਦੀ ਸੂਈ ਭਾਰਤ ਦੀ ਤੀਜੀ ਏਜੰਸੀ ਰਾਅ ਵਲ ਜਾਂਦੀ ਹੈ। ਉਹਨਾਂ ਨਰਿੰਦਰ ਮੋਦੀ ਨੂੰ ਜਸਟਿਨ ਟਰੋਡੂ ਦੇ ਬਿਆਨ ਨੂੰ ਛੁੱਟਿਆ ਕੇ ਨਾ ਦੇਖਣ ਦਾ ਮਸ਼ਵਰਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਕੈਨੇਡਾ ਵਰਗੇ ਮਜ਼ਬੂਤ ਜਮਹੂਰੀਅਤ ਮੁਲਕ ਦਾ ਪ੍ਰਧਾਨ ਮੰਤਰੀ ਆਪਣੇ ਪਾਰਲੀਮੈਂਟ ਮੈਂਬਰਾਂ ਅੱਗੇ ਝੂਠ ਨਹੀਂ ਬੋਲਣਗੇ। ਉਹਨਾਂ ਭਰੇਂ ਮਨ ਨਾਲ ਚੇਤੇ ਕਰਵਾਇਆ ਕਿ ਪੰਜਾਬ ਅੰਦਰ ਭਾਈ ਨਿੱਝਰ ਵਾਂਗ ਸੁਰੱਖਿਆ ਏਜੰਸੀਆਂ ਦੇ ਗੈਰ-ਕਾਨੂੰਨੀ ਉਪਰੇਸ਼ਨਾਂ ਵਿੱਚ ਸੈਂਕੜੇ ਸਿੱਖ ਨੌਜਵਾਨ ਮਾਰ-ਮੁਕਾ ਦਿੱਤੇ ਗਏ ਹਨ।


ਹੋਰ ਸੰਬੰਧਤ ਖਬਰਾਂ:

♦ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨਾ ਸਿੱਖਾਂ ਦੀ ਅਵਾਜ਼ ਦਬਾਉਣ ਦਾ ਯਤਨ: ਪੰਥ ਸੇਵਕ

♦ ਏਜੀਪੀਸੀ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਭਾਰਤੀ ਮੰਨੂਵਾਦੀ ਅੱਤਵਾਦ ਨਾਲ ਜੋੜਿਆ

♦ ਭਾਈ ਹਰਦੀਪ ਸਿੰਘ ਨਿੱਝਰ ਦੇ ਕਨੇਡਾ ਵਿਚ ਕਤਲ ਬਾਰੇ ਦਲ ਖਾਲਸਾ ਦਾ ਪ੍ਰਤੀਕਰਮ


ਜਾਂਚ ਵਿੱਚ ਕੈਨੇਡਾ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰਨ ਲਈ ਭਾਰਤੀ ਸਰਕਾਰ ਦੀ ਨਿੰਦਾ ਕਰਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਜੇਕਰ ਨਵੀਂ ਦਿੱਲੀ ਲਗਾਤਾਰ ਜਾਂਚ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦੀ ਰਹੀ, ਤਾਂ ਅਸੀਂ ਕੈਨੇਡਾ ਨੂੰ ਨਿੱਝਰ ਦੇ ਕੇਸ ਨੂੰ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਵਿੱਚ ਭੇਜਣ ਬਾਰੇ ਵਿਚਾਰ ਕਰਨ ਦੀ ਲਿਖਤੀ ਅਪੀਲ ਕਰਾਂਗੇ।

ਟਰੂਡੋ ਨੇ ਦੁਹਰਾਇਆ ਕਿ “ਇਹ ਮੰਨਣ ਦੇ ਗੰਭੀਰ ਕਾਰਨ ਸਨ ਕਿ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹੋ ਸਕਦੇ ਹਨ”। ਟਰੂਡੋ ਨੇ ਅੱਗੇ ਕਿਹਾ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਹਮੇਸ਼ਾ ਕਾਨੂੰਨ ਦੇ ਰਾਜ ਲਈ ਖੜ੍ਹਾ ਰਹੇਗਾ, ਜੇਕਰ ਵੱਡੇ ਦੇਸ਼ ਬਿਨਾਂ ਨਤੀਜੇ ਦੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਸਕਦੇ ਹਨ, ਤਾਂ ਪੂਰੀ ਦੁਨੀਆ ਸਾਰਿਆਂ ਲਈ ਖਤਰਨਾਕ ਹੋ ਸਕਦੀ ਹੈ।

ਟਰੂਡੋ ਦੇ ਨਵੇਂ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ, ਦਲ ਖਾਲਸਾ ਆਗੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਝਰ ਦੇ ਕਤਲੇਆਮ ਦੇ ਰਹਿਸ ਨੂੰ ਸਾਫ਼ ਕਰਨ ਲਈ “ਸੱਚਾਈ ਨਾਲ ਜਵਾਬ” ਦੇਣ ਅਤੇ ਕੈਨੇਡੀਅਨ ਜਾਂਚ ਏਜੰਸੀ ਨੂੰ ਸਹਿਯੋਗ ਦੇਣ ਲਈ ਕਿਹਾ ਹੈ।

ਉਹਨਾਂ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਕੈਨੇਡਾ ਨੂੰ ਛੱਡੋ , ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਦਿੱਲੀ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਭਾਰਤੀ ਲੀਡਰਸ਼ਿਪ ਨੂੰ ਇਸ ਗੰਭੀਰ ਮਾਮਲੇ ‘ਤੇ ਕੈਨੇਡਾ ਨਾਲ ਸਹਿਯੋਗ ਕਰਨ ਦੀ ਸਲਾਹ ਦਿੱਤੀ ਹੈ।

ਇਸ ਦੇ ਨਾਲ ਹੀ ਕੰਵਰਪਾਲ ਸਿੰਘ ਨੇ ਜਸਟਿਨ ਟਰੂਡੋ ਨੂੰ ਨਿੱਝਰ ਦੇ ਮਾਮਲੇ ਨੂੰ ਇਸ ਦੇ ਤਰਕਪੂਰਨ ਅੰਜਾਮ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।

ਭਾਰਤੀ ਹਾਈ ਕਮਿਸ਼ਨਰ ਵਰਮਾ ਦੇ ਕੈਨੇਡੀਅਨ ਮੀਡੀਆ ਨਾਲ ਇੰਟਰਵਿਊ ਵਿਚ ਨਿੱਝਰ ਦੀ ਹੱਤਿਆ ਨਾਲ ਸਬੰਧਤ ਠੋਸ ਸਬੂਤ ਦਿਖਾਉਣ ਦੀ ਗੱਲ ਕਹੀ ਹੈ। ਦਲ ਖ਼ਾਲਸਾ ਆਗੂ ਨੇ ਕੈਨੇਡੀਅਨ ਸਰਕਾਰ ਨੂੰ ਭਾਰਤ ਦੇ ਲੁਕਵੇ ਏਜੰਡੇ ਅਤੇ ਦੋਗਲੇ-ਕਿਰਦਾਰ ਨੂੰ ਨਸ਼ਰ ਕਰਨ ਲਈ ਕੈਨੇਡਾ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਸਬੂਤ ਪੇਸ਼ ਕਰਨ ਦੀ ਅਪੀਲ ਕੀਤੀ। .

ਕੰਵਰਪਾਲ ਸਿੰਘ ਨੇ ਕਿਹਾ, “ਜਿਹਨਾਂ ਨੇ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚੀ ਹੈ, ਉਹ ਉਸ ‘ਤੇ ਗੋਲੀਆਂ ਚਲਾਉਣ ਵਾਲੇ ਹੱਥਾਂ ਨਾਲੋਂ ਜ਼ਿਆਦਾ ਖਤਰਨਾਕ ਹਨ, ਜਿਸ ਲਈ ਉਹਨਾਂ ਨੂੰ ਬੇਨਕਾਬ ਕਰਨਾ ਬੇਹੱਦ ਜ਼ਰੂਰੀ ਹੈ। “ਉਹਨਾਂ ਫਾਈਵ ਆਈਜ਼ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਖੁਫੀਆ ਏਜੰਸੀਆਂ ਦੀਆਂ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,