ਖਾਸ ਖਬਰਾਂ » ਖੇਤੀਬਾੜੀ » ਪੰਜਾਬ ਦੀ ਰਾਜਨੀਤੀ

ਮੁਕਤਸਰ ਦੀਆਂ ਨਹਿਰਾਂ ਵਿਚ ਰਲਿਆ ਕਾਲਾ ਪਾਣੀ

May 20, 2018 | By

ਸ੍ਰੀ ਮੁਕਤਸਰ ਸਾਹਿਬ: ਪਿਛਲੇ ਲੰਬੇ ਸਮੇਂ ਤੋਂ ਨਹਿਰਾਂ ’ਚ ਦੂਸ਼ਿਤ ਅਤੇ ਕੈਮੀਕਲ ਯੁਕਤ ਪਾਣੀ ਆਉਣ ਦੇ ਮਾਮਲੇ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਅਖੀਰ ਹੁਣ ਮੁਕਤਸਰ ਦੀਆਂ ਨਹਿਰਾਂ, ਰਜਬਾਹਿਆਂ ਤੇ ਕੱਸੀਆਂ ’ਚ ਵੀ ਕਾਲਾ ਤੇ ਗੰਦਾ ਪਾਣੀ ਪੁੱਜ ਗਿਆ ਹੈ, ਜਿਸ ਕਾਰਨ ਲੋਕਾਂ ’ਚ ਹਾਹਾਕਾਰ ਮਚ ਗਈ ਹੈ।

ਪਿੰਡ ਥਾਂਦੇਵਾਲਾ ਨੇੜੇ ਰਜਵਾਹੇ ’ਚ ਵਗ ਰਹੇ ਕਾਲੇ ਪਾਣੀ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ

ਐਡਵੋਕੇਟ ਬਾਜ ਸਿੰਘ ਖਿੜਕੀਆਂ ਵਾਲਾ, ਸਾਬਕਾ ਜੇਲ੍ਹ ਅਧਿਕਾਰੀ ਅਮਰਜੀਤ ਸਿੰਘ, ਬਿਜਲੀ ਵਿਭਾਗ ਵਾਲੇ ਭਲਵਾਨ, ਕਾਮਰੇਡ ਖਰੈਤੀ ਲਾਲ ਹੋਰਾਂ ਨੇ ਪਾਣੀ ਪ੍ਰਦੂਸ਼ਨ ਪ੍ਰਤੀ ਸਰਕਾਰੀ ਢਿੱਲ-ਮੱਠ ਦੀ ਆਲੋਚਨਾ ਕਰਦਿਆਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਪਾਣੀ ਦੀ ਸਮੱਸਿਆ ਦਾ ਹੱਲ ਕਰੇ, ਪਰ ਹੋ ਇਹ ਰਿਹਾ ਹੈ ਸਿਵਾਏ ਕਾਗਜ਼ੀ ਕਾਰਵਾਈ ਦੇ ਪ੍ਰਦੂਸ਼ਨ ਫੈਲਾਉਣ ਵਾਲੀਆਂ ਫੈਕਟਰੀਆਂ, ਕਾਰਖਾਨਿਆਂ ਤੇ ਨਗਰ ਕੌਂਸਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦਾ ਸਿੱਟਾ ਹੈ ਕਿ ਅੱਜ ਪੀਣ ਵਾਲੇ ਪਾਣੀ ਨੂੰ ਵੀ ਲੋਕ ਤਰਸ ਗਏ ਹਨ। ਇਹ ਪਾਣੀ ਇੰਨਾ ਗੰਦਾ ਤੇ ਮੁਸ਼ਕ ਮਾਰਦਾ ਹੈ ਕਿ ਨਹਿਰਾਂ ਲਾਗਿਓਂ ਲੰਘਣਾ ਵੀ ਔਖਾ ਹੈ। ਦੂਸ਼ਿਤ ਪਾਣੀ ਨਾਲ ਫਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਪਸ਼ੂ ਚਾਰੇ ਵਿੱਚ ਮਾੜਾ ਪਾਣੀ ਜਾਣ ਨਾਲ ਕਿਸੇ ਸਮੇਂ ਵੀ ਪਸ਼ੂਆਂ ਵਿੱਚ ਬਿਮਾਰੀ ਫੈਲ ਸਕਦੀ ਹੈ। ਗੰਦੇ ਪਾਣੀ ਕਾਰਨ ਨਹਿਰਾਂ ਵਿਚਲੇ ਜੀਵ ਵੀ ਮਰ ਗਏ ਹਨ।

ਸਬੰਧਿਤ ਖ਼ਬਰ: ਬਿਆਸ ਦਰਿਆ ਵਿਚ ਮਿਲੇ ਕੈਮੀਕਲ ਪਦਾਰਥਾਂ ਮਗਰੋਂ ਪੰਜਾਬ ਵਿਚ ਵੱਡੇ ‘ਜਲ ਸੰਕਟ’ ਦਾ ਖਤਰਾ

ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਹਰਨੇਕ ਸਿੰਘ ਨੇ ਕਿਹਾ ਕਿ ਜੇਕਰ ਇਸ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਪਾਰਟੀ ਸੜਕਾਂ ’ਤੇ ਉਤਰ ਕੇ ਇਸ ਦਾ ਵਿਰੋਧ ਕਰੇਗੀ। ਓਧਰ ਪ੍ਰਸ਼ਾਸਨ ਵੀ ਇਸ ਵੱਡੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਹੋਰਾਂ ਨੇ ਇਸ ਮਾਮਲੇ ’ਤੇ ਤੁਰੰਤ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਵਿਭਾਗ ਨੂੰ ਜਾਣੂੰ ਕਰਵਾਇਆ ਜਾਵੇਗਾ ਕਿ ਉਹ ਇਹ ਪਾਣੀ ਪੀਣ ਲਈ ਨਾ ਮੁਹੱਈਆ ਕਰਵਾਉਣ। ਸਿਵਲ ਸਰਜਨ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਕੈਮੀਕਲ ਯੁਕਤ ਦੂਸ਼ਿਤ ਪਾਣੀ ਪੀਣ ਨਾਲ ਬਹੁਤ ਗੰਭੀਰ ਰੋਗ ਲੱਗ ਜਾਂਦੇ ਹਨ। ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਲੀਵਰ ਖਰਾਬ ਹੋ ਜਾਂਦਾ ਹੈ। ਗੰਦੇ ਬੈਕਟੀਰੀਆਂ ਨਾਲ ਉਲਟੀਆਂ-ਦਸਤ ਲੱਗ ਜਾਂਦੇ ਹਨ। ਕੈਮੀਕਲ ਵਾਲੇ ਪਾਣੀ ਨਾਲ ਗੁਰਦੇ ਫੇਲ੍ਹ ਹੋ ਸਕਦੇ ਹਨ। ਚਮੜੀ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਤੇ ਹੋਰ ਕਈ ਗੰਭੀਰ ਰੋਗ ਲੱਗ ਜਾਂਦੇ ਹਨ।

ਨਹਿਰੀ ਪਾਣੀ ਪੀਣ ਯੋਗ ਨਹੀਂ: ਐਕਸੀਅਨ
ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਵੇਲੇ ਨਹਿਰਾਂ ’ਚ ਬਹੁਤ ਗੰਦਾ ਪਾਣੀ ਆ ਰਿਹਾ ਹੈ। ਇਹ ਪਾਣੀ ਜਲ ਘਰਾਂ ’ਚ ਛੱਡਣ ਦੇ ਯੋਗ ਨਹੀਂ। ਇਸ ਨਾਲ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਲਈ ਜਲਘਰਾਂ ਨੂੰ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਸਕਦੀ। ਹਾਲ ਦੀ ਘੜੀ ਜਲ ਘਰਾਂ ‘ਚ ਪੀਣ ਵਾਲੇ ਪਾਣੀ ਵਾਲੇ ਦਾ ਇਕ ਹਫ਼ਤੇ ਦਾ ਕੋਟਾ ਹੈ। ਉਦੋਂ ਤੱਕ ਸਪਲਾਈ ’ਚ ਸੁਧਾਰ ਦੀ ਸੰਭਾਵਨਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,